ਪਟਿਆਲਾ : ਭਾਸ਼ਾ ਵਿਭਾਗ ਪੰਜਾਬ ਨੇ ਵੱਖ-ਵੱਖ ਪੁਸਤਕਾਂ ਨੂੰ ਸਰਵੋਤਮ ਸਾਹਿਤਕ ਪੁਰਸਕਾਰ-2014 ਦੇਣ ਦਾ ਐਲਾਨ ਕੀਤਾ ਹੈ। ਪੰਜਾਬੀ, ਹਿੰਦੀ ਅਤੇ ਉਰਦੂ ਦੀਆਂ ਇਹ ਪੁਸਤਕਾਂ 2014 ਦਰਮਿਆਨ ਪ੍ਰਕਾਸ਼ਤ ਹੋਈਆਂ ਸਨ। ਭਾਸ਼ਾ ਵਿਭਾਗ ਪੰਜਾਬ ਵੱਲੋਂ ਮੁਲਾਂਕਣ ਕਰਨ ਤੋਂ ਬਾਅਦ ਇਹ ਪੁਰਸਕਾਰ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਪੰਜਾਬੀ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਵਿਚ 8 ਸਰਵੋਤਮ ਪੁਰਸਕਾਰਾਂ ਲਈ ਪੁਸਤਕਾਂ ਦੀ ਚੋਣ ਹੋਈ ਹੈ। ਇਸ ਖੁਲ੍ਹੇ ਮੁਕਾਬਲੇ ਵਿਚ ਕੈਨੇਡਾ ਵਸਦੇ ਨਾਮਵਰ ਲੇਖਕ ਤੇ ਵਿਦਵਾਨ ਜੈਤੇਗ ਸਿੰਘ ਅਨੰਤ ਦੀ ਪੁਸਤਕ ‘ਗਦਰੀ ਯੋਧੇ’ ਨੂੰ ਸੰਪਾਦਨਾ ਵਿਚ ਸਰਵੋਤਮ ਪਹਿਲਾ ਪੁਰਸਕਾਰ‘ ਪਿ੍ਰੰਸੀਪਲ ਤੇਜਾ ਸਿੰਘ ਅਵਾਰਡ’ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ, ਜੋ ਭਾਸ਼ਾ ਵਿਭਾਗ ਪੰਜਾਬ ਵੱਲੋਂ ਨਵੰਬਰ 2019 ਦੇ ਪਹਿਲੇ ਹਫ਼ਤੇ ਪੰਜਾਬੀ ਮਾਂ ਬੋਲੀ ਦੇ ਕੀਤੇ ਜਾ ਰਹੇ ਸਮਾਗਮਾ ਵਿਚ ਦਿੱਤਾ ਜਾਵੇਗਾ।
ਨਾਮਵਰ ਲੇਖਕ ਜੈਤੇਗ ਸਿੰਘ ਅਨੰਤ ਪਿਛਲੇ 22 ਸਾਲਾਂ ਤੋਂ ਕੈਨੇਡਾ ਦੇ ਸਰੀ ਸ਼ਹਿਰ ਵਿਚ ਰਹਿ ਰਹੇ ਹਨ। ਪੰਜਾਬੀ ਸਾਹਿਤ ਦੇ ਅਦਬ ਦੇ ਹਵਾਲੇ ਨਾਲ ਉਨ੍ਹਾਂ ਦਾ ਇਕ ਵਿਸ਼ੇਸ਼ ਮੁਕਾਮ ਹੈ। ਉਨ੍ਹਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਵਿਚ ਡੇਢ ਦਰਜਨ ਪੁਸਤਕਾਂ ਪਾਈਆਂ ਹਨ, ਜਿਨ੍ਹਾਂ ਵਿਚੋਂ 3 ਪੁਸਤਕਾਂ ਪੰਥ ਦੀ ਸੋਨ ਚਿੜ੍ਹੀ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੇ ਜੀਵਨ ਤੇ ਸ਼ਖ਼ਸੀਅਤ ਨੂੰ ਸਮਰਪਤ ਹਨ। 3 ਪੁਸਤਕਾਂ ਮਹਾਨ ਚਿੰਤਕ ਸਿਰਦਾਰ ਕਪੂਰ ਸਿੰਘ ਅਤੇ 2 ਪੁਸਤਕਾਂ ਲਹਿੰਦੇ ਪੰਜਾਬ ਦੇ ਪ੍ਰਸਿੱਧ ਅਦੀਬ ਉਸਤਾਦ ਦਾਮਨ ਦੇ ਜੀਵਨ ਨਾਲ ਜੁੜੀਆਂ ਹੋਈਆਂ ਹਨ। ਜੈਤੇਗ ਸਿੰਘ ਅਨੰਤ ਲੰਮੇ ਸਮੇਂ ਤੋਂ ਬਿਮਾਰ ਚਲ ਰਹੇ ਹਨ, ਇਸ ਪੁਰਸਕਾਰ ਮਿਲਣ ਨਾਲ ਉਨ੍ਹਾਂ ਦੀ ਸਿਹਤਯਾਬੀ ਹੋਣ ਦੀ ਸੰਭਵਨਾ ਹੈ।
ਜੈਤੇਗ ਸਿੰਘ ਅਨੰਤ ਨੂੰ ਇਹ ਪੁਰਸਕਾਰ ਮਿਲਣ ਤੇ ਵਰਲਡ ਪੰਜਾਬੀ ਸੈਂਟਰ ਦੇ ਡਾਇਰੈਕਟਰ ਪ੍ਰੋ ਬਲਕਾਰ ਸਿੰਘ, ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਦੇ ਇੰਡੀਆ ਚੈਪਟਰ ਦੇ ਕੋਆਰਡੀਨੇਟਰ ਉਜਾਗਰ ਸਿੰਘ, ਪੰਜਾਬੀ ਸਾਹਿਤ ਸਭਾ ਪਟਿਆਲਾ ਦੇ ਪ੍ਰਧਾਨ ਦਰਸ਼ਨ ਸਿੰਘ ਆਸ਼ਟ, ਪ੍ਰਸਿੱਧ ਕਵੀ ਪ੍ਰੋ ਕੁਲਵੰਤ ਸਿੰਘ ਗਰੇਵਾਲ, ਮਾਲਵਾ ਰਿਸਰਚ ਸੈਂਟਰ ਦੇ ਪ੍ਰਧਾਨ ਡਾ ਭਗਵੰਤ ਸਿੰਘ, ਸੁਰਿੰਦਰ ਕੈਲੇ ਸੀਨੀਅਰ ਵਾਈਸ ਪ੍ਰੇੈਜੀਡੈਂਟ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ , ਤਿਰਲੋਚਨ ਸਿੰਘ ਸਾਬਕਾ ਚੇਅਰਮੈਨ ਘੱਟ ਗਿਣਤੀਆਂ ਭਾਰਤ ਸਰਕਾਰ, ਜਗਜੀਤ ਸਿੰਘ ਦਰਦੀ ਚੇਅਰਮੈਨ ਟਾਈਮ ਟੀ ਵਂੀ ਅਤੇ ਚੜ੍ਹਦੀ ਕਲਾ ਗਰੁਪ ਆਫ ਨਿਊਜ਼ਪੇਪਰਜ਼, ਬਿਕਰਮ ਸਿੰਘ ਅੰਮਿ੍ਰਤਸਰ, ਹਿੰਮਤ ਸਿੰਘ ਅਤੇ ਹੋਰ ਬਹੁਤ ਸਾਰੀਆਂ ਸਾਹਿਤਕ ਸੰਸਥਾਵਾਂ ਨੇ ਵਧਾਈ ਦਿੰਦਿਆਂ ਕਿਹਾ ਕਿ ਸ.ਜੈਤੇਗ ਸਿੰਘ ਅਨੰਤ ਇਕ ਬਹੁ-ਪੱਖੀ ਸ਼ਖ਼ਸੀਅਤ ਦੇ ਮਾਲਕ, ਸਮਾਜ-ਸੇਵੀ ਤੇ ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਦੇ ਰੂਹੇ ਰਵਾਂ ਹਨ। ਉਨ੍ਹਾਂ ਅੱਗੋਂ ਕਿਹਾ ਕਿ ਇਹ ਪੁਰਸਕਾਰ ਜੈਤੇਗ ਸਿੰਘ ਅਨੰਤ ਦੀ ਸਾਹਿਤਕ ਘਾਲਣਾ ਦਾ ਸਨਮਾਨ ਹੈ।