ਚੰਡੀਗੜ੍ਹ – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੇ 9 ਨਵੰਬਰ ਨੂੰ ਪਾਕਿਸਤਾਨ ਵਿੱਚ ਕਰਤਾਰਪੁਰ ਸਾਹਿਬ ਗਲਿਆਰੇ ਦਾ ਉਦਘਾਟਨ ਪ੍ਰਧਾਨਮੰਤਰੀ ਇਮਰਾਨ ਖਾਨ ਵੱਲੋਂ ਕੀਤਾ ਜਾਵੇਗਾ। ਇਸ ਸੁਭਾਗ ਮੌਕੇ ਤੇ ਭਾਰਤ ਤੋਂ 550 ਲੋਕਾਂ ਦਾ ਪਹਿਲਾ ਜੱਥਾ ਇਸ ਕਾਰੀਡੋਰ ਦੇ ਰਸਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਜਾਵੇਗਾ। ਇਸ ਜੱਥੇ ਵਿੱਚ ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਅਤੇ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਭਾਰਤ ਦੀ ਸਰਹੱਦ ਤੋਂ ਚੱਲ ਕੇ ਚਾਰ ਕਿਲੋਮੀਟਰ ਤੱਕ ਪਾਕਿਸਤਾਨ ਦੇ ਖੇਤਰ ਵਿੱਚ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨ ਕਰਨਗੇ।
ਪਾਕਿਸਤਾਨ ਸਰਕਾਰ ਨੇ ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਦੇ ਲਈ ਬੈਟਰੀ ਨਾਲ ਚੱਲਣ ਵਾਲੀ ਅਤੇ ਚਾਰਾਂ ਪਾਸਿਆਂ ਤੋਂ ਖੁਲ੍ਹੀ ਗੱਡੀ ਦਾ ਇੰਤਜਾਮ ਕੀਤਾ ਹੈ। ਭਾਰਤ ਨੇ ਉਨ੍ਹਾਂ ਨੂੰ ਜ਼ੈਡ ਪਲੱਸ ਪੱਧਰ ਦੇ ਬਰਾਬਰ ਸੁਰੱਖਿਆ ਦੇਣ ਦੀ ਗੱਲ ਕੀਤੀ ਹੈ। ਇਸ ਦੇ ਇਲਾਵਾ ਇਸ ਪੂਰੇ ਜੱਥੇ ਦੇ ਲਈ ਵਿਸ਼ੇਸ਼ ਸੁਰੱਖਿਆ ਮੁਹਈਆ ਕਰਵਾਉਣ ਦੀ ਗੱਲ ਵੀ ਕੀਤੀ ਹੈ। ਭਾਰਤ ਨੇ ਸੁਰੱਖਿਆ ਦੇ ਬੰਦੋਬਸਤ ਵੇਖਣ ਲਈ ਪਹਿਲਾਂ ਇੱਕ ਟੀਮ ਉਥੇ ਭੇਜਣ ਦੀ ਇਜ਼ਾਜ਼ਤ ਮੰਗੀ ਹੈ, ਜਿਸ ਦਾ ਪਾਕਿਸਤਾਨ ਨੇ ਅਜੇ ਤੱਕ ਕੋਈ ਜਵਾਬ ਨਹੀਂ ਦਿੱਤਾ। ਜੇ ਪਾਕਿਸਤਾਨ ਇਸ ਦੇ ਲਈ ਸਹਿਮੱਤ ਨਹੀਂ ਹੁੰਦਾ ਤਾਂ ਡਾ. ਮਨਮੋਹਨ ਸਿੰਘ ਸਮੇਤ ਇਹ ਪੂਰਾ ਜੱਥਾ ਆਪਣੇ ਰਿਸਕ ਤੇ ਜਾਵੇਗਾ। ਇਸ ਜੱਥੇ ਵਿੱਚ ਹਰਦੀਪ ਪੁਰੀ, ਸੁਖਬੀਰ ਬਾਦਲ, ਹਰਸਿਮਰਤ ਕੌਰ ਅਤੇ 150 ਹੋਰ ਐਮਪੀ ਵੀ ਸ਼ਾਮਿਲ ਹੋਣਗੇ।
ਪ੍ਰਧਾਨਮੰਤਰੀ ਇਮਰਾਨ ਖਾਨ ਨੇ ਫਰਾਖ ਦਿਲੀ ਵਿਖਾਉਂਦੇ ਹੋਏ ਇਸ ਗਲਿਆਰੇ ਅਤੇ ਗੁਰਦੁਆਰੇ ਦੇ ਪ੍ਰੋਜੈਕਟ ਨੂੰ ਦਿਨ-ਰਾਤ ਇੱਕ ਕਰ ਕੇ ਸਿੱਖ ਕੌਮ ਦਾ ਦਿਲ ਜਿੱਤ ਲਿਆ ਹੈ। ਦੁਨੀਆਂਭਰ ਵਿੱਚ ਰਹਿਣ ਵਾਲੇ ਸਿੱਖ ਪਾਕਿਸਤਾਨੀ ਪ੍ਰਧਾਨਮੰਤਰੀ ਵੱਲੋਂ ਉਠਾਏ ਗਏ ਇਨ੍ਹਾਂ ਕਦਮਾਂ ਦੀ ਭਰਪੂਰ ਸਲਾਘਾ ਕਰਦੇ ਹਨ।