ਉਹ ਚੜ੍ਹਦੇ ਸੂਰਜ ਦੀ ਪਹਿਲੀ ਰਿਸ਼ਮ ਸੀ
ਸਰਘੀ ਵੇਲੇ ਚੋਗਾ ਚੁਗਣ ਜਾਂਦੇ ਗੀਤ ਦੀ ਤਰਨਮ
ਸੁਰਮਈ ਬੱਦਲੀ ਦਾ ਕਿਰਿਆ ਪਹਿਲਾ ਹੰਝੂ
ਜਦੋਂ ਵੀ ਪਲਕ ਖੋਲਦੀ
ਨਜ਼ਮ ਬਣ ਵਿਛਦੀ
ਸਤਰ ਸਤਰ ਵਹਿੰਦੀ ਨਦੀ
ਫੁੱਲਾਂ ਨੂੰ ਮਹਿਕਾਂ ਦੀ ਅਗਨ ਲਿੱਪੀ ਵੰਡਦੀ
ਨਹਾ ਕੇ ਨਿਕਲਦੀ ਤਾਂ ਅੰਬਰ ਡੋਲਦੇ
ਗਿੱਲੇ ਚਿੱਟੇ ਜਿਸਮੀਂ ਬੱਦਲ ਘਟਾਵਾਂਂ ‘ਚੋਂ ਚੰਨ ਝਾਕਦੇ
ਵਾਲ ਛੰਡਦੀ ਤਾਂ ਪਰਬਤ ਕੰਬਦਾ
ਨਦੀ ਦੀਆਂ ਵਲ ਖਾਂਦੀਆਂ ਲਹਿਰਾਂ ‘ਚ ਡੁੱਬਿਆ ਸੰਗੀਤ ਸੀ ਉਹ
ਵੰਗਾਂ ਨਸ਼ਿਆ ਜਾਂਦੀਆਂ
ਜਦ ਉਹਦੀਆਂ ਦੁੱਧ ਚਿੱਟੀਆਂ ਕਲਾਈਆਂ ‘ਤੇ ਖੇਡਦੀਆਂ
ਉਹਦੀ ਝਾਂਜਰਾਂ ਦੀ ਛਣਕਾਰ ‘ਚੋਂ ਵਿਸ਼ੀਅਰ ਫੁੰਕਾਰਦੇ
ਪਿੰਡ ਦੇ ਗਭਰੇਟਿਆਂ ਦੀਆਂ ਅੱਖਾਂ ‘ਚ
ਤਰਸਦਾ ਉਨੀਂਦਰਾ ਸੀ ਉਹ
ਅਲਸੀ ਦੇ ਫੁੱਲਾਂ ਤੇ ਟਹਿਕਦਾ ਹੁਸਨ ਦਾ ਇਤਿਹਾਸ
ਅਨਾਰ ਦੀਆਂ ਡਾਲੀਆਂ ਤੇ ਤਰਦਾ ਜਹਾਨ
ਰੰਗਾਂ ਦਾ ਨਗਮਾ ਸੀ ਉਹਦੀ ਇਕ ਇਕ ਅਦਾ ਦਾ ਨਹੋਰਾ
ਗਲੀਆਂ ‘ਚ ਮੋਰਾਂ ਦੀ ਅੱਲੜ ਪੈਲ ਸੀ
ਅੰਬੀਆਂ ਦੀ ਰੁੱਤੇ ਕੋਇਲ ਦਾ ਹਾਉਕਾ ਸੀ ਉਹ
ਪਿੰਡ ਦੇ ਅਸਮਾਨ ਤੇ
ਮੁੰਡਿਆਂ ਲਈ ਚੌਦਵੀਂ ਦੇ ਚੰਨ ਦਾ ਤਰਲਾ ਸੀ
ਅੰਗਿਆਰਾਂ ਦੀ ਟੋਰ ਵਰਗਾ ਆਖਰੀ ਖਾਬ
ਸਿਖਰ ਦੁਪਹਿਰ ਵਾਂਗ ਬਲਦਾ
ਰਾਹਾਂ ਦੇ ਰੁੱਖਾਂ ਨੂੰ ਲੱਗਾ ਸਰਾਪ ਸੀ ਉਹ
ਤਪੀਆਂ ਦਾ ਟੁੱਟਾ ਅਧੂਰਾ ਤਪ
ਟਿੱਲੇ ਤੇ ਨੱਚਦੀ ਜੋਗੀਆਂ ਦੀ ਚਾਹਤ
ਸੀਤ ਸਮੁੰਦਰ ‘ਚ ਡੂੰਘੀ ਡੁੱਬ ਮਰਨ ਵਾਲੀ
ਅੰਗਿਆਰਾਂ ਚ ਸੜਦੀ ਨਦੀ ਸੀ ਉਹ
ਹਰ ਰੋਜ਼ ਉਹ ਆਪਣੀ ਅਰਜ਼ ਵਿਚ
ਇਕ ਠੰਢਾ ਠਾਰ ਚੰਨ ਲਿਖਦੀ
ਸਿਤਾਰਿਆਂ ਨੂੰ ਜਿਸਮ ‘ਤੇ ਰੱਖ ਰੱਖ ਬਾਲਦੀ
ਫੁੱਲਾਂ ਨੂੰ ਅੰਗਾਂ ਤੇ ਮਲ ਮਲ ਅੱਗ ਲਾਉਂਦੀ
ਨੇੜਿਓਂ ਦੀ ਲੰਘਦੇ ਰੁੱਖ ਵੀ ਧੁਖਣ ਲੱਗਦੇ
ਮੁੱਛ-ਫੁੱਟ ਦਿਨ ਯਾਦਾਂ ‘ਚ ਤੜਫ਼ਦੇ ਬੇਚੈਨ ਰਹਿੰਦੇ
ਰਾਤਾਂ ‘ਚ ਅੱਬੜਵਾਹੇ ਉੱਠਦੇ ਸਾਹ
ਅੱਖਾਂ ਮਲ ਮਲ ਹੱਥੋਂ ਉੱਡ ਗਏ ਸੁਪਨੇ ਭਾਲਦੇ
ਉਹਦੇ ਜਿਸਮ ਦੀ ਖੁਸ਼ਬੂ ਪਿੰਡ ਦੇ ਪਿੰਡੇ ਤੇ ਸਰੂੂਰ ਛਿੜਕਦੀ
ਬਦਨ ਦੀਆਂ ਸੂਹੀਆਂ ਮਚਦੀਆਂ ਲਪਟਾਂ
ਅਧਮੋਏ ਸੁਪਨਿਆਂ ਦੇ ਰਾਹ ਰੋਕਦੀਆਂ
ਸ਼ਰਮੀਲੀਆਂ ਨਜ਼ਰਾਂ ਪਲਕਾਂ ਖੋਲਦੀਆਂ
ਹੁਸਨ ‘ਚੋਂ ਚੰਨਣ ਮਹਿਕਾਂ ਉੱਡਦੀਆਂ ਸ਼ਰਮਾਉਂਦੀਆਂ
ਅੱਗ ਠਰੇ ਪਾਣੀ ਦਾ ਹੜ੍ਹ ਮੰਗਦੀ
ਸ਼ੀਸ਼ੇ ਤਿੜਕਦੇ ਬਨੇਰੇ ਨੀਵੇਂ ਹੁੰਦੇ
ਅੰਗੜਾਈਆਂ ਬਾਂਹਾਂ ‘ਚੋਂ ਆਪਹੁਦਰੀਆਂ ਹੋ ਹੋ ਕਿਰਦੀਆਂ
ਰੇਸ਼ਮ ਪੱਟ ਕੱਜਣ ਤਨ ਤੋਂ ਬਲ ਬਲ ਕਿਰਦੇ
ਛਿਣ-ਛਿਣ ਉਹਦੇ ਦੰਦਾਸੇ ਹੱਸਦੇ ਕੁਝ ਦੱਸਦੇ
ਕਥਾ ਕਹਾਣੀ ਉਨੀਂਦਰੀ ਰਾਤ ਦੀ
ਨੈਣਾਂ ਦੇ ਤੀਰ ਕੁਆਰੇ ਸੀਨੇ ਵਿੰਨਦੇ
ਕਹਿਰਾਂ ਦੀ ਮੜਕ ਗੁਟਕਦੀ ਉਹਦੀਆਂ ਗੋਰੀਆਂ ਪਿੰਜਣੀਆਂ ਤੇ
ਸਿਤਾਰੇ ਕਿਰਦੇ ਜਦੋਂ ਹੱਸਦੀ
ਰਾਹ ਨਿੱਖਰਦੇ ਜਿਧਰੋਂ ਦੀ ਲੰਘਦੀ
ਜਵਾਨੀ ਰੂਪ ਚੜ੍ਹਦਾ ਫੁੱਲਾਂ ਰੁੱਤਾਂ ਨੂੰ
ਬੂਹੇ ਦੀਆਂ ਵਿਰਲਾਂ ‘ਚੋਂ ਹਾਣ ਪਛਾਣਦੀ
ਅਣਵਾਹੇ ਵਾਲਾਂ ਦੀ ਵਟਣੇ ਵਾਲੀ ਉਮਰ
ਮਹਿੰਦੀ ਦੀ ਪੌਣ ਵਰਗਾ ਹੁਲਾਰਾ
ਸੁਗੰਧੀਆਂ ਡੋਲਦੀ ਪਵਨ
ਅੱਡੀਆਂ ਨਾਲ ਸਿਤਾਰੇ ਭੰਨਦੀ
ਕੁਆਰੀ ਹਿੱਕ ਦੀ ਪਹਿਲੀ ਧੁਖਦੀ ਰੀਝ ਸੀ ਉਹ