ਸੰਸਾਰ ਵਿਚ ਕੋਈ ਵੀ ਅਜਿਹਾ ਕੰਮ ਨਹੀਂ ਜਿਹੜਾ ਅਸੰਭਵ ਹੋਵੇ ਬਸ਼ਰਤੇ ਕਿ ਕੰਮ ਕਰਨ ਵਾਲੇ ਦੀ ਨੀਅਤ ਸਾਫ, ਲਗਨ, ਦਿ੍ਰੜ੍ਹਤਾ ਅਤੇ ਇਰਾਦਾ ਮਜ਼ਬੂਤ ਹੋਵੇ। ਆਪਣੇ ਜੀਵਨ ਵਿਚ ਸਫਲ ਉਹ ਹੀ ਵਿਅਕਤੀ ਹੁੰਦਾ ਹੈ, ਜਿਹੜਾ ਉਸਰੂ ਰੁਚੀ ਦਾ ਮਾਲਕ ਹੋਵੇ ਅਤੇ ਨਿਸ਼ਾਨਾ ਮਿਥਿਆ ਹੋਵੇ। ਅਜਿਹਾ ਹੀ ਇਕ ਵਿਅਕਤੀ ਸੀ ਸੰਦੀਪ ਸਿੰਘ ਧਾਲੀਵਾਲ, ਜਿਸਨੇ ਆਪਣੇ ਮਨ ਵਿਚ ਠਾਣ ਲਿਆ ਸੀ ਕਿ ਉਹ ਸਿੱਖਾਂ ਦੀ ਪਛਾਣ ਬਣਾਉਣ ਲਈ ਸਾਬਤ ਸਰੂਪ ਸਿੱਖ ਹੁੰਦਾ ਹੋਇਆ ਅਮਰੀਕਾ ਦੀ ਪੁਲਿਸ ਵਿਚ ਨੌਕਰੀ ਕਰੇਗਾ। ਉਸਨੂੰ ਇਕ ਸਿੱਖ ਪਰਿਵਾਰ ਦੇ ਘਰ ਵਿਚ ਹੋਈ ਚੋਰੀ ਦੀ ਘਟਨਾ ਨੇ ਪੇ੍ਰਰਤ ਕੀਤਾ। ਪੁਲਿਸ ਨੇ ਘਰ ਦੇ ਮਾਲਕ ਜੋ ਕਿ ਅੰਮਿ੍ਰਤਧਾਰੀ ਸਿੱਖ ਸੀ, ਉਲਟਾ ਉਸ ਉਪਰ ਕੇਸ ਦਰਜ ਕਰ ਦਿੱਤਾ ਕਿਉਂਕਿ ਪੁਲਿਸ ਨੂੰ ਜਾਣਕਾਰੀ ਨਹੀਂ ਸੀ ਕਿ ਗਾਤਰਾ ਧਾਰਮਿਕ ਚਿੰਨ੍ਹ ਹੈ। ਫਿਰ ਪੁਲਿਸ ਗੁਰਦੁਆਰਾ ਸਾਹਿਬ ਵਿਚ ਆਈ ਅਤੇ ਸਿੱਖ ਨੌਜਵਾਨਾ ਨੂੰ ਪੁਲਿਸ ਵਿਚ ਭਰਤੀ ਹੋਣ ਲਈ ਕਿਹਾ ਤਾਂ ਜੋ ਸਿੱਖਾਂ ਦੀ ਪਛਾਣ ਬਾਰੇ ਕੋਈ ਗ਼ਲਤੀ ਨਾ ਹੋਵੇ। ਸੰਦੀਪ ਸਿੰਘ ਧਾਲੀਵਾਲ ਉਦੋਂ ਗੁਰਦੁਆਰਾ ਸਾਹਿਬ ਵਿਚ ਮੌਜੂਦ ਸੀ। ਉਦੋਂ ਹੀ ਉਸਨੇ ਪੁਲਿਸ ਵਿਚ ਭਰਤੀ ਹੋਣ ਦੀ ਠਾਣ ਲਈ। ਉਸ ਸਮੇਂ ਉਹ ਆਪਣੇ ਪਿਤਾ ਨਾਲ ਪੀਜੇ ਦੀ ਦੁਕਾਨ ਕਰਦਾ ਸੀ। ਉਹ ਸਭਿਆਚਾਰਕ ਸਰਗਰਮੀਆਂ ਵਿਚ ਵੀ ਹਿੱਸਾ ਲੈਂਦਾ ਅਤੇ ਭੰਗੜਾ ਬਹੁਤ ਵਧੀਆ ਪਾਉਂਦਾ ਸੀ। ਉਸਨੂੰ ਇਸ ਨਿਸ਼ਾਨੇ ਦੀ ਪੂਰਤੀ ਲਈ ਕਾਫੀ ਜਦੋਜਹਿਦ ਕਰਨੀ ਪਈ। ਉਸਨੇ ਇਕ ਇੰਟਰਵਿਊ ਵਿਚ ਕਿਹਾ ਸੀ ਕਿ ਪੁਲਿਸ ਵਿਭਾਗ ਨੇ 6 ਸਾਲ ਉਸਨੂੰ ਇਹ ਦਸਤਾਰ ਪਹਿਨਕੇ ਅਤੇ ਦਾੜ੍ਹੀ ਰੱਖਕੇ ਨੌਕਰੀ ਕਰਨ ਦੀ ਇਜਾਜ਼ਤ ਨਾ ਦਿੱਤੀ ਅਤੇ ਇਹ ਵੀ ਪੁਲਿਸ ਵਿਭਾਗ ਨੇ ਕਿਹਾ ਸੀ ਕਿ ਉਹ ਪਾਰਟ ਟਾਈਮ ਨੌਕਰੀ ਕਰ ਲਵੇ ਜੇਕਰ ਸਾਬਤ ਸਰੂਪ ਸਿੱਖ ਰਹਿੰਦਿਆਂ ਪੁਲਿਸ ਦੀ ਨੌਕਰੀ ਕਰਨੀ ਹੈ। ਪ੍ਰੰਤੂ ਉਸਨੇ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਉਸਨੇ ਰੈਗੂਲਰ ਨੌਕਰੀ ਕਰਨੀ ਹੈ। ਕਈ ਤਰ੍ਹਾਂ ਦੇ ਇਤਰਾਜ਼ ਲਗਦੇ ਰਹੇ ਅਤੇ ਇਹ ਵੀ ਕਿਹਾ ਗਿਆ ਕਿ ਜਦੋਂ ਉਸਨੂੰ ਦੋਸ਼ੀਆਂ ਦੇ ਮਗਰ ਭੱਜਣਾ ਪਵੇਗਾ ਤਾਂ ਦਸਤਾਰ ਡਿਗ ਸਕਦੀ ਹੈ। ਮੂੰਹ ਤੇ ਮਾਸਕ ਪਾਉਣਾ ਵਿਚ ਦਾੜ੍ਹਾ ਰੋੜਾ ਬਣੇਗੀ। ਇਸ ਲਈ ਨੌਕਰੀ ਵਿਚ ਰੁਕਾਵਟ ਆਵੇਗੀ ਪ੍ਰੰਤੂ ਅਖੀਰ ਵਿਚ ਉਸ ਦੀਆਂ ਦਲੀਲਾਂ ਅਤੇ ਧਾਰਮਿਕ ਅਕੀਦੇ ਅੱਗੇ ਪੁਲਿਸ ਵਿਭਾਗ ਨੂੰ ਮੰਨਣਾ ਪਿਆ। ਪੁਲਿਸ ਵਿਭਾਗ ਨੇ ਮਹਿਸੂਸ ਕੀਤਾ ਕਿ ਇਕ ਸ਼ਹਿਰੀ ਨੂੰ ਆਪਣਾ ਸਰਵਿਸ ਕੈਰੀਅਰ ਜਾਂ ਧਾਰਮਿਕ ਵਿਸ਼ਵਾਸ ਰੱਖਣ ਵਿਚੋਂ ਇਕ ਨੂੰ ਚੁਣਨ ਲਈ ਕਹਿਣਾ ਜਾਇਜ਼ ਨਹੀਂ। ਜਿਸ ਕਰਕੇ ਉਸਨੂੰ ਦੋਵੇਂ ਬਾਕਾਇਦਾ ਰੱਖਣ ਦੀ ਇਜਾਜ਼ਤ ਦਿੱਤੀ ਗਈ। ਅਮਰੀਕਾ ਵਿੱਚ ਸਿੱਖਾਂ ਉਪਰ ਹੋਣ ਵਾਲੇ ਨਫ਼ਰਤੀ ਹਮਲਿਆਂ ਦੀ ਭੇਂਟ ਅਮਰੀਕਾ ਦੀ ਪੁਲਿਸ ਵਿਚ ਟੈਕਸਾਸ ਸਟੇਟ ਦੇ ਹੂਸਟਨ ਸ਼ਹਿਰ ਦੀ ਹੈਰਿਸ ਕਾਊਂਟੀ ਸ਼ੈਰਿਫ ਦੇ ਦਫ਼ਤਰ ਵਿਚ ਸੇਵਾ ਨਿਭਾ ਰਿਹਾ ਉਹੀ ਵਿਅਕਤੀ ਡਿਪਟੀ ਸ਼ੈਰਿਫ ਸੰਦੀਪ ਸਿੰਘ ਧਾਲੀਵਾਲ (42) ਬਣਿਆਂ ਜਿਹੜਾ ਪੂਰਨ ਸਾਬਤ ਸੂਰਤ ਸਿੱਖ ਰਹਿਕੇ ਸਿੱਖਾਂ ਦੀ ਪਛਾਣ ਬਣਾਉਣਾ ਚਾਹੁੰਦਾ ਸੀ। ਸੰਦੀਪ ਸਿੰਘ ਧਾਲੀਵਾਲ ਅਮਰੀਕਾ ਵਿਚ ਪਹਿਲਾ ਦਸਤਾਰ ਧਾਰੀ ਸਿੱਖ ਪੁਲਿਸ ਅਧਿਕਾਰੀ ਬਣਿਆ ਸੀ, ਜਿਸ ਕਰਕੇ ਸਿੱਖਾਂ ਦੀ ਪਛਾਣ ਦਾ ਉਹ ਪ੍ਰਤੀਕ ਬਣ ਗਿਆ ਸੀ। ਅਮਰੀਕਾ ਵਿਚ ਦਹਿਸ਼ਤਗਰਦਾਂ ਵੱਲੋਂ ਟਰੇਡ ਸੈਂਟਰ ਤੇ ਹਮਲਾ ਕਰਨ ਤੋਂ ਬਾਅਦ ਸਿੱਖਾਂ ਉਪਰ ਹੋਣ ਵਾਲੇ ਨਸਲੀ ਹਮਲਿਆਂ ਵਿਚ ਵਾਧਾ ਹੋ ਗਿਆ ਸੀ ਕਿਉਂਕਿ ਸਿੱਖਾਂ ਦੀ ਵੇਸਭੂਸਾ ਮੁਸਲਮਾਨਾ ਨਾਲ ਮਿਲਦੀ ਜੁਲਦੀ ਹੈ। ਸੰਦੀਪ ਸਿੰਘ ਧਾਲੀਵਾਲ ਪਿਛਲੇ 10 ਸਾਲਾਂ ਤੋਂ ਹੈਰਿਸ ਕਾਊਂਟੀ ਵਿਚ ਇਮਾਨਦਾਰੀ, ਲਗਨ, ਦਿ੍ਰੜ੍ਹਤਾ ਅਤੇ ਤਨਦੇਹੀ ਨਾਲ ਨੌਕਰੀ ਕਰ ਰਿਹਾ ਸੀ। ਉਸਦੀ ਵਿਲੱਖਣਤਾ ਇਹ ਸੀ ਕਿ ਉਹ ਅਮਰੀਕਾ ਵਿਚ ਪਹਿਲਾ ਦਸਤਾਰਧਾਰੀ ਅਤੇ ਦਾੜ੍ਹੀ ਵਾਲਾ ਸਿੱਖ ਰਹਿਤ ਮਰਿਆਦਾ ਅਨੁਸਾਰ ਜਾਬਤੇ ਵਿਚ ਰਹਿੰਦਿਆਂ ਪੁਲਿਸ ਵਿਚ ਨੌਕਰੀ ਕਰਨ ਵਾਲਾ ਪੁਲਿਸ ਅਧਿਕਾਰੀ ਸੀ। ਦੁੱਖ ਇਸ ਗੱਲ ਦਾ ਹੈ ਕਿ ਅਮਨ-ਸ਼ਾਂਤੀ ਅਤੇ ਸਦਭਾਵਨਾ ਦਾ ਸੰਦੇਸ਼ ਦੇਣ ਵਾਲੇ ਸਿੱਖ ਧਰਮ ਦਾ ਅਨੁਆਈ ਅਧਿਕਾਰੀ ਹਿੰਸਾ ਦਾ ਸ਼ਿਕਾਰ ਹੋ ਗਿਆ।
2008 ਵਿਚ ਉਸਨੇ ਆਪਣੀ ਪੀਜਾ ਦੀ ਦੁਕਾਨ ਵੇਚ ਦਿੱਤੀ ਅਤੇ ਉਹ ਹੈਰਿਸ ਕਾਊਂਟੀ ਸ਼ੈਰਿਫ਼ ਦਫ਼ਤਰ ਵਿਚ ਡਿਟੈਨਸ਼ਨ ਅਧਿਕਾਰੀ ਨਿਯੁਕਤ ਹੋਇਆ ਸੀ। 2015 ਵਿਚ ਉਸਦੀ ਡਿਪਟੀ ਸ਼ੈਰਿਫ਼ ਦੇ ਤੌਰ ਤੇ ਤਰੱਕੀ ਹੋਈ ਸੀ। ਉਸਨੇ ਦਸਤਾਰ ਬੰਨ੍ਹ ਕੇ ਅਤੇ ਦਾੜ੍ਹੀ ਰੱਖਕੇ ਨੌਕਰੀ ਹੀ ਤਾਂ ਕੀਤੀ ਸੀ ਤਾਂ ਜੋ ਸਿੱਖ ਦੀ ਪਛਾਣ ਬਣ ਸਕੇ। ਜਦੋਂ 2015 ਵਿਚ ਉਸਨੂੰ ਸਾਬਤ ਸੂਰਤ ਸਿੱਖ ਦੇ ਤੌਰ ਤੇ ਨੌਕਰੀ ਕਰਨ ਦੀ ਇਜਾਜ਼ਤ ਮਿਲੀ ਸੀ, ਉਦੋਂ ਵੀ ਉਹ ਅਖ਼ਬਾਰਾਂ ਦੀਆਂ ਸੁਰਖੀਆਂ ਵਿਚ ਆਇਆ ਸੀ। ਉਹ ਆਪਣੀ ਜ਼ਿੰਦਗੀ ਦੀ ਕੁਰਬਾਨੀ ਦੇ ਕੇ ਸਿੱਖਾਂ ਦੀ ਪਛਾਣ ਸਦੀਵੀ ਬਣਾ ਗਿਆ। ਦੁਰਘਟਨਾ ਵਾਲੇ ਦਿਨ ਵੀ ਉਸਨੇ ਸਾਈਪ੍ਰਸ ਇਲਾਕੇ ਵਿਲੈਂਸੀ ਕੋਰਟ ‘ਚ ਇਕ ਚੌਰਾਹੇ ਵਿਚ ਟ੍ਰੈਫਿਕ ਨਿਯਮਾ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਨੂੰ ਰੋਕਿਆ ਸੀ। ਉਸਦੇ ਕਾਗਜ਼ ਚੈਕ ਕਰਨ ਤੋਂ ਬਾਅਦ ਜਦੋਂ ਉਹ ਆਪਣੀ ਕਾਰ ਵਲ ਆ ਰਿਹਾ ਸੀ ਤਾਂ ਰੌਬਰਟ ਸਾਲਿਸ ਨਾਮ ਦੇ ਵਿਅਕਤੀ ਨੇ ਪਿਛਿਉਂ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ। (47) ਸਾਲਾ ਨਾਮੀ ਮੁਜ਼ਰਮ ਰੌਬਰਟ ਸਾਲਿਸ 2017 ਵਿਚ ਪੈਰੋਲ ਤੇ ਆਇਆ ਸੀ, ਮੁੜਕੇ ਜੇਲ੍ਹ ਵਿਚ ਨਹੀਂ ਗਿਆ ਸੀ, ਜਿਸ ਕਰਕੇ ਉਹ ਪੁਲਿਸ ਦਾ ਭਗੌੜਾ ਸੀ। ਸੰਦੀਪ ਸਿੰਘ ਧਾਲੀਵਾਲ ਨੂੰ ਡਾਕਟਰੀ ਸਹਾਇਤਾ ਦੇਣ ਲਈ ਤੁਰੰਤ ਹੈਲੀਕਾਪਟਰ ਤੇ ਹਸਪਤਾਲ ਲਿਜਾਇਆ ਗਿਆ ਪ੍ਰੰਤੂ ਉਸਨੂੰ ਬਚਾਇਆ ਨਾ ਸਕਿਆ। ਸੰਦੀਪ ਸਿੰਘ ਧਲੀਵਾਲ ਬਹੁਤ ਹੀ ਨਿਡਰ, ਬਹਾਦਰ, ਨਿਧੜਕ ਅਤੇ ਮਿਲਾਪੜੇ ਸੁਭਾਅ ਦਾ ਮਾਲਕ ਸੀ। ਗੋਰੇ ਵੀ ਉਸਦਾ ਬਹੁਤ ਸਤਿਕਾਰ ਕਰਦੇ ਸਨ, ਖਾਸ ਤੌਰ ਤੇ ਗੋਰੇ ਬੱਚਿਆਂ ਵਿਚ ਉਹ ਬਹੁਤ ਹਰਮਨ ਪਿਆਰਾ ਸੀ। ਇਸ ਗੱਲ ਦੀ ਗਵਾਹੀ ਗੋਰਿਆਂ ਵੱਲੋਂ ਆਪਣੇ ਬੱਚਿਆਂ ਨਾਲ ਪਿਆਰ ਕਰਦਿਆਂ ਸੰਦੀਪ ਸਿੰਘ ਧਾਲੀਵਾਲ ਦੀਆਂ ਸ਼ੋਸ਼ਲ ਮੀਡੀਆ ਤੇ ਪਾਈਆਂ ਜਾ ਰਹੀਆਂ ਤਸਵੀਰਾਂ ਹਨ। ਉਹ ਹਰ ਰੋਜ਼ ਆਪਣੀ ਨੌਕਰੀ ਤੇ ਜਾਣ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਚ ਮੱਥਾ ਟੇਕ ਕੇ ਜਾਂਦਾ ਸੀ। ਉਸਦੀ ਮੌਤ ਤੋਂ ਬਾਅਦ ਟੈਕਸਾਸ ਸਟੇਟ ਦਾ ਕੋਈ ਅਜਿਹਾ ਭਾਰਤੀ ਅਤੇ ਉਥੋਂ ਦੀ ਪੁਲਿਸ ਦਾ ਕਰਮਚਾਰੀ ਨਹੀਂ, ਜਿਸ ਦੀ ਅੱਖ ਵਿਚੋਂ ਅਥਰੂ ਨਾ ਕਿਰੇ ਹੋਣ। ਅਮਰੀਕਾ ਵਿਚ ਸਰਕਾਰੀ ਨੌਕਰੀ ਕਰ ਰਹੇ ਸਿੱਖ ਦੀ ਇਹ ਪਹਿਲੀ ਹੱਤਿਆ ਦੀ ਘਟਨਾ ਹੈ, ਜਿਸਨੇ ਅਮਰੀਕਾ ਸਰਕਾਰ ਨੂੰ ਵੀ ਹਿਲਾ ਕੇ ਰੱਖ ਦਿੱਤਾ ਹੈ ਕਿਉਂਕਿ ਸੰਦੀਪ ਸਿੰਘ ਧਾਲੀਵਾਲ ਅਮਰੀਕਾ ਦੀ ਵੰਨ ਸਵੰਨਤਾ ਦੀ ਨੀਤੀ ਦਾ ਪ੍ਰਤੀਕ ਸੀ। ਉਸਦੀ ਯਾਦ ਵਿਚ ਪੁਲਿਸ ਵਿਭਾਗ ਨੇ ਸਾਈਪ੍ਰਸ ਸ਼ਹਿਰ ਦੇ ਬੇਰੀ ਸੈਂਟਰ ਵਿਚ ਸੋਗ ਸਭਾ ਆਯੋਜਤ ਕੀਤੀ, ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਕੈਨੇਡਾ, ਇੰਗਲੈਂਡ, ਅਮਰੀਕਾ ਅਤੇ ਹੋਰ ਦੇਸ਼ਾਂ ਤੋਂ ਲੋਕਾਂ ਨੇ ਸ਼ਿਰਕਤ ਕੀਤੀ। ਖਾਲਸਾ ਏਡ ਇੰਗਲੈਂਡ ਤੋਂ ਰਵੀ ਸਿੰਘ ਸਮੇਤ ਸੰਸਾਰ ਦੇ ਲਗਪਗ ਸਾਰੇ ਦੇਸ਼ਾਂ ਵਿਚੋਂ ਪੁਲਿਸ ਅਤੇ ਫ਼ੌਜ ਦੇ ਸਿੱਖ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੇ ਸਸਕਾਰ ਦੇ ਮੌਕੇ ਤੇ ਪਹੁੰਚੇ ਹੋਏ ਸਨ। ਇਕ ਕਿਸਮ ਨਾਲ ਸਾਰੇ ਸੰਸਾਰ ਵਿਚ ਸੋਗ ਦੀ ਲਹਿਰ ਦੌੜ ਗਈ ਸੀ। ਉਹ ਸਿੱਖਾਂ ਦੀ ਪਛਾਣ ਦਾ ਸੰਸਾਰ ਵਿਚ ਪ੍ਰਤੀਕ ਬਣ ਗਿਆ ਹੈ। ਸ਼ਾਇਦ ਸੰਦੀਪ ਸਿੰਘ ਧਾਲੀਵਾਲ ਪਹਿਲਾ ਅਜਿਹਾ ਵਿਅਕਤੀ ਹੈ, ਜਿਸਦੀ ਹਿਰਦੇਵੇਦਿਕ ਮੌਤ ਤੋਂ ਬਾਅਦ ਅਮਰੀਕਾ ਦੇ ਗੋਰੇ ਵੀ ਧਾਹੀਂ ਰੋਏ ਹਨ। ਜਦੋਂ ਉਸਦੀ ਮਿ੍ਰਤਕ ਦੇਹ ਨੂੰ ਸ਼ਮਸ਼ਾਨ ਘਾਟ ਵਲ ਲਿਜਾਇਆ ਜਾ ਰਿਹਾ ਸੀ ਤਾਂ ਅਮਰੀਕਾ ਦੀ ਘੋੜ ਸਵਾਰ ਅਤੇ ਮੋਟਰ ਸਾਈਕਲਾਂ ਤੇ ਪੁਲਸ ਦੇ ਸੈਂਕੜੇ ਕਰਮਚਾਰੀ ਤੇ ਅਧਿਕਾਰੀ ਅਗਵਾਈ ਕਰ ਰਹੇ ਸਨ। ਹਵਾਈ ਜਹਾਜਾਂ ਰਾਹੀਂ ਫੁਲਾਂ ਦੀ ਵਰਖਾ ਕੀਤੀ ਗਈ। ਮਜਲ ਦੇ ਪਿਛੇ ਸੈਂਕੜੇ ਕਾਰਾਂ ਵਿਚ ਪੁਲਿਸ ਅਧਿਕਾਰੀ ਅਤੇ ਸਿਵਲੀਅਨ ਜਾ ਰਹੇ ਸਨ। ਪਹਿਲੀ ਵਾਰ ਵੇਖਣ ਨੂੰ ਮਿਲਿਆ ਕਿ ਸੜਕ ਦੇ ਦੋਹੇ ਪਾਸੀਂ ਗੋਰੇ ਅਮਰੀਕਾ ਦਾ ਝੰਡਾ ਲੈ ਕੇ ਨਮ ਅੱਖਾਂ ਨਾਲ ਸੋਗ ਵਿਚ ਡੁੱਬੇ ਹੋਏ ਸੰਦੀਪ ਸਿੰਘ ਧਾਲੀਵਾਲ ਅਮਰ ਰਹੇ ਦੇ ਨਆਰੇ ਲਾ ਰਹੇ ਸਨ। ਉਸਦਾ ਪੂਰੇ ਸਰਕਾਰੀ ਸਨਮਾਨਾ ਅਤੇ ਸਿੱਖ ਧਰਮ ਦੀਆਂ ਪਰੰਪਰਾਵਾਂ ਅਨੁਸਾਰ ਸਸਕਾਰ ਕੀਤਾ ਗਿਆ। ਉਸਨੂੰ 21 ਤੋਪਾਂ ਦੀ ਸਲਾਮੀ ਦਿੱਤੀ ਗਈ। ਹੂਸਟਨ ਸਟੇਟ ਵਿਚ 2015 ਤੋਂ 49 ਪੁਲਿਸਮੈਨ ਨੌਕਰੀ ਦੌਰਾਨ ਮਾਰੇ ਗਏ ਸਨ ਪ੍ਰੰਤੂ ਇਤਨਾ ਮਾਣ ਸਨਮਾਨ ਸ਼ਾਇਦ ਇਸ ਤੋਂ ਪਹਿਲਾਂ ਕਿਸੇ ਪੁਲਿਸ ਅਧਿਕਾਰੀ ਨੂੰ ਨਹੀਂ ਮਿਲਿਆ। ਲੈਫ਼ਟੀਨੈਂਟ ਗਵਰਨਰ ਡੈਨ ਪੈਟਰਿਕ ਨੇ ਕਿਹਾ ਕਿ ਸੰਸਕਾਰ ਦੇ ਮੌਕੇ ਭਾਸ਼ਣ ਦੇਣ ਦੀ ਰਵਾਇਤ ਨਹੀਂ ਪ੍ਰੰਤੂ ਉਹ ਇਕ ਸੱਚੇ ਸੁੱਚੇ ਬਹਾਦਰ ਜਰਨੈਲ ਨੂੰ ਸ਼ਰਧਾਂਜਲੀ ਦੇਣ ਤੋਂ ਰਹਿ ਨਹੀਂ ਸਕਦਾ। ਹੂਸਟਨ ਸਟੇਟ ਨੇ ਸੰਦੀਪ ਸਿੰਘ ਧਾਲੀਵਾਲ ਦੀ ਯਾਦ ਤਾਜ਼ਾ ਰੱਖਣ ਲਈ ਹਰ ਸਾਲ 2 ਅਕਤੂਬਰ ਨੂੰ ਸੰਦੀਪ ਸਿੰਘ ਧਾਲੀਵਾਲ ਡੇਅ ਮਨਾਉਣ ਦਾ ਐਲਾਨ ਕੀਤਾ ਹੈ।
1995 ਵਿਚ 12ਵੀਂ ਕਲਾਸ ਪਾਸ ਕਰਨ ਤੋਂ ਬਾਅਦ ਸੰਦੀਪ ਸਿੰਘ ਧਾਲੀਵਾਲ ਆਪਣੇ ਪਿਤਾ ਕੋਲ ਆਪਣੀ ਮਾਂ ਅਤੇ ਦੋ ਭੈਣਾਂ ਦੇ ਨਾਲ ਅਮਰੀਕਾ ਆਇਆ ਸੀ। ਉਸਦਾ ਪਿਤਾ ਪਹਿਲਾਂ ਹੀ ਅਮਰੀਕਾ ਵਿਚ ਰਹਿੰਦਾ ਸੀ। ਉਸਦਾ ਜਨਮ ਮਾਤਾ ਸੁਰਿੰਦਰ ਕੌਰ ਅਤੇ ਪਿਤਾ ਸ੍ਰ.ਪਿਆਰਾ ਸਿੰਘ ਦੇ ਘਰ ਕਪੂਰਥਲਾ ਜਿਲ੍ਹੇ ਦੇ ਧਾਲੀਵਾਲ ਬੇਟ ਪਿੰਡ ਵਿਚ ਹੋਇਆ ਸੀ। ਆਪਦੀ ਮਾਤਾ ਪਹਿਲਾਂ ਹੀ ਸਵਰਗ ਸਿਧਾਰ ਚੁੱਕੇ ਹਨ। ਉਹ ਪਿਛਲੇ ਸਾਲ ਆਪਣੀ ਮਾਤਾ ਦੀਆਂ ਅਸਥੀਆਂ ਪਾਉਣ ਲਈ ਭਾਰਤ ਆਇਆ ਸੀ। ਇਸ ਸਾਲ 13 ਅਕਤੂਬਰ ਨੂੰ ਵੀ ਉਸਨੇ ਆਪਣੇ ਪਿੰਡ ਦੀਵਾਲੀ ਮਨਾਉਣ ਲਈ ਆਉਣਾ ਸੀ, ਜਿਸ ਲਈ ਟਿਕਟਾਂ ਬੁਕ ਕਰਵਾ ਲਈਆਂ ਸਨ ਪ੍ਰੰਤੂ ਵਾਹਿਗੁਰੂ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਸੰਦੀਪ ਸਿੰਘ ਧਾਲੀਵਾਲ ਜਿਥੇ ਆਪਣੀ ਡਿਊਟੀ ਸੰਜੀਦਗੀ ਨਾਲ ਨਿਭਾਉਣ ਲਈ ਜਾਣਿਆਂ ਜਾਂਦਾ ਹੈ, ਉਥੇ ਉਹ ਸਮਾਜ ਸੇਵਕ ਵੀ ਸੀ। ਉਹ ਅਮਰੀਕਾ ਵਿਚ ਹਰ ਕੁਦਰਤੀ ਆਫ਼ਤ ਦੇ ਪ੍ਰਭਾਵਤ ਲੋਕਾਂ ਦੀ ਮੱਦਦ ਲਈ ਆਪਣੇ ਦੋਸਤਾਂ ਮਿਤਰਾਂ ਨਾਲ ਬਹੁੜਦਾ ਸੀ। ਜਦੋਂ 2017 ਵਿਚ ਹਿਊਸਟਨ ਵਿਚ ਹੜ੍ਹ ਆਏ ਸਨ ਤਾਂ ਸਿਆਟਲ ਤੋਂ ਯੂਨਾਈਟਡ ਸਿੱਖਸ ਸੰਸਥਾ ਦੇ ਨੁਮਾਇਦੇ ਪੀੜਤਾਂ ਦੀ ਮਦਦ ਲਈ ਆਏ ਸਨ ਤਾਂ ਉਦੋਂ ਹੀ ਉਹ ਇਸ ਸੰਸਥਾ ਨਾਲ ਜੁੜ ਗਿਆ ਸੀ। ਹੜ੍ਹ ਪੀੜਤਾਂ ਦੀ ਮਦਦ ਲਈ ਉਹ ਖੁਦ ਟਰੱਕਾਂ ਵਿਚ ਸਾਮਾਨ ਲੱਦਕੇ ਪੀੜਤਾਂ ਦੀ ਮਦਦ ਕਰਦਾ ਰਿਹਾ। ਉਸਦੀ ਅਜਿਹੀ ਨਿਸ਼ਕਾਮ ਸੇਵਾ ਨੇ ਉਦੋਂ ਅਮਰੀਕਾ ਦੇ ਨੈਸ਼ਨਲ ਟੈਲੀਵਿਜ਼ਨਜ਼ ਵਿਚ ਉਸਦੀ ਪ੍ਰਸੰਸਾ ਦੇ ਪੁਲ ਬੰਨ੍ਹੇ ਸਨ। ਪਿਛੇ ਜਹੇ ਵੀ ਯੂਨਾਈਟਡ ਸਿੱਖਸ ਸੰਸਥਾ ਦੇ ਕਾਰਕੁਨਾ ਨਾਲ ਪੈਟਰਿਕ ਵਿਚ ਹੜ੍ਹ ਪੀੜਤਾਂ ਦੀ ਮਦਦ ਲਈ ਸਰਕਾਰੀ ਨੌਕਰੀ ਤੋਂ ਛੁਟੀਆਂ ਲੈ ਕੇ ਗਿਆ ਸੀ। ਉਹ ਆਪਣੇ ਪਿੰਡ ਦੀਆਂ ਦੋ ਬੱਚੀਆਂ ਦੀ ਪੜ੍ਹਾਈ ਦਾ ਖਰਚਾ ਵੀ ਚੁੱਕ ਰਿਹਾ ਸੀ। ਉਹ ਆਪਣੇ ਪਿਛੇ ਪਿਤਾ ਪਿਆਰਾ ਸਿੰਘ, ਪਤਨੀ ਹਰਵਿੰਦਰ ਕੌਰ ਅਤੇ ਇਕ ਪੰਜ ਸਾਲ ਦਾ ਲੜਕਾ ਤੇ ਦੋ ਲੜਕੀਆਂ ਛੱਡ ਗਿਆ ਹੈ। ਸੰਦੀਪ ਸਿੰਘ ਧਾਲੀਵਾਲ ਦੀ ਸ਼ਹੀਦੀ ਤੋਂ ਬਾਅਦ ਜਿਤਨਾ ਮਾਨ ਸਨਮਾਨ ਉਸਨੂੰ ਅਮਰੀਕੀਆਂ ਅਤੇ ਭਾਰਤੀਆਂ ਨੇ ਦਿੱਤਾ ਹੈ, ਉਹ ਆਪਣੀ ਮਿਸਾਲ ਆਪ ਹੈ।