ਨਵੰਬਰ 2019 ਦੇ ਮਹੀਨੇ ‘ਚ ਵਿਸ਼ਵ ਦੀਆਂ ਦੋ ਮਹਾਨ ਸਖਸੀਅਤਾਂ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ। ਜਿਨ੍ਹਾਂ ਨੇ ਤਤਕਾਲੀ ਸਮਾਜ ਵਿੱਚ ਪ੍ਰਚਲਿਤ ਖੋਖਲੇ ਰੀਤੀ ਰਿਵਾਜਾਂ, ਅੰਧ ਵਿਸਵਾਸ਼ਾਂ, ਮੂਰਤੀ ਪੂਜਾ, ਲੋਕਾਂ ਤੇ ਹੋ ਰਹੇ ਅੱਤਿਆਚਾਰਾਂ ਦਾ ਨਾ ਸਿਰਫ ਡਟ ਕੇ ਵਿਰੋਧ ਕੀਤਾ ਸਗੋਂ ਸਾਂਝੀਵਾਲਤਾ, ਸਮਾਨਤਾ ਤੇ ਆਧਾਰਤ ਸਮਾਜ ਦੀ ਸਿਰਜਨਾ ਕਰਕੇ ਵਿਸ਼ਵ ਸਾਹਮਣੇ ਇੱਕ ਆਦਰਸ਼ ਪੇਸ਼ ਕੀਤਾ। ਇਹ ਦੋ ਸਖਸ਼ੀਅਤਾਂ ਹਨ ਸਿੱਖ ਧਰਮ ਦੇ ਬਾਣੀ ਸ਼੍ਰੀ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਦਾ 550ਵਾਂ ਜਨਮ ਦਿਵਸ ਪੂਰੇ ਵਿਸ਼ਵ ‘ਚ ਬਹੁਤ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਅਤੇ ਇਸਲਾਮ ਧਰਮ ਦੇ ਪੈਗੰਬਰ ਮੁਹੰਮਦ ਸਾਹਿਬ (ਸਲ.) ਹਨ। ਇੱਥੇ ਇਹ ਗੱਲ ਵਿਸ਼ੇਸ਼ ਰੂਪ ‘ਚ ਧਿਆਨ ਦੇਣ ਵਾਲੀ ਹੈ ਕਿ ਇਨ੍ਹਾਂ ਸਖਸ਼ੀਅਤਾਂ ਦੇ ਜਨਮ ਦਿਹਾੜੇ ਮਨਾਉਣ ਦਾ ਲਾਭ ਤਾਂ ਹੀ ਹੋ ਸਕਦਾ ਹੈ ਜੇਕਰ ਉਨ੍ਹਾਂ ਦੀ ਵਿਚਾਰਧਾਰਾ ਨੂੰ ਅਪਣਾ ਕੇ ਉਹਨਾਂ ਵੱਲੋਂ ਦਰਸਾਏ ਗਏ ਰਾਹ ਤੇ ਚੱਲ ਕੇ, ਉਨ੍ਹਾਂ ਦੇ ਸਿਰਜੇ ਆਦਰਸ਼ ਸਮਾਜ ਦੀ ਸਥਾਪਨਾ ਕਰਨ ਲਈ ਹਰ ਤਰ੍ਹਾਂ ਦੇ ਵੈਰ ਵਿਰੋਧ ਭੁਲਾ ਕੇ ਨੇਕ ਨਿਯਤ ਨਾਲ ਸੁਹਿਰਦ ਹੋ ਕੇ ਯਤਨ ਕੀਤੇ ਜਾਣ।
ਕੁਦਰਤ ਦਾ ਇਹ ਇੱਕ ਅਟੱਲ ਸਿਧਾਂਤ ਹੈ ਕਿ ਧਰਤੀ ਦੇ ਕਿਸੇ ਵੀ ਖੇਤਰ ਤੇ ਜਦੋਂ ਵੀ ਮਜ਼ਲੂਮਾਂ ਤੇ ਜੁਲਮ, ਜਿਆਦਤੀਆਂ, ਅੰਧ ਵਿਸ਼ਵਾਸ਼, ਅੱਤਿਆਚਾਰ, ਆਦਿ ਵੱਧ ਜਾਂਦੇ ਹਨ ਤਾਂ ਰੱਬ ਵੱਲੋਂ ਉਸ ਖੇਤਰ ਤੇ ਕਿਸੇ ਪੈਗੰਬਰ, ਅਵਤਾਰ ਆਦਿ ਨੂੰ ਭੇਜਿਆ ਜਾਂਦਾ ਹੈ ਤਾਂ ਕਿ ਧਰਤੀ ਤੋਂ ਜੁਲਮਾਂ ਦਾ ਖਾਤਮਾ ਕਰਕੇ ਲੋਕਾਂ ਤੇ ਹੁੰਦੇ ਅੱਤਿਆਚਾਰਾਂ ਨੂੰ ਖਤਮ ਕੀਤਾ ਜਾ ਸਕੇ। ਸੰਨ 571 ਈ. ਤੋਂ ਪਹਿਲਾਂ ਅਰਬ ਦੀ ਧਰਤੀ ਤੇ ਰਹਿਣ ਵਾਲੇ ਲੋਕ ਮਨੁੱਖੀ ਰੂਪ ਵਿੱਚ ਜਾਨਵਰ ਹੀ ਸਨ। ਛੋਟੀਆਂ-ਛੋਟੀਆਂ ਗੱਲਾਂ ਤੇ ਕਬੀਲਿਆਂ ਵਿਚਕਾਰ ਸ਼ੁਰੂ ਹੋਈ ਲੜਾਈ ਪੀੜ੍ਹੀ ਦਰ ਪੀੜ੍ਹੀ ਸਦੀਆਂ ਤੱਕ ਚਲਦੀ ਰੱਖਣ ਦੀ ਪਰੰਪਰਾ ਪ੍ਰਚਲਿਤ ਸੀ। ਉਹਨਾਂ ਵਿੱਚ ਸਮਾਜਿਕ ਬੁਰਾਈਆਂ ਜਿਵੇਂ ਕਿ ਜਬਰ ਜ਼ਿਨਾਹ, ਸੂਦਖੋਰੀ, ਕੁੜੀਆਂ ਨੂੰ ਜਨਮ ਸਮੇਂ ਹੀ ਮਾਰ ਦੇਣਾ ਆਦਿ ਆਮ ਪਾਈਆਂ ਜਾਂਦੀਆਂ ਸਨ। ਮਨੁੱਖ ਮਨੁੱਖੀ ਖੁੂਨ ਤੱਕ ਪੀਣ ਨੂੰ ਬੁਰਾਈ ਨਹੀਂ ਸਮਝਦਾ ਸੀ। ਇਹਨਾਂ ਕਾਰਨਾਂ ਕਰਕੇ ਅਰਬ ਦੇ ਕਬੀਲਿਆਂ/ਲੋਕਾਂ ਤੇ ਕੋਈ ਵੀ ਸਾਸ਼ਕ ਰਾਜ ਕਰਨ ਨੂੰ ਵੀ ਤਿਆਰ ਨਹੀਂ ਸੀ। ਇਸ ਸਥਿਤੀ ਦੇ ਸਨਮੁੱਖ ਰੱਬ ਨੇ ਮੱਕਾ ਸ਼ਹਿਰ ਨੂੰ ਆਬਾਦ ਕਰਨ ਵਾਲੇ ਪੈਗੰਬਰ ਹਜ਼ਰਤ ਇਸਮਾਇਲ (ਅਲੈ.) ਦੀ ਚੱਲੀ ਆ ਰਹੀ ਜੱਦ ਦੇ ਇੱਕ ਕਬੀਲੇ ‘ਬਨੀ ਹਾਸ਼ਿਮ’ ਵਿੱਚ 20 ਅਪ੍ਰੈਲ 571 ਈ. (ਅਰਬੀ ਕੈਲੰਡਰ ਦੇ ਤੀਜੇ ਮਹੀਨੇ ਰਬੀ-ਉਲ-ਅੱਵਲ ਦੀ 12 ਤਾਰੀਖ ਦਿਨ ਸੋਮਵਾਰ) ਨੂੰ ਸਵ. ਅਬਦੁੱਲਾ (ਇਨ੍ਹਾਂ ਤੇ ਪਿਤਾ ਅਬਦੁੱਲਾ ਦਾ ਦਿਹਾਂਤ ਉਦੋਂ ਹੋ ਗਿਆ ਸੀ ਜਦੋਂ ਉਹ ਆਪਣੀ ਮਾਂ ਦੀ ਕੁੱਖ ‘ਚ ਹੀ ਸਨ) ਦੀ ਸੁਪਤਨੀ ਬੀਬੀ ਆਮਨਾ ਦੀ ਕੁੱਖੋਂ ਇੱਕ ਬੱਚੇ ਨੂੰ ਪੈਦਾ ਕੀਤਾ। ਜਿਸ ਦਾ ਨਾਮ ਉਨ੍ਹਾਂ ਦੇ ਚਾਚਾ ਅਬੂ ਤਾਲਿਬ ਨੇ ‘ਮੁਹੰਮਦ’ ਰੱਖਿਆ। ਇਸ ਬਾਲਕ ਨੂੰ ਹੀ ਵੱਡਾ ਹੋ ਕਿ ਇਸਲਾਮ ਧਰਮ ਦੇ ਆਖਰੀ ਪੈਗੰਬਰ ਹੋਣ ਦਾ ਮਾਨ ਪ੍ਰਾਪਤ ਹੋਇਆ। ਆਪ 2 ਸਾਲ ਦੇ ਸਨ ਜਦੋਂ ਮਾਂ ਦਾ ਸਾਇਆ ਸਿਰ ਤੋਂ ਉੱਠ ਗਿਆ। ਤਦ ਆਪ ਦੀ ਪਰਵਰਿਸ਼ ਦਾ ਜਿੰਮਾ ਆਪ ਦੇ ਦਾਦਾ ਅਬਦੁਲ ਮੁਤਲਿਬ ਨੇ ਸੰਭਾਲਿਆ ਪਰ ਕੁਦਰਤ ਨੂੰ ਕੁਝ ਹੋਰ ਹੀ ਮੰਨਜ਼ੂਰ ਸੀ। ਜਦੋਂ ਆਪ ਦੀ ਉਮਰ 6 ਸਾਲ ਦੀ ਹੋਈ ਤਾਂ ਆਪ ਦੇ ਦਾਦਾ ਜੀ ਵੀ ਰੱਬ ਨੂੰ ਪਿਆਰੇ ਹੋ ਗਏ। ਅੱਗੇ ਆਪ ਜੀ ਦੀ ਪਰਵਰਿਸ਼ ਚਾਚੇ ਅਬੂ ਤਾਲਿਬ ਨੇ ਕੀਤੀ। ਆਪ ਬਚਪਨ ਤੋਂ ਹੀ ਸੱਚ ਬੋਲਣ, ਬਜ਼ੁਰਗਾਂ/ਬੇਸਹਾਰਾ/ਅੰਗਹੀਣਾਂ ਆਦਿ ਦੀ ਸੇਵਾ ਕਰਨ, ਕਿਸੇ ਨੂੰ ਧੋਖਾ ਨਾ ਦੇਣ, ਅਮਾਨਤ ਵਿੱਚ ਖਿਆਨਤ ਨਾ ਕਰਨ ਆਦਿ ਗੁਣਾਂ ਦੇ ਧਾਰਨੀ ਸਨ। ਜਿਸ ਕਰਕੇ ਸਾਰੇ ਮੱਕਾ ਵਾਸੀ ਆਪ ਨੂੰ ਅਮੀਨ (ਅਮਾਨਤਦਾਰ) ਅਤੇ ਸਾਦਿਕ (ਸੱਚ ਬੋਲਣ ਵਾਲਾ) ਮੰਨਦੇ ਸਨ। 20 ਸਾਲ ਦੀ ਉਮਰ ਵਿੱਚ ਆਪ ਵਪਾਰ ਕਰਨ ਦੇ ਮਕਸਦ ਨਾਲ ਸ਼ਾਮ (ਸੀਰੀਆ), ਇਰਾਕ, ਯਮਨ ਆਦਿ ਦੇਸ਼ਾਂ ਵਿੱਚ ਗਏ। ਸੱਚਾਈ, ਇਮਾਨਦਾਰੀ, ਦਿਆਨਤਦਾਰੀ ਨਾਲ ਵਪਾਰ ਕਰਨ ਕਾਰਨ ਆਪ ਪੂਰੇ ਅਰਬ ਵਿੱਚ ਪ੍ਰਸਿਧ ਹੋ ਗਏ। 25 ਸਾਲ ਦੀ ਉਮਰ ਵਿੱਚ ਆਪ ਦਾ ਨਿਕਾਹ ਬੀਬੀ ਖਦੀਜਾ (ਜੋ ਕਿ ਇੱਕ ਵਿਧਵਾ ਔਰਤ ਸੀ) ਨਾਲ ਹੋਇਆ। ਉਸ ਸਮੇਂ ਬੀਬੀ ਖਦੀਜਾ ਦੀ ਉਮਰ 40 ਸਾਲ ਦੀ ਸੀ। ਹਜ਼ਰਤ ਮੁਹੰਮਦ (ਸਲ.) ਅਕਸਰ ਰੱਬ ਦੀ ਭਗਤੀ ਕਰਨ ਅਤੇ ਸਮਾਜ ਵਿੱਚ ਪ੍ਰਚਲਿਤ ਬੁਰਾਈਆਂ ਨੂੰ ਖਤਮ ਕਰਨ ਲਈ ਸੋਚ-ਵਿਚਾਰ ਕਰਨ ਲਈ ਮੱਕੇ ਤੋਂ 3 ਕਿ.ਮੀ. ਦੀ ਦੂਰੀ ਤੇ ਸਥਿਤ ਇੱਕ ਗੁਫਾ (ਜਿਸਦਾ ਨਾਮ ਹਿਰਾ ਹੈ) ਵਿੱਚ ਜਾ ਬੈਠਦੇ ਸਨ। ਇੱਥੇ ਹੀ 40 ਸਾਲ ਦੀ ਉਮਰ ਵਿੱਚ ਰੱਬ ਵੱਲੋਂ ਆਪਣੇ ਫਰਿਸ਼ਤੇ ਜ਼ਿਬਰਾਇਲ (ਅਲੈ.) ਰਾਹੀਂ ਆਪ ੳੁੱਪਰ ਪਹਿਲੀ ਬਹੀ (ਰੱਬੀ ਸੰਦੇਸ਼) ਨਾਜ਼ਿਲ (ਉਤਾਰੀ ਗਈ) ਕੀਤੀ ਗਈ ਤੇ ਆਪ ਨੂੰ ਪੈਗੰਬਰੇ ਇਸਲਾਮ ਹੋਣ ਦੀ ਖੁਸ਼ਖਬਰੀ ਦਿੱਤੀ ਗਈ। ਇਸ ਸੰਦੇਸ਼ ਦੇ ਪ੍ਰਾਪਤ ਹੋਣ ਤੋਂ ਬਾਅਦ ਆਪ ਜੀ ਨੇ ਨਿਰੰਤਰ 23 ਸਾਲ ਬਹੁਤ ਹੀ ਯੋਜਨਾਪੂਰਨ ਢੰਗ ਨਾਲ, ਅਰਬ ਦੇ ਲੋਕਾਂ ਦੁਆਰਾ ਦਿੱਤੀਆਂ ਪ੍ਰੇਸ਼ਾਨੀਆਂ ਨੂੰ ਸਹਾਰਦੇ ਹੋਏ ਇਸਲਾਮ ਧਰਮ ਨੂੰ ਮੁਕੰਮਲ ਤੌਰ ਤੇ ਲੋਕਾਂ ਤੱਕ ਪਹੁੰਚਾਇਆ ਤੇ ਲੋਕਾਂ ਨੂੰ ਇੱਕ ਰੱਬ ਦੀ ਬੰਦਗੀ ਕਰਨ ਵੱਲ ਪ੍ਰੇਰਿਤ ਕੀਤਾ। ਆਪ ਜੀ ਦੀ ਮਿਹਨਤ ਅਤੇ ਉੱਚੇ ਚਰਿੱਤਰ ਸਦਕਾ ਲੋਕ ਧੜ੍ਹਾ-ਧੜ੍ਹ ਇਸਲਾਮ ਵਿੱਚ ਸ਼ਾਮਿਲ ਹੋਏ ਜਿਸ ਕਰਕੇ ਇਸਲਾਮ ਧਰਮ ਅੱਜ ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਧਰਮ ਹੈ। ਆਪ ਜੀ ਦੇ ਪ੍ਰਚਾਰ ਸਦਕਾ ਪਹਿਲੇ ਹੀ ਦਿਨ ਆਪ ਦੇ ਦੋਸਤ ਅਬੂ-ਵਕਰ ਸਿਦੀਕ, ਆਪ ਦੀ ਪਤਨੀ ਬੀਬੀ ਖਦੀਜਾ ਅਤੇ ਉਹਨਾਂ ਦੇ ਚਚੇਰੇ ਭਰਾ ਅਲੀ ਨੂੰ ਇਸਲਾਮ ਵਿੱਚ ਸ਼ਾਮਿਲ ਹੋਣ ਦਾ ਮਾਣ ਪ੍ਰਾਪਤ ਹੋਇਆ।ਇਸ ਤੋਂ ਬਾਅਦ ਤੌਹੀਦ ਪ੍ਰਸਤਾਂ (ਰੱਬ ਨੂੰ ਇੱਕ ਮੰਨਣ ਵਾਲੇ) ਦੀ ਗਿਣਤੀ ਵੱਧਦੀ ਗਈ। ਜਿਸ ਕਾਰਨ ਮੱਕੇ ਦੇ ਪਰੰਪਰਿਕ ਧਰਮਾਂ ਨੂੰ ਮੰਨਣ ਵਾਲੇ ਲੋਕ ਆਪ ਜੀ ਦੇ ਅਤੇ ਆਪ ਜੀ ਦੇ ਸਾਥੀਆਂ ਦੇ ਦੁਸ਼ਮਣ ਬਣ ਗਏ। ਆਪ ਜੀ ਨੂੰ ਲਗਭਗ 13 ਸਾਲ ਤੱਕ ਹਰ ਹਰਬਿਆਂ ਰਾਹੀਂ ਤੰਗ-ਪ੍ਰੇਸ਼ਾਨ ਕੀਤਾ ਗਿਆ। ਇਥੋਂ ਤੱਕ ਕਿ ਇੱਕ ਦਿਨ ਆਪ ਨੂੰ ਕਤਲ ਕਰਨ ਦੀ ਯੋਜਨਾ ਬਣਾਈ ਗਈ।ਜਿਸ ਕਾਰਨ ਰੱਬ ਦੁਆਰਾ ਬਹੀ ਦੇ ਰਾਹੀਂ ਪ੍ਰਾਪਤ ਹੋਏ ਹੁਕਮ ਅਨੁਸਾਰ ਆਪ ਆਪਣੇ ਸਾਥੀਆਂ ਸਮੇਤ ਮੱਕੇ ਤੋਂ ਹਿਜ਼ਰਤ ਕਰਕੇ ਮਦੀਨੇ ਚਲੇ ਗਏ। ਇਸੀ ਸਾਲ ਤੋਂ ਹਿਜ਼ਰੀ ਸੰਨ ਦਾ ਆਰੰਭ ਹੋਇਆ। ਮਦੀਨੇ ਜਾ ਕੇ ਆਪ ਨੇ ਇਸਲਾਮ ਧਰਮ ਦਾ ਪ੍ਰਚਾਰ ਜੋਰ-ਸ਼ੋਰ ਨਾਲ ਆਰੰਭ ਕਰ ਦਿੱਤਾ। ਜਿਸ ਕਾਰਨ ਇਸਲਾਮ ਧਰਮ ਮਦੀਨੇ ਦੇ ਬਾਹਰਲੇ ਇਲਾਕਿਆਂ ਤੱਕ ਵੀ ਫੈਲਣਾ ਸ਼ੁਰੂ ਹੋ ਗਿਆ। ਜਿਸ ਤੋਂ ਖਫਾ ਹੋ ਕਿ ਮੱਕੇ ਦੇ ਲੋਕਾਂ ਨੇ ਇਸਲਾਮ ਦੇ ਵੱਧਦੇ ਪ੍ਰਭਾਵ ਨੂੰ ਰੋਕਣ ਲਈ ਮਦੀਨੇ ਤੇ ਹਮਲਾ ਕਰਨ ਦੀ ਯੋਜਨਾ ਬਣਾਈ। ਮੁਹੰਮਦ (ਸਲ.) ਨੇ ਵਿਰੋਧੀਆਂ ਨਾਲ ਸਮਝੌਤਾ ਕਰਨ ਅਤੇ ਮੇਲ-ਮਿਲਾਪ ਵਧਾਉਣ ਦਾ ਕਈ ਵਾਰ ਯਤਨ ਕੀਤਾ ਪਰ ਸਫਲ ਨਾ ਹੋਏ। ਅੰਤ ਵਿੱਚ ਆਤਮ ਰੱਖਿਆ ਲਈ ਆਪ ਜੀ ਨੂੰ ਕਈ ਵਾਰ ਯੁੱਧ ਦੇ ਮੈਦਾਨ ਵਿੱਚ ਉੱਤਰਨਾ ਪਿਆ। ਪੈਗੰਬਰੇ ਇਸਲਾਮ ਨੇ ਜੰਗ ਲਈ ਵੀ ਮਾਨਵਤਾ ਪੂਰਨ ਨਿਯਮ ਬਣਾਏ। ਅਸੱਭਿਅਤਾ ਦੇ ਯੁੱਗ ਵਿੱਚ ਵੀ ਮਨੁੱਖੀ ਕਦਰਾਂ-ਕੀਮਤਾਂ ਨੂੰ ਜੰਗ ਦੇ ਮੈਦਾਨ ਵਿੱਚ ਵੀ ਲਾਗੂ ਕਰ ਕੇ ਅਨੋਖੀ ਮਿਸਾਲ ਪੇਸ਼ ਕੀਤੀ। ਆਪ ਨੇ ਆਪਣੇ ਸਾਥੀਆਂ ਨੂੰ ਜੰਗ ਸਬੰਧੀ ਸਖਤ ਨਿਯਮ ਅਪਣਾਉਣ ਦੇ ਆਦੇਸ਼ ਦਿੱਤੇ। ਆਪ ਨੇ ਕਿਹਾ ਕਿ ਯੁੱਧ ਦੇ ਮੈਦਾਨ ਵਿੱਚ ਕਿਸੇ ਲਾਸ਼ ਦੇ ਅੰਗ ਨਾ ਕੱਟੇ ਜਾਣ, ਕਿਸੇ ਨੂੰ ਧੋਖੇ ਜਾਂ ਵਿਸ਼ਵਾਸ਼ਘਾਤ ਨਾਲ ਕਤਲ ਨਾ ਕੀਤਾ ਜਾਵੇ, ਬੱਚੇ/ਬੁੱਢੇ/ਔਰਤਾਂ ਆਦਿ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਪਹੁੰਚਾਇਆ ਜਾਵੇ, ਖਜ਼ੂਰਾਂ ਅਤੇ ਹੋਰ ਫਲਦਾਰ ਦਰਖਤਾਂ ਨੂੰ ਨਾ ਕੱਟਿਆ ਜਾਵੇ ਅਤੇ ਨਾ ਹੀ ਜਲਾਇਆ ਜਾਵੇ, ਸੰਸਾਰ ਤਿਆਗੀ ਪੀਰਾਂ, ਫਕੀਰਾਂ ਅਤੇ ਰੱਬ ਦੀ ਇਬਾਦਤ ਕਰਨ ਵਾਲੇ ਲੋਕਾਂ ਨੂੰ ਤੰਗ ਨਾ ਕੀਤਾ ਜਾਵੇ, ਕਿਸੇ ਵੀ ਧਰਮ ਦੇ ਪੂਜਾ ਸਥਾਨਾਂ ਨੂੰ ਨੁਕਸਾਨ ਨਾ ਪਹੁੰਚਾਇਆ ਜਾਵੇ ਆਦਿ। ਮੁਹੰਮਦ (ਸਲ.) ਨੇ ਹਮੇਸ਼ਾ ਹੀ ਸ਼ਰਨ ਵਿੱਚ ਆਏ ਕੱਟੜ ਤੋਂ ਕੱਟੜ ਦੁਸ਼ਮਣ ਨਾਲ ਵੀ ਚੰਗਾ ਵਿਵਹਾਰ ਕੀਤਾ ਜੋ ਕਿ ਅੱਜ ਦੇ ਸੱਭਿਅਕ ਸਮਾਜ ਵੱਲੋਂ ਵੀ ਦੁਸ਼ਮਣ ਨਾਲ ਨਹੀਂ ਕੀਤਾ ਜਾਂਦਾ। ਇਥੋਂ ਤੱਕ ਆਪਣੀ ਜਨਮ ਭੂਮੀ ਮੱਕਾ ਨੂੰ ਬਿਨ੍ਹਾਂ ਖੂਨ ਦਾ ਇੱਕ ਵੀ ਕਤਰਾ ਬਹਾਏ ਫਤਿਹ ਕੀਤਾ ਤੇ ਆਪ ਜੀ ਅਤੇ ਆਪ ਜੀ ਦੇ ਸਾਥੀਆਂ ੳੁੱਪਰ ਜ਼ੁਲਮ ਕਰਨ ਵਾਲੇ ਮੱਕਾ ਵਾਸੀਆਂ ਨੂੰ ਪੂਰਨ ਤੌਰ ਤੇ ਮਾਫ ਕਰ ਦਿੱਤਾ। ਆਪ ਨੇ ਐਲਾਨ ਕੀਤਾ ਕਿ ਐ ਮੱਕਾ ਵਾਸੀਓ “ ਅੱਜ ਤੁਹਾਡੇ ਉੱਪਰ ਕੋਈ ਦੋਸ਼ ਨਹੀਂ ਤੇ ਤੁਸੀਂ ਸਾਰੇ ਆਜ਼ਾਦ ਹੋ”।ਆਪ ਜੀ ਦੇ ਇਸ ਤਰ੍ਹਾਂ ਦੇ ਚਰਿੱਤਰ ਨੂੰ ਦੇਖ ਕੇ ਇਸਲਾਮ ਦੇ ਦੁਸ਼ਮਣ ਲਗਭਗ ਸਾਰੇ ਮੱਕਾ ਵਾਸੀ ਇਸਲਾਮ ਦੇ ਪੈਰੋਕਾਰ ਬਣ ਗਏ। ਜਿਹੜਾ ਕੰਮ ਤਲਵਾਰ ਨਾਲ ਨਹੀਂ ਕੀਤਾ ਜਾ ਸਕਦਾ ਉਸ ਨੂੰ ਸੱਚੇ-ਸੁੱਚੇ ਚਰਿੱਤਰ ਨਾਲ ਨੇਪਰੇ ਚੜ੍ਹਾਇਆ।
ਅਸਲ ਅਰਥਾਂ ਵਿੱਚ ਮੁਹੰਮਦ (ਸਲ.) ਨੂੰ ਅੰਤਰ-ਰਾਸ਼ਟਰੀ ਭਾਈਚਾਰਕ ਸਾਂਝ, ਮਨੁੱਖੀ ਸਮਾਨਤਾ, ਲੋਕਤੰਤਰੀ ਸਿਧਾਂਤਾ ਆਦਿ ਨੂੰ ਅਮਲੀ ਰੂਪ ਵਿੱਚ ਲਾਗੂ ਕਰਨ ਵਾਲਾ ਮੰਨਿਆ ਜਾ ਸਕਦਾ ਹੈ। ਇਹਨਾਂ ਸਿਧਾਂਤਾਂ ਨੂੰ ਪੱਛਮੀ ਦੇਸ਼ਾਂ ਨੇ ਬਹੁਤ ਬਾਅਦ ਵਿੱਚ ਅਪਣਾਇਆ ਹੈ। ਇਸਲਾਮ ਦੇ ਇਸੇ ਦ੍ਰਿਸ਼ਟੀਕੋਣ ਬਾਰੇ ਸੁਤੰਤਰ ਭਾਰਤ ਦੀ ਪਹਿਲੀ ਮਹਿਲਾ ਮਾਨਯੋਗ ਰਾਜਪਾਲ ਸਰੋਜਨੀ ਨਾਇਡੂ ਨੇ ਕਿਹਾ ਸੀ ਕਿ “ ਇਸਲਾਮ ਹੀ ਪਹਿਲਾ ਧਰਮ ਸੀ ਜਿਸਨੇ ਲੋਕਤੰਤਰ ਦੀ ਸਿੱਖਿਆ ਦਿੱਤੀ ਅਤੇ ਉਸਨੂੰ ਵਿਵਹਾਰਕ ਰੂਪ ਦਿੱਤਾ।ਉਹਨਾਂ ਕਿਹਾ ਕਿ ਇਸਲਾਮ ਧਰਮ ਨੂੰ ਮੰਨਣ ਵਾਲੇ ਦਿਨ ਵਿੱਚ 5 ਵਾਰ ਮਸਜਿਦ ‘ਚ ਨਮਾਜ਼ ਪੜ੍ਹਨ ਸਮੇਂ ਬਿਨ੍ਹਾ ਕਿਸੇ ਭੇਦ-ਭਾਵ ਅਮੀਰ-ਗਰੀਬ, ਗੋਰੇ-ਕਾਲੇ ਆਦਿ ਨੂੰ ਭੁਲਾ ਕੇ ਮੋਢੇ ਨਾਲ ਮੋਢਾ ਜੋੜ ਕੇ ਇੱਕ ਲਾਇਨ ਵਿੱਚ ਖੜ੍ਹੇ ਹੁੰਦੇ ਹਨ। ਮੈ ਇਸਲਾਮ ਦੀ ਇਸ ਨਾ ਵੰਡੀ ਜਾਣ ਵਾਲੀ ਏਕਤਾ ਨੂੰ ਦੇਖ ਕੇ ਬਹੁਤ ਪ੍ਰਭਾਵਿਤ ਹੋਈ ਹਾਂ”। ਇਸੀ ਤਰ੍ਹਾਂ ਇਸਲਾਮ ਨੂੰ ਮੰਨਣ ਵਾਲੇ ਹਰ ਸਾਲ ਹੱਜ ਮੌਕੇ ਰੰਗ, ਨਸਲ, ਗੋਰੇ-ਕਾਲੇ ਆਦਿ ਦੇ ਭੇਦ-ਭਾਵ ਤੋਂ ਉੱਪਰ ਉੱਠ ਕੇ ਸਾਰੇ ਦੇਸ਼ਾਂ ਦੇ ਮੁਸਲਮਾਨ ਹੱਜ ਦੇ ਅਹਿਮ ਫਰਜ਼ ਨੂੰ ਪੂਰਾ ਕਰਦੇ ਹਨ ਜੋ ਕਿ ਅੰਤਰ-ਰਾਸ਼ਟਰੀ ਭਰਾਤਰੀ ਭਾਵ ਦਾ ਪ੍ਰਤੀਕ ਹੈ।ਇਸ ਕਰਕੇ ਹੀ ਪੋ. ਹਰਗਰੋਨਜ਼ ਨੇ ਕਿਹਾ ਸੀ ਕਿ “ ਪੈਗੰਬਰੇ ਇਸਲਾਮ ਦੁਆਰਾ ਸਥਾਪਤ ਰਾਸ਼ਟਰ ਸੰਘ ਨੇ ਅੰਤਰ-ਰਾਸ਼ਟਰੀ ਏਕਤਾ ਅਤੇ ਮਨੁੱਖੀ ਭਾਈਚਾਰੇ ਦੇ ਨਿਯਮਾਂ ਨੂੰ ਅਜਿਹੇ ਸਰਵਜਨਕ ਪੱਧਰ ਤੇ ਸਥਾਪਤ ਕੀਤਾ ਹੈ ਜੋ ਦੂਸਰੇ ਰਾਸ਼ਟਰਾਂ ਨੂੰ ਰਸਤਾ ਦਿਖਾਉਂਦੇ ਰਹਿਣਗੇ”।ਇਸ ਤਰ੍ਹਾਂ ਆਪ ਦੀ ਸਖਸ਼ੀਅਤ ਅਤੇ ਗੁਣਾਂ ਦੇ ਕਾਰਨ ਆਪ ਦਾ ਨਾਮ ਵਿਸ਼ਵ ਦੇ ਇਤਿਹਾਸ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਨ ਵਾਲੇ ਵਿਅਕਤੀਆਂ ਵਿੱਚ ਸ਼ਾਮਿਲ ਹੈ । ਅੱਜ ਵੀ ਉਹਨਾਂ ਵੱਲੋਂ ਬਿਤਾਇਆ ਸੱਚਾ-ਸੁੱਚਾ, ਸਾਦਗੀ ਭਰਪੂਰ, 10 ਲੱਖ ਮੀਲ ਤੋਂ ਵੀ ਵੱਧ ਖੇਤਰ ਦੇ ਰਾਜਨੀਤਿਕ ਅਤੇ ਧਾਰਮਿਕ ਆਗੂ ਹੋਣ ਦੇ ਬਾਵਜੂਦ ਹੱਥੀ ਕੀਰਤ ਕਰਕੇ ਖਾਣ ਵਾਲੇ, ਉੱਚ ਸੈਨਾ ਨਾਇਕ, ਸਮਾਜ ਸੁਧਾਰਕ, ਅਮਾਨਤਦਾਰੀ ਨਾਲ ਵਪਾਰ ਕਰਨ ਵਾਲੇ, ਅਸੱਭਿਅਕ ਲੋਕਾਂ ਨੂੰ ਸੱਭਿਅਕ ਬਣਾਉਣ ਵਾਲੇ, ਦੀਨ-ਦੁਖੀਆਂ ਦੀ ਸੇਵਾ ਕਰਨ ਵਾਲਾ ਆਦਰਸ਼ਕ ਜੀਵਨ ਲੋਕਾਂ ਲਈ ਰਾਹ ਦਰਸਾਉ ਹੈ। ਅੱਜ ਵਿਸ਼ਵ ਵਿੱਚ ਫੈਲੇ ਭ੍ਰਿਸ਼ਟਾਚਾਰ, ਨਸਲਕੁਸ਼ੀ, ਮਨੁੱਖੀ ਕਦਰਾਂ-ਕੀਮਤਾਂ ਵਿੱਚ ਗਿਰਾਵਟ, ਕਾਲੇ ਧਨ ਆਦਿ ਦੀ ਸਮੱਸਿਆ ਨੂੰ ਆਪ ਦੁਆਰਾ ਅਮਲੀ ਰੂਪ ਵਿੱਚ ਅਪਣਾਏ ਸਿਧਾਂਤਾ ਨਾਲ ਖਤਮ ਕੀਤਾ ਜਾ ਸਕਦਾ ਹੈ।
ਸੰਨ 10 ਹਿਜਰੀ ਨੂੰ ਆਪ ਨੇ ਆਪਣੇ 125000 ਸਹਾਬਾ (ਸਾਥੀਆਂ) ਨਾਲ ਆਪਣੀ ਜਿੰਦਗੀ ਦਾ ਆਖਰੀ ਹੱਜ ਕੀਤਾ। ਇਸ ਮੌਕੇ ਆਪ ਨੇ ਆਪਣੇ ਸਾਥੀਆਂ ਨੂੰ ਖੁਤਬੇ (ਭਾਸ਼ਣ) ਰਾਹੀਂ ਕੁਝ ਸੰਦੇਸ਼ ਦਿੱਤੇ ਜਿਨ੍ਹਾਂ ਵਿੱਚੋਂ ਕੁਝ ਇਸ ਪ੍ਰਕਾਰ ਸਨ;- “ਮੁਸਲਮਾਨੋਂ ਤੁਸੀਂ ਸਾਰੇ ਆਦਮ ਦੀ ਔਲਾਦ ਹੋ ਅਤੇ ਆਦਮ ਮਿੱਟੀ ਵਿੱਚੋਂ ਪੈਦਾ ਕੀਤਾ ਗਿਆ ਸੀ। ਤੁਹਾਡੇ ਲਈ ਇੱਕ ਦੂਜੇ ਦਾ ਖੁਨ ਵਹਾਉਣਾ, ਇੱਕ ਦੂਸਰੇ ਦਾ ਮਾਲ ਹੜੱਪਣਾ, ਇੱਕ ਦੂਸਰੇ ਦੀ ਇੱਜ਼ਤ ਨਾਲ ਖੇਡਣਾ ਹਰਾਮ ਹੈ”।
ਇਸ ਹੱਜ ਤੋਂ ਬਾਅਦ ਆਪ ਮਦੀਨੇ ਵਾਪਸ ਚਲੇ ਗਏ ਅਤੇ ਕੁਝ ਸਮੇਂ ਬਾਅਦ ਬੁਖਾਰ ਕਾਰਨ ਰਬੀ-ਉਲ-ਅੱਵਲ ਦੀ 12 ਤਾਰੀਖ ਦਿਨ ਸੋਮਵਾਰ ਨੂੰ ਆਪ ਇਸ ਦੁਨੀਆਂ ਤੋਂ 63 ਸਾਲ ਦੀ ਉਮਰ ਵਿੱਚ ਕਿਨਾਰਾ ਕਰ ਗਏ।ਇੱਥੇ ਇਹ ਗੱਲ ਵਿਸ਼ੇਸ਼ ਰੂਪ ਵਿਚ ਧਿਆਨ ਦੇਣ ਯੋਗ ਹੈ ਕਿ ਮੁਹੰਮਦ (ਸਲ.) ਦਾ ਜਨਮ ਅਤੇ ਵਫਾਤ ਭਾਵ ਮੌਤ ਦਾ ਦਿਨ ਮਹੀਨਾ ਇੱਕੋ ਹੀ ਹੈ।ਰਬੀ-ਉਲ-ਅੱਵਲ ਦੀ 12 ਤਾਰੀਖ ਦਿਨ ਸੋਮਵਾਰ ਨੂੰ ਹੀ ਜਨਮ ਤੇ ਇਸੀ ਦਿਨ ਅਤੇ ਮਹੀਨੇ ਵਿੱਚ ਵਫਾਤ ਭਾਵ ਮੌਤ ਦਾ ਦਿਨ ਹੈ।