ਸ਼੍ਰੋਮਣੀ ਕਮੇਟੀ ਅਤੇ ਵਿਵਾਦਾਂ ਦਾ ਨਾਤਾ ਬਹੁਤ ਪੁਰਾਣਾ ਹੈ। ਸ਼੍ਰੋਮਣੀ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਦੇ ਹਾਲ ਹੀ ‘ਚ ਸੇਵਾ ਮੁਕਤ ਹੋਏ ਇਕ ਸਾਬਕਾ ਸਕੱਤਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਸਾਲਾ ਪ੍ਰਕਾਸ਼ ਸ਼ਤਾਬਦੀ ਦੇ ਸੰਬੰਧ ਵਿਚ ਹਜ਼ਾਰਾਂ ਦੀ ਗਿਣਤੀ ‘ਚ ਮੁਫ਼ਤ ਵੰਡੀਆਂ ਜਾਣ ਵਾਲੀਆਂ 2 ਕਿਤਾਬਚਿਆਂ ਵਿਚ ਇਤਿਹਾਸਕ ਪੱਖੋਂ ਹੁਣ ਕਈ ਤਰੁਟੀਆਂ ਪਾਈਆਂ ਗਈਆਂ ਹਨ । ਜਿਸ ਨਾਲ ਸ੍ਰੋਮਣੀ ਕਮੇਟੀ ਇਕ ਵਾਰ ਫਿਰ ਵਿਵਾਦ ‘ਚ ਘਿਰਦੀ ਨਜ਼ਰ ਆ ਰਹੀ ਹੈ।
ਇਸ ਵਾਰ ਸਾਬਕਾ ਸਕੱਤਰ ਵੱਲੋਂ ਇਕ ਵਿਸ਼ੇਸ਼ ਭਾਵਨਾ ਤਹਿਤ ਗੁਰੂ ਨਾਨਕ ਸਾਹਿਬ ਦੇ ਵੇਈਂ ਪ੍ਰਵੇਸ਼ ਵਾਲਾ ਵਰਤਾਰਾ, ਵਿਸ਼ੇਸ਼ ਕਰ ਕੇ ਗੁਰਦੁਆਰਾ ਸੰਤ ਘਾਟ ਸਾਹਿਬ ਦੇ ਚੁਫੇਰੇ ਇਤਿਹਾਸਕ ਛਾਪ ਵਜੋਂ ਉੱਕਰਿਆ ਗਿਆ ‘ਮੂਲ ਮੰਤਰ’ ਜੋ ਕਿ ਗੁਰੂ ਸਾਹਿਬ ਵੱਲੋਂ ਉਕਤ ਅਸਥਾਨ ‘ਤੇ ਉਚਾਰਨ ਪ੍ਰਤੀ ਇਤਿਹਾਸਕ ਰੱਬੀ ਵਰਤਾਰੇ ਨੂੰ ਮਨਫ਼ੀ ਕਰਦਿਆਂ ‘ਨਾ ਕੋ ਹਿੰਦੂ ਨ ਮੁਸਲਮਾਨ’ ਪ੍ਰਤੀ ਮਨ-ਇੱਛਤ ਪ੍ਰਚਾਰ ‘ਤੇ ਜੋਰ ਦੇ ਰਹੇ ਹੋਣਾ ਹੈ। ਅਜਿਹਾ ਕਰਨਾ ਇਤਿਹਾਸ ਨੂੰ ਝੁਠਲਾਉਣ ਤੁੱਲ ਹੈ।
ਸਾਬਕਾ ਸਕੱਤਰ ਵੱਲੋਂ ਪ੍ਰਕਾਸ਼ਿਤ ”ਸਤਿਗੁਰੁ ਨਾਨਕ ਪ੍ਰਗਟਿਆ……” ਦੇ ਪੰਨਾ ਨੰ: 8 ‘ਤੇ ਉਹ ਲਿਖਦੇ ਹਨ ਕਿ – ਜਦੋਂ ਗੁਰੂ ਨਾਨਕ ਜੀ ਨਿਰੰਕਾਰ ਤੋਂ ਨਾਮ ਅੰਮ੍ਰਿਤ ਲੈ ਕੇ ਬਾਹਰ ਆਏ ਤਾਂ ਉਨ੍ਹਾਂ ਪਹਿਲਾ ਇਨਕਲਾਬੀ ਸੰਦੇਸ਼ ਇਹ ਦਿਤਾ -”ਨ ਕੋ ਹਿੰਦੂ ਨਾ ਮੁਸਲਮਾਨ”।
ਦੂਸਰੇ ਕਿਤਾਬਚੇ ਜੋ ਕਿ ‘ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੁਲਤਾਨਪੁਰ ਲੋਧੀ’ ਹੈ ਦੇ ਪੰਨਾ ਨੰ: 11 ‘ਤੇ ਅੰਕਿਤ ਕੀਤਾ ਗਿਆ ਹੈ ਕਿ – ‘ਚੌਥੇ ਦਿਨ ਜਦ ਸ੍ਰੀ ਗੁਰੂ ਨਾਨਕ ਦੇਵ ਜੀ ਸ਼ਹਿਰ ਵਿਚ ਦਾਖਲ ਹੋਏ ਤਾਂ ਪੁਕਾਰ ਰਹੇ ਸਨ ”ਨਾ ਕੋ ਹਿੰਦੂ ਨ ਮੁਸਲਮਾਨ”।
ਇਸੇ ਦੇ ਹੀ ਪੰਨਾ ਨੰ: 17 ਉੱਤੇ ਸੁਲਤਾਨਪੁਰ ਲੋਧੀ ਵਿਖੇ ਸਥਿਤ ਗੁਰਦੁਆਰਾ ਸਾਹਿਬਾਨ ਸਿਰਲੇਖ ਅਤੇ ਸਬ ਸਿਰਲੇਖ ਗੁਰਦੁਆਰਾ ਸੰਤ ਘਾਟ ਸਾਹਿਬ ਅਧੀਨ ਲਿਖਦਾ ਹੈ ਕਿ 72 ਘੰਟੇ ਵੇਈਂ ਨਦੀ ਵਿਚ ਅਲੋਪ ਰਹਿਣ ਉਪਰੰਤ ਗੁਰੂ ਜੀ ਵੇਈਂ ਕਿਨਾਰੇ ਜਿਸ ਅਸਥਾਨ ‘ਤੇ ਪ੍ਰਗਟ ਹੋਏ ਉੱਥੇ ਹੁਣ ਗੁਰਦੁਆਰਾ ਸ੍ਰੀ ਸੰਤ ਘਾਟ ਸਾਹਿਬ ਸਥਿਤ ਹੈ। ਗੁਰੂ ਜੀ ਨੇ ਇਕ ਦਿਨ ਤੇ ਰਾਤ ਮੌਨ ਰਹਿਣ ਉਪਰੰਤ ਉਚੀ ਆਵਾਜ਼ ਵਿਚ ”ਨਾ ਕੋ ਹਿੰਦੂ ਨ ਮੁਸਲਮਾਨ” …. ਦਾ ਸੰਦੇਸ਼ ਦਿਤਾ।
ਅਗੇ ਕਹਿੰਦੇ ਹਨ ਕਿ – ਇੱਥੇ ਹੀ ਸ਼੍ਰੋਮਣੀ ਕਮੇਟੀ ਦੁਆਰਾ ”ਮੂਲ ਮੰਤਰ ਭਵਨ” ਦੀ ਉਸਾਰੀ ਕਰਵਾਈ ਜਾ ਰਹੀ ਹੈ, ਜੋ ਕਿ ਮੁਕੰਮਲ ਹੋਣ ਕਿਨਾਰੇ ਹੈ।
ਜਦ ਕਿ ਇਸੇ ਹੀ ਕਿਤਾਬਚਾ ‘ਚ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦਾ ਇਹ ਸੰਦੇਸ਼ ਦਰਜ ਹੈ ਕਿ ਸੁਲਤਾਨਪੁਰ ਲੋਧੀ ਦੀ ਧਰਤੀ ਨੂੰ ਇਹ ਮਾਣ ਹਾਸਲ ਹੈ ਕਿ ਇੱਥੇ ਹੀ ਗੁਰੂ ਸਾਹਿਬ ਵੱਲੋਂ ਮੂਲ ਮੰਤਰ ਉਚਾਰਨ ਕੀਤਾ ਗਿਆ।
ਵਿਦਵਾਨਾਂ ਦਾ ਮੰਨਣਾ ਹੈ ਕਿ ਇਤਿਹਾਸਕ ਸਰੋਤਾਂ ਨਾਲੋਂ ਪਰੰਪਰਾਗਤ ਸਰੋਤ ਬਲਸ਼ਾਲੀ ਹੋਇਆ ਕਰਦੇ ਹਨ। ਉਕਤ ਇਤਿਹਾਸਕ ਗੁਰਦੁਆਰਾ ਸੰਤ ਘਾਟ ਸਾਹਿਬ ਦੇ ਚਾਰ ਚੁਫੇਰੇ ਪੁਰਾਤਨ ਸਮੇਂ ਤੋਂ ਹੀ ਨੀਲੇ ਰੰਗ ਵਿਚ ”ਮੂਲ ਮੰਤਰ” ਲਿਖਿਆ ਹੋਇਆ ਅੱਜ ਵੀ ਦੇਖਿਆ ਜਾ ਸਕਦਾ ਹੈ।
ਇਸੇ ਹੀ ਗੁਰਦੁਆਰਾ ਸਾਹਿਬ ਦੇ ਬਾਹਰ ਲਗੇ 2 ਜਾਂ ਇਸ ਤੋਂ ਵੱਧ ਸੂਚਨਾ ਬੋਰਡ ”ਇਤਿਹਾਸ ਗੁ: ਸੰਤ ਘਾਟ ਸਾਹਿਬ” ਦੇ ਅਧੀਨ -ਇਹ ਲਿਖਿਆ ਹੋਇਆ ਕਿ ”ਇਹ ਉਹ ਅਸਥਾਨ ਹੈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਵੇਈਂ ਵਿਚ ਟੁੱਭੀ ਮਾਰਨ ਉਪਰੰਤ ਤੀਜੇ ਦਿਨ ਪ੍ਰਗਟ ਹੋਏ ਸਨ,……, ਗੁਰੂ ਜੀ ਨੇ ਇੱਥੇ ਮੂਲ ਮੰਤਰ ਦਾ ਉਚਾਰਨ ਕੀਤਾ। … ਦਾਸ ਮੈਨੇਜਰ” ਦੇਖਿਆ ਜਾ ਸਕਦਾ ਹੈ।
ਉਕਤ ਉੱਲੇਖ ਤੋਂ ਸਪਸ਼ਟ ਹੈ ਕਿ ਲੇਖਕ / ਪ੍ਰਕਾਸ਼ਕ ਸਾਬਕਾ ਸਕੱਤਰ ਸੰਗਤ ਵਿਚ ਸ਼ੰਕੇ ਪੈਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ‘ਮੂਲ ਮੰਤਰ ਉਚਾਰਨ’ ਸੰਬੰਧੀ ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਸਕੱਤਰ ‘ਚ ਇਕ ਰਾਏ ਨਹੀਂ ਹੈ।
ਮੂਲ ਮੰਤਰ ਉਚਾਰਨ ਸੰਬੰਧੀ ਪੰਥ ਦੇ ਕਈ ਠੋਸ ਪ੍ਰਮਾਣਿਤ ਹਵਾਲੇ ਅਤੇ ਸਰੋਤਾਂ ਜਿਵੇ ਕਿ ‘ਸ੍ਰੀ ਗੁਰੂ ਨਾਨਕ ਪ੍ਰਕਾਸ਼’ : ਭਾਈ ਸੰਤੋਖ ਸਿੰਘ ਜੀ, ਸੰਪਾਦਕ ਤੇ ਟਿੱਪਣੀ : ਭਾਈ ਵੀਰ ਸਿੰਘ ਜੀ। ਤੋਂ ਇਲਾਵਾ ‘ਗੁਰ ਇਤਿਹਾਸ ਦਸ ਪਾਤਸ਼ਾਹੀਆਂ,’ ਰਚਿਤ: ਸੋਹਣ ਸਿੰਘ ਸੀਤਲ । ਲਾਹੌਰ ਬੁੱਕ ਸ਼ਾਪ ਲੁਧਿਆਣਾ। ) ਦੀ ਮੌਜੂਦਗੀ ਦੇ ਬਾਵਜੂਦ ਸਕੱਤਰ ਵੱਲੋਂ ਸੁਲਤਾਨਪੁਰ ਲੋਧੀ ਵਿਖੇ ‘ਮੂਲ ਮੰਤਰ’ ਦੇ ਉਚਾਰਨ ਪ੍ਰਤੀ ਪੂਰੀ ਤਰਾਂ ਮੌਨ ਧਾਰ ਲਿਆ ਜਾਂਦਾ ਹੈ ਅਤੇ ਉਸ ਥਾਂ ‘ਨਾ ਕੋ ਹਿੰਦੂ ਨ ਮੁਸਲਮਾਨ’ ਦਾ ਰਾਗ ਵਾਰ ਵਾਰ ਅਲਾਪਿਆ ਗਿਆ ਹੈ।
ਸਵਾਲ ਪੈਦਾ ਹੁੰਦਾ ਹੈ ਕਿ ਗੁਰਦੁਆਰਾ ਸੰਤ ਘਾਟ ਸਾਹਿਬ ਦੇ ਚਾਰ ਚੁਫੇਰੇ ਮੂਲ ਮੰਤਰ ਦਾ ਪੁਰਾਤਨ ਸਮੇਂ ਤੋਂ ਹੀ ਦਰਜ ਹੋਣਾ ਅਤੇ ਉੱਥੇ ਸੂਚਨਾ ਬੋਰਡਾਂ ‘ਤੇ ਮੂਲ ਮੰਤਰ ਉਚਾਰਨ ਉਸ ਅਸਥਾਨ ‘ਤੇ ਹੋਣ ਬਾਰੇ ਵੇਰਵਿਆਂ ਨੂੰ ਸਕੱਤਰ ਸਾਹਿਬ ਵਲੋਂ ਕਿਉ ਅਤੇ ਕਿਸ ਅਧਾਰ ‘ਤੇ ਅਖੋਂ ਪਰੋਖੇ ਕੀਤਾ ਗਿਆ?
‘ਮੂਲ ਮੰਤਰ’ ਦਾ ਉਚਾਰਨ ਗੁਰਦੁਆਰਾ ਸੰਤ ਘਾਟ ਸਾਹਿਬ ਦੇ ਅਸਥਾਨ ‘ਤੇ ਨਹੀਂ ਹੋਇਆ ਫਿਰ ਕਿਥੇ ਹੋਇਆ? ਜੇ ਉੱਥੇ ਹੋਇਆ ਤਾਂ ਫਿਰ ਲੇਖਕ ਨੇ ਉਕਤ ਵਰਤਾਰੇ ਨੂੰ ਕਿਉ ਛੁਪਾਇਆ? ਜੇ ”ਮੂਲ ਮੰਤਰ” ਕਿਤੇ ਹੋਰ ਉਚਾਰਨ ਹੋਇਆ ਫਿਰ ਉਸ ਬਾਰੇ ਦਸਿਆ ਕਿਉ ਨਹੀਂ ਜਾ ਰਿਹਾ?
ਜੇ ਉਕਤ ਸਥਾਨ ‘ਤੇ ਉਚਾਰਨ ਨਹੀਂ ਹੋਇਆ ਫਿਰ ਸ਼੍ਰੋਮਣੀ ਕਮੇਟੀ ਵੱਲੋਂ ”ਮੂਲ ਮੰਤਰ ਭਵਨ” ਉੱਥੇ ਉਸਾਰੇ ਜਾਣ ਦੀ ਕੀ ਤੁਕ ਬਣ ਦੀ ਹੈ?
ਜੇ ਜਵਾਬ ਨਾ ਵਿਚ ਹੀ ਹੈ ਤਾਂ ਫਿਰ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਉਸੇ ਕਿਤਾਬਚੇ ‘ਚ ਮੁਲ ਮੰਤਰ ਉਚਾਰਨ ਅਤੇ ਸਥਾਨ ਬਾਰੇ ਲਿਖਤੀ ਸੰਦੇਸ਼ ਦੇ ਕੇ ਸੰਗਤ ਨੂੰ ਗੁਮਰਾਹ ਕਿਉਂ ਕੀਤਾ ਜਾ ਰਿਹਾ ਹੈ? ਇਨ੍ਹਾਂ ਗੰਭੀਰ ਸਵਾਲਾਂ ਦੇ ਜਵਾਬ ਮਿਲਣੇ ਬਾਕੀ ਹਨ।
ਕਈ ਸਿਧਾਂਤਕ ਊਣਤਾਈਆਂ ਸਾਹਮਣੇ ਆਉਣ ਨਾਲ ਸ੍ਰੋਮਣੀ ਕਮੇਟੀ ਵਲੋਂ ਰੋਕ ਲਗਾਈ ਜਾ ਚੁਕੀ ਕਿਤਾਬਚਾ ”ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ( ਅਦਬ-ਸਤਿਕਾਰ)” ਦੇ ਲੇਖਕ ਤੇ ਪ੍ਰਕਾਸ਼ਕ ਸਾਬਕਾ ਸਕੱਤਰ ਪ੍ਰਮਾਣਿਤ ਸਰੋਤਾਂ ਦੀ ਥਾਂ ਮਨ ਇਛਤ ਸਿੱਟੇ ਲਈ ਅਪ੍ਰਮਾਣਿਤ ਤੱਥਾਂ ਨੂੰ ਕਿਸੇ ਡੂੰਘੀ ਸਾਜ਼ਿਸ਼ ਤਹਿਤ ਤਾਂ ਹਵਾ ਨਹੀਂ ਦੇ ਰਿਹਾ?।
ਕਈ ਪ੍ਰਚਾਰਕ ਇਕ ਜ਼ਿੰਮੇਵਾਰ ਸਕੱਤਰ ਵੱਲੋਂ ਦਿਤੇ ਗਏ ਉਕਤ ਤੱਥਾਂ ਨੂੰ ਹੀ ਪ੍ਰਮਾਣਿਕ ਮੰਨ ਕੇ ਗੁਰੂ ਸਾਹਿਬ ਦਾ ਵੇਈਂ ਪ੍ਰਵੇਸ਼ ਉਪਰੰਤ ”ਮੂਲ ਮੰਤਰ” ਦੀ ਥਾਂ ”ਨਾ ਕੇ ਹਿੰਦੂ ਨ ਮੁਸਲਮਾਨ” ਨੂੰ ਹੀ ਪਹਿਲਾ ਉਚਾਰਨ ਮੰਨ ਕੇ ਪ੍ਰਚਾਰ ਕਰਨ ‘ਚ ਰੁਚੀ ਦਿਖਾਉਣਗੇ, ਜੋ ਕਿ ਸੰਗਤ ਦੀ ਆਸਥਾ ਧਾਰਮਿਕ ਭਾਵਨਾਵਾਂ ਅਤੇ ਇਤਿਹਾਸ ਨਾਲ ਖਿਲਵਾੜ ਹੈ। ਇਸ ਲਈ ਵਿਚਾਰ ਅਧੀਨ ਸਮਗਰੀ ਦਾ ਕਿਸੇ ਵੀ ਪੰਥ ਦੋਖੀ ਵੱਲੋਂ ਭਵਿੱਖ ਦੌਰਾਨ ਸੰਗਤ ‘ਚ ਸ਼ੰਕੇ ਪੈਦਾ ਕਰਨ ਹਿਤ ਇਸਤੇਮਾਲ ਕੀਤੇ ਜਾਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਰਣਜੀਤ ਸਿੰਘ ਢੱਡਰੀਆਂ ਵਾਲਾ ਇਸੇ ਪ੍ਰਕਾਰ ਦੇ ਸ਼ੰਕੇ ਉਠਾਉਂਦਿਆਂ ਸੰਗਤ ਨੂੰ ਕਈ ਵਾਰ ਦੁਬਿਧਾ ‘ਚ ਪਾ ਚੁੱਕਾ ਹੈ। ਜਿਸ ਪ੍ਰਤੀ ਸਖਤ ਰੋਸ, ਸ੍ਰੀ ਅਕਾਲ ਤਖਤ ਸਾਹਿਬ ਵਿਖੇ ਬੀਤੇ ਦਿਨੀਂ ਸਿੱਖ ਜਥੇਬੰਦੀਆਂ ਦੀ ਹੋਈ ਮੀਟਿੰਗ ਦੌਰਾਨ ਵੀ ਦੇਖਿਆ ਗਿਆ। ਉਸ ਨੇ ਨੌਵੇਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਤਪ ਅਸਥਾਨ ਗੁਰਦਵਾਰਾ ਭੋਰਾ ਸਾਹਿਬ, ਬਾਬਾ ਬਕਾਲਾ ਸਾਹਿਬ ਜਿੱਥੇ ਗੁਰੂ ਸਾਹਿਬ ਵੱਲੋਂ 26 ਸਾਲ 9 ਮਹੀਨੇ 13 ਦਿਨ ਭੋਰੇ ਵਿਚ ਬੈਠ ਕੇ ਤਪੱਸਿਆ ਕੀਤੀ ਹੋਣ ਬਾਰੇ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ‘ਚ ਲਗੇ ਸੂਚਨਾ ਬੋਰਡ ਅਤੇ ਛਾਪੇ ਜਾਂਦੇ ਪੈਫਲੇਟ ‘ਚ ਦਰਜ ਇਤਿਹਾਸਕ ਵੇਰਵਿਆਂ ਦੇ ਬਾਵਜੂਦ ਅਜਿਹਾ ਨਾ ਹੋਣ ਪ੍ਰਤੀ ਸ਼੍ਰੋਮਣੀ ਕਮੇਟੀ ਦੇ ਵੈੱਬਸਾਈਟ ‘ਤੇ ਉਪਲਬਧ ਸਮਗਰੀ ਦੀ ਵਰਤੋਂ ਸੰਗਤ ਨੂੰ ਗੁਮਰਾਹ ਕਰਨ ਲਈ ਕੀਤੀ ਗਈ।
ਸ਼੍ਰੋਮਣੀ ਕਮੇਟੀ ਵੱਲੋਂ ਸ਼ੰਕਾ ਭਰਪੂਰ ਸਮਗਰੀ ਪਰੋਸਣ ਦੀ ਆਗਿਆ ਦੇਣ ਨਾਲ ਨਵਾਂ ਢਡਰੀਵਾਲਾ, ਹਰਜਿੰਦਰ ਦਿਲਗੀਰ, ਕਾਲਾ ਅਫਗਾਨਾ ਆਦਿ ਪੈਦਾ ਹੋਣ ਦੀ ਸੂਰਤ ‘ਚ ਕਮੇਟੀ ਦੇ ਵੱਕਾਰ ਨੂੰ ਵਡੀ ਸੱਟ ਵੱਜੇਗੀ। ਜਿਸ ਪ੍ਰਤੀ ਕਮੇਟੀ ਦੇ ਪ੍ਰਧਾਨ ਅਤੇ ਜ਼ਿੰਮੇਵਾਰ ਸ਼ਖ਼ਸੀਅਤਾਂ ਨੂੰ ਸੁਚੇਤ ਹੋਣ , ਆਪਣੀ ਪੀੜੀ ਥੱਲੇ ਸੋਟਾ ਫੇਰਨ ਅਤੇ ਸਾਬਕਾ ਸਕੱਤਰ ਵੱਲੋਂ ਪ੍ਰਕਾਸ਼ਿਤ ਸ਼ੰਕੇ ਭਰਪੂਰ ਕਿਤਾਬਚਿਆਂ ਵੱਲ ਵੀ ਧਿਆਨ ਦੇਣ ਦੀ ਲੋੜ ਹੈ।