ਵਾਸ਼ਿੰਗਟਨ – ਕਰਤਾਰਪੁਰ ਸਾਹਿਬ ਵਿੱਚ ਪ੍ਰਧਾਨਮੰਤਰੀ ਇਮਰਾਨ ਖਾਨ ਵੱਲੋਂ ਕਾਰੀਡੋਰ ਦੇ ਕੀਤੇ ਗਏ ਇਤਿਹਾਸਿਕ ਉਦਘਾਟਨ ਦਾ ਸਵਾਗਤ ਕਰਦੇ ਹੋਏ ਕਿਹਾ ਹੈ ਕਿ ਇਸ ਕਦਮ ਨਾਲ ਭਾਰਤ ਅਤੇ ਪਾਕਿਸਤਾਨ ਦੇ ਆਪਸੀ ਸਬੰਧਾਂ ਵਿੱਚ ਸੁਧਾਰ ਆਵੇਗਾ।ਯੂਐਨ ਨੇ ਟਵੀਟ ਕਰ ਕੇ ਕਿਹਾ ਹੈ, ‘ਅਸੀਂ ਭਾਰਤ ਅਤੇ ਪਾਕਿਸਤਾਨ ਦੁਆਰਾ ਖੋਲ੍ਹੇ ਗਏ ਕਰਤਾਰਪੁਰ ਕਾਰੀਡੋਰ ਦਾ ਸਵਾਗਤ ਕਰਦੇ ਹਾਂ, ਜੋ ਸਿੱਖਾਂ ਦੇ ਮੁੱਖ ਧਾਰਮਿਕ ਸਥਾਨਾਂ ਨੂੰ ਜੋੜਦਾ ਹੈ। ਇਸ ਵੀਜ਼ਾ ਮੁਕਤ ਕਰਾਸ ਬਾਰਡਰ ਦੀ ਇਸ ਸਹੂਲਤ ਨਾਲ ਦੋਵਾਂ ਦੇਸ਼ਾਂ ਦੇ ਰਿਸ਼ਤੇ ਸੁਧਰ ਸਕਦੇ ਹਨ।’
ਪਾਕਿਸਤਾਨ ਦੇ ਪੰਜਾਬ ਸੂਬੇ ਦੇ ਨਾਰੋਵਾਲ ਜਿਲ੍ਹੇ ਦੇ ਕਰਤਾਰਪੁਰ ਵਿੱਚ ਦਰਬਾਰ ਸਾਹਿਬ ਦੇ ਨਾਲ ਭਾਰਤ ਦੇ ਪੰਜਾਬ ਵਿੱਚ ਡੇਰਾ ਬਾਬਾ ਨਾਨਕ ਨੂੰ ਜੋੜਨ ਵਾਲੇ ਇਸ ਗਲਿਆਰੇ ਨੂੰ ਸ਼ਰਧਾਲੂਆਂ ਦੇ ਲਈ ਰਸਮੀਂ ਤੌਰ ਤੇ ਖੋਲ੍ਹ ਦਿੱਤਾ ਗਿਆ ਹੈ। ਇਹ ਕਾਰੀਡੋਰ 12 ਨਵੰਬਰ ਨੂੰ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੋਂ ਤਿੰਨ ਦਿਨ ਪਹਿਲਾਂ ਖੁਲ੍ਹਿਆ ਹੈ। ਭਾਰਤ ਤੋਂ ਸ਼ਨਿਚਰਵਾਰ ਨੂੰ ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ, ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ, ਸਿੰਘ ਸਾਹਿਬਾਨ ਅਤੇ 150 ਐਮਪੀ ਅਤੇ ਬਹੁਤ ਸਾਰੇ ਹੋਰ ਉਚ ਨੇਤਾ ਇਸ ਪਹਿਲੇ ਜੱਥੇ ਵਿੱਚ ਪਾਕਿਸਤਾਨ ਸਥਿੱਤ ਗੁਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਕੇ ਆਏ ਹਨ।
ਪਾਕਿਸਤਾਨ ਸਰਕਾਰ ਅਤੇ ਉਥੋਂ ਦੇ ਲੋਕ ਅੰਤਰਰਾਸ਼ਟਰੀ ਸਿੱਖ ਸੰਗਤ ਅਤੇ ਭਾਰਤ ਤੋਂ ਗਏ ਸ਼ਰਧਾਲੂਆਂ ਨੂੰ ਬਹੁਤ ਹੀ ਪਿਆਰ ਅਤੇ ਸਨਮਾਨ ਦਿੱਤਾ ਹੈ। ਇਸ ਸਮੇਂ ਸਾਰੀ ਸਿੱਖ ਕੌਮ ਪ੍ਰਧਾਨਮੰਤਰੀ ਇਮਰਾਨ ਖਾਨ ਦਾ ਤਹਿ ਦਿਲੋਂ ਧੰਨਵਾਦ ਕਰ ਰਹੀ ਹੈ।