ਫ਼ਤਹਿਗੜ੍ਹ ਸਾਹਿਬ – “ਬੇਸ਼ੱਕ ਇੰਡੀਆ ਦੇ ਵਜ਼ੀਰ-ਏ-ਆਜ਼ਮ ਅਤੇ ਬੀਜੇਪੀ ਦੀ ਕੈਬਨਿਟ ਚੀਨ ਵਰਗੇ ਅਗਾਹਵਾਧੂ ਵੱਡੇ ਮੁਲਕ ਨੂੰ ਆਪਣੇ ਪੱਖ ਵਿਚ ਕਰਨ ਅਤੇ ਦੋਨਾਂ ਮੁਲਕਾਂ ਦੇ ਸੰਬੰਧਾਂ ਨੂੰ ਮਜ਼ਬੂਤ ਬਣਾਉਣ ਲਈ ਤਰਲੋ-ਮੱਛੀ ਹੋ ਰਹੇ ਹਨ, ਪਰ ਪਹਿਲੇ ਤਾਂ ਚੀਨ ਦੇ ਸਦਰ ਸ੍ਰੀ ਸੀ ਜਿਨਪਿੰਗ ਨੇ ਆਪਣੇ ਇੰਡੀਆ ਦੇ ਦੌਰੇ ਨੂੰ ਰੱਦ ਕਰਦੇ ਹੋਏ ਇੰਡੀਆ ਵਿਰੁੱਧ ਆਪਣੇ ਰੋਸ ਨੂੰ ਕੌਮਾਂਤਰੀ ਪੱਧਰ ਤੇ ਉਜਾਗਰ ਕਰ ਦਿੱਤਾ ਸੀ । ਲੇਕਿਨ ਹੁਣ ਜਦੋਂ ਦੁਬਾਰਾ 11 ਅਕਤੂਬਰ ਨੂੰ ਸ੍ਰੀ ਜਿਨਪਿੰਗ ਇੰਡੀਆ ਦੇ ਦੌਰੇ ਤੇ ਆਏ ਤਾਂ ਚੇਨਈ ਦੇ ਮਮੱਲਾਪੁਰਮ ਹਵਾਈ ਅੱਡੇ ਉਤੇ ਜਹਾਜ਼ ਲੈਡ ਕੀਤਾ, ਤਾਂ ਸ੍ਰੀ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਵੱਲੋਂ ਸ੍ਰੀ ਜਿਨਪਿੰਗ ਦੇ ਅਗਲੇ ਪੜਾਅ ਲਈ ਹੈਲੀਕਪਟਰ ਮੰਗਵਾਇਆ ਗਿਆ, ਜਿਸ ਵਿਚ ਸ੍ਰੀ ਜਿਨਪਿੰਗ ਨੇ ਬੈਠਣ ਤੋਂ ਇਨਕਾਰ ਕਰ ਦਿੱਤਾ । ਫਿਰ ਸ੍ਰੀ ਜਿਨਪਿੰਗ ਲਈ ਇੰਡੀਅਨ ਕਾਰਾਂ ਮੰਗਵਾਈਆ ਗਈਆ ਉਨ੍ਹਾਂ ਵਿਚ ਵੀ ਉਨ੍ਹਾਂ ਨੇ ਬੈਠਣ ਤੋਂ ਇਨਕਾਰ ਕਰ ਦਿੱਤਾ । ਇਸ ਦੌਰਾਨ ਸ੍ਰੀ ਜਿਨਪਿੰਗ ਦੇ ਵਿਸ਼ੇਸ਼ ਜਹਾਜ਼ ਦੇ ਨਾਲ ਇਕ ਹੋਰ ਜਹਾਜ਼ ਆਇਆ, ਜਿਸ ਵਿਚ ਚੀਨੀ ਮੇਕ ਹੋਂਗਕੀ ਲਗਜਰੀ ਗੱਡੀ ਉਤਾਰੀ ਗਈ ਉਸ ਗੱਡੀ ਵਿਚ ਬੈਠਕੇ ਹੀ ਸ੍ਰੀ ਜਿਨਪਿੰਗ ਆਪਣੇ ਅਗਲੇ ਪ੍ਰੋਗਰਾਮ ਉਤੇ ਗਏ । ਜਿਸ ਤੋਂ ਸਾਬਤ ਹੋ ਜਾਂਦਾ ਹੈ ਕਿ ਚੀਨੀ ਹੁਕਮਰਾਨ ਆਪਣੇ ਡਿਪਲੋਮੈਟਿਕ ਸੰਬੰਧਾਂ ਦੀ ਬਦੌਲਤ ਬੇਸ਼ੱਕ ਇੰਡੀਆ ਦੇ ਦੌਰੇ ਤੇ ਆਏ ਹਨ, ਪਰ ਉਨ੍ਹਾਂ ਨੂੰ ਇੰਡੀਅਨ ਜਹਾਜ਼ਾਂ ਅਤੇ ਕਾਰਾਂ ਦੇ ਅਮਲੇ-ਫੈਲੇ ਉਤੇ ਬਿਲਕੁਲ ਵਿਸ਼ਵਾਸ ਨਹੀਂ । ਉਹ ਆਪਣੇ ਸੁਰੱਖਿਆ ਅਤੇ ਆਪਣੇ ਸਫ਼ਰ ਦੇ ਵਹੀਕਲਜ ਉਤੇ ਹੀ ਭਰੋਸਾ ਕਰਦੇ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆ-ਚੀਨ ਦੀ ਬੀਤੇ ਦਿਨੀਂ ਹੋਈ ਗੱਲਬਾਤ ਨੂੰ ਪੂਰਨ ਰੂਪ ਵਿਚ ਫੇਲ੍ਹ ਕਰਾਰ ਦਿੰਦੇ ਹੋਏ ਅਤੇ ਸ੍ਰੀ ਸੀ ਜਿਨਪਿੰਗ ਵੱਲੋਂ ਕਸ਼ਮੀਰ ਦੇ ਮੁੱਦੇ ਉਤੇ ਦ੍ਰਿੜਤਾ ਨਾਲ ਯੂ.ਐਨ.ਓ. ਦੇ ਕਸ਼ਮੀਰ ਦੇ ਰਾਏਸੁਮਾਰੀ ਦੇ 1948 ਦੇ ਮਤੇ ਦੀ ਜੋਰਦਾਰ ਢੰਗ ਨਾਲ ਵਕਾਲਤ ਕਰਨ ਦੀ ਭਰਪੂਰ ਪ੍ਰਸ਼ੰਸ਼ਾਂ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਉਪਰੋਕਤ ਘਟਨਾ ਕੋਈ ਸਹਿਜ ਵਿਚ ਨਹੀਂ ਵਾਪਰੀ, ਬਲਕਿ ਚੀਨ ਅਤੇ ਇੰਡੀਆ ਦੇ ਸੰਬੰਧਾਂ ਵਿਚ ਆਈ ਵੱਡੀ ਖਟਾਸ ਦੀ ਬਦੌਲਤ ਅਤੇ ਚੀਨ ਵੱਲੋਂ ਕਸ਼ਮੀਰ ਦੇ 1948 ਦੇ ਮਤੇ ਦੀ ਪੈਰਵੀਂ ਕਰਨ ਦੀ ਬਦੌਲਤ ਹੈ ਤੇ ਰਹੇਗੀ । ਜਿਸ ਤੋਂ ਇਹ ਵੀ ਸਾਬਤ ਹੋ ਜਾਂਦਾ ਹੈ ਕਿ ਇੰਡੀਅਨ ਹੁਕਮਰਾਨ ਚੀਨੀ ਸਦਰ ਤੇ ਚੀਨ ਦੇ ਹੁਕਮਰਾਨਾਂ ਨੂੰ ਰਸਮੀ ਤੌਰ ਤੇ ਜਿੰਨਾ ਮਰਜੀ ਸਵਾਗਤ ਅਤੇ ਆਓ-ਭਗਤ ਕਰਨ ਦੀ ਗੱਲ ਕਰਦੇ ਰਹਿਣ ਪਰ ਕੌਮਾਂਤਰੀ ਪੱਧਰ ਤੇ ਚੀਨ ਨੇ ਜੋ ਸਟੈਂਡ ਕਸ਼ਮੀਰ ਮੁੱਦੇ ਉਤੇ ਲਿਆ ਹੋਇਆ ਹੈ ਅਤੇ ਜੋ ਦੋਸਤਾਨਾ ਸੰਬੰਧ ਚੀਨ ਤੇ ਪਾਕਿਸਤਾਨ ਨਾਲ ਹਨ, ਉਸ ਤੋਂ ਦੁਨੀਆਂ ਦੀ ਕੋਈ ਵੀ ਤਾਕਤ, ਮੀਡੀਆ ਆਦਿ ਕਤਈ ਮੁਨਕਰ ਨਹੀਂ ਹੋ ਸਕਦੇ। ਇਸ ਲਈ ਇੰਡੀਅਨ ਹੁਕਮਰਾਨਾਂ ਵੱਲੋਂ ਚੀਨ ਨੂੰ ਆਪਣੇ ਪੱਖ ਵਿਚ ਕਰਨ ਅਤੇ ਕਸ਼ਮੀਰ ਮੁੱਦੇ ਉਤੇ ਸਟੈਂਡ ਨਾ ਲੈਣ ਲਈ ਜੋਰ ਪਾਉਣ ਦੇ ਬਾਵਜੂਦ ਵੀ ਚੀਨ ਦੀ ਕੌਮਾਂਤਰੀ ਪਾਲਸੀ ਵਿਚ ਕੋਈ ਤਬਦੀਲੀ ਨਾ ਆਉਣਾ ਇਹ ਪ੍ਰਤੱਖ ਕਰਦਾ ਹੈ ਕਿ ਚੀਨ ਅਤੇ ਇੰਡੀਆ ਦੀ ਹੁਣੇ ਹੋਈ ਗੱਲਬਾਤ ਅਤੇ ਮੁਲਾਕਾਤ ਬਿਲਕੁਲ ਫੇਲ੍ਹ ਹੋ ਚੁੱਕੀ ਹੈ । ਚੀਨ ਨੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਕਸ਼ਮੀਰ ਦੀ ਰਾਏਸੁਮਾਰੀ ਲਈ ਉਠਾਈ ਆਵਾਜ਼ ਉਤੇ ਪਹਿਰਾ ਦਿੰਦਿਆ ਸਾਡੀ ਸੋਚ ਨੂੰ ਕੌਮਾਂਤਰੀ ਪੱਧਰ ਤੇ ਉਜਾਗਰ ਕਰਕੇ ਮਨੁੱਖਤਾ ਪੱਖੀ ਉਦਮ ਕੀਤਾ ਹੈ ਅਤੇ ਕਸ਼ਮੀਰੀਆਂ ਉਤੇ ਹੋ ਰਹੇ ਜ਼ਬਰ-ਜੁਲਮ ਅਤੇ ਉਥੇ ਅਮਨ-ਚੈਨ ਨੂੰ ਬਹਾਲ ਕਰਨ ਦੀ ਵੱਡੀ ਜ਼ਿੰਮੇਵਾਰੀ ਨਿਭਾਈ ਹੈ, ਜੋ ਕਾਬਿਲ-ਏ-ਤਾਰੀਫ਼ ਹੈ ।