ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲਾਪਰਵਾਹੀ ਦੇ ਕਾਰਨ 133 ਸਿੱਖ ਬੱਚੇ ਇੰਜੀਨੀਅਰ ਬਣਨੋਂ ਰਹਿ ਗਏ ਹਨ। ਇਹ ਖੁਲਾਸਾ ਜਾਗਾਂ – ਜਗ ਆਸਰਾ ਗੁਰੂ ਓਟ(ਜੱਥੇਦਾਰ ਸੰਤੋਖ ਸਿੰਘ) ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਅੱਜ ਪਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ। ਜੀਕੇ ਨੇ ਦਾਅਵਾ ਕੀਤਾ ਕਿ ਅਕਾਲੀ ਦਲ ਦੀ ਵਿਦਿਆਰਥੀ ਇਕਾਈ ਏਸਓਆਈ ਦਾ ਡੂਸੂ ਈਸੀ ਅਹੁਦੇ ਦਾ ਉਂਮੀਦਵਾਰ ਪਾਰਸ ਸੈਣੀ ਕੱਲ ਕਾਂਗਰਸ ਦੀ ਵਿਦਿਆਰਥੀ ਇਕਾਈ ਏਨਏਸਆਈਯੂ ਦੇ ਸਹਿਯੋਗ ਨਾਲ ਜਿੱਤੀਆ ਹੈ। ਇਸ ਲਈ ਕਾਂਗਰਸ ਨੂੰ ਸਿੱਖਾਂ ਦੀ ਕਾਤਲ ਜਮਾਤ ਦੱਸਣ ਵਾਲੇ ਅਕਾਲੀ ਆਗੂਆਂ ਨੂੰ ਸਾਫ਼ ਕਰਣਾ ਚਾਹੀਦਾ ਹੈ ਕਿ ਉਨ੍ਹਾਂ ਦਾ ਕਾਂਗਰਸ ਨਾਲ ਕੀ ਗੁਪਤ ਸਮੱਝੌਤਾ ਹੈ ? ਕੀ ਦਿੱਲੀ ਵਿਧਾਨਸਭਾ ਚੋਣ ਅਕਾਲੀ ਦਲ ਕਾਂਗਰਸ ਦੇ ਨਾਲ ਮਿਲਕੇ ਲੜੇਗਾ ?
ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਜੀਕੇ ਨੇ ਕਿਹਾ ਕਿ ਕਮੇਟੀ ਦੇ ਗੁਰੂ ਤੇਗ ਬਹਾਦਰ ਇੰਸਟੀਚਿਊਟ ਆਫ ਟੇਕਨੋਲਾਜੀ (ਜੀਟੀਬੀਆਈਟੀ) ਵਿੱਚ ਕੁਲ 600 ਸੀਟਾਂ ਇੰਜੀਨਿਅਰਿੰਗ ਦੀਆਂ ਹਨ। ਪਰ ਕਮੇਟੀ ਪ੍ਰਬੰਧਕਾਂ ਦੀ ਲਾਪਰਵਾਹੀ ਦੇ ਕਾਰਨ 133 ਸੀਟਾਂ 2019-2020 ਦੇ ਵਿਦਿਅਕ ਵਰ੍ਹੇ ਵਿੱਚ ਖਾਲੀ ਰਹਿ ਗਈਆ ਹਨ। ਕਿਉਂਕਿ ਅਦਾਰੇ ਵੱਲੋਂ ਖਾਲੀ ਸੀਟਾਂ ਦੀ ਕਾਉਂਸਲਿੰਗ ਹੋਣ ਦੀ ਜਾਣਕਾਰੀ ਸੀਟ ਪ੍ਰਾਪਤ ਕਰਣ ਦੇ ਇੱਛੁਕ ਦਾਅਵੇਦਾਰਾਂ ਤੱਕ ਨਹੀਂ ਪਹੁੰਚਾਈ ਗਈ। ਜਿਸ ਵਜ੍ਹਾ ਨਾਲ ਗੁਰੂ ਗੋਬਿੰਦ ਸਿੰਘ ਆਈਪੀ ਯੂਨੀਵਰਸਿਟੀ ਨੇ ਉਕਤ ਸੀਟਾਂ ਨੂੰ ਖਾਲੀ ਘੋਸ਼ਿਤ ਕਰ ਦਿੱਤਾ। ਇਸ ਵਜ੍ਹਾ ਨਾਲ ਨਾ ਕੇਵਲ 133 ਸਿੱਖ ਬੱਚਿਆਂ ਦੇ ਇੰਜੀਨੀਅਰ ਬਨਣ ਦਾ ਸੁੱਪਣਾ ਟੁੱਟਿਆ ਹੈ, ਸਗੋਂ ਅਦਾਰੇ ਨੂੰ 4 ਸਾਲ ਵਿੱਚ ਇਹਨਾਂ 133 ਬੱਚਿਆਂ ਤੋਂ ਪ੍ਰਾਪਤ ਹੋਣ ਵਾਲੀ 5.5 ਕਰੋਡ਼ ਰੁਪਏ ਦੀ ਫੀਸ ਦਾ ਵੀ ਨੁਕਸਾਨ ਹੋਇਆ ਹੈ। ਜੀਕੇ ਨੇ ਪੁੱਛਿਆ ਕਿ ਕੌਮ ਨੂੰ ਹੋਏ ਇਸ ਭਾਰੀ ਭਰਕਮ ਨੁਕਸਾਨ ਦੀ ਜ਼ਿੰਮੇਦਾਰੀ ਕੀ ਵਿਧਾਇਕ ਬਨਣ ਦੇ ਇੱਛੁਕ ਕਮੇਟੀ ਆਗੂ ਲੈਣਗੇ ?
ਜੀਕੇ ਨੇ ਖੁਲਾਸਾ ਕੀਤਾ ਕਿ ਪੰਥਕ ਹਲਕਿਆਂ ਵਿੱਚ ਕਾਂਗਰਸ ਵਿਰੋਧ ਦੇ ਨਾਂਅ ਉੱਤੇ ਆਪਣੀ ਸਿਆਸੀ ਜ਼ਮੀਨ ਉਪਜਾਊ ਕਰਣ ਨੂੰ ਹਰ ਵਕਤ ਤਿਆਰ ਰਹਿਣ ਵਾਲੇ ਅਕਾਲੀ ਦਲ ਅਤੇ ਕਾਂਗਰਸ ਨੇ ਆਪਸੀ ਗੁਪਤ ਸਮੱਝੌਤੇ ਕਰਕੇ ਦਿੱਲੀ ਯੂਨੀਵਰਸਿਟੀ ਸਟੂਡੇਂਟਸ ਯੂਨੀਅਨ ਵਿੱਚ ਏਗਜੀਕਿਊਟਿਵ ਕਾਉਂਸਿਲ ਅਹੁਦੇ ਉੱਤੇ ਏਸਓਆਈ ਦੇ ਉਮੀਦਵਾਰ ਨੂੰ ਜਿੱਤ ਦਿਵਾਈ ਹੈ। ਜਦੋਂ ਕਿ ਸਾਡੀ ਉਮੀਦਵਾਰ ਤਰਨਪ੍ਰੀਤ ਕੌਰ ਭਾਜਪਾ ਦੀ ਏਬੀਵੀਪੀ ਦੇ ਸਹਿਯੋਗ ਨਾਲ ਜਿੱਤੀ ਹੈ। ਇਸ ਮੌਕੇ ਉੱਤੇ ਜੀਕੇ ਨੇ ਤਰਨਪ੍ਰੀਤ ਨੂੰ ਸਿਰੋਪਾ ਭੇਂਟ ਕੀਤਾ ਅਤੇ ਜਾਗੋ ਯੂਥ ਵਿੰਗ ਦੇ ਪ੍ਰਧਾਨ ਸਤਬੀਰ ਸਿੰਘ ਗਗਨ ਵਲੋਂ ਤਰਨਪ੍ਰੀਤ ਦੀ ਜਿੱਤ ਲਈ ਕੀਤੀਆਂ ਗਈਆ ਕੋਸ਼ਿਸ਼ਾਂ ਲਈ ਸ਼ਾਬਾਸ਼ੀ ਦਿੱਤੀ। ਤਰਨਪ੍ਰੀਤ ਨੇ ਵੀ ਆਪਣੀ ਜਿੱਤ ਲਈ ਪਾਰਟੀ ਦਾ ਧੰਨਵਾਦ ਕੀਤਾ। ਜਾਗੋ ਪਾਰਟੀ ਦੇ ਜਨਰਲ ਸਕੱਤਰ ਪਰਮਿੰਦਰ ਪਾਲ ਸਿੰਘ, ਬੁਲਾਰੇ ਜਗਜੀਤ ਸਿੰਘ ਕਮਾਂਡਰ, ਜਾਗੋ ਵਿਧਾਰਥੀ ਵਿੰਗ ਦੀ ਸਕੱਤਰ ਜਨਰਲ ਹਰਸ਼ੀਨ ਕੌਰ ਸਣੇ ਕਈ ਵਿਦਿਆਰਥੀ ਇਸ ਮੌਕੇ ਮੌਜੂਦ ਸਨ।