ਲੰਡਨ/ਗਲਾਸਗੋ,(ਮਨਦੀਪ ਖੁਰਮੀ ਹਿੰਮਤਪੁਰਾ)- ਲੰਡਨ ਸ਼ਹਿਰ ਬਰਤਾਨੀਆ ਦਾ ਸੁਹੱਪਣ ਹੈ, ਸਿਰ ਦਾ ਤਾਜ਼ ਮੰਨਿਆ ਜਾਂਦਾ ਹੈ। ਸਭ ਤੋਂ ਵਧੇਰੇ ਪ੍ਰਸਿੱਧ ਘੁੰਮਣ ਸਥਾਨ ਵਜੋਂ ਜਾਣੇ ਜਾਂਦੇ ਲੰਡਨ ਦਾ ਕਰੂਪ ਚਿਹਰਾ ਦੇਖ ਕੇ ਇੱਕ ਵਾਰ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਇੱਕ ਸਰਵੇਖਣ ਰਾਹੀਂ ਇਹ ਗੱਲ ਸਾਹਮਣੇ ਆਈ ਹੈ ਕਿ ਲੰਡਨ, ਸ਼ੁੱਧ ਕੋਕੀਨ ਨਸ਼ੇ ਦੀ ਖਪਤ ਦੇ ਮਾਮਲੇ ਵਿੱਚ ਬਾਰਸੀਲੋਨਾ, ਐਮਸਟਰਡਮ ਤੇ ਬਰਲਿਨ ਨੂੰ ਵੀ ਪਿੱਛੇ ਛੱਡ ਗਿਆ ਹੈ। ਹਰ ਰੋਜ ਔਸਤਨ 567445 ‘ਖੁਰਾਕਾਂ‘ ਦਾ ਸੇਵਨ ਇਕੱਲੇ ਲੰਡਨ ਵਿੱਚ ਹੁੰਦਾ ਹੈ ਜਿਸਦੀ ਬਜ਼ਾਰੂ ਕੀਮਤ ਪੌਣੇ ਤਿੰਨ ਮਿਲੀਅਨ ਪੌਂਡ ਆਂਕੀ ਗਈ ਹੈ। ਕਿੰਗਜ਼ ਕਾਲਜ਼ ਲੰਡਨ ਯੂਨੀਵਰਸਿਟੀ ਦੇ ਫਾਰੈਂਸਿਕ ਵਿਗਿਆਨੀਆਂ ਦਾ ਕਹਿਣਾ ਹੈ ਕਿ ਲੰਡਨ ਵਿੱਚ ਸ਼ੁੱਧ ਕੋਕੀਨ ਦੀ ਖਪਤ 23 ਕਿਲੋਗ੍ਰਾਮ ਹੁੰਦੀ ਹੈ ਜਦੋਂਕਿ ਬਾਰਸੀਲੋਨਾ ਵਿੱਚ 12.7 ਕਿਲੋਗ੍ਰਾਮ, ਐਮਸਟਰਡਮ ਵਿੱਚ 4.62 ਕਿਲੋਗ੍ਰਾਮ ਅਤੇ ਬਰਲਿਨ 4.62 ਕਿਲੋਗ੍ਰਾਮ ਖਪਤ ਹੁੰਦੀ ਹੈ। ਇਸਦਾ ਸਿੱਧਾ ਜਿਹਾ ਮਤਲਬ ਇਹ ਹੈ ਕਿ ਲੰਡਨ ਵਿੱਚ ਸਾਲਾਨਾ 8 ਟਨ ਦੇ ਲਗਭਗ ਕੋਕੀਨ ਦਾ ਸੇਵਨ ਕੀਤਾ ਜਾਂਦਾ ਹੈ, ਜਿਸਦੀ ਬਾਜ਼ਾਰੂ ਕੀਮਤ ਇੱਕ ਬਿਲੀਅਨ ਪੌਂਡ ਤੋਂ ਵਧੇਰੇ ਹੁੰਦੀ ਹੈ। ਸਰਵੇਖਣ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਲੰਡਨ ਦੇ ਕੋਕੀਨ ਪੀਣ ਵਾਲੇ ਹੋਰਨਾਂ ਯੂਰਪੀਅਨ ਸ਼ਹਿਰਾਂ ਦੇ ਮੁਕਾਬਲੇ ਹਫਤੇ ਦੇ ਕੰਮ ਵਾਲੇ ਦਿਨਾਂ ਵਿੱਚ ਵਧੇਰੇ ਨਸ਼ਾ ਕਰਦੇ ਹਨ। ਸਰਵੇਖਣ ਮਾਹਿਰਾਂ ਅਨੁਸਾਰ ਲੰਡਨ ਵਿੱਚ ਕੋਕੀਨ ਦੀ ਖਪਤ 2011 ਤੋਂ 2015 ਦੇ ਦਰਮਿਆਨ ਦੁੱਗਣੀ ਹੋ ਗਈ ਸੀ। ਪਰ ਉਸਤੋਂ ਬਾਅਦ ਥੋੜ੍ਹੀ ਜਿਹੀ ਗਿਰਾਵਟ ਆਈ ਹੈ। ਇੱਕ ਬਾਰ ਮਾਲਕ ਦਾ ਕਹਿਣਾ ਹੈ ਕਿ ਨਸ਼ਾ ਕਰਕੇ ਖਰੂਦ ਪਾਉਣ ਵਾਲਿਆਂ ‘ਤੇ ਜਾਂ ਉਹਨਾਂ ਦੇ ਕੰਮ ਸਥਾਨ ਅੰਦਰ ਨਸ਼ਾ ਕਰਨ ਵਾਲਿਆਂ ਨੂੰ ਰੋਕਣ ਲਈ ਉਹਨਾਂ ਨੂੰ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕਰਨੇ ਪੈ ਰਹੇ ਹਨ। ਜਿਸ ਕਰਕੇ ਹੋਰ ਸੁਰੱਖਿਆ ਕਰਮੀ ਰੱਖਣ ਲਈ ਉਹਨਾਂ ਦੀ ਹੀ ਜੇਬ ਹਲਕੀ ਹੋ ਰਹੀ ਹੈ। ਜਿਕਰਯੋਗ ਹੈ ਕਿ ਅਜਿਹੇ ਨਸ਼ਿਆਂ ਦੀ ਆਮਦ ਕੇਲਿਆਂ ਜਾਂ ਅਨਾਨਾਸ ਵਰਗੇ ਫਲਾਂ ਦੀ ਆੜ ਹੇਠ ਹੁੰਦੀ ਦੱਸੀ ਜਾਂਦੀ ਹੈ।