ਅੱਜ ਦੀ ਨੌਜਵਾਨ ਪੀੜ੍ਹੀ ਮਿਹਨਤ, ਕਦਰਾਂ-ਕੀਮਤਾਂ, ਭਾਰਤੀ ਸੱਭਿਆਚਾਰ ਆਦਿ ਤੋਂ ਵਿਹੁਣੀ ਨਸ਼ਿਆਂ ‘ਚ ਗਲਤਾਨ ਹੋ ਕੇਕੁਰਾਹੇ ਪਈ ਜਾਪਦੀ ਹੈ। ਲਗਦਾ ਹੈ ਇਸ ਪੀੜ੍ਹੀ ਵਿੱਚੋਂ ਮਿਹਨਤ ਕਰਨ ਦੀ ਭਾਵਨਾ ਤਾਂ ਖਤਮ ਹੀ ਹੋ ਗਈ ਹੈ। ਸੋਸ਼ਲ ਮੀਡੀਆ ਦੇ ਰਾਹੀ ਸੁਪਨਿਆਂ ਦੀ ਦੁਨੀਆਂ ਵਿੱਚ ਖੋਈ ਹੋਈ ਨੌਜਵਾਨ ਪੀੜ੍ਹੀ ਦਾ ਹਰੇਕ ਫਰਦ ਆਪਣੇ ਆਪ ਨੂੰ ਵਿਸ਼ਵ ਦੇ ਸਾਹਮਣੇ ਇੱਕ ਆਦਰਸ਼ ਦੇ ਰੂਪ ਵਿੱਚ ਪੇਸ਼ ਕਰ ਰਿਹਾ ਹੈ ਜਦੋਂ ਕਿ ਉਸਦੀਆਂ ਆਦਤਾਂ, ਉਸਦਾ ਰਹਿਣ ਸਹਿਣ, ਆਪਣੇ ਮਾਪਿਆਂ ਦੇ ਨਾਲ ਵਿਵਹਾਰ ਆਦਿ ਸਭ ਕੁਝ ਉਸ ਦੇ ਨੇੜੇ-ਤੇੜੇ ਵੀ ਨਹੀਂ ਹੈ। ਮਿਹਨਤ ਕਰਨ ਦੀ ਆਦਤ ਖਤਮ ਹੋਣ ਕਾਰਨ ਹਰੇਕ ਖੇਤਰ ਵਿੱਚ ਸਫਲ ਹੋਣ ਦੇ ਗਲਤ ਤਰੀਕੇ ਅਪਣਾਏ ਜਾ ਰਹੇ ਹਨ ਜਿਵਂੇ ਕਿ ਪੜ੍ਹਾਈ ਵਿੱਚ ਨਕਲ ਮਾਰ ਕੇ ਪਾਸ ਹੋਣਾ, ਖੇਤਾਂ ਵਿੱਚ ਖੁਦ ਕੰਮ ਕਰਨ ਦੇ ਸਥਾਨ ਤੇ ਕਾਮਿਆਂ ਤੋਂ ਕੰਮ ਕਰਵਾਉਣਾ ਆਦਿ। ਇਹ ਗੱਲ ਵਿਸ਼ੇਸ਼ ਰੂਪ ਵਿੱਚ ਧਿਆਨ ਦੇਣ ਵਾਲੀ ਹੈ ਕਿ ਜਦੋਂ ਤੋਂ ਕਿਸਾਨ ਦੇ ਪੁੱਤ ਨੇ ਮਿਹਨਤ ਕਰਨੀ ਛੱਡ ਦਿੱਤੀ ਹੈ ਉਦੋਂ ਤੋਂ ਹੀ ਉਹ ਖੁਦਕੁਸ਼ੀਆਂ ਦੇ ਰਾਹ ਤੇ ਪਿਆ ਹੋਇਆ ਹੈ। ਕਿਉਂਕਿ ਇੱਕ ਮਿਹਨਤੀ ਕਿਸਾਨ ਜਿਸ ਨੇ ਜਿੰਦਗੀ ਵਿੱਚ ਹੱਡ ਭੰਨਵੀਂ ਮਿਹਨਤ ਕੀਤੀ ਹੋਵੇ ਉਹ ਕਦੇ ਵੀ ਖੁਦਕੁਸ਼ੀਆਂ ਦੇ ਰਾਹ ਤੇ ਨਹੀਂ ਤੁਰ ਸਕਦਾ ਜੇ ਇਹ ਕਿਹਾ ਜਾਵੇ ਕਿ ਕਿਸਾਨ ਅਤੇ ਖੁਦਕੁਸ਼ੀ ਦੋਵੇਂ ਵਿਰੋਧੀ ਸ਼ਬਦ ਹਨ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ।
ਸਾਡੇ ਭਾਰਤੀ ਸੱਭਿਆਚਾਰ ਦੀ ਇਹ ਇੱਕ ਮਹੱਤਵਪੂਰਨ ਵਿਸੇਸ਼ਤਾ ਸੀ ਕਿ ਪਿੰਡ/ਮੁੱਹਲੇ ਦੀ ਕੁੜੀ ਭਾਵੇਂ ਉਹ ਕਿਸੇ ਵੀ ਜਾਤ, ਧਰਮ ਆਦਿ ਨਾਲ ਸਬੰਧ ਰੱਖਦੀ ਹੋਵੇ ਹਰ ਨੌਜਵਾਨ ਦੀ ਭੈਣ ਮੰਨੀ ਜਾਂਦੀ ਸੀ ਪਰ ਅੱਜ ਬੇ ਹਯਾਈ ਸਾਰੀਆਂ ਹੱਦਾਂ ਟੱਪ ਗਈ ਹੈ। ਅੱਜ ਗੁਆਂਢੀਆਂ ਅਤੇ ਨੇੜੇ ਦੇ ਰਿਸ਼ਤੇਦਾਰਾਂ ਵੱਲੋਂ ਹੀ ਛੋਟੀਆਂ ਛੋਟੀਆਂ ਮਾਸੂਮ ਬਾਲੜੀਆਂ ਨਾਲ ਅਣਮਨੁੱਖੀ ਕਾਰਾ ਜਬਰ ਜਿਨਾਹ ਕੀਤਾ ਜਾ ਰਿਹਾ ਹੈ। ਧੀ-ਭੈਣ ਦੇ ਪਹਿਰਾਵੇ ਨੂੰ ਦੇਖ ਕੇ ਬਾਪ, ਭਰਾ ਆਦਿ ਨੂੰ ਅੱਖਾਂ ਨੀਵੀਆਂ ਕਰਨੀਆਂ ਪੈਦੀਆਂ ਹਨ। ਪੈਸਾ ਕਮਾਉਣ ਦੇ ਉਦੇਸ਼ ਨਾਲ ਸਾਡੇ ਅਮੀਰ ਸੱਭਿਆਚਾਰ ਅਤੇ ਨੈਤਿਕ ਸਿਧਾਤਾਂ ਨੂੰ ਸੂਲੀ ਚੜ੍ਹਾ ਕੇ ਟੀ.ਵੀ. ਚੈਨਲਾਂ ਰਾਹੀ ਅਸ਼ਲੀਲਤਾ ਅਤੇ ਨਿਰਲੱਜਤਾ ਨੂੰ ਖੁੱਲ੍ਹ ਕੇ ਭਾਰਤੀ ਨੌਜਵਾਨਾਂ (ਜੋ ਕਿ ਦੇਸ਼ ਦਾ ਭਵਿੱਖ ਹਨ) ਅੱਗੇ ਪਰੋਸਿਆ ਜਾ ਰਿਹਾ ਹੈ। ਗੀਤਾਂ ਅਤੇ ਫਿਲਮਾਂ ਰਾਹੀ ਨੌਜਵਾਨਾਂ ਨੂੰ ਨਸ਼ਿਆਂ ਦੀ ਲੱਤ ਲਗਾਈ ਜਾ ਰਹੀ ਹੈ। ਕੁਝ ਸਮਾਂ ਪਹਿਲਾਂ ਹੋਈ ਫੌਜ ਦੀ ਭਰਤੀ ਵਿੱਚ 100 ਵਿੱਚੋਂ 5 ਨੌਜਵਾਨ ਵੀ ਸਰੀਰਕ ਯੋਗਤਾ ਟੈਸਟ ਪਾਸ ਨਹੀਂ ਕਰ ਸਕੇ ਸਨ। ਨਸ਼ਿਆਂ ਦੇ ਕਾਰਨ ਅੰਦਰੋਂ ਖੋਖਲੇ ਹੋਏ ਪੰਜਾਬ ਦੇ ਗੱਭਰੂ ਕਹੇ ਜਾਣ ਵਾਲੇ ਨੌਜਵਾਨ ਦੌੜਾਂ, ਛਾਲਾਂ ਆਦਿ ਵਿੱਚੋਂ ਹੀ ਬਾਹਰ ਹੋ ਗਏ ਸਨ। ਅੰਕੜੇ ਤਾਂ ਇਹ ਵੀ ਕਹਿ ਰਹੇ ਹਨ ਕਿ ਸੰਥੈਟਿਕ ਅਤੇ ਮੈਡੀਕਲ ਨਸ਼ਿਆਂ ਦੇ ਪ੍ਰਭਾਵ ਕਾਰਨ ਪੰਜਾਬੀ ਮੁੰਡੇ ਨਿਪੁੰਸਕਤਾ ਵੱਲ ਬਹੁਤ ਤੇਜੀ ਨਾਲ ਅੱਗੇ ਵਧ ਰਹੇ ਹਨ ਜੋ ਕਿ ਸਾਡੇ ਲਈ ਬਹੁਤ ਨਮੋਸ਼ੀ ਦੀ ਗੱਲ ਹੈ।
ਗੱਲ ਕੀ ਅੱਜ ਦੀ ਨੌਜਵਾਨ ਪੀੜ੍ਹੀ ਨਾ ਤਾਂ ਖੇਤਾਂ ਵਿੱਚ ਮਿਹਨਤ ਕਰਨ ਜੋਗੀ ਰਹੀ ਹੈ, ਨਾ ਹੀ ਸਰਹੱਦਾਂ ਦੀ ਰਾਖੀ ਕਰਨ ਵਾਲੀ। ਬਜੁਰਗਾਂ, ਮਾਪਿਆਂ ਅਤੇ ਵੱਡਿਆਂ ਦੇ ਸਤੀਕਾਰ ਦੀ ਭਾਵਨਾ ਤਾਂ ਕਿਤੇ ਵਿਰਲੀ ਹੀ ਦੇਖਣ ਨੂੰ ਮਿਲਦੀ ਹੈ। ਅਜੋਕੇ ਪਰਿਵਾਰਾਂ ‘ਚ ਇੱਕ ਦੋ ਬੱਚੇ ਹੋਣ ਕਾਰਨ ਹਰ ਗੱਲ ਖੁਦਕੁਸ਼ੀ ਦਾ ਡਰਾਵਾ ਦੇ ਕੇ ਮਾਪਿਆਂ ਤੋਂ ਮਨਵਾਉਣ ਨੂੰ ਬਿਲਕੁਲ ਵੀ ਬੁਰਾ ਨਹੀਂ ਸਮਝਿਆ ਜਾਂਦਾ। ਮਾਪੇ ਮਜਬੂਰ ਹੋ ਕੇ ਸਹੀ-ਗਲਤ ਗੱਲਾਂ ਨੂੰ ਭਰੇ ਮਨ ਨਾਲ ਮੰਨ ਵੀ ਰਹੇ ਹਨ ਜਿਸਦੇ ਅੱਗੇ ਚੱਲ ਕੇ ਬਹੁਤ ਘਾਤਕ ਨਤੀਜੇ ਨਿਕਲਦੇ ਹਨ। ਗੱਡੀਆਂ, ਮੋਟਰ ਸਾਈਕਲ, ਮਹਿੰਗੇ ਮੋਬਾਇਲ, ਬਰਾਂਡਡ ਕੱਪੜੇ, ਹਥਿਆਰ, ਚਮਕ-ਦਮਕ ਵਾਲੀਆਂ ਵਸਤੂਆਂ ਨੂੰ ਪ੍ਰਾਪਤ ਕਰਨਾ ਇਨ੍ਹਾਂ ਦਾ ਮੁੱਖ ਸ਼ੌਕ ਬਣ ਗਿਆ ਹੈ। ਬਜੁਰਗ ਮਾਪਿਆਂ ਨੂੰ ਬਿਰਧ ਆਸ਼ਰਮਾਂ ਵਿੱਚ ਭੇਜਣਾ ਨੂੰ ਤਾਂ ਸ਼ੁਗਲ ਮਾਤਰ ਮੰਨਿਆ ਜਾਣ ਲੱਗਾ ਹੈ। ਸਾਡੇ ਗੁਰੂਆਂ, ਪੀਰਾਂ, ਫਕੀਰਾਂ ਆਦਿ ਨੇ ਤਾਂ ਮਨ ਨੀਵਾਂ ਮੱਤ ਉੱਚੀ ਦਾ ਸੰਦੇਸ਼ ਦਿੱਤਾ ਸੀ ਪਰ ਅੱਜ ਕੱਲ ਇਸਦੇ ਉਲਟ ਦਿਖਾਵਾ ਕਰਨ ਨੂੰ ਸ਼ਾਨ ਸਮਝਿਆ ਜਾ ਰਿਹਾ ਹੈ। ਸਾਰਾ ਸਾਰਾ ਦਿਨ ਸੋਸ਼ਲ ਮੀਡੀਆ ਤੇ ਗੱਲਾਂ ਕਰਨਾ, ਨੈਟ ਚਲਾ ਕਿ ਕੰਪਿਊਟਰ ਆਦਿ ਸਾਹਮਣੇ ਬੈਠੇ ਰਹਿਣ ਨੂੰ ਤਾਂ ਫੈਸ਼ਣ ਸਮਝਿਆ ਜਾਣ ਲੱਗਾ ਹੈ। ਕੰਮ ਤੋਂ ਵਿਹੂਣੀ ਸੋਸ਼ਲ ਮੀਡੀਆ ਦੀ ਵਰਤੋਂ ਕਰ ਰਹੀ ਨੌਜਵਾਨ ਪੀੜ੍ਹੀ ਵੱਲੋਂ ਹੀ ਤਰ੍ਹਾਂ ਤਰ੍ਹਾਂ ਦੀਆਂ ਅਫਵਾਹਾਂ ਫੈਲਾ ਕੇ ਕਈ ਵਾਰ ਸਮਾਜ ਦੀ ਸ਼ਾਂਤੀ ਭੰਗ ਵੀ ਕੀਤੀ ਜਾਂਦੀ ਹੈ। ਮੈਂ ਸੋਸ਼ਲ ਮੀਡੀਆ, ਨੈਟ, ਕੰਪਿਊਟਰ ਆਦਿ ਦੀ ਵਰਤੋਂ ਕਰਨ ਦੇ ਵਿਰੁੱਧ ਨਹੀ ਹਾਂ ਪਰ ਉਸਦੀ ਸਹੀ ਅਤੇ ਉੱਚਿਤ ਵਰਤੋਂ ਕਰਨ ਦੇ ਪੱਖ ਵਿੱਚ ਜਰੂਰ ਹਾਂ। ਅਸ਼ਲੀਲ ਗੀਤ, ਸੱਭਿਆਚਾਰ ਤੋਂ ਵਿਹੂਣੀਆਂ ਫਿਲਮਾਂ, ਸੋਸ਼ਲ ਮੀਡੀਆ, ਇੰਟਰਨੈਟ, ਕੁਝ ਅਸ਼ਲੀਲ ਅਖਬਾਰਾਂ, ਟੀ.ਵੀ. ਚੈਨਲ ਆਦਿ ਸਭ ਰਲ ਕੇ ਦੇਸ਼ ਦੇ ਭਵਿੱਖ ਨੂੰ ਕੁਰਾਹੇ ਪਾ ਕੇ ਤਬਾਹ ਕਰਨ ਤੇ ਲੱਗੇ ਹੋਏ ਹਨ।
ਜਿੱਥੇ ਸਮੁੱਚਾ ਤਾਣਾ-ਬਾਣਾ ਹੀ ਸਮਾਜ ਵਿਰੋਧੀ ਹਲਾਤਾਂ ਨਾਲ ਲਬਰੇਜ਼ ਹੋ ਚੁੱਕਾ ਹੋਵੇ ਉੱਥੇ ਕੀ ਕਰੇ ਵਿਚਾਰੀ ਨੌਜਵਾਨ ਪੀੜ੍ਹੀ? ਹੁਣ ਤੁਸੀਂ ਖੁਦ ਫੈਸਲਾ ਕਰੋ ਕਿ ਕੀ ਦੋਸ਼ੀ ਨੌਜਵਾਨ ਪੀੜ੍ਹੀ ਹੈ ਜਾਂ ਦੋਸ਼ੀ ਉਹ ਲੋਕ ਹਨ ਜੋ ਧੀਮਾ ਜ਼ਹਿਰ ਦੇ ਕੇ ਸਾਡੇ ਮੁੰਡਿਆਂ ਨੂੰ ਬਰਬਾਦ ਕਰ ਰਹੇ ਹਨ?
ਬਿਨ੍ਹਾਂ ਸ਼ੱਕ ਅੱਜ ਦੇ ਨੌਜਵਾਨਾਂ ਅੱਗੇ ਵੱਡੀਆਂ ਚੁਣੌਤੀਆਂ ਹਨ। ਉਹ ਕੀ ਕਰੇ? ਕਿਸ ਵਰਗਾ ਬਣੇ? ਕਿਸ ਨੂੰ ਆਪਣਾ ਰੌਲ ਮਾਡਲ ਮੰਨੇ? ਉਸਦੇ ਸਾਹਮਣੇ ਕੋਈ ਰੌਲ ਮਾਡਲ ਨਹੀਂ ਕਿਉਂਕਿ ਸਾਡੇ ਸਿਆਸਤਦਾਨ, ਧਾਰਮਿਕ ਰਹਿਨੁਮਾ, ਸਮਾਜ ਸੇਵਾ ਦਾ ਢੌਂਗ ਕਰਨ ਵਾਲੇ ਲੋਕ, ਵੱਡੇ ਅਫਸਰ, ਫਿਲਮੀ ਹੀਰੋ ਆਦਿ ਸਭ ਅਰਬਾਂ ਰੁਪਏ ਦੇ ਘੁਟਾਲਿਆਂ ਵਿੱਚ ਫਸੇ ਹੋਏ ਹਨ। ਕਈਆਂ ਤੇ ਜਬਰ ਜਿਨਾਹ ਅਤੇ ਹੋਰ ਸੰਗੀਨ ਅਪਰਾਧਾਂ ਦੇ ਕਾਰਨ ਮੁੱਕਦਮੇ ਚੱਲ ਰਹੇ ਹਨ। ਧਰਮ ਦਾ ਆਧਾਰ ਸਮਝੇ ਜਾਂਦੇ ਧਾਰਮਿਕ ਡੇਰਿਆਂ ਵਿੱਚ ਬਲਾਤਕਾਰ, ਵਿਰੋਧੀਆਂ ਦੇ ਕਤਲ ਅਤੇ ਹਰੇਕ ਤਰ੍ਹਾਂ ਦੇ ਅਨੈਤਿਕ ਕੰਮ ਹੋਣਾ ਤਾਂ ਆਮ ਵਰਤਾਰਾ ਬਣ ਗਿਆ ਹੈ। ਪੂੰਜੀਵਾਦ ਦੇ ਪ੍ਰਭਾਵ ਹੇਠ ਵਿੱਦਿਅਕ ਪ੍ਰਣਾਲੀ ਨੂੰ ਬਹੁਤ ਹੀ ਯੋਜਨਾ ਪੂਰਵਕ ਢੰਗ ਨਾਲ ਇਸ ਤਰ੍ਹਾਂ ਦਾ ਬਣਾਇਆ ਜਾ ਰਿਹਾ ਹੈ ਜਿਸ ਨਾਲ ਵਿਦਿਆਰਥੀਆਂ ਨੂੰ ਚੰਗੇ ਇਨਸਾਨ ਨਹੀਂ ਸਗੋਂ ਕਦਰਾਂ ਕੀਮਤਾਂ ਤੋਂ ਮੁਕਤ ਪੈਸਾ ਕਮਾਉਣ ਵਾਲੇ ਰੋਬਰਟ ਬਣਾਇਆ ਜਾ ਸਕੇ। ਪਦਾਰਥਵਾਦ ਦੇ ਪ੍ਰਭਾਵ ਕਾਰਨ ਅੱਜ ਦੋ ਭਰਾ ਇੱਕ ਘਰ ਵਿੱਚ ਇੱਕਠੇ ਰਹਿਣ ਨੂੰ ਤਿਆਰ ਨਹੀਂ ਤਾਂ ਅਸੀਂ ਪੂਰੇ ਸਮਾਜ ਨੂੰ ਇੱਕਠਾ ਰੱਖਣ ਦਾ ਸੁਪਣਾ ਕਿਵੇਂ ਸਿਰਜ ਲਿਆ ਹੈ। ਸੋ ਅੱਜ ਲੋੜ ਹੈ ਨੌਜਵਾਨ ਪੀੜ੍ਹੀ ਨੂੰ ਸਮਾਜ ਦੇ ਅੰਦਰਲਿਆਂ ਅਤੇ ਬਾਹਰਲਿਆਂ ਖਤਰਿਆਂ ਤੋਂ ਜਾਣੂ ਕਰਵਾ ਕੇ ਇਨ੍ਹਾਂ ਦੇ ਮਾੜੇ ਪ੍ਰਭਾਵਾਂ ਤੋਂ ਬਚਾਉਣ ਦੀ ਹੈ। ਇਸ ਤਰ੍ਹਾਂ ਕਰਕੇ ਹੀ ਅਸੀਂ ਪੰਜਾਬ ਦੇ ਅਮੀਰ ਸੱਭਿਆਚਾਰ ਨੂੰ ਸੁਰੱਖਿਅਤ ਰੱਖ ਸਕਦੇ ਹਾਂ।