ਮੁੰਬਈ – ਸਾਬਕਾ ਪ੍ਰਧਾਨਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਕਿ 2024 ਤੱਕ ਇਕੋਨਮੀ 5 ਟ੍ਰਿਲੀਅਨ ਡਾਲਰ ਤੱਕ ਪਹੁੰਚਣ ਦੀ ਕੋਈ ਉਮੀਦ ਨਹੀਂ ਹੈ। ਇਸ ਦੇ ਲਈ 10-12 ਫੀਸਦੀ ਗਰੋਥ ਦੀ ਲੋੜ ਹੋਵੇਗੀ, ਪਰ ਬੀਜੇਪੀ ਦੇ ਕਾਰਜਕਾਲ ਵਿੱਚ ਹਰ ਸਾਲ ਜੀਡੀਪੀ ਵਿੱਚ ਗਿਰਾਵਟ ਆ ਰਹੀ ਹੈ। ਸਾਬਕਾ ਪ੍ਰਧਾਨਮੰਤਰੀ ਡਾ. ਮਨਮੋਹਨ ਸਿੰਘ ਨੇ ਇਹ ਸ਼ਬਦ ਮੁੰਬਈ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਹੇ।
ਡਾ. ਮਨਮੋਹਨ ਸਿੰਘ ਨੇ ਵਿੱਤਮੰਤਰੀ ਨਿਰਮਲਾ ਦੇ ਬੇਹੂਦਾ ਬਿਆਨ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਸਰਕਾਰ ਸਮੱਸਿਆਵਾਂ ਦਾ ਹਲ ਕੱਢਣ ਦੀ ਜਗ੍ਹਾ ਵਿਰੋਧੀਆਂ ਤੇ ਆਰੋਪ ਲਗਾਉਣ ਦੀ ਆਦਤ ਤੋਂ ਮਜ਼ਬੂਰ ਹੈ। ਸੀਤਾਰਮਣ ਨੇ ਹਾਲ ਹੀ ਵਿੱਚ ਆਪਣੀ ਨਲਾਇਕੀ ਤੇ ਆਯੋਗਤਾ ਨੂੰ ਛੁਪਾਉਂਦੇ ਹੋਏ ਕਿਹਾ ਸੀ ਕਿ ਮਨਮੋਹਨ ਸਿੰਘ ਅਤੇ ਆਰਬੀਆਈ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਦੇ ਸਮੇਂ ਸਰਕਾਰੀ ਬੈਂਕ ਸੱਭ ਤੋਂ ਬੁਰੇ ਦੌਰ ਵਿੱਚ ਸਨ।
ਮਹਾਂਰਾਸ਼ਟਰ ਚੋਣਾਂ ਦੇ ਸਬੰਧ ਵਿੱਚ ਮੁੰਬਈ ਪਹੁੰਚੇ ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਅਰਥਵਿਵਸਥਾ ਨੂੰ ਸੁਧਾਰਨ ਦੇ ਲਈ ਅਸਲੀ ਕਾਰਣਾਂ ਅਤੇ ਦਿਕਤਾਂ ਦਾ ਪਤਾ ਲਗਾਉਣਾ ਜਰੂਰੀ ਹੁੰਦਾ ਹੈ। ਸਰਕਾਰ ਦੇ ਅਜਿਹੇ ਵਰਤੀਰੇ ਨਾਲ ਦੇਸ਼ ਦੇ ਲੋਕਾਂ ਦੀਆਂ ਭਾਵਨਾਵਾਂ ਅਤੇ ਭਵਿੱਖ ਪ੍ਰਭਾਵਿਤ ਹੋ ਰਿਹਾ ਹੈ। ਮਹਾਂਰਾਸ਼ਟਰ ਵਿੱਚ ਬਿਜ਼ਨੈਸ ਸੰਕਟ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਕਈਆਂ ਫੈਕਟਰੀਆਂ ਤੇ ਬੰਦ ਹੋਣ ਦਾ ਖਤਰਾ ਮੰਡਰਾ ਰਿਹਾ ਹੈ। ਪਿੱਛਲੇ ਪੰਜ ਸਾਲਾਂ ਵਿੱਚ ਮਹਾਂਰਾਸ਼ਟਰ ਵਿੱਚ ਸੱਭ ਤੋਂ ਵੱਧ ਫੈਕਟਰੀਆਂ ਬੰਦ ਹੋਈਆਂ ਹਨ। ਕੇਂਦਰ ਅਤੇ ਮਹਾਂਰਾਸ਼ਟਰ ਦੀ ਸਰਕਾਰ ਜਨਤਾ ਦੀ ਭਲਾਈ ਲਈ ਕੋਈ ਕਦਮ ਉਠਾਉਣਾ ਹੀ ਨਹੀਂ ਚਾਹੁੰਦੀ।
ਉਨ੍ਹਾਂ ਨੇ ਮੋਦੀ, ਵਿੱਤਮੰਤਰੀ ਅਤੇ ਮੁੱਖਮੰਤਰੀ ਫਡਨਵੀਸ ਨੂੰ ਅਪੀਲ ਕੀਤੀ ਕਿ ਉਹ ਪੀਐਮਸੀ ਬੈਂਕ ਮਾਮਲੇ ਵੱਲ ਖਾਸ ਧਿਆਨ ਦੇਣ ਅਤੇ ਇਸ ਨਾਲ ਪ੍ਰਭਾਵਿਤ 16 ਲੱਖ ਲੋਕਾਂ ਦੀਆਂ ਸਮੱਸਿਆਵਾਂ ਦਾ ਹਲ ਕੱਢਣ ਦਾ ਯਤਨ ਕਰਨ।