ਫ਼ਤਹਿਗੜ੍ਹ ਸਾਹਿਬ – “ਸੈਂਟਰ ਵਿਚ ਫਿਰਕੂ ਹੁਕਮਰਾਨਾਂ ਦੀ ਬਣੀ ਮੋਦੀ ਹਕੂਮਤ ਦੇ ਹੁਕਮਾਂ ਉਤੇ ਸੰਸਾਰ ਪੱਧਰ ਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਕੰਮ ਕਰ ਰਹੀ ਅਮਨੈਸਟੀ ਇੰਟਰਨੈਸ਼ਨਲ ਦੇ ਦਫ਼ਤਰਾਂ ਉਤੇ ਛਾਪੇ ਮਾਰਨ ਅਤੇ ਮਨੁੱਖੀ ਅਧਿਕਾਰਾਂ ਲਈ ਕੰਮ ਕਰ ਰਹੀ ਇਸ ਜਥੇਬੰਦੀ ਦੇ ਦਫ਼ਤਰਾਂ ਦੇ ਪ੍ਰਬੰਧਕਾਂ ਨਾਲ ਅਜਿਹਾ ਗੈਰ-ਕਾਨੂੰਨੀ ਅਤੇ ਗੈਰ-ਇਨਸਾਨੀਅਤ ਅਮਲ ਜਿਥੇ ਇਨਸਾਨੀਅਤ ਵਿਰੋਧੀ ਹੈ, ਉਥੇ ਅਤਿ ਸ਼ਰਮਨਾਕ ਵੀ ਹੈ । ਜਿਸ ਤੋਂ ਇਹ ਵੀ ਪ੍ਰਤੱਖ ਹੋ ਜਾਂਦਾ ਹੈ ਕਿ ਹਿੰਦੂਤਵ ਹੁਕਮਰਾਨ ਘੱਟ ਗਿਣਤੀ ਕੌਮਾਂ ਉਤੇ ਹਕੂਮਤ ਵੱਲੋਂ ਹੋ ਰਹੇ ਜ਼ਬਰ-ਜੁਲਮਾਂ ਦੀ ਗੱਲ ਸੰਸਾਰ ਪੱਧਰ ਤੇ ਨਾ ਜਾਵੇ ਅਤੇ ਘੱਟ ਗਿਣਤੀ ਕੌਮਾਂ ਦੇ ਹੱਕਾਂ ਦੀ ਰਾਖੀ ਲਈ ਕੰਮ ਕਰ ਰਹੀ ਅਮਨੈਸਟੀ ਇੰਟਰਨੈਸ਼ਨਲ ਸੰਸਾਰ ਦੇ ਸਾਹਮਣੇ ਸੱਚਾਈ ਨਾ ਲਿਆ ਸਕੇ ਉਸ ਮੰਦਭਾਵਨਾ ਅਧੀਨ ਹੀ ਅਜਿਹੀ ਅਸਹਿ ਤੇ ਅਕਹਿ ਕਾਰਵਾਈ ਕੀਤੀ ਗਈ ਹੈ, ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਿਥੇ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦਾ ਹੈ, ਉਥੇ ਕੌਮਾਂਤਰੀ ਜਥੇਬੰਦੀ ਯੂ.ਐਨ, ਏਸੀਆ ਵਾਚ ਹਿਊਮਨ ਰਾਈਟਸ, ਅਮਨੈਸਟੀ ਇੰਟਰਨੈਸ਼ਨਲ, ਇੰਟਰਨੈਸ਼ਨਲ ਕਮੇਟੀ ਔਨ ਰੈਡ ਕਰਾਸ ਨੂੰ ਇਹ ਅਤਿ ਸੰਜ਼ੀਦਾ ਅਪੀਲ ਕਰਦਾ ਹੈ ਕਿ ਇਸ ਹੋਏ ਉਪਰੋਕਤ ਦੁਖਦਾਇਕ ਅਤੇ ਮਨੁੱਖਤਾ ਵਿਰੋਧੀ ਅਮਲ ਵਿਰੁੱਧ ਇੰਡੀਅਨ ਸਟੇਟ ਵਿਰੁੱਧ ਕੌਮਾਂਤਰੀ ਕਾਨੂੰਨਾਂ ਅਧੀਨ ਕਾਰਵਾਈ ਕਰਕੇ ਇੰਡੀਅਨ ਹੁਕਮਰਾਨਾਂ ਦੇ ਖੂਖਾਰ ਜਾਬਰ ਚਿਹਰੇ ਨੂੰ ਦੁਨੀਆਂ ਦੇ ਚੌਰਾਹੇ ਵਿਚ ਨੰਗਾਂ ਕਰਨ ਦੀ ਜ਼ਿੰਮੇਵਾਰੀ ਨਿਭਾਉਣ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੈਂਟਰ ਦੀ ਫਿਰਕੂ ਮੋਦੀ ਹਕੂਮਤ ਵੱਲੋਂ ਅਮਨੈਸਟੀ ਇੰਟਰਨੈਸ਼ਨਲ ਦੇ ਇੰਡੀਆਂ ਵਿਚ ਸਥਿਤ ਦਫ਼ਤਰਾਂ ਉਤੇ ਹਮਲੇ ਕਰਨ ਦੀ ਕਾਰਵਾਈ ਨੂੰ ਸ਼ਰਮਨਾਕ ਤੇ ਇਨਸਾਨੀਅਤ ਵਿਰੋਧੀ ਕਰਾਰ ਦਿੰਦੇ ਹੋਏ ਤੇ ਕੌਮਾਂਤਰੀ ਪੱਧਰ ਦੀਆਂ ਮਨੁੱਖੀ ਅਧਿਕਾਰਾਂ ਉਤੇ ਕੰਮ ਕਰ ਰਹੀਆ ਜਥੇਬੰਦੀਆਂ ਅਤੇ ਸੰਸਾਰ ਦੀ ਵੱਡੀ ਜਥੇਬੰਦੀ ਯੂਨਾਈਟਿਡ ਨੇਸ਼ਨ ਨੂੰ ਇਸ ਦਿਸ਼ਾ ਵੱਲ ਫ਼ੌਰੀ ਅਮਲ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਕਸ਼ਮੀਰ ਵਿਚ 5 ਅਗਸਤ 2019 ਤੋਂ ਇਨ੍ਹਾਂ ਹੁਕਮਰਾਨਾਂ ਨੇ ਸਭ ਵਿਧਾਨਿਕ, ਇਨਸਾਨੀ ਕਾਇਦੇ-ਕਾਨੂੰਨਾਂ ਨੂੰ ਤੋੜਕੇ ਕਸ਼ਮੀਰੀਆਂ ਦੇ ਸਭ ਵਿਧਾਨਿਕ ਤੇ ਸਮਾਜਿਕ ਹੱਕਾਂ ਨੂੰ ਕੁੱਚਲਕੇ ਉਥੇ ਕਰਫਿਊ ਵਰਗੇ ਹਾਲਾਤ ਪੈਦਾ ਕਰ ਦਿੱਤੇ ਹਨ ਅਤੇ ਸਾਰੀਆ ਇੰਟਰਨੈਟ, ਡਾਕਘਰ ਸੇਵਾਵਾਂ ਨੂੰ ਖ਼ਤਮ ਕਰਕੇ ਨਾਜੀਆ ਦੀ ਤਰ੍ਹਾਂ ਤਾਨਾਸ਼ਾਹੀ ਅਮਲ ਕੀਤੇ ਜਾ ਰਹੇ ਹਨ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਸੀ.ਬੀ.ਆਈ. ਅਮਰੀਕਾ ਦੀ ਖੂਫੀਆ ਵਿੰਗ ਐਫ.ਬੀ.ਆਈ. ਦੇ ਪੈਟਰਨ ਤੇ ਬਣੀ ਹੋਈ ਹੈ । ਜਿਸਨੇ ਅਮਨੈਸਟੀ ਇੰਟਰਨੈਸ਼ਨਲ ਦੀ ਉਹ ਜਥੇਬੰਦੀ ਜੋ ਕੌਮਾਂਤਰੀ ਪੱਧਰ ਤੇ ਬਿਨ੍ਹਾਂ ਕਿਸੇ ਪੱਖਪਾਤ ਤੋਂ ਮਨੁੱਖੀ ਹੱਕਾਂ ਦੀ ਰਾਖੀ ਲਈ ਕੰਮ ਕਰ ਰਹੀ ਹੈ, ਉਸ ਵੱਲੋਂ ਇਹ ਅਣਮਨੁੱਖੀ ਅਮਲ ਕੀਤਾ ਗਿਆ ਹੈ । ਫਿਰ ਅਜਿਹੀ ਸੀ.ਬੀ.ਆਈ. ਵਰਗੀ ਸੰਸਥਾਂ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ ਕਿ ਉਹ ਮਨੁੱਖੀ ਅਧਿਕਾਰਾਂ ਦਾ ਉਲੰਘਣ ਕਰਨ ਵਾਲੇ ਅਤੇ ਗੈਰ-ਕਾਨੂੰਨੀ ਅਮਲ ਕਰਨ ਵਾਲੇ ਦੋਸ਼ੀਆਂ ਨੂੰ ਸਹੀ ਦਿਸ਼ਾ ਵੱਲ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾ ਕਰਕੇ ਸਜ਼ਾਵਾਂ ਦੇਣ ਦੇ ਯੋਗ ਹੋਵੇਗੀ ।
ਸ. ਮਾਨ ਨੇ ਆਪਣੇ ਇਸ ਨਿਰਪੱਖਤਾ ਵਾਲੇ ਵਿਚਾਰ ਨੂੰ ਅੱਗੇ ਤੋਰਦੇ ਹੋਏ ਕਿਹਾ ਕਿ ਇਨ੍ਹਾਂ ਹੁਕਮਰਾਨਾਂ ਨੇ ਜਾਬਰ ਅਤੇ ਤਾਨਾਸ਼ਾਹੀ ਸੋਚ ਉਤੇ ਅਮਲ ਕਰਕੇ ਹੀ ਸਦੀਆਂ ਤੋਂ ਸਥਾਪਿਤ ਹੋਈ ਮੁਸ਼ਲਿਮ ਕੌਮ ਦੀ ਬਾਬਰੀ ਮਸਜ਼ਿਦ ਨੂੰ ਢਹਿ-ਢੇਰੀ ਕਰਨ ਵਿਚ ਰੋਲ ਅਦਾ ਕੀਤਾ । ਇਸ ਵਿਚ ਬੀਜੇਪੀ-ਆਰ.ਐਸ.ਐਸ, ਕਾਂਗਰਸ ਇਥੋਂ ਤੱਕ ਸਭ ਹਿੰਦੂਤਵ ਜਮਾਤਾਂ ਇਕ ਸਨ । ਉਸ ਸਮੇਂ ਨਰਸਿਮਾਰਾਓ ਦੀ ਸੈਂਟਰ ਵਿਚ ਕਾਂਗਰਸ ਦੀ ਸਰਕਾਰ ਸੀ । ਸ੍ਰੀ ਨਰਸਿਮਾ ਆਰ.ਐਸ.ਐਸ. ਦੇ ਕੱਟੜ ਸਮੱਰਥਕ ਸਨ । ਜਿਨ੍ਹਾਂ ਨੇ ਮੁਸਲਿਮ ਕੌਮ ਦੇ ਇਸ ਧਾਰਮਿਕ ਸਥਾਂਨ ਨੂੰ ਢਹਿ-ਢੇਰੀ ਕਰਨ ਵਿਚ ਇਨਸਾਨੀਅਤ ਅਤੇ ਮਨੁੱਖਤਾ ਵਿਰੋਧੀ ਭੂਮਿਕਾ ਨਿਭਾਈ । ਉਸ ਸਥਾਂਨ ਤੇ ਕਦੇ ਵੀ ਕੋਈ ਮੰਦਰ ਨਹੀਂ ਸੀ । ਬਲਕਿ ਮਰਹੂਮ ਇੰਦਰਾ ਗਾਂਧੀ ਨੇ ਉਥੇ ਸਾਜ਼ਿਸ ਅਧੀਨ ਮੂਰਤੀਆ ਰਖਵਾ ਦਿੱਤੀਆ ਸਨ । ਜਿਸ ਨੂੰ ਰਾਜੀਵ ਗਾਂਧੀ ਦੇ ਸਮੇਂ ਦਰਵਾਜੇ ਖੋਲ੍ਹਕੇ ਇਸ ਇਸਲਾਮਿਕ ਸਥਾਂਨ ਨੂੰ ਸਾਜ਼ਸੀ ਢੰਗ ਨਾਲ ਹਿੰਦੂ ਮੰਦਰ ਦਾ ਰੂਪ ਦੇਣ ਦੀ ਗੱਲ ਕੀਤੀ ਗਈ । ਕੌਮਾਂਤਰੀ ਪੱਧਰ ਅਤੇ ਇਨ੍ਹਾਂ ਦੇ ਕਿਸੇ ਵੀ ਖੋਜ਼ਕਾਰ ਵੱਲੋਂ ਉਥੇ ਮੰਦਰ ਹੋਣ ਦਾ ਕੋਈ ਵੀ ਪ੍ਰਤੱਖ ਸਬੂਤ ਸਾਹਮਣੇ ਨਹੀਂ ਆਇਆ । ਸੁਪਰੀਮ ਕੋਰਟ ਵੱਲੋਂ ਮੰਦਰ ਹੋਣ ਦਾ ਝੂਠਾਂ ਦਾਅਵਾ ਕਰਕੇ ਇਸ ਸਥਾਂਨ ਤੇ ਮੰਦਰ ਬਣਾਉਣ ਦੀ ਦਿੱਤੀ ਗਈ ਇਜ਼ਾਜਤ ਫਿਰਕੂਪਣੇ ਦਾ ਸਿੱਖਰ ਹੈ । ਇਸ ਅਮਲ ਨੇ ਇਥੋਂ ਦੀ ਸੁਪਰੀਮ ਕੋਰਟ ਦੇ ਜੱਜਾਂ ਦੀ ਨਿਰਪੱਖਤਾ ਅਤੇ ਇਮਾਨਦਾਰੀ ਉਤੇ ਵੀ ਡੂੰਘਾ ਪ੍ਰਸ਼ਨ ਚਿੰਨ੍ਹ ਲਗਾ ਦਿੱਤਾ ਹੈ ।
ਮੁਸਲਿਮ ਲੀਗ ਬੋਰਡ ਵੱਲੋਂ ਅਤੇ ਮੁਸਲਿਮ ਕੌਮ ਨਾਲ ਸੰਬੰਧਤ ਜਥੇਬੰਦੀਆਂ ਵੱਲੋਂ ਸੁਪਰੀਮ ਕੋਰਟ ਦੇ ਤਾਨਾਸ਼ਾਹੀ ਅਤੇ ਪੱਖਪਾਤੀ ਕੀਤੇ ਗਏ ਹਿੰਦੂਤਵ ਪੱਖੀ ਫੈਸਲੇ ਨੂੰ ਜੋ ਅਪ੍ਰਵਾਨ ਕਰਨ ਦਾ ਐਲਾਨ ਕੀਤਾ ਗਿਆ ਹੈ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਉਸ ਫੈਸਲੇ ਦਾ ਜਿਥੇ ਭਰਪੂਰ ਸਵਾਗਤ ਕਰਦਾ ਹੈ, ਉਥੇ ਸਮੁੱਚੀ ਮੁਸਲਿਮ ਕੌਮ ਅਤੇ ਉਨ੍ਹਾਂ ਦੇ ਧਾਰਮਿਕ ਤੇ ਸਿਆਸੀ ਆਗੂਆਂ ਨੂੰ ਇਹ ਵਿਸ਼ਵਾਸ ਦਿਵਾਉਦਾ ਹੈ ਕਿ ਫਿਰਕੂ ਹੁਕਮਰਾਨਾਂ ਅਤੇ ਉਨ੍ਹਾਂ ਦੀ ਜੀ-ਹਜ਼ੂਰੀ ਕਰਨ ਵਾਲੇ ਸੁਪਰੀਮ ਕੋਰਟ ਦੇ ਜੱਜਾਂ ਦੇ ਫੈਸਲੇ ਅੱਗੇ ਬਿਲਕੁਲ ਵੀ ਈਂਨ ਨਾ ਮੰਨਣ । ਹਰ ਆਉਣ ਵਾਲੇ ਸਮੇਂ ਵਿਚ ਮੁਸਲਿਮ ਕੌਮ ਦੇ ਇਸ ਧਾਰਮਿਕ ਅਤੇ ਇਨਸਾਨੀਅਤ ਪੱਖੀ ਮੁੱਦੇ ਉਤੇ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਲਗਾਕੇ ਕੰਧ ਦੀ ਤਰ੍ਹਾਂ ਖਲੋਏਗਾ । ਘੱਟ ਗਿਣਤੀ ਕੌਮਾਂ ਉਤੇ ਹੁਕਮਰਾਨਾਂ ਅਤੇ ਇਥੋਂ ਦੀਆਂ ਅਦਾਲਤਾਂ ਵੱਲੋਂ ਕੀਤੇ ਗਏ ਕਿਸੇ ਵੀ ਤਾਨਾਸ਼ਾਹੀ ਫੈਸਲੇ ਨੂੰ ਬਿਲਕੁਲ ਪ੍ਰਵਾਨ ਨਹੀਂ ਕਰੇਗਾ । ਅਜਿਹੀਆ ਵਿਤਕਰੇ ਭਰੀਆ ਤੇ ਜਾਲਮਨਾਂ ਭਰੀਆ ਕਾਰਵਾਈਆ ਲਈ ਮੁਸਲਿਮ, ਸਿੱਖ, ਇਸਾਈ, ਰੰਘਰੇਟੇ, ਕਬੀਲੇ, ਵੈਸਟ ਬੰਗਾਲ, ਉੜੀਸਾ, ਝਾਰਖੰਡ, ਛੱਤੀਸਗੜ੍ਹ, ਕਸ਼ਮੀਰ, ਪੰਜਾਬ ਵਿਚ ਵੱਸਣ ਵਾਲੇ ਕਬੀਲੇ ਤੇ ਘੱਟ ਗਿਣਤੀ ਕੌਮਾਂ ਅਗਲੇਰੇ ਸੰਘਰਸ਼ ਲਈ ਦ੍ਰਿੜਤਾ ਨਾਲ ਤਿਆਰ ਰਹਿਣ । ਜਿੱਤ ਅਵੱਸ ਸਾਡੀ ਅਤੇ ਨੇਕੀ ਦੀ ਹੋਵੇਗੀ ।