ਕੈਲਗਰੀ: ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਮਾਸਿਕ ਇਕੱਤਰਤਾ- ਨਵੰਬਰ ਮਹੀਨੇ ਦੇ ਤੀਜੇ ਸ਼ਨਿਚਰਵਾਰ ਨੂੰ ਜੈਂਸਿਸ ਸੈਂਟਰ ਵਿਖੇ ਭਰਵੀਂ ਹਾਜ਼ਰੀ ਵਿੱਚ ਹੋਈ। ਮਨੁੱਖਤਾ ਦੇ ਰਹਿਬਰ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਸਮਾਗਮ, ਸਭਾ ਵਲੋਂ ਬਹੁਤ ਹੀ ਚਾਅ ਨਾਲ ਉਲੀਕਿਆ ਗਿਆ ਸੀ- ਲੇਕਿਨ ਦੋ ਦਿਨ ਪਹਿਲਾਂ ਸਭਾ ਦੇ ਐਗਜ਼ੈਕਟਿਵ ਮੈਂਬਰ ਬਲਜੀਤ ਜਠੌਲ ਦੇ ਜੁਆਨ ਜੁਆਈ ਦੀ ਹੋਈ ਬੇਵਕਤ ਮੌਤ ਕਾਰਨ, ਮਹੌਲ ਸੋਗ ਵਿੱਚ ਬਦਲ ਗਿਆ।
ਸ਼ੁਰੂਆਤ ਵਿੱਚ, ਸਕੱਤਰ ਗੁਰਦੀਸ਼ ਕੌਰ ਗਰੇਵਾਲ ਨੇ, ‘ਕੇਲ ਕਰੇਦੇ ਹੰਝ ਨੋ ਅਚਿੰਤੇ ਬਾਜ ਪਏ॥’ ਦੀ ਤੁਕ ਨਾਲ, ਜਿਉਂ ਹੀ ਸਮੂਹ ਮੈਂਬਰਾਂ ਨਾਲ ਇਹ ਦੁਖਦਾਈ ਖਬਰ ਸਾਂਝੀ ਕੀਤੀ, ਤਾਂ ਸਭ ਦੇ ਚੇਹਰੇ ਗਮਗੀਨ ਹੋ ਗਏ- ਕਿਉਂਕਿ ਅਜੇ ਡੇੜ ਸਾਲ ਪਹਿਲਾਂ ਹੀ ਤਾਂ ਬਲਜੀਤ ਨੇ ਬੜੇ ਚਾਵਾਂ ਨਾਲ ਆਪਣੀ ਇੱਕਲੌਤੀ ਬੇਟੀ ਦਾ ਵਿਆਹ ਕੀਤਾ ਸੀ ਜਿਸ ਵਿੱਚ ਬਹੁਤ ਸਾਰੇ ਮੈਂਬਰ ਸ਼ਾਮਲ ਹੋਏ ਸਨ। ਉਪਰੰਤ, ਸ਼ੋਕ ਮਤਾ ਪੇਸ਼ ਕੀਤਾ ਗਿਆ ਜਿਸ ਤੇ ਸਾਰੇ ਮੈਂਬਰਾਂ ਨੇ ਦਸਤਖਤ ਕੀਤੇ। ਵਿਛੜੀ ਆਤਮਾ ਦੀ ਸ਼ਾਂਤੀ ਤੇ ਦੋਹਾਂ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਲਈ, ਸਭਾ ਵਲੋਂ ਇੱਕ ਮਿੰਟ ਦਾ ਮੌਨ ਧਾਰਨ ਕਰਕੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਗਈ। ਅਗਲੇ ਦਿਨ ਫਿਊਨਰਲ ਤੇ ਐਡਮਿੰਟਨ ਵਿਖੇ ਸ਼ੋਕ ਮਤਾ ਲੈ ਕੇ ਜਾਣ ਲਈ, ਪੰਜ ਮੈਂਬਰੀ ਕਮੇਟੀ ਦੀ ਸਲਾਹ ਬਣੀ। ਪ੍ਰਧਾਨ, ਸਕੱਤਰ ਤੇ ਕੋਆਰਡੀਨੇਟਰ ਸਮੇਤ, ਜਦ ਸਮੂਹ ਮੈਂਬਰਾਂ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ, ਆਪੋ ਆਪਣੇ ਦੁੱਖ ਸਾਂਝੇ ਕਰਨੇ ਸ਼ੁਰੂ ਕੀਤੇ ਤਾਂ ਮਹੌਲ ਹੋਰ ਵੀ ਭਾਵੁਕ ਹੋ ਗਿਆ। ‘ਦੁਖ ਕੀਆ ਪੰਡਾ ਖੁਲੀਆ ਸੁਖ ਨ ਨਿਲਲਿਓ ਕੋਇ॥’ ਅਨੁਸਾਰ ਮੀਟਿੰਗ ਦਾ ਅੱਧਿਉਂ ਵੱਧ ਸਮਾਂ, ਦੁਖਾਂ ਦੀਆਂ ਕਹਾਣੀਆਂ ਕਰਦਿਆਂ ਤੇ ਉਹਨਾਂ ਵਿੱਚੋਂ ਨਿਕਲਣ ਦੇ ਹੱਲ ਲੱਭਦਿਆਂ ਬੀਤਿਆ। ਸਭਾ ਦੀ ਪ੍ਰਧਾਨ ਡਾ. ਬਲਵਿੰਦਰ ਕੌਰ ਬਰਾੜ ਨੇ ਸਭ ਨੂੰ ਦੁੱਖ ਦੀ ਘੜੀ ਵਿੱਚ ਇੱਕ ਦੂਜੇ ਦਾ ਸਾਥ ਦੇਣ ਦੀ ਪ੍ਰੇਰਨਾ ਦਿੰਦਿਆਂ ਕਿਹਾ ਕਿ- ‘ਭਾਵੇਂ ਬਲਜੀਤ ਲਈ ਇਹ ਸਦਮਾ ਅਸਹਿ ਹੈ ਪਰ ਆਪਾਂ ਹੁਣ ਉਸ ਨੂੰ ਰੁਆਉਣਾ ਨਹੀਂ, ਵਰਾਉਣਾ ਹੈ!’ ਬਲਜਿੰਦਰ ਗਿੱਲ, ਕੁਲਦੀਪ ਘਟੌੜਾ, ਅਮਰਜੀਤ ਕੌਰ, ਸਰਬਜੀਤ ਕੌਰ ਤੇ ਕੁਝ ਹੋਰ ਮੈਂਬਰਾਂ ਨੇ ਦੁੱਖ ਵਿੱਚ ਕਿਸੇ ਦੀ ਮਦਦ ਕਰਨ ਤੇ ਹੌਸਲਾ ਦੇਣ ਦੇ ਆਪਣੇ ਨਿੱਜੀ ਤਜਰਬੇ ਸਾਂਝੇ ਕੀਤੇ।
ਮੀਟਿੰਗ ਦੇ ਦੂਜੇ ਭਾਗ ਵਿੱਚ, ਮਹੌਲ ਬਦਲਣ ਲਈ, ਬਾਬੇ ਨਾਨਕ ਦੀ ਬਾਣੀ, ਉਹਨਾਂ ਵਲੋਂ ਦਰਸਾਈ ਜੀਵਨ ਜਾਚ ਅਤੇ ਉਹਨਾਂ ਦੀ ਫਿਲਾਸਫੀ ਦੀ ਗੱਲ ਕਰਦਿਆਂ, ਡਾ. ਬਰਾੜ ਨੇ ਦੱਸਿਆ ਕਿ- ਉਹਨਾਂ ਦੀ ਤਾਂ ਖੋਜ ਹੀ ਗੁਰੂ ਨਾਨਕ ਬਾਣੀ ਤੇ ਹੈ। ਗੁਰਦੀਸ਼ ਗਰੇਵਾਲ ਨੇ ਉਹਨਾਂ ਵਲੋਂ ਮਨੁੱਖਤਾ ਨੂੰ ਦਿੱਤੇ ਤਿੰਨ ਸਰਲ ਸਿਧਾਂਤ-‘ਕਿਰਤ ਕਰੋ-ਨਾਮ ਜਪੋ-ਵੰਡ ਛਕੋ’ ਦੀ ਬਾਤ ਪਾਉਂਦਿਆਂ ਆਪਣੀ ਸੱਜਰੀ ਲਿਖੀ ਕਵਿਤਾ ਸੁਣਾ ਕੇ, ਸਮਾਜ ਵਿੱਚ ਆਈਆਂ ਉਣਤਾਈਆਂ ਦਾ ਜ਼ਿਕਰ ਕੀਤਾ ਅਤੇ ‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥’ ਰਾਹੀਂ ਔਰਤ ਦੇ ਹੱਕ ‘ਚ ਉਠਾਈ ਆਵਾਜ਼ ਦੀ ਗੱਲ ਕੀਤੀ। ਉਹਨਾਂ ਕਿਹਾ ਕਿ- ‘ਗਰੈਂਡ ਪੇਰੈਂਟਸ’ ਹੋਣ ਦੇ ਨਾਤੇ ਸਾਡਾ ਇਹ ਫਰਜ਼ ਬਣਦਾ ਹੈ ਕਿ ਅਸੀਂ ਨਵੀਂ ਪੀੜ੍ਹੀ ਨੂੰ ਦੱਸੀਏ ਕਿ ‘ਬਾਬਾ ਨਾਨਕ ਕੌਣ ਸਨ?’ ਗੁਰਚਰਨ ਥਿੰਦ ਨੇ ‘ਬਲਿਹਾਰੀ ਕੁਦਰਤਿ ਵਸਿਆ॥’ ਰਾਹੀਂ ‘ਕੁਦਰਤ ਦੇ ਕਵੀ ਗੁਰੂ ਨਾਨਕ’ ਦੀ ਬਾਤ ਪਾਈ, ਨਾਲ ਹੀ ਉਹਨਾਂ ਅਜੋਕੇ ਸਮੇਂ ਵਿੱਚ ਔਰਤਾਂ ਦੇ ਹੋ ਰਹੇ ਸਰੀਰਕ ਤੇ ਮਾਨਸਿਕ ਸ਼ੋਸ਼ਣ ਦੀ ਗੱਲ ਵੀ ਕੀਤੀ। ਕੁੱਝ ਹੋਰ ਮੈਂਬਰਾਂ ਨੇ ਵੀ ਗੁਰੂ ਨਾਨਕ ਤੇ ਕਵਿਤਾ ਜਾਂ ਗੀਤ ਸੁਣਾ ਕੇ ਹਾਜ਼ਰੀ ਲਗਵਾਈ ਜਿਹਨਾਂ ਵਿੱਚ- ਸਤਵਿੰਦਰ ਫਰਵਾਹਾ ਨੇ ਗੁਰਦੀਸ਼ ਕੌਰ ਦਾ ਲਿਖਿਆ ਗੀਤ-‘ਧੰਨ ਗੁਰੂ ਨਾਨਕ’, ਸਰਬਜੀਤ ਉਪਲ ਨੇ ਗਜ਼ਲ, ਇਕਬਾਲ ਕੌਰ ਭੁੱਲਰ ਨੇ ਪ੍ਰੋ ਮੋਹਨ ਸਿੰਘ ਦੀ ਕਵਿਤਾ-‘ਆ ਬਾਬਾ ਤੇਰਾ ਵਤਨ ਹੈ ਵੀਰਾਨ ਹੋ ਗਿਆ, ਹਰਮਿੰਦਰ ਚੁੱਘ ਨੇ ਜਸਵੰਤ ਸਿੰਘ ਸੇਖੋਂ ਦੀ ਲਿਖੀ ਕਵੀਸ਼ਰੀ ਨਾਲ ਸਾਂਝ ਪਾਈ। ਡਾ. ਰਾਜਵੰਤ ਮਾਨ ਨੇ ਵਿਧਾਤਾ ਸਿੰਘ ਤੀਰ ਦੀ ਕਵਿਤਾ, ‘ਉਲਟੇ ਕੰਮ’ ਰਾਹੀਂ ਦੱਸਿਆ ਕਿ- ਬਾਬੇ ਨਾਨਕ ਦਾ ਲੋਕਾਂ ਨੂੰ ਗੱਲ ਸਮਝਾਉਣ ਦਾ ਵੱਖਰਾ ਹੀ ਅੰਦਾਜ਼ ਸੀ। ਹਰਚਰਨ ਬਾਸੀ ਨੇ ਪਾਠ ਤੇ ਆਉਣ ਦਾ ਸਭ ਨੂੰ ਸੱਦਾ ਦਿੱਤਾ। ਰਜਿੰਦਰ ਕੌਰ ਚੋਹਕਾ ਨੇ 16 ਨਵੰਬਰ ਨੂੰ, ਸਭ ਤੋਂ ਛੋਟੀ ਉਮਰ ਦੇ ਆਜ਼ਾਦੀ ਲਈ ਸ਼ਹੀਦ ਹੋਣ ਵਾਲੇ ਕਰਤਾਰ ਸਿੰਘ ਸਰਾਭਾ ਦੀ ਵੀ ਯਾਦ ਦਿਲਵਾਈ ਅਤੇ ਉਹਨਾਂ ਦੀਆਂ ਸਤਰਾਂ-‘ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਬਹੁਤ ਸੁਖੱਲੀਆਂ ਨੇ’ ਸੁਣਾ ਕੇ ਹਾਜ਼ਰੀ ਲਗਵਾਈ। ਸਭਾ ਵਲੋਂ ਇਸ ਸ਼ਹੀਦ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ ਗਈ।
ਨਵੇਂ ਆਏ ਛੇ ਮੈਂਬਰਾਂ ਦਾ ਸੁਆਗਤ ਕੀਤਾ ਗਿਆ- ਜਿਸ ਵਿੱਚ ਐਥਲੈਟਿਕਸ ਖਿਲਾੜੀ ਚਰਨਜੀਤ ਬਾਜਵਾ, ਟੀਚਰ ਕਮਲੇਸ਼ ਸੂਦ, ਗੁਰਮੀਤ ਕੌਰ ਗਿੱਲ, ਬਲਵਿੰਦਰ ਕੌਰ, ਸੁਰਜੀਤ ਕੌਰ ਢੱਟ ਅਤੇ ਗੁਜਰਾਤੀ ਔਰਤ ਹੇਮ ਲਤਾ ਪਟੇਲ ਸ਼ਾਮਲ ਸਨ। ਉਹਨਾਂ ਦੀ ਸੰਖੇਪ ਜਾਣ ਪਛਾਣ ਕਰਵਾਉਂਦਿਆਂ, ਗੁਰਦੀਸ਼ ਕੌਰ ਨੇ ਕਿਹਾ ਕਿ- ਸਾਡੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਸਾਡੀ ਸਭਾ ਦੇ ਪਰਿਵਾਰ ਵਿੱਚ ਹਰ ਮਹੀਨੇ ਵਾਧਾ ਹੁੰਦਾ ਜਾ ਰਿਹਾ ਹੈ। ਬਰਾੜ ਮੈਡਮ ਨੇ ਅਗਲੇ ਮਹੀਨੇ ਦੀ ਮੀਟਿੰਗ ਵਿੱਚ, ਕ੍ਰਿਸਮਿਸ ਮਨਾਉਣ ਦਾ ਸੱਦਾ ਦਿੱਤਾ। ਵਧੇਰੇ ਜਾਣਕਾਰੀ ਲਈ- ਬਲਵਿੰਦਰ ਕੌਰ ਬਰਾੜ 403 590 9629, ਗੁਰਚਰਨ ਥਿੰਦ 403 402 9635 ਜਾਂ ਗੁਰਦੀਸ਼ ਕੌਰ ਗਰੇਵਾਲ ਨਾਲ 403 404 1450 ਤੇ ਸੰਪਰਕ ਕੀਤਾ ਜਾ ਸਕਦਾ ਹੈ।