ਤੇਲਅਬੀਬ – ਇਸਰਾਈਲੀ ਪ੍ਰਧਾਨਮੰਤਰੀ ਨੇਤਨਯਾਹੂ ਨੂੰ ਭ੍ਰਿਸ਼ਟਾਚਾਰ, ਰਿਸ਼ਵਤ ਅਤੇ ਵਿਸ਼ਵਾਸ਼ਘਾਤ ਦੇ ਆਰੋਪਾਂ ਕਰ ਕੇ ਮੁਕੱਦਮੇ ਦਾ ਸਾਹਮਣਾ ਕਰਨਾ ਪਵੇਗਾ। ਇਸਰਾਈਲ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਜਦੋਂ ਕਿਸੇ ਸੱਤਾ ਤੇ ਕਾਬਿਜ਼ ਪ੍ਰਧਾਨਮੰਤਰੀ ਨੂੰ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰਨਾ ਪਵੇਗਾ। ਅਟਾਰਨੀ ਜਨਰਲ ਨੇਤਨਯਾਹੂ ਦੇ ਵਕੀਲ ਅਤੇ ਸੰਸਦ ਦੇ ਸਪੀਕਰ ਦੋਵਾਂ ਨੂੰ ਅਭਿਯੋਗ ਦੀਆਂ ਕਾਪੀਆਂ ਭੇਜ ਦਿੱਤੀਆਂ ਹਨ ਅਤੇ ਨਿਆਂ ਵਿਭਾਗ ਨੂੰ ਪ੍ਰਧਾਨਮੰਤਰੀ ਨੂੰ ਅਹੁਦੇ ਤੋਂ ਹਟਾਉਣ ਦੀ ਕਾਰਵਾਈ ਸ਼ੁਰੂ ਕਰਨ ਨੂੰ ਕਿਹਾ ਹੈ।
ਇਨ੍ਹਾਂ ਸਾਰੇ ਆਰੋਪਾਂ ਵਿੱਚੋਂ ਸੱਭ ਤੋਂ ਵੱਧ ਦੁੱਖ ਦੇਣ ਵਾਲਾ ਆਰੋਪ ‘ ਕੇਸ 4000′ ਦਾ ਹੈ, ਜਿਸ ਵਿੱਚ ਪ੍ਰਧਾਨਮੰਤਰੀ ਨੇਤਨਯਾਹੂ ਅਤੇ ਉਨ੍ਹਾਂ ਦੀ ਪਤਨੀ ਦੇਸ਼ ਦੀ ਅਗਰਣੀ ਟੈਲੀ ਕਮਿਊਨੀਕੇਸ਼ਨ ਕੰਪਨੀ ਦੇ ਮੁੱਖੀ ਦੇ ਨਾਲ ਸਬੰਧ ਦੱਸੇ ਗਏ ਹਨ। ਉਨ੍ਹਾਂ ਤੇ ਇਹ ਵੀ ਆਰੋਪ ਲਗਾਏ ਗਏ ਹਨ ਕਿ ਜਦੋਂ ਪ੍ਰਧਾਨਮੰਤਰੀ ਨੇਤਨਯਾਹੂ ਟੈਲੀਕਾਮ ਮੰਤਰੀ ਸਨ ਤਾਂ ਉਨ੍ਹਾਂ ਨੇ ਆਪਣੇ ਅਹੁਦੇ ਦਾ ਦੁਰਉਪਯੋਗ ਕਰਦੇ ਹੋਏ ਸ਼ਾਊਲ ਨੂੰ ਸੈਂਕੜੇ ਮਿਲੀਅਨ ਡਾਲਰ ਦਾ ਲਾਭ ਪਹੁੰਚਾਇਆ ਸੀ। ਇਸ ਦੇ ਇਵਜ਼ ਵਿੱਚ ਸ਼ਾਊਲ ਦੁਆਰਾ ਚਲਾਈ ਜਾ ਰਹੀ ਇੱਕ ਨਿਊਜ਼ ਵੈਬਸਾਈਟ ਤੇ ਬੇਂਜਾਮਿਨ ਦੇ ਪੱਖ ਵਿੱਚ ਸਕਾਰਤਮਕ ਪ੍ਰਚਾਰ ਕੀਤਾ ਗਿਆ ਸੀ।
ਪੁਲਿਸ ਵਿਭਾਗ ਨੇ ਇਸ ਦੇ ਇਲਾਵਾ ਰਿਸ਼ਵਤ ਦੇ ਦੋ ਦੂਸਰੇ ਮਾਮਲਿਆਂ ਵਿੱਚ ਵੀ ਆਰੋਪਾਂ ਦੀ ਸਿਫਾਰਿਸ਼ ਕੀਤੀ ਹੈ। ਇਨ੍ਹਾਂ ਵਿੱਚੋਂ ਇੱਕ ਮਾਮਲੇ ਵਿੱਚ ਪ੍ਰਧਾਨਮੰਤਰੀ ਨੇ ਇੱਕ ਕਾਰੋਬਾਰੀ ਨੂੰ ਫਾਇਦਾ ਪਹੁੰਚਾਉਣ ਦੇ ਬਦਲੇ ਵਿੱਚ ਦੋ ਲੱਖ ਡਾਲਰ ਦੇ ਗਿਫ਼ਟ ਲਏ ਸਨ। ਇੱਕ ਹੋਰ ਆਰੋਪ ਇਸਰਾਈਲ ਦੇ ਸੱਭ ਤੋਂ ਵੱਡੇ ਅਖਬਾਰ ਦੇ ਪ੍ਰਕਾਸ਼ਕ ਤੇ ਉਨ੍ਹਾਂ ਦੇ ਵਿੱਚਕਾਰ ਇੱਕ ਰਿਸ਼ਵਤ ਦਾ ਮਾਮਲਾ ਹੈ।