ਲੰਡਨ/ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਹਲੀਮੀ ਨਾਲ ਗੱਡੀ ਚਲਾਉਂਦੇ ਹੋ ਤਾਂ ਤੁਸੀਂ ਸੁਚੇਤ ਰਹਿੰਦੇ ਹੋ। ਪਰ ਜੇਕਰ ਤੁਹਾਡੇ ਦਿਮਾਗ ‘ਤੇ ਗੁੱਸਾ ਸਵਾਰ ਹੈ ਤਾਂ ਤੁਸੀਂ ਕਿਸੇ ਵੀ ਦੁਰਘਟਨਾ ਨੂੰ ਅੰਜਾਮ ਦੇ ਸਕਦੇ ਹੋ। ਅਜਿਹੇ ਹਾਲਾਤ ਵਿੱਚ ਤੁਹਾਡੀ ਸ਼ਮੂਲੀਅਤ ਨੂੰ ਰੋਕਣ ਲਈ ਤੁਹਾਨੂੰ 1000 ਪੌਂਡ ਤੱਕ ਦੇ ਜ਼ੁਰਮਾਨੇ ਦਾ ਬੋਝ ਝੱਲਣਾ ਪੈ ਸਕਦਾ ਹੈ। ਜੀ ਹਾਂ, ਜੇ ਤੁਸੀਂ ਗੱਡੀ ਚਲਾਉਂਦੇ ਸਮੇਂ ਆਪਣੇ ਅੱਗੇ ਜਾ ਰਹੇ ਵਾਹਨ ਚਾਲਕ ‘ਤੇ ਖਿਝਦੇ, ਕੁੜ੍ਹਦੇ ਹੋ ਤਾਂ ਤੁਹਾਨੂੰ ਇਹ ਜ਼ੁਰਮਾਨਾ ਹੋ ਸਕਦਾ ਹੈ। ਜੇਕਰ ਤੁਸੀਂ ਕਿਸੇ ਟਰੈਕਟਰ ਦੇ ਪਿੱਛੇ ਆ ਰਹੇ ਹੋ, ਕਿਸੇ ਧੀਮੀ ਗਤੀ ਵਾਲੇ ਵਾਹਨ ਦੇ ਪਿੱਛੇ ਹੋ, ਕਿਸੇ ਅਜਿਹੇ ਚਾਲਕ ਨੂੰ ਦੇਖ ਰਹੇ ਹੋ ਜਿਸਨੇ ਮੁੜਨ ਲਈ ਕੋਈ ਇਸ਼ਾਰਾ ਨਾ ਦਿੱਤਾ ਹੋਵੇ ਤਾਂ ਤੁਹਾਨੂੰ ਆਪਣੇ ਦਿਮਾਗੀ ਉਬਾਲ ਨੂੰ ਸਾਂਭ ਕੇ ਰੱਖਣਾ ਪਵੇਗਾ। ਜੇਕਰ ਤੁਸੀਂ ਆਪਣੇ ਹੱਥ ਦੀ ਵਿਚਕਾਰਲੀ ਵੱਡੀ ਉਂਗਲ ਦਾ ਗ਼ਲਤ ਇਸ਼ਾਰਾ ਕਰਦੇ ਕੈਮਰੇ ਵਿੱਚ ਕੈਦ ਹੋ ਗਏ ਤਾਂ ਸਮਝ ਲਓ ਕਿ ਜੇਬ ਨੂੰ 1000 ਪੌਂਡ ਦਾ ਧੱਫੜ ਹੋ ਗਿਆ ਹੈ। ਨਵੇਂ ਵਾਹਨ ਚਾਲਕਾਂ ਨੂੰਸਿਖਲਾਈ ਦੇਣ ਵਾਲੀ ਸੰਸਥਾ ਮਾਰਮਾਲੇਡ ਦੇ ਬੁਲਾਰੇ ਦਾ ਕਹਿਣਾ ਹੈ ਕਿ ਕਿਸੇ ਸਿਖਾਂਦਰੂ ਨੂੰ ਵਾਹਨ ਚਲਾਉਣਾ ਸਿਖਾਉਣ ਵਾਲੇ ਇੰਸਟਰਕਟਰਾਂ ਨੂੰ ਅਜਿਹੇ ਹਾਲਾਤਾਂ ਦਾ ਸਾਹਮਣਾ ਅਕਸਰ ਹੀ ਕਰਨਾ ਪੈਂਦਾ ਹੈ। 66 ਫੀਸਦੀ ਡਰਾਇਵਿੰਗ ਇੰਸਟਰਕਰਾਂ ਦੀ ਸ਼ਿਕਾਇਤ ਹੈ ਕਿ ਉਹਨਾਂ ਦੇ ਵਿਦਿਆਰਥੀਆਂ ਨੂੰ ਅਕਸਰ ਹੀ ਵਾਹਨ ਚਾਲਕਾਂ ਵੱਲੋਂ ਗ਼ਲਤ ਇਸ਼ਾਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹਨਾਂ ਗ਼ਲਤ ਇਸ਼ਾਰੇ ਕਰਨ ਵਾਲਿਆਂ ਵਿੱਚ ਵਧੇਰੇ ਕਰਕੇ 25 ਤੋਂ 40 ਸਾਲ ਉਮਰ ਦੇ ਮਰਦ ਚਾਲਕ ਹੀ ਸਨ।
ਇੰਗਲੈਂਡ ‘ਚ ਗੱਡੀ ਚਲਾਉਂਦੇ ਸਮੇਂ ਰਵੱਈਆ ਗ਼ਲਤ ਹੈ ਤਾਂ ਹੋ ਸਕਦੈ 1000 ਪੌਂਡ ਜ਼ੁਰਮਾਨਾ
This entry was posted in ਅੰਤਰਰਾਸ਼ਟਰੀ.