ਅੰਮ੍ਰਿਤਸਰ, (ਸਰਚਾਂਦ ਸਿੰਘ) – ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਣ ਵਾਲੀ ਕਾਰਵਾਈ ਪ੍ਰਤੀ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ ਭੈ ਭੀਤ ਹੈ, ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਉੱਤੇ ਪੱਖ ਪਾਤ ਦਾ ਦੋਸ਼ ਲਾਉਂਦਿਆਂ ਉਹ ਇਕ ਵਾਰ ਫਿਰ ਜਵਾਬਦੇਹੀ ਤੋਂ ਭੱਜ ਦਾ ਨਜ਼ਰ ਆ ਰਿਹਾ ਹੈ।
ਬੀਤੇ ਦਿਨੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਪ੍ਰਤੀ ਮਿਲ ਰਹੀਆਂ ਸ਼ਿਕਾਇਤਾਂ ਦੇ ਸਬੰਧ ਵਿਚ ਸਖ਼ਤ ਹੁੰਦਿਆਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸਿੱਖ ਜਥੇਬੰਦੀਆਂ ਦੀ ਇਕੱਤਰਤਾ ‘ਚ ਵਿਚਾਰ ਵਟਾਂਦਰੇ ਉਪਰੰਤ, ਢਡਰੀਆਂ ਵਾਲੇ ਦੇ ਮੁੱਦੇ ਨੂੰ ਘੋਖਣ ਲਈ ਵਿਦਵਾਨਾਂ ਦੀ 5 ਮੈਂਬਰੀ ਕਮੇਟੀ ਬਣਾਉਣ ਦਾ ਫ਼ੈਸਲਾ ਕੀਤਾ ਹੈ, ਜਿਸ ਪ੍ਰਤੀ ਭਾਈ ਢੱਡਰੀਆਂ ਵਾਲਾ ਕਾਫੀ ਔਖ ਮਹਿਸੂਸ ਕਰਦਿਆਂ ਬੌਖਲਾਹਟ ‘ਚ ਸ੍ਰੀ ਅਕਾਲ ਤਖਤ ਸਾਹਿਬ ਨੂੰ ਹੀ ਹਦਾਇਤ ਕਰਨ ਤਕ ਚਲੇ ਗਏ ਹਨ। ਅਧਿਕਾਰਤ ਵੀਡੀਓ ਜਾਰੀ ਕਰਦਿਆਂ ਉਸ ਨੇ ਬਾਬਿਆਂ ਅਤੇ ਸਾਬਕਾ ਜਥੇਦਾਰ ਸਾਹਿਬਾਨ ਦੀਆਂ ਵੀਡੀਓ ਆਦਿ ਬਣਾ ਕੇ ਉਸ ਕੋਲ ਲੈ ਕੇ ਆਉਣ ਤਕ ਦੀ ਚੁਨੌਤੀ ਜਥੇਦਾਰ ਨੂੰ ਦੇ ਦਿਤੀ ਹੈ। ਉਨ੍ਹਾਂ ਕਿਹਾ ਕਿ ਸਭਨਾਂ ਦੀਆਂ ਵੀਡੀਓ ਲੈ ਕੇ ਆਉਣ ‘ਤੇ ਹੀ ਉਹ ਜਾਂਚ ਕਮੇਟੀ ਨਾਲ ਬੈਠਣ ਲਈ ਤਿਆਰ ਹੋਣਗੇ। ਭਾਵ ਇਹ ਕਿ ਉਹ ਇੱਕ ਤਰਾਂ ਨਾਲ ਸ੍ਰੀ ਅਕਾਲ ਤਖਤ ਸਾਹਿਬ ਨੂੰ ਜਵਾਬ ਦੇਹ ਨਹੀਂ ਹਨ। ਪਰ ਭਾਈ ਸਾਹਿਬ ਇਹ ਭੁੱਲ ਗਏ ਹਨ ਕਿ ਅਜਿਹੀਆਂ ਹਦਾਇਤਾਂ ਜਾਰੀ ਕਰਨ ਨਾਲ ਉਹ ਆਪਣੇ ‘ਤੇ ਲਗੇ ਦੋਸ਼ਾਂ ਤੋਂ ਦੋਸ਼ ਮੁਕਤ ਨਹੀਂ ਹੋ ਜਾਂਦਾ।
ਮੁੱਦਾ ਭਾਈ ਢੱਡਰੀਆਂ ਵਾਲੇ ਵੱਲੋਂ ਕੀਤੇ ਜਾ ਰਹੇ ਸ਼ੰਕਾਵਾਦੀ ਪ੍ਰਚਾਰ ਦਾ ਹੈ। ਬੀਤੇ ਦਿਨੀ ਸੰਗਤ ਅਤੇ ਦੇਸ਼ ਵਿਦੇਸ਼ ਵਿਚ ਕਾਰਜਸ਼ੀਲ ਸਿੱਖ ਪ੍ਰਚਾਰਕਾਂ ਨੇ ਸ੍ਰੀ ਅਕਾਲ ਤਖਤ ਸਾਹਿਬ ‘ਤੇ ਹਾਜ਼ਰ ਹੋ ਕੇ ਭਾਈ ਢੱਡਰੀਆਂ ਵਾਲੇ ਦੇ ਪ੍ਰਚਾਰ ਨੂੰ ਸਿੱਖ ਇਤਿਹਾਸ, ਪਰੰਪਰਾ ਅਤੇ ਗੁਰਬਾਣੀ ਵਿਰੋਧੀ ਗਰਦਾਨ ਦਿਆਂ ਉਸ ਤੋਂ ਜਵਾਬ ਤਲਬੀ ਦੀ ਮੰਗ ਕੀਤੀ ਸੀ। ਉਸ ਵਕਤ ਵੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਕਿਹਾ ਕਿ ਉਹ ਸਭ ਦੇ ਸਾਂਝੇ ਹਨ ਅਤੇ ਕਿਸੇ ਨਾਲ ਪੱਖ ਪਾਤ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਆਪਣੀ ਗੱਲ ਰੱਖਣ ਦੌਰਾਨ ਭਾਈ ਸਾਹਿਬ ਸਰਕਾਰੀ ਏਜੰਸੀਆਂ ਦੀ ਬੋਲੀ ਬੋਲਦੇ ਵੀ ਨਜ਼ਰ ਆਏ ਜਦ ਉਨ੍ਹਾਂ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਵੱਲੋਂ ਸਿਖ ਕੌਮ ਅਤੇ ਪੰਜਾਬ ਦੇ ਹੱਕ ਹਕੂਕ ਲਈ ਲੜੇ ਗਏ ਸੰਘਰਸ਼ ਪ੍ਰਤੀ ਉਂਗਲ ਉਠਾਉਂਦਿਆਂ ਕਿਹਾ ਕਿ ਜਿਨ੍ਹਾਂ ਦੇ ਮਾਂਵਾਂ ਪੁੱਤਰ ਚੜਾਈ ਕਰ ਗਏ ਉਹ ਕਿਸ ਤੋਂ ਜਵਾਬ ਮੰਗਣ।
ਦੋ ਸਾਲ ਪਹਿਲਾਂ ਵੀ ਇਸੇ ਤਰਾਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਿੱਖ ਸੰਗਤਾਂ ਨੇ ਭਾਈ ਰਣਜੀਤ ਸਿੰਘ ਢੱਡਰੀਆਂ ਦੀ ਜਵਾਬ ਤਲਬੀ ਦੀ ਅਪੀਲ ਕੀਤੀ ਸੀ ਪਰ ਤਤਕਾਲੀ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਮਹਿਜ ਖਾਨਾਪੂਰਤੀ ਦੇ ਕੋਈ ਠੋਸ ਕਾਰਵਾਈ ਨਹੀਂ ਸੀ ਕੀਤੀ ਗਈ।
ਇਸ ਵਾਰ ਦੇਖਣਾ ਹੈ ਕਿ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਕੀ ਫੈਸਲਾ ਲੈ ਦੇ ਹਨ?