ਲੰਡਨ/ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) ਸਕਾਟਲੈਂਡ ਸਥਿਤ ਸੰਸਥਾ ਕਲਰਫੁੱਲ ਹੈਰੀਟੇਜ਼ ਵੱਲੋਂ ਪਹਿਲੇ ਤੇ ਦੂਜੇ ਵਿਸ਼ਵ ਯੁੱਧ ਵੇਲੇ ਬਰਤਾਨੀਆ ਤਰਫੋਂ ਲੜ ਕੇ ਜਾਨਾਂ ਨਿਛਾਵਰ ਕਰ ਗਏ ਮੁਸਲਿਮ, ਸਿੱਖ ਅਤੇ ਹਿੰਦੂ ਸੈਨਿਕਾਂ ਨੂੰ ਯਾਦ ਕਰਨ ਹਿਤ ਸਮੇਂ ਸਮੇਂ ‘ਤੇ ਸਮਾਗਮ ਕਰਵਾਏ ਜਾਂਦੇ ਹਨ। ਇਸੇ ਲੜੀ ਤਹਿਤ ਹੀ ਅਣਵੰਡੇ ਭਾਰਤ ਵੇਲੇ ਬਰਤਾਨਵੀ ਸੈਨਾ ਦੀ ਫੋਰਸ ਕੇ 6 ਵਿੱਚ ਸੇਵਾਵਾਂ ਨਿਭਾਉਂਦੇ ਸ਼ਹੀਦ ਹੋਏ 13 ਭਾਰਤੀ ਮੁਸਲਿਮ ਸੈਨਿਕਾਂ ਦੀ ਯਾਦ ਵਿੱਚ ਬੀਤੇ ਦਿਨੀਂ ਵਿਸ਼ੇਸ਼ ਸਮਾਗਮ ਕਲਰਫੁੱਲ ਹੈਰੀਟੇਜ਼ ਦੀ ਪ੍ਰਾਜੈਕਟ ਅਫ਼ਸਰ ਡਾ: ਸਾਕਿਬ ਰਜ਼ਾਕ ਦੀ ਅਗਵਾਈ ਵਿੱਚ ਗਲਾਸਗੋ ਦੇ ਲੌਰੇਨ ਹੋਟਲ ਵਿਖੇ ਕਰਵਾਇਆ ਗਿਆ। ਉੱਤਰੀ ਸਕਾਟਲੈਂਡ ਦੀ ਧਰਤੀ ‘ਤੇ ਅਲੀ ਬਹਾਦਰ (38 ਸਾਲ), ਫਜਲ ਅਲੀ (25), ਮੁਹੰਮਦ (29), ਬਾਰੀ ਸ਼ੇਰ (37), ਖਾਨ ਮੁਹੰਮਦ (32), ਮੁਹੰਮਦ ਸਾਦਿਕ (29), ਦਦਨ ਖਾਨ (22), ਖੁਸ਼ੀ ਮੁਹੰਮਦ (35), ਮੁਸਤਾਕ ਅਹਿਮਦ (21) ਨੂੰ ਇਨਵਰਨੈੱਸ-ਸ਼ਾਇਰ ਕਬਰਸਤਾਨ ਵਿਖੇ, ਮੀਰ ਜ਼ਾਮਨ (22) ਨੂੰ ਐਬਰਡੀਨ ਕਬਰਸਤਾਨ ਵਿਖੇ, ਅਬਦੁਲ ਰਹਿਮਾਨ (37) ਅਤੇ ਗੁਲਾਮ ਨਬੀ (24) ਨੂੰ ਡੋਰਨਕ ਕਬਰਸਤਾਨ ਵਿਖੇ ਅਤੇ ਕਰਮ ਦਾਦ (22) ਨੂੰ ਬਾਂਫਸ਼ਾਇਰ ਦੇ ਗਰੇਂਜ ਕਬਰਸਤਾਨ ਵਿਖੇ ਸਪੁਰਦ ਏ ਖਾਕ ਕੀਤਾ ਗਿਆ ਸੀ। ਸੰਸਥਾ ਵੱਲੋਂ ਵੱਖ ਵੱਖ ਭਾਈਚਾਰਿਆਂ ਦੇ ਲੋਕਾਂ ਨੂੰ ਨਾਲ ਲੈ ਕੇ ਉਪਰੋਕਤ ਕਬਰਸਤਾਨਾਂ ਵਿੱਚ ਵਿਸ਼ੇਸ਼ ਤੌਰ ‘ਤੇ ਜਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਡਾ: ਸਾਕਿਬ ਰਜ਼ਾਕ ਵੱਲੋਂ ਹਾਜ਼ਰੀਨ ਦਾ ਧੰਨਵਾਦ ਕਰਨ ਉਪਰੰਤ ਸ਼ਹੀਦਾਂ ਬਾਰੇ ਵਿਸਥਾਰਤ ਜਾਣਕਾਰੀ ਸਾਂਝੀ ਕੀਤੀ। ਉਹਨਾਂ ਕਿਹਾ ਕਿ ਸਾਡੀ ਸੰਸਥਾ ਦਾ ਮੁੱਖ ਮੰਤਵ ਹੀ ਸਾਡੇ ਮਾਣਮੱਤੇ ਸ਼ਹੀਦਾਂ ਨੂੰ ਲੋਕਾਈ ਦੇ ਰੂਬਰੂ ਕਰਵਾਉਣਾ ਹੈ ਤਾਂ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਕੋਲ ਉਹਨਾਂ ਦੇ ਜੀਵਨ ਅਤੇ ਘਾਲਣਾ ਬਾਰੇ ਮੁਕੰਮਲ ਜਾਣਕਾਰੀ ਉਪਲਬਧ ਪਈ ਹੋਵੇ। ਜਿੱਥੇ ਇਸ ਸਮਾਗਮ ਦੌਰਾਨ ਐਡਿਨਬਰਾ ਕੌਸਲ ਜਨਰਲ ਹਿਤੇਸ਼ ਜੇ ਰਾਜਪਾਲ ਨੇ ਵਿਸ਼ੇਸ਼ ਤੌਰ Ḕਤੇ ਹਾਜ਼ਰੀ ਭਰੀ ਉੱਥੇ ਮੇਜਰ ਜਨਰਲ ਬੌਬ ਬਰੂਸ, ਈਅਨ ਡਿਕਸਨ, ਰਿਲੀਜਨਜ਼ ਫਾਰ ਪੀਸ ਸੰਸਥਾ ਵੱਲੋਂ ਰਾਵਿੰਦਰ ਕੌਰ ਨਿੱਝਰ, ਬਾਪੂ ਦਰਬਾਰਾ ਸਿੰਘ ਭੁੱਲਰ (ਕੋਕਰੀ ਕਲਾਂ), ਕਮਲਜੀਤ ਸਿੰਘ ਭੁੱਲਰ, ਉਮਰ ਸ਼ੇਖ਼, ਡਾ: ਅਮਰਜੀਤ ਸਿੰਘ ਨਿੱਝਰ, ਇਮਾਮ ਅਸਮ, ਡਾ: ਗੀ ਬੋਅਮੈਨ, ਮਿਸਟਰ ਵਿਨਲੇ, ਮਿਸਟਰ ਡੰਕਨ, ਜਹਾਨ ਮਹਿਮੂਦ, ਨਵੀਦ, ਸ਼ਾਜ਼ੀਆ ਦੁਰਾਨੀ ਆਦਿ ਵਿਸ਼ੇਸ਼ ਤੌਰ ‘ਤੇ ਹਾਜਰ ਸਨ।
ਉੱਤਰੀ ਸਕਾਟਲੈਂਡ ‘ਚ ਸਪੁਰਦ ਏ ਖਾਕ ਕੀਤੇ ਵਿਸ਼ਵ ਯੁੱਧ ਦੌਰਾਨ ਸ਼ਹੀਦ 13 ਸੈਨਿਕਾਂ ਦੀ ਯਾਦ ‘ਚ ਸਮਾਗਮ ਹੋਇਆ
This entry was posted in ਅੰਤਰਰਾਸ਼ਟਰੀ.