ਸਰੀ, (ਪਰਮਜੀਤ ਸਿੰਘ ਬਾਗੜੀਆ)-ਕਨੇਡਾ ਦੇ ਸਿੱਖਾਂ ਨੇ ਅੱਜ ਕੈਨੇਡਾ ਵਿਚ ਪ੍ਰਵਾਸ ਕਰ ਚੁੱਕੀਆਂ ਕੌਮਾਂ ਦੇ ਧਾਰਮਿਕ, ਸੱਭਿਆਚਾਰਕ ਅਤੇ ਭਾਸ਼ਾਈ ਹਿਤ ਕਾਨੂੰਨੀ ਤੌਰ ‘ਤੇ ਸੁਰੱਖਿਅਤ ਕਰਕੇ ਦੇਸ਼ ਨੂੰ ਇਕ ਉਦਾਰ ਬਹੁਨਸਲੀ ਸਰੂਪ ਦੇਣ ਵਾਲੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਪੀਅਰੇ ਇਲੀਅਟ ਟਰੂਡੋ ਦਾ 100ਵਾਂ ਜਨਮ ਦਿਨ ਇਕ ਸੈਮੀਨਾਰ ਆਯੋਜਿਤ ਕਰਕੇ ਮਨਾਇਆ। ਸੈਮੀਨਾਰ ਆਯੋਜਨ ਕਰ ਵਾਲੇ ਸੱਜਣਾਂ ਸ. ਕਰਨੈਲ ਸਿੰਘ ਰਾਏ, ਮਨਮੋਹਨ ਸਿੰਘ ਸਮਰਾ, ਅਰਸ਼ਵੀਰ ਸਿੰਘ ਅਤੇ ਕਰਨੈਲ ਸਿੰਘ ਦੇ ਉੱਦਮ ਨਾਲ ਆਯੋਜਿਤ ਇਸ ਸੈਮੀਨਾਰ ਵਿਚ ਸਾਬਕਾ ਪ੍ਰਧਾਨ ਮੰਤਰੀ ਟਰੂਡੋ ਦੀ ਵਿਆਪਕ ਮਾਨਵਵਾਦੀ ਸੋਚ, ਕਨੇਡਾ ਦੇ ਵਿਕਾਸ ਲਈ ਅਤਿ ਦੀ ਦੂਰ ਅੰਦੇਸ਼ੀ ਵਰਤਣ ਅਤੇ ਪ੍ਰਵਾਸੀਆਂ ਨੂੰ ਬਰਾਬਰੀ ਦੇ ਹੱਕ ਪ੍ਰਦਾਨ ਕਰਨ ਆਦਿ ਵਿਸ਼ਿਆਂ ਦੇ ਨਾਲ ਨਾਲ ਬੁਲਾਰਿਆਂ ਨੇ ਉਸਦੀ ਸ਼ਖਸ਼ੀਅਤ ਦੇ ਵੱਖ ਵੱਖ ਪਹਿਲੂਆਂ ‘ਤੇ ਵੀ ਰੌਸ਼ਨੀ ਪਾਈ।
ਟਰੂਡੋ ਨੂੰ ਨਿੱਜੀ ਤੌਰ ‘ਤੇ ਮਿਲ ਚੁੱਕੇ ਉੱਘੇ ਸਿੱਖ ਵਿਦਵਾਨ ਸ. ਗਿਆਨ ਸਿੰਘ ਸੰਧੂ ਨੇ ਆਖਿਆ ਕਿ ਬਤੌਰ ਪ੍ਰਧਾਨ ਮੰਤਰੀ ਟਰੂਡੋ ਸਿੱਖਾਂ ਦਾ, ਉਨ੍ਹਾਂ ਦੀ ਦਸਤਾਰ ਦਾ ਹਮੇਸ਼ਾ ਸਤਿਕਾਰ ਕਰਦਾ ਰਿਹਾ। ਅਨੇਕਾਂ ਵੇਰਵੇ ਦਿੰਦਿਆਂ ਸ. ਸੰਧੂ ਨੇ ਆਖਿਆ ਕਿ ਟਰੂਡੋ ਦਾ ਸੁਪਨਾ ਕੈਨੇਡਾ ਨੂੰ ਇਕ ‘ਜਸਟ ਸੁਸਾਇਟੀ’ ਭਾਵ ਨਿਆਪੂਰਣ ਸਮਾਜ ਦੇਣਾ ਸੀ ਜੋ ਉਸਨੇ ਪੂਰਾ ਕੀਤਾ। ਨੌਜਵਾਨ ਨਵਕਿਰਨ ਕਾਹਲੋਂ ਨੇ ਸਰੋਤਿਆਂ ਨਾਲ ਟਰੂਡੋ ਦੀ ਜੀਵਨੀ ਦੇ ਅੰਸ਼ ਸਾਂਝੇ ਕੀਤੇ। ਬੁਲਾਰੇ ਲਹਿੰਬਰ ਸਿੱਧੂ ਨੇ ਆਖਿਆ ਕਿ ਉਦੋਂ ਇਹ ਇੰਗਲੈਂਡ ਵਿਚ ਵੀ ਰੌਲਾ ਪੈ ਗਿਆ ਸੀ ਕਿ ਕੈਨੇਡਾ ਦਾ ਇਕ ਪ੍ਰਧਾਨ ਮੰਤਰੀ ਹੈ ਜਿਸਨੇ ਪ੍ਰਵਾਸੀਆਂ ਲਈ ਦਰਵਾਜੇ ਖੋਲ੍ਹ ਦਿੱਤੇ ਹਨ ਅਤੇ ਟਰੂਡੋ ਰਾਜ ਦੌਰਾਨ ਜਦੋਂ ਸੱਜੇ ਪੱਖੀ ਪ੍ਰੋਵਿੰਸ਼ਨਲ ਸਰਕਾਰਾਂ ਨੇ ਵਰਕਰਾਂ ਦੇ ਹੱਕ ਕੁਚਲਣ ਲਈ ਕਨੁੰਨ ਘੜਨੇ ਚਾਹੇ ਤਾਂ ਟਰੂਡੋ ਨੇ ਉਨ੍ਹਾਂ ਦੀ ਰੱਖਿਆ ਵੀ ਕੀਤੀ।
ਲਿਬਰਲ ਪਾਰਟੀ ਦੇ ਐਮ.ਪੀ. ਸ. ਰਨਦੀਪ ਸਿੰਘ ਸਰਾਏ ਨੇ ਆਖਿਆ ਕਿ ਸਕੂਲਾਂ ਅੰਦਰ ਪ੍ਰਵਾਸੀ ਕੌਮਾਂ ਦੇ ਬੱਚਿਆਂ ਵਲੋਂ ਆਪਣੀ ਮਾਂ ਬੋਲੀ ਨੂੰ ਪੜ੍ਹਨ ਦਾ ਹੱਕ ਵੀ ਸਵ. ਟਰੂਡੋ ਦੀ ਹੀ ਦੇਣ ਹੈ। ਦੂਜੇ ਐਮ.ਪੀ ਸ. ਸੁਖ ਧਾਲੀਵਾਲ ਨੇ ਕਿਹਾ ਕਿ ਕੈਲਗਰੀ ਵਿਚ ਇਕ ਟੈਕਸੀ ਚਾਲਕ ਵਜੋਂ ਸਵ.ਟਰੁਡੋ ਨਾਲ ਨਿੱਕੀ ਜਿਹੀ ਮੁਲਾਕਾਤ ਮੇਰੇ ਸਿਆਸਤਦਾਨ ਬਣਨ ਦਾ ਰਾਹ ਖੋਲ੍ਹੇਗੀ, ਮੈ ਕਦੇ ਸੋਚਿਆ ਵੀ ਨਹੀਂ ਸੀ। ਮੀਡੀਆ ਖੇਤਰ ਦੀ ਸਖਸੀਅਤ ਸ. ਮਨਮੋਹਨ ਸਿੰਘ ਸਮਰਾ ਨੇ ਆਖਿਆ ਕਿ ਸਾਬਕਾ ਪ੍ਰਧਾਨ ਮੰਤਰੀ ਟਰੂਡੋ ਦੇ ਪੁੱਤਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਯੁੱਧ ਗ੍ਰਸਤ ਅਫਗਾਨਿਸਤਾਨ ਦੇ ਸਿੱਖਾਂ ਨੂੰ ਕੈਨੇਡਾ ਵਿਚ ਪਨਾਹ ਦੇ ਕੇ ਆਪਣੇ ਪਿਤਾ ਦੀ ਸੋਚ ‘ਤੇ ਪਹਿਰਾ ਦਿੱਤਾ ਹੈ। ਆਖਿਰ ਵਿਚ ਪ੍ਰਸਿੱਧ ਪੱਤਰਕਾਰ ਤੇ ਉੱਘੇ ਸਿੱਖ ਚਿੰਤਕ ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੇ ਆਖਿਆ ਕਿ ਟਰੂਡੋ ਨੇ ‘ਚਾਰਟਰ ਆਫ ਰਾਈਟਸ’ ਰਾਹੀਂ ਕਨੇਡਾ ਨੂੰ ਇਕ ਬਹੁ-ਸੱਭਿਆਚਾਰਕ ਦਿੱਖ ਦਿੱਤੀ, ੳਸਦੀ ਪਹਿਲ ਸਦਕਾ ਹੀ ਦੁਨੀਆ ਭਰ ਵਿਚੋਂ ਆ ਰਹੀਆਂ ਤੇ ਆ ਚੁੱਕੀਆਂ ਕੌਮਾਂ ਨੂੰ ਆਪਣੀ ਵੱਖਰੀ ਪਛਾਣ ਬਣਾਈ ਰੱਖਣ ਦਾ ਹੱਕ ਮਿਲਿਆ ਹੈ। ਅੱਜ ਜਦੋਂ ਵਿਸ਼ਵ ਇਕ ਧਰੁਵੀਕਰਨ ਵੱਲ ਵਧ ਰਿਹਾ ਹੈ ਸਾਡੇ ਗੁਆਂਢੀ ਦੇਸ਼ ਅਮਰੀਕਾ ਅਤੇ ਇੰਡੀਆ ਵਿਚ ਸੱਜੇ ਪੱਖੀ ਤਾਕਤਾਂ ਦਾ ਉਭਾਰ ਹੋ ਰਿਹਾ, ਇਸ ਕਰਕੇ ਵੀ ਟਰੂਡੋ ਦਾ 100ਵਾਂ ਜਨਮ ਦਿਨ ਮਨਾਉਣਾ ਜਰੂਰੀ ਸੀ। ਇਹ ਸਵ. ਟਰੂਡੋ ਦੀ ਕੈਨੇਡਾ ਨੂੰ ਬਹੁ-ਸੱਭਿਆਚਾਰਕ ਅਤੇ ਬਹੁ-ਭਾਸ਼ਾਈ ਦੇਸ ਬਨਾਉਣ ਦੀ ਸੋਚ ਸਦਕਾ ਹੀ ਸੀ ਕਿ ਅਸੀ ਸਿੱਖ ਕਨੇਡੀਅਨ ਪੁਲਿਸ ਵਿਚ ਦਸਤਾਰ ਸਜਾ ਕੇ ਕੰਮ ਕਰਨ ਦੇ ਯੋਗ ਹੋਏ ਹਾਂ। ਉੱਘੇ ਪੱਤਰਕਾਰ ਗੁਰਪ੍ਰੀਤ ਸਿੰਘ ਨੇ ਕਿਹ ਕਿ ਸਵ. ਟਰੂਡੋ ਇਕ ਧੜੱਲੇਦਾਰ ਲੀਡਰ ਸੀ ਜਿਸਨੇ ਅਮਰੀਕਾ ਨੂੰ ਕਿਊਬਾ ਵਿਚ ਦਖਲਅੰਦਾਜੀ ਕਰਨ ਵਿਰੁੱਧ ਭੰਡਿਆ ਸੀ ਅਤੇ ਟਰੂਡੋ ਨੇ ਕੈਨੇਡਾ ਨੂੰ ਇਕ ਭਾਸ਼ਾਈ ਮੁਲਕ ਤੋਂ ਦੋ ਭਾਸ਼ਾਈ ਮੁਲਕ ਬਣਾਉਣ ਵਿਚ ਅਹਿਮ ਭੁਮਿਕਾ ਨਿਭਾਈ ਸੀ। ਇਸ ਤੋਂ ਇਲਾਵਾ ਸੀ. ਜੇ. ਸਿੱਧੂ ਅਤੇ ਅਰਸ਼ਵੀਰ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ। ਹਾਲਾਂ ਕਿ ਬੁਲਾਰਿਆਂ ਨੂੰ ਇਹ ਵੀ ਮਲਾਲ ਸੀ ਕਿ ਉਸ ਉਦਾਰ ਪ੍ਰਧਾਨ ਮੰਤਰੀ ਦਾ ਪੁੱਤਰ ਜਸਟਿਨ ਟਰੂਡੋ ਵਿਸ਼ਵ ਵਿਚ ਖਾਸਕਰ ਕਸ਼ਮੀਰ ਵਿਚ ਹੋ ਰਹੇ ਮਨੁੱਖੀ ਅਧਿਕਾਰਾਂ ਦੇ ਘਾਣ ਅਤੇ ਵਿਸ਼ਵ ਵਿਚ ਅਮਰੀਕਾ ਦੀ ਅੰਤਰਰਾਸ਼ਟਰੀ ਦਖਲ ਅੰਦਾਜੀ ਵਿਰੁੱਧ ਨਹੀਂ ਬੋਲਿਆ।