ਕਾਲਾ ਰੰਗ ਭਾਵਨਾਤਮਕ ਤੌਰ ’ਤੇ ਮਾੜਾ ਮੰਨਿਆ ਜਾਂਦਾ ਹੈ ਪਰੰਤੂ ਜਮਾਤ ਵਿੱਚ ਲੱਗਾ ‘ਕਾਲਾ ਬੋਰਡ’ ਵਿਦਿਆਰਥੀਆਂ ਦੀ ਜ਼ਿੰਦਗੀ ਨੂੰ ਚਮਕਾਉਂਦਾ ਹੈ ਅਤੇ ਉਹਨਾਂ ਦੇ ਸੁਪਨਿਆਂ ਨੂੰ ਖੰਭ ਦਿੰਦਾ ਹੈ। ਸੰਯੁਕਤ ਰਾਸ਼ਟਰ ਸੰਘ ਨੇ ਸਾਲ 2010 ਵਿੱਚ ਡਾ. ਏ.ਪੀ.ਜੇ. ਅਬਦੁਲ ਕਲਾਮ ਦੀ ਜਨਮ ਮਿਤੀ 15 ਅਕਤੂਬਰ ਨੂੰ ਵਿਸ਼ਵ ਵਿਦਿਆਰਥੀ ਦਿਵਸ ਘੋਸ਼ਿਤ ਕੀਤਾ। ਡਾ. ਕਲਾਮ ਹਮੇਸ਼ਾ ਵਿਦਿਆਰਥੀਆਂ ਨਾਲ ਜੁੜੇ ਰਹੇ ਅਤੇ ਵਿਦਿਆਰਥੀਆਂ ਲਈ ਪ੍ਰੇਰਣਾ ਦਾ ਸੋਮਾ ਬਣੇ ਅਤੇ ਡਾ. ਕਲਾਮ ਦੇ ਅਨੁਸਾਰ ਵਿਦਿਆਰਥੀਆਂ ਦਾ ਜੀਵਨ ਵਿੱਚ ਉਦੇਸ਼ ਹੋਣਾ ਚਾਹੀਦਾ ਹੈ, ਗਿਆਨ ਦੇ ਸਾਰੇ ਸੰਭਵ ਸੋਮਿਆਂ ਦੇ ਮਾਧਿਅਮ ਰਾਹੀਂ ਇਸ ਨੂੰ ਪ੍ਰਾਪਤ ਕਰਨਾ ਚਾਹੀਦਾ ਹੈ, ਸਖ਼ਤ ਮਿਹਨਤ ਕਰਨੀ ਅਤੇ ਸਮੱਸਿਆਵਾਂ ਤੋਂ ਕਦੇ ਹਾਰ ਨਹੀਂ ਮੰਨਣੀ ਚਾਹੀਦੀ, ਹਮੇਸ਼ਾਂ ਸਮੱਸਿਆਵਾਂ ਨੂੰ ਹਰਾ ਕੇ ਆਪਣੇ ਜੀਵਨ ਵਿੱਚ ਸਫ਼ਲ ਹੋਣਾ ਚਾਹੀਦਾ ਹੈ।
ਦੱਖਣੀ ਭਾਰਤੀ ਰਾਜ ਤਮਿਲਨਾਡੂ ਦੇ ਰਮੇਸ਼ਵਰਮ ਦੇ ਧਨੁਸ਼ਕੋਡੀ ਪਿੰਡ ਵਿੱਚ ਮਧਿਅਮ ਵਰਗ ਦੇ ਮੁਸਲਿਮ ਪਰਿਵਾਰ ਵਿੱਚ ਪਿਤਾ ਜੈਨੁਲਾਬਦੀਨ ਦੇ ਘਰ ਮਾਤਾ ਆਸ਼ੀਅੰਮਾ ਦੀ ਕੁੱਖੋਂ 15 ਅਕਤੂਬਰ 1931 ਨੂੰ ਏ.ਪੀ.ਜੇ. ਅਬਦੁਲ ਕਲਾਮ ਦਾ ਜਨਮ ਹੋਇਆ। ਡਾ. ਏ.ਪੀ.ਜੇ. ਅਬਦੁਲ ਕਲਾਮ ਦਾ ਪੂਰਾ ਨਾਂ ਡਾ. ਅਬੁਲ ਪਾਕਿਰ ਜੈਨੂਲਬਦੀਨ ਅਬਦੁਲ ਕਲਾਮ ਸੀ ਅਤੇ ਉਹਨਾਂ ਦੀ 27 ਜੁਲਾਈ 2015 ਨੂੰ ਆਈ.ਆਈ.ਐੱਮ. ਸ਼ਿਲੌਂਗ ਵਿੱਚ ਲੈਕਚਰ ਦਿੰਦੇ ਸਮੇਂ ਦਿਲ ਦਾ ਦੌਰਾ ਪੈਣ ਨਾਲ 83 ਵਰ੍ਹਿਆਂ ਦੀ ਉਮਰ ਵਿੱਚ ਮੌਤ ਹੋ ਗਈ। ਡਾ. ਕਲਾਮ ਨੇ ਪੰਝੀ ਕਿਤਾਬਾਂ ਲਿਖੀਆਂ ਜਿਹਨਾਂ ਵਿੱਚ ਉਹਨਾਂ ਦੀ ਆਤਮ ਕਥਾ ‘ਵਿੰਗਜ਼ ਆੱਫ਼ ਫਾਇਰ (1999)’ ਕਾਫ਼ੀ ਚਰਚਿਤ ਰਹੀ।
ਸ਼ੁਰੂਆਤੀ ਪੜ੍ਹਾਈ ਸਮੇਂ ਕਲਾਮ ਅਖਬਾਰ ਵੰਡਣ ਦਾ ਕੰਮ ਵੀ ਕਰਦੇ ਰਹੇ ਅਤੇ ਉਹ ਐਰੋਸਪੇਸ ਟੈਕਨੋਲੋਜੀ ’ਚ ਆਉਣ ਪਿੱਛੇ ਆਪਣੇ ਪੰਜਵੀਂ ਜਮਾਤ ਦੇ ਅਧਿਆਪਕ ਸੁਬਰਾਮਨੀਅਮ ਅਈਅਰ ਨੂੰ ਮੰਨਦੇ ਸਨ। ਕਲਾਮ ਨੇ ਫਿਜਿਕਸ ਦੀ ਪੜ੍ਹਾਈ ਕੀਤੀ ਅਤੇ ਮਦਰਾਸ ਇੰਜੀਨੀਅਰਿੰਗ ਕਾਲਜ ਵਿੱਚੋਂ ਐਰੋਨਾੱਟੀਕਲ ਇੰਜੀਨੀਅਰਿੰਗ ਕੀਤੀ।
ਡਾ. ਕਲਾਮ ਸਾਲ 1958 ਵਿੱਚ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਨਾਲ ਜੁੜੇ ਅਤੇ ਬਾਅਦ ਵਿੱਚ ਸਾਲ 1963 ਵਿੱਚ ਕਲਾਮ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨਾਲ ਜੁੜੇ। ਇਹਨਾਂ ਦੇ ਪ੍ਰਜੈਕਟ ਡਾਇਰੈਕਟਰ ਰਹਿੰਦੇ ਹੋਏ ਭਾਰਤ ਨੇ ਆਪਣਾ ਪਹਿਲਾ ਸਵਦੇਸ਼ੀ ਉਪਗ੍ਰਹਿ ਯਾਨ ਐੱਸ.ਐੱਲ.ਵੀ.-3 ਬਣਾਇਆ। ਸਾਲ 1980 ਵਿੱਚ ਰੋਹਿਣੀ ਉਪਗ੍ਰਹਿ ਨੂੰ ਧਰਤੀ ਦੇ ਨੇੜੇ ਸਥਾਪਿਤ ਕੀਤਾ ਗਿਆ ਅਤੇ ਭਾਰਤ ਅੰਤਰਰਾਸ਼ਟਰੀ ਪੁਲਾੜ ਕਲੱਬ ਦਾ ਮੈਂਬਰ ਬਣ ਗਿਆ। ਕਲਾਮ ਨੇ ਇਸ ਤੋਂ ਬਾਅਦ ਸਵਦੇਸੀ ਗਾਈਡਿਡ ਮਿਸਾਈਲ ਨੂੰ ਡਿਜਾਇਨ ਕੀਤਾ। ਉਹਨਾਂ ਨੇ ਪ੍ਰਿਥਵੀ (1988) ਅਤੇ ਅਗਨੀ (1989) ਵਰਗੀਆਂ ਮਿਸਾਈਲਾਂ ਭਾਰਤੀ ਤਕਨੀਕ ਨਾਲ ਬਣਾਈਆਂ। ਸਾਲ 1998 ਵਿੱਚ ਰੂਸ ਦੇ ਨਾਲ ਮਿਲ ਕੇ ਭਾਰਤ ਨੇ ਸੁਪਰਸੋਨਿਕ ਕਰੂਜ ਮਿਸਾਈਲ ਬਣਾਉਣ ਤੇ ਕੰਮ ਸ਼ੁਰੂ ਕੀਤਾ ਅਤੇ ਬਹ੍ਰਿਮੋਸ ਪ੍ਰਾਈਵੇਟ ਲਿਮਿਟਡ ਦੀ ਸਥਾਪਨਾ ਕੀਤੀ ਗਈ। ਬਹ੍ਰਿਮੋਸ ਮਿਸਾਈਲ ਨੂੰ ਧਰਤੀ, ਆਸਮਾਨ ਅਤੇ ਸਮੁੰਦਰ ਵਿੱਚ ਕਿਤੇ ਵੀ ਦਾਗਿਆ ਜਾ ਸਕਦਾ ਹੈ। ਡਾ. ਕਲਾਮ ਨੂੰ ‘ਭਾਰਤ ਦੇ ਮਿਜ਼ਾਈਲ ਮੈਨ’ ਦੇ ਰੂਪ ਵਿੱਚ ਪ੍ਰਸਿੱਧੀ ਮਿਲੀ।
ਡਾ. ਕਲਾਮ ਨੂੰ ਸਮੇਂ ਸਮੇਂ ਤੇ ਬਹੁਤ ਮਾਣ ਸਨਮਾਣ ਨਾਲ ਸਨਮਾਨਿਤ ਕੀਤਾ ਗਿਆ ਜਿਹਨਾਂ ਵਿੱਚ ਸਾਲ 1981 ਵਿੱਚ ਭਾਰਤ ਸਰਕਾਰ ਤਰਫ਼ੋਂ ਪਦਮ ਭੂਸ਼ਣ, ਸਾਲ 1990 ਵਿੱਚ ਪਦਮ ਵਿਭੂਸ਼ਣ ਅਤੇ ਸਾਲ 1997 ਵਿੱਚ ਦੇਸ਼ ਦਾ ਸਰਵਉੱਚ ਨਾਗਰਿਕ ਸਨਮਾਣ ‘ਭਾਰਤ ਰਤਨ’ ਵਿਸ਼ੇਸ਼ ਵਰਣਨਯੋਗ ਹੈ। ਡਾ.ਕਲਾਮ ਨੂੰ ਵੱਖੋ ਵੱਖਰੀਆਂ ਯੂਨੀਵਰਸਿਟੀਆਂ ਤਰਫ਼ੋਂ 7 ਆਨਰੇਰੀ ਡੋਕਟਰੇਟ ਡਿਗਰੀਆਂ ਦਿੱਤੀਆਂ ਗਈਆਂ।
ਡਾ. ਕਲਾਮ 1992 ਤੋਂ 1999 ਤੱਕ ਭਾਰਤੀ ਰੱਖਿਆ ਮੰਤਰੀ ਦੇ ਰੱਖਿਆ ਸਲਾਹਕਾਰ ਵੀ ਰਹੇ। ਡਾ. ਕਲਾਮ ਭਾਰਤ ਸਰਕਾਰ ਦੇ ਮੁੱਖ ਵਿਗਿਆਨਿਕ ਸਲਾਹਕਾਰ ਵੀ ਰਹੇ। ਡਾ. ਕਲਾਮ ਨੂੰ 2002 ਵਿੱਚ ਭਾਰਤ ਦੇ 11ਵੇਂ ਰਾਸ਼ਟਰਪਤੀ ਦੇ ਤੌਰ ਤੇ ਚੁਣਿਆ ਗਿਆ ਅਤੇ ਇਹ ਉਹਨਾਂ ਦੀ ਲੋਕ ਪ੍ਰੀਅਤਾ ਹੈ ਕਿ ਉਹਨਾਂ ਨੂੰ ‘ਲੋਕਾਂ ਦਾ ਰਾਸ਼ਟਰਪਤੀ’ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ।
ਹਰ ਵਿਦਿਆਰਥੀ ਦਾ ਫ਼ਰਜ਼ ਹੈ ਕਿ ਸਿੱਖਿਅਕ ਹੋ ਕੇ ਉਹ ਇੱਕ ਆਦਰਸ਼ ਸ਼ਖਸੀਅਤ ਰੱਖਦੇ ਹੋਏ ਪਰਿਵਾਰ, ਸਮਾਜ ਅਤੇ ਦੇਸ਼ ਦੇ ਵਿਕਾਸ ਵਿੱਚ ਆਪਣਾ ਅਹਿਮ ਯੋਗਦਾਨ ਪਾਵੇ। ਸਮੇਂ ਦੀ ਹਕੀਕਤ ਹੈ ਕਿ ਸਾਡੀ ਸਿੱਖਿਆ ਪ੍ਰਣਾਲੀ ਦਾ ਮਿਆਰ ਅਤੇ ਗੁਣਵੱਤਾ ਦਿਨ ਬ ਦਿਨ ਨਿਘਾਰ ਵੱਲ ਜਾ ਰਹੀ ਹੈ, ਇੱਕ ਆਦਰਸ਼ ਵਿਦਿਆਰਥੀ ਵਰਗ ਦੇ ਨਿਰਮਾਣ ਲਈ ਜ਼ਰੂਰੀ ਹੈ ਕਿ ਸਰਕਾਰਾਂ ਸਿੱਖਿਆ ਨੀਤੀ ਅਤੇ ਸਿੱਖਿਆ ਪ੍ਰਣਾਲੀ ਦੀ ਕਾਰਜਸ਼ੈਲੀ ਤੇ ਚਿੰਤਾ ਕਰਨ ਤੇ ਲੋੜੀਂਦੇ ਸੁਧਾਰਾਂ ਨੂੰ ਅਮਲੀ ਜਾਮਾ ਪਹਿਣਾਉਣ।