ਸ੍ਰੀ ਗੁਰੂ ਨਾਨਕ ਦੇਵ ਜੀ ਵਿਸ਼ਵ ਦੀਆਂ ਉਨ੍ਹਾਂ ਮਹਾਨ ਸਖਸ਼ੀਅਤਾਂ ‘ਚੋਂ ਇੱਕ ਹਨ ਜਿਨ੍ਹਾਂ ਦੀ ਫਿਲਾਸਫੀ/ਵਿਚਾਰਾਂ ਸਦਕਾ ਸਮਾਜ ‘ਚ ਯੁੱਗ ਪਲਟਾਉ ਪਰਿਵਰਤਨਾਂ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਜਦੋਂ 1469 ਈ. ‘ਚ ਪਿਤਾ ਕਲਿਆਣ ਦਾਸ ਜੀ (ਮਹਿਤਾ ਕਾਲੂ) ਦੇ ਘਰ ਮਾਤਾ ਤ੍ਰਿਪਤਾ ਦੇਵੀ ਜੀ ਦੀ ਕੁਖੋਂ ਰਾਇ ਭੋਇ ਦੀ ਤਲਵੰਡੀ (ਨਨਕਾਣਾ ਸਾਹਿਬ ਜੋ ਕੇ ਅੱਜ ਪਾਕਿਸਤਾਨ ਵਿੱਚ ਸਥਿਤ ਹੈ) ‘ਚ ਜਨਮ ਲਿਆ ਤਾਂ ਉਸ ਸਮੇਂ ਹਾਕਮਾਂ ਵੱਲੋਂ ਲੋਕਾਂ ਤੇ ਘੋਰ ਅੱਤਿਆਚਾਰ ਕੀਤੇ ਜਾ ਰਹੇ ਸਨ। ਸਮਾਜ ਚਾਰ ਵਰਨਾਂ ਵਿੱਚ ਵੰਡਿਆ ਹੋਇਆ ਸੀ। ਚਾਰੋਂ ਪਾਸੇ ਪਾਪ, ਅਨਿ੍ਹਆ ਦਾ ਬੋਲਬਾਲਾ ਸੀ। ਸ਼੍ਰੀ ਗੁਰੁ ਨਾਨਕ ਦੇਵ ਜੀ ਨੇ ਇਨ੍ਹਾਂ ਸਮਾਜਿਕ, ਰਾਜਨੀਤਿਕ ਅਤੇ ਧਾਰਮਿਕ ਬੁਰਾਈਆਂ ਵਿਰੁੱਧ ਸੰਘਰਸ਼ ਕਰਕੇ ਲੋਕਾਂ ਨੂੰ ਸਿੱਧੇ ਰਾਹ ਪਾਇਆ। ਵਰਨ ਵਿਵਸਥਾ ਦੇ ਕਾਰਨ ਉਸ ਸਮੇਂ ਦੇ ਸਮਾਜ ‘ਚ ਸਮਾਨਤਾ, ਸੁਤੰਤਰਤਾ ਆਦਿ ਲੋਕਤੰਤਰੀ ਸਿਧਾਤਾਂ ਦੀ ਕੋਈ ਹੋਂਦ ਨਹੀਂ ਸੀ। ਗੁਰੂ ਨਾਨਕ ਦੇਵ ਜੀ ਨੇ ਵਰਨ ਵਿਵਸਥਾ ਦਾ ਵਿਰੋਧ ਕਰਦੇ ਹੋਏ ਧਰਤੀ ਤੇ ਜਨਮੇ ਹਰੇਕ ਮਨੁੱਖ ਦੇ ਬਰਾਬਰਤਾ ਦੀ ਗੱਲ ਤੇ ਜੋਰ ਦਿੱਤਾ ਇਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਭਾਰਤ ਵਿੱਚ ਲੋਕਤੰਤਰੀ ਸਿਧਾਤਾਂ ਦਾ ਜਨਮ ਦਾਤਾ ਕਿਹਾ ਜਾ ਸਕਦਾ ਹੈ। ਇਸੀ ਤਰ੍ਹਾ ਉਸ ਸਮੇਂ ਇਸਤਰੀ ਜਾਤੀ ਦੀ ਹੋ ਰਹੀ ਦੂਰਦਸ਼ਾ ਦੇ ਕਾਰਨ ਆਪ ਜੀ ਨੇ ਕਿਹਾ, “ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨੁ” ।
ਸ਼੍ਰੀ ਗੁਰੂ ਨਾਨਕ ਦੇਵ ਜੀ ਬਚਪਨ ਤੋਂ ਹੀ ਤੀਖਣ ਬੁੱਧੀ ਦੇ ਮਾਲਕ ਸਨ ਉਹਨਾਂ ਨੇ ਛੋਟੀ ਉਮਰੇ ਹੀ ਉਸ ਸਮੇਂ ਦੇ ਪ੍ਰਚਲਤ ਖੋਖਲੇ ਸਮਾਜਿਕ ਰੀਤੀ ਰਿਵਾਜਾਂ ਅਤੇ ਕਦਰਾਂ ਕੀਮਤਾਂ ਦੀ ਚੀਰ-ਫਾੜ ਕੀਤੀ ਅਤੇ ਸਮਾਜ ਵਿੱਚ ਪ੍ਰਚਲਤ ਸਮਾਜਿਕ, ਧਾਰਮਿਕ ਕੁਰੀਤੀਆਂ ਨੂੰ ਖਤਮ ਕਰਕੇ ਨਵੇਂ ਆਯਾਮ ਸਥਾਪਤ ਕਰਨ ਦੀ ਠਾਣੀ। ਉਹਨਾਂ ਹਰ ਮਾਮਲੇ ‘ਚ ਵਿਵੇਕ ਬੁੱਧੀ ਦੀ ਵਰਤੋਂ ਕਰਦੇ ਹੋਏ ਦਲੀਲ ਨਾਲ ਸੱਚ ਅਤੇ ਝੂਠ ਦਾ ਨਿਰਣਾ ਕੀਤਾ। ਉਹਨਾਂ ਹਿੰਦੂ ਸਮਾਜ ਵਿੱਚ ਆ ਚੁੱਕੀਆਂ ਸਮਾਜਿਕ ਬੁਰਾਈਆਂ ਅਤੇ ਅੰਧ ਵਿਸ਼ਵਾਸਾਂ ਦਾ ਪੂਰੀ ਦਿੜ੍ਰਤਾ ਨਾਲ ਵਿਰੋਧ ਕੀਤਾ। 30 ਸਾਲ ਦੀ ਉਮਰ ‘ਚ ਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਭਾਰਤ ਦੇ ਕਈ ਪ੍ਰਸਿਧ ਸਥਾਨਾਂ ਸਮੇਤ ਅਫਗਾਨਿਸਤਾਨ, ਸ਼੍ਰੀ ਲੰਕਾਂ, ਚੀਨ, ਬਰਮਾ, ਮਿਸਰ, ਅਰਬ, ਤੁਰਕੀ, ਈਰਾਨ ਆਦਿ ਦੇਸ਼ਾਂ ਵਿਦੇਸ਼ਾਂ ਦੀ ਪੈਦਲ ਯਾਤਰਾ ਕਰਦੇ ਹੋਏ ਸਾਰੇ ਮੱਤਾਂ/ਧਰਮਾਂ ਦਾ ਬਹੁਤ ਹੀ ਡੂੰਘਾਈ ਨਾਲ ਅਧਿਐਨ ਕੀਤਾ। ਸਮੇਂ ਦੇ ਨਾਲ ਇਨ੍ਹਾਂ ਮੱਤਾਂ ਨੂੰ ਮੰਨਣ ਵਾਲਿਆਂ ਵਿੱਚ ਆ ਚੁੱਕੀਆਂ ਬੁਰਾਈਆਂ ਨੂੰ ਸਿਰੇ ਤੋਂ ਨਕਾਰਦੇ ਹੋਏ ਇੱਕ ਵੱਖਰੇ ਮੱਤ ਦੀ ਸਥਾਪਨਾ ਕੀਤੀ। ਜਿਸ ਮੱਤ ਚ ਸਾਰੇ ਮੱਤਾਂ ਦੇ ਸਰਬੋਤਮ ਸਿਧਾਤਾਂ ਨੂੰ ਲਿਆ ਗਿਆ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਸ਼ੁਰੂ ਕੀਤੇ ਮੱਤ ਨੂੰ ਸਿੱਖ ਧਰਮ ਅਤੇ ਇਸ ਧਰਮ ਦੇ ਮੰਨਣ ਵਾਲਿਆਂ ਨੂੰ ਸਿੱਖ ਕਿਹਾ ਜਾਂਦਾ ਹੈ। ਉਹਨਾਂ ਨੇ ਕਿਸੇ ਵੀ ਵਿਅਕਤੀ, ਸੰਗਠਨ, ਸਮਾਜ ਜਾਂ ਕੌਮ ਦੀ ਬਰਬਾਦੀ ਦਾ ਕਾਰਨ ਉਸ ਵਿਅਕਤੀ, ਸੰਗਠਨ, ਸਮਾਜ ਜਾਂ ਕੌਮ ਵਿੱਚ ਚੰਗੇ ਗੁਣਾਂ ਦਾ ਖਾਤਮਾ ਹੋਣ ਨੂੰ ਮੰਨਿਆ ਹੈ। ਉਨ੍ਹਾਂ ਅਨੁਸਾਰ ਇੱਕ ਆਦਰਸ਼ ਮੱਤ ਜਾਂ ਵਿਚਾਰਧਾਰਾ ਦਾ ਨਿਸ਼ਾਨਾ ਆਦਰਸ਼ ਸਮਾਜਿਕ ਜੀਵਨ ਦੀ ਸਥਾਪਨਾ ਹੁੰਦਾ ਹੈ। ਜਿਸ ਨਾਲ ਇੱਕ ਸੱਭਿਆਚਾਰਕ ਜਾਂ ਕਲਿਆਣਕਾਰੀ ਸਮਾਜ ਜਾਂ ਰਾਜ ਦੀ ਸਥਾਪਨਾ ਕੀਤੀ ਜਾ ਸਕੇ। ਸ਼੍ਰੀ ਗੁਰੂ ਨਾਨਕ ਦੇਵ ਜੀ ਇੱਕ ਸਰਬਪੱਖੀ ਸਖਸ਼ੀਅਤ ਦੇ ਮਾਲਕ ਸਨ। ਉਹ ਇਕ ਉੱਚ ਕੋਟੀ ਦੇ ਮਨੋ-ਵਿਗਿਆਨੀ, ਮਹਾਨ ਸਮਾਜ ਸੁਧਾਰਕ, ਲੋਕਾਂ ਤੇ ਅੱਤਿਆਚਾਰਾਂ ਦਾ ਵਿਰੋਧ ਕਰਨ ਵਾਲੇ, ਲੋਕਤੰਤਰੀ ਸਿਧਾਤਾਂ ਦੇ ਜਨਮ ਦਾਤਾ, ਧਾਰਮਿਕ ਨੇਤਾ, ਉੱਘੇ ਵਿਦਵਾਨ, ਇੱਕ ਕ੍ਰਾਂਤੀਕਾਰੀ ਨੇਤਾ, ਵਾਤਾਵਰਨ ਪ੍ਰੇਮੀ ਅਤੇ ਵਿਸ਼ਵਭਾਈਚਾਰੇ ਦੇ ਸਿਧਾਂਤ ਨੂੰ ਮੰਨਣ ਵਾਲੇ ਸਨ। ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਦਰਸਾਈਆਂ ਗਈਆਂ ਜਾਣਕਾਰੀਆਂ ਵੱਖ-ਵੱਖ ਖੇਤਰਾਂ ਦੇ ਖੋਜਕਾਰਾਂ ਲਈ ਅੱਜ ਵੀ ਮਾਰਗਦਰਸ਼ਕ ਬਣੀਆਂ ਹੋਈਆਂ ਹਨ।ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ, “ਪਾਤਾਲਾ ਪਾਤਾਲ ਲਖ ਆਗਾਸਾ ਆਗਾਸ” । ਇਹ ਤੁੱਕ ਦੇ ਅਧਿਐਨ ਤੋਂ ਬਾਅਦ ਕਈ ਵਿਗਿਆਨੀ ਅਨੇਕਾਂ ਪਤਾਲਾਂ ਅਤੇ ਅਸਮਾਨਾਂ ਦੀ ਖੋਜ ‘ਚ ਲੱਗੇ ਹੋਏ ਹਨ। ਇਸੀ ਤਰ੍ਹਾਂ ਉਹਨਾਂ ਨੇ ਕਿਹਾ,“ਕਿਵ ਸਚਿਆਰਾ ਹੋਈਐ” ਭਾਵ ਸੱਚ ਕੀ ਹੈ ਇਸਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ। ਸਚਿਆਰਾ ਭਾਵ ਆਦਰਸ਼ਕ ਮਨੁੱਖ ਕਿਵੇਂ ਬਣਾਇਆ ਜਾ ਸਕਦਾ ਹੈ। ਉਹ ਸਮੁੱਚੇ ਸਮਾਜ ਦੇ ਦਰਦ ਨੂੰ ਅਪਣਾ ਦਰਦ ਮਹਿਸੂਸ ਕਰਦੇ ਸਨ। ਦੀਨ ਦੁਖੀਆਂ ਦੇ ਦਰਦਾਂ ਨੂੰ ਮਹਿਸੂਸ ਕਰਦੇ ਹੋਏ ਹੀ ਉਹ ਥਾਂ ਥਾਂ ਘੁੰਮਦੇ ਰਹੇ। ਉਨ੍ਹਾਂ ਦਾ ਮੁੱਢਲਾ ਧਰਮ ਨਾ ਹਿੰਦੂ ਸੀ ਤੇ ਨਾ ਹੀ ਮੁਸਲਮਾਨ ਸਗੋਂ ਮਨੁੱਖਤਾ ਸੀ। ਉਨ੍ਹਾਂ ਨੇ ਲੋਕਾਂ ਨੂੰ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦਾ ਬਹੁਤ ਹੀ ਪ੍ਰਭਾਵਸ਼ਾਲੀ ਨਾਅਰਾ ਦਿੱਤਾ।ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਦਿੱਤੇ ਫਲਸਫੇ ਨੂੰ ਕਦੇ ਵੀ ਕਿਸੇ ਇੱਕ ਧਰਮ ਨਾਲ ਜੋੜਣ ਦਾ ਭਾਵ ਉਨ੍ਹਾਂ ਦੇ ਵਿਚਾਰਾਂ ਦੇ ਘੇਰੇ ਨੂੰ ਸੰਕੀਰਨ ਕਰਨ ਸਮਾਨ ਹੋਵੇਗਾ ਕਿਉਂਕਿ ਮੂਲ ਰੂਪ ‘ਚ ਉਨ੍ਹਾਂ ਦੇ ਵਿਚਾਰ ਕਿਸੇ ਮੱਤ ਲਈ ਨਹੀਂ ਸਗੋਂ ਸਮੁੱਚੀ ਮਨੁੱਖਤਾ ਲਈ ਹਨ ਤਾਂ ਕੇ ਸਮੁੱਚੀ ਮਨੁੱਖਤਾ ਦਾ ਕਲਿਆਣ ਹੋ ਸਕੇ। ਗੁਰੂ ਜੀ ਰਾਇ ਬੁਲਾਰ (ਇੱਕ ਭੱਟੀ ਰਾਜਪੂਤ ਮੁਸਲਮਾਨ ਜਿਸ ਦੀ ਸਰਦਾਰੀ ‘ਚ ਤਲਵੰਡੀ ਦਾ ਸਾਰਾ ਇਲਾਕਾ ਸੀ) ਨੂੰ ਆਪਣੇ ਪਿਤਾ ਸਮਾਨ ਸਮਝਦੇ ਸਨ। ਉਨ੍ਹਾਂ ਨੇ ਹੀ ਨਨਕਾਣਾ ਸਾਹਿਬ ਦੀ 750 ਮੁਰੱਬੇ ਜਮੀਨ ਗੁਰੂ ਜੀ ਨੂੰ ਭੇਟ ਕਰ ਦਿੱਤੀ ਸੀ। ਗੁਰੂ ਜੀ ਨੇ ਆਪਣੇ ਸਮੁੱਚੇ ਜੀਵਨ ‘ਚ ਕਦੇ ਵੀ ਪੂਰਨ ਰੂਪ ‘ਚ ਕਿਸੇ ਵੀ ਮੱਤ ਦੀ ਵਿਰੋਧਤਾ ਨਹੀਂ ਕੀਤੀ ਸਗੋਂ ਵੱਖ-ਵੱਖ ਮੱਤਾਂ ‘ਚ ਸਮੇਂ ਦੇ ਨਾਲ ਪ੍ਰਵੇਸ਼ ਕੀਤੇ ਕਰਮ-ਕਾਂਡਾ ਅਤੇ ਅੰਧ ਵਿਸ਼ਵਾਸ਼ਾਂ ਦੀ ਵਿਰੋਧਤਾ ਕੀਤੀ ਸੀ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ‘ਚ ਕਿਸੇ ਵੀ ਸਥਾਨ ਤੇ ਆਸਤਕ ਨਾਸਤਕ ਦਾ ਬਖੇੜਾ ਖੜ੍ਹਾ ਕਰਨ ਦਾ ਯਤਨ ਨਹੀਂ ਕੀਤਾ ਸਗੋਂ ਕਰਮਾਂ ਦੇ ਆਧਾਰ ਤੇ ਮਨਮੁੱਖ ਅਤੇ ਗੁਰਮੁੱਖ ਮਨੁੱਖ ਦਾ ਜ਼ਿਕਰ ਕੀਤਾ ਹੈ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਮਨੁੱਖੀ ਸਮਾਜ ‘ਚ ਫੈਲੀ ਧਾਰਮਕ ਕੱਟੜਤਾ, ਵਰਨ ਵੰਡ, ਜਾਤ-ਪਾਤ, ਊਚ-ਨੀਚ, ਮੂਰਤੀ ਪੂਜਾ, ਅੰਧਵਿਸ਼ਵਾਸ਼ਾਂ ਦਾ ਖਾਤਮਾ ਕਰਨ ਲਈ ਇੱਕ ਨਵਾਂ ਨਰੋਆ ਸਰਵ ਸਾਂਝਾ ਹਰ ਪੱਖ ਤੋਂ ਸਮਾਨਤਾ ਦੇ ਸਿਧਾਂਤ ਤੇ ਅਧਾਰਤ, ਭਾਈਚਾਰਕ ਸਾਂਝ, ਪ੍ਰੇਮ ਅਤੇ ਸਦਭਾਵਨਾ ਨਾਲ ਲਬਰੇਜ਼ ਆਦਰਸ਼ ਸਮਾਜ ਸਿਰਜਨ ਦੇ ਨਜਰੀਏ ਨਾਲ ਪੂਰੀ ਦੁਨੀਆਂ ਦਾ ਦੌਰਾ ਕੀਤਾ ਅਤੇ ਥਾਂ-ਥਾਂ ਜਾ ਕੇ ਆਪਣੇ ਮਨੋਰਥ ਨੂੰ ਲੋਕਾਂ ਸਾਹਮਣੇ ਰੱਖਿਆ। ਜਿਸ ਨੂੰ ਲੋਕਾਂ ਦਾ ਭਰਵਾਂ ਹੁੰਗਾਰਾਂ ਮਿਲਿਆ। ਆਮ ਲੋਕਾਂ ਤੋਂ ਇਲਾਵਾ ਕੁਝ ਲੁਟੇਰੀ ਜਮਾਤ ਦੇ ਲੋਕ ਵੀ ਗੁਰੂ ਜੀ ਦੀ ਸਖਸ਼ੀਅਤ ਤੋਂ ਪ੍ਰਭਾਵਤ ਹੋ ਕੇ ਗੁਰੂ ਜੀ ਦੇ ਸਿੱਖ ਬਣ ਗਏ। ਕੁਝ ਨਾ ਸਮਝ ਲੋਕਾਂ ਨੇ ਗੁਰੂ ਜੀ ਦੀ ਸੋਚ ਦੇ ਸੂਰਜ ਨੂੰ ਹਨੇਰੇ ਨਾਲ ਢੱਕਣ ਲਈ ਪੂਰੀ ਵਾਹ ਲਾਈ ਪਰ ਉਨ੍ਹਾਂ ਦੀ ਸੱਚੀ-ਸੁੱਚੀ ਸੋਚ ਦਾ ਸੂਰਜ ਹਨੇਰੇ ਅਤੇ ਧੁੰਦਾਂ ਨੂੰ ਪਾੜਦਾ ਹੋਇਆ ਆਪਣਾ ਚਾਨਣ ਬਖੇਰਦਾ ਰਿਹਾ। ਗੁਰੂ ਜੀ ਇੱਕ ਮਹਾਨ ਸੂਰਬੀਰ ਅਤੇ ਇਨਕਲਾਬੀ ਸਖਸ਼ੀਅਤ ਵੀ ਸਨ। ਉਨ੍ਹਾਂ ਨੇ ਆਪਣੀ ਕਲਮ ਰੂਪੀ ਤਲਵਾਰ ਨਾਲ ਬਾਬਰ ਦੇ ਜੁਲਮਾਂ ਦਾ ਡਟ ਕੇ ਮੁਕਾਬਲਾ ਕੀਤਾ। ਉਨ੍ਹਾਂ ਰਾਜਿਆਂ ਨੂੰ ਖੂੰ-ਖਾਰ ਸ਼ੇਰ ਅਤੇ ਵਜ਼ੀਰਾਂ ਆਦਿ ਨੂੰ ਬਹੁਤ ਹੀ ਦਲੇਰੀ ਨਾਲ ਕੁੱਤੇ ਕਹਿ ਕੇ ਸੰਬੋਧਨ ਕੀਤਾ। ਆਪ ਨੇ ਅਨੇਕਾਂ ਅਹੰਕਾਰੀ ਬ੍ਰਹਾਮਣਾਂ, ਮੌਲਵੀਆਂ, ਅਖੌਤੀ ਸਾਧੂਆਂ ਦਾ ਪਰਦਾ ਫਾਸ ਕੀਤਾ।ਸ਼੍ਰੀ ਗੁਰੂ ਨਾਨਕ ਦੇਵ ਜੀ ਹਮੇਸ਼ਾ ਅਹਿੰਸਾਂ ਦੇ ਪੱਖ ‘ਚ ਰਹੇ ਸਨ ਤੇ ਹਿੰਸਾ ਦਾ ਵਿਰੋਧ ‘ਚ ਖੜਦੇ ਸਨ ਪਰ ਉਨ੍ਹਾਂ ਦਾ ਵਿਚਾਰ ਸੀ ਕਿ ਅਹਿੰਸਾਂ ਦੀ ਰਾਖੀ ਲਈ ਹਿੰਸਾਂ ਦੀ ਵਰਤੋਂ ਕਰਨਾ ਪਾਪ ਨਹੀਂ ਹੁੰਦਾ। ਅੰਤ ਇਹ ਮਹਾਨ ਰੂਹ 1539 ਈਂ ‘ਚ ਦੁਨੀਆਂ ਤੋਂ ਰੁਖਸਤ ਹੋ ਗਈ। ਇਸ ਮਹਾਨ ਰੂਹ ਦੇ ਵਿਛੜਣ ਤੋਂ ਬਾਅਦ ਅੱਜ ਫਿਰ ਮਨੁੱਖਤਾ ਦੇ ਕਰਮ ਬਹੁਤ ਹੇਠਲੇ ਦਰਜੇ ਤੇ ਆ ਗਏ ਹਨ। ਇਸ ਕਾਰਨ ਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਸਮੇਂ ਦਾ ਭਾਰਤੀ ਸਮਾਜ, ਅਜੋਕੇ ਭਾਰਤੀ ਸਮਾਜ ਨਾਲੋਂ ਕੋਈ ਬਹੁਤਾ ਵੱਖਰਾ ਨਜ਼ਰ ਨਹੀਂ ਆ ਰਿਹਾ। ਅੱਜ ਦਾ ਸਮਾਜ ਵੀ ਉਸ ਸਮੇਂ ਦੇ ਸਮਾਜ ਦੀ ਤਰ੍ਹਾਂ ਧਰਮਾਂ, ਜਾਤਾਂ, ਗੋਤਾਂ ਆਦਿ ਵਿੱਚ ਵੰਡਿਆਂ ਹੋਇਆ ਸਪੱਸ਼ਟ ਰੂਪ ‘ਚ ਦਿਖਾਈ ਦੇ ਰਿਹਾ ਹੈ। ਅੱਜ ਵੀ ਉਸ ਸਮੇਂ ਦੇ ਬਾਦਸ਼ਾਹਾਂ ਦੀ ਤਰ੍ਹਾਂ ਹੀ ਘੱਟ ਗਿਣਤੀਆਂ ਅਤੇ ਮਜ਼ਲੂਮਾਂ ਲਚਾਰਾ ਤੇ ਰਾਜਨੀਤਿਕ ਸ਼ਕਤੀ ਪ੍ਰਾਪਤ ਲੋਕਾਂ ਦੁਆਰਾ ਸੱਤਾ ਦੇ ਨਸ਼ੇ ‘ਚ ਜੁਲਮ ਕੀਤੇ ਜਾ ਰਹੇ ਹਨ। ਇਸ ਤਰ੍ਹਾਂ ਦੀ ਅਵਸਥਾ ਦੇਖ ਕੇ ਹੀ ਗੁਰੂ ਜੀ ਨੇ ਰੱਬ ਨਾਲ ਗਿਲ੍ਹਾ ਕਰਦੇ ਹੋਏ ਕਿਹਾ ਸੀ, “ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ”। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਮੂਰਤੀ ਪੂਜਾ ਨੂੰ ਸਿਰੇ ਤੋਂ ਨਕਾਰਿਆ ਸੀ ਪਰ ਅਫਸੋਸ ਅੱਜ ਸਿੱਖ ਧਰਮ ਨੂੰ ਮੰਨਣ ਵਾਲੇ ਭਾਵ ਗੁਰੂ ਦੇ ਸਿੱਖਾਂ ਦੀ ਬਹੁ-ਗਿਣਤੀ ਜਾਣੇ-ਅਨਜਾਣੇ ‘ਚ ਹੌਲੀ ਹੌਲੀ ਮੂਰਤੀ ਪੂਜਾ ਅਤੇ ਹੋਰ ਕਰਮ ਕਾਂਡਾ ਵੱਲ ਅੱਗੇ ਵੱਧ ਰਹੀ ਹੈ। ਜੋ ਕਿ ਸਿੱਖੀ ਪਰੰਪਰਵਾਂ ਦੇ ਬਿਲਕੁੱਲ ਉਲਟ ਹੈ।
ਭਾਵੇਂ ਕਿ ਅੱਜ ਪੂਰੇ ਵਿਸ਼ਵ ‘ਚ ਵਸਦੇ ਸਿੱਖਾਂ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਦੇ 550 ਸਾਲ ਪੂਰੇ ਹੋਣ ਤੇ 550 ਸਾਲਾਂ ਮਨਾਉਣ ਦੀਆਂ ਤਿਆਰੀਆਂ ਪੂਰੇ ਜੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ। ਪਰ ਅਫਸੋਸ ਜਿਸ ਸਮਾਜ ਦੀ ਸਿਰਜਨਾ ਕਰਨ ‘ਚ ਉਨ੍ਹਾਂ ਆਪਣੀ ਸਮੁੱਚੀ ਜਿੰਦਗੀ ਮਨੁੱਖਤਾ ਲਈ ਅਰਪਣ ਕਰ ਦਿੱਤੀ ਸੀ। ਉਸ ਸਮਾਜ ਤੋਂ ਅਜੋਕਾ ਸਿੱਖ ਕੋਹਾ ਦੂਰ ਜਾਂਦਾ ਜਾਪ ਰਿਹਾ। ਜਿਸ ਨੂੰ ਚੰਗਾਂ ਸੰਕੇਤ ਨਹੀਂ ਮੰਨਿਆ ਜਾ ਸਕਦਾ। ਸੋ ਲੋੜ ਅੱਜ ਇਸ ਗੱਲ ਦੀ ਹੈ ਕਿ ਸੰਸਾਰ ਦੇ ਕਿਸੇ ਵੀ ਕੋਨੇ ‘ਚ ਵਸਦਾ ਕੋਈ ਵੀ ਲੋਕ ਪੱਖੀ ਵਿਅਕਤੀ, ਸਮੂਹ ਜਾਂ ਸੰਗਠਨ, ਸਮਾਜ ਜਾਂ ਦੇਸ਼ ਇਸ ਮਹਾਨ ਮਾਨਵਤਾਵਾਦੀ, ਇਨਕਲਾਬੀ ਮਹਾਂ-ਪੁਰਸ਼ ਪ੍ਰਤੀ ਸੱਚੇ ਮਨੋਂ ਆਪਣੀ ਸ਼ਰਧਾ ਜਾਂ ਸਤਿਕਾਰ ਦਾ ਇਜ਼ਹਾਰ ਕਰਨਾ ਚਾਹੁੰਦਾ ਹੈ ਤਾਂ ਜਰੂਰੀ ਹੈ ਕਿ ਉਨ੍ਹਾਂ ਵੱਲੋਂ ਦਰਸਾਏ ਰਾਹ ਦਾ ਪਾਂਧੀ ਬਣੇ। ਭ੍ਰਿਸ਼ਟਾਚਾਰੀ ਹਾਕਮਾਂ ਅਤੇ ਧਾਰਮਿਕ ਅਦਾਰਿਆਂ ‘ਚ ਭੋਲੀ-ਭਾਲੀ ਜਨਤਾ ਨੂੰ ਅੰਧ ਵਿਸ਼ਵਾਸ਼ਾਂ ਵਿੱਚ ਫਸਾ ਕੇ ਉਨ੍ਹਾਂ ਦੀ ਕਿਰਤ ਕਮਾਈ ਨੂੰ ਠੱਗਣ ਵਾਲੇ ਲੋਕਾਂ ਦਾ ਵਿਰੋਧ ਕੀਤਾ ਜਾਵੇ।ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਜਨਮ ਮਨਾਉਣਾ ਤਾਂ ਹੀ ਸਾਰਥਕ ਹੋਵੇਗਾ ਜੇ ਅਸੀਂ ਭਾਈ ਲਾਲੋ ਵਰਗੇ ਲੋਕਾਂ ਦਾ ਸਾਥ ਦੇਵਾਗੇ ਅਤੇ ਮਲਿਕ ਭਾਗੋ ਵਰਗੇ ਲੋਕਾਂ ਦੇ ਨਿਜ਼ਾਮ ਨੂੰ ਜੜ੍ਹ ਤੋਂ ਉਖਾੜਣ ਲਈ ਮੋਢੇ ਨਾਲ ਮੋਢਾ ਲਾ ਕੇ ਅੱਗੇ ਵਧਾਗੇ। ਇੱਥੇ ਮੈ ਇਹ ਗੱਲ ਜਰੂਰ ਕਹਾਂਗਾ ਕਿ 550ਵਾਂ ਪ੍ਰਕਾਸ਼ ਪੁਰਬ ਮਨਾਉਣ ਲਈ ਸਭ ਨੂੰ ਜਾਤ, ਧਰਮ, ਰਾਜਨੀਤਿਕ ਅਤੇ ਨਿੱਜੀ ਹਿੱਤਾਂ, ਵੋਟ ਰਾਜਨੀਤੀ ਤੋਂ ਉੱਪਰ ਉੱਠ ਕੇ ਸਾਂਝੇ ਰੂਪ ‘ਚ ਯਤਨ ਕਰਨੇ ਚਾਹੀਦੇ ਹਨ ਤਾਂ ਕਿ ਗੁਰੂ ਜੀ ਦੀ ਵਿਚਾਰਧਾਰਾ ਨੂੰ ਸਮੁੱਚੀ ਦੁਨੀਆਂ ਤੱਕ ਪਹੁੰਚਾਇਆ ਜਾ ਸਕੇ।