ਮਹਿਤਾ / ਅੰਮ੍ਰਿਤਸਰ – ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਸ਼੍ਰੋਮਣੀ ਕਮੇਟੀ ਦੇ ਮੁੜ ਤੀਜੇ ਵਾਰ ਪ੍ਰਧਾਨ ਚੁਣੇ ਜਾਣ ‘ਤੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਵਧਾਈ ਦਿਤੀ ਹੈ ਅਤੇ ਸਰਬ ਸੰਮਤੀ ਨਾਲ ਭਾਈ ਰਜਿੰਦਰ ਸਿੰਘ ਮਹਿਤਾ ਨੂੰ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ, ਭਾਈ ਗੁਰਬਖ਼ਸ਼ ਸਿੰਘ ਨਵਾਂਸ਼ਹਿਰ ਨੂੰ ਜੂਨੀਅਰ ਮੀਤ ਪ੍ਰਧਾਨ ਅਤੇ ਹਰਜਿੰਦਰ ਸਿੰਘ ਧਾਮੀ ਨੂੰ ਜਨਰਲ ਸਕੱਤਰ ਤੋਂ ਇਲਾਵਾ ਹੋਰਨਾਂ 11 ਪੰਥਕ ਸ਼ਖ਼ਸੀਅਤਾਂ ਨੂੰ ਸ਼੍ਰੋਮਣੀ ਕਮੇਟੀ ਵਿਚ ਅੰਤਿ੍ਰੰਗ ਕਮੇਟੀ ਮੈਂਬਰ ਵਜੋਂ ਅਹਿਮ ਸੇਵਾਵਾਂ ਸੌਂਪੀਆਂ ਜਾਣ ‘ਤੇ ਖ਼ੁਸ਼ੀ ਦਾ ਇਜ਼ਹਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਈ ਲੌਂਗੋਵਾਲ ਅਤੇ ਉਕਤ ਟੀਮ ਨੂੰ ਪੰਥਕ ਸੇਵਾਵਾਂ ਬਦਲੇ ਕੌਮ ਨੇ ਇਹ ਮਾਣ ਦਿਤਾ ਹੈ। ਉਨ੍ਹਾਂ ਕਿਹਾ ਕਿ ਕੌਮ ਨੂੰ ਭਾਈ ਲੌਂਗੋਵਾਲ ਅਤੇ ਉਕਤ ਟੀਮ ਤੋਂ ਬਹੁਤ ਵਡੀਆਂ ਆਸਾਂ ਹਨ ਅਤੇ ਇਹ ਟੀਮ ਪੰਥ ‘ਚ ਆਈ ਨਿਘਾਰ ਨੂੰ ਦੂਰ ਕਰਦਿਆਂ ਪੰਥਕ ਮਾਮਲਿਆਂ ਨੂੰ ਸਹੀ ਦਿਸ਼ਾ ਵਿਚ ਵਾਚਣ, ਹੱਲ ਕਰਨ ਤੋਂ ਇਲਾਵਾ ਕੌਮ ਦੀ ਸੇਵਾ ਨੂੰ ਪਹਿਲਾਂ ਨਾਲੋਂ ਵੱਧ ਸਮਰਪਿਤ ਅਤੇ ਤਰਜੀਹ ਦੇਵੇਗੀ। ਇਸ ਮੌਕੇ ਭਾਈ ਲੌਂਗੋਵਾਲ ਦੀ ਪ੍ਰਧਾਨਗੀ ਦਾ ਸਵਾਗਤ ਕਰਨ ਵਾਲਿਆਂ ਵਿਚ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਭਾਈ ਜਸਬੀਰ ਸਿੰਘ ਖ਼ਾਲਸਾ, ਭਾਈ ਅਜੈਬ ਸਿੰਘ ਅਭਿਆਸੀ, ਗਿਆਨੀ ਜੀਵਾ ਸਿੰਘ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਸੰਤ ਚਰਨਜੀਤ ਸਿੰਘ ਜੱਸੋਵਾਲ, ਗਿਆਨੀ ਪਲਵਿੰਦਰਪਾਲ ਸਿੰਘ ਬੁੱਟਰ ਅਤੇ ਪ੍ਰੋ: ਸਰਚਾਂਦ ਸਿੰਘ ਵੀ ਸ਼ਾਮਿਲ ਹਨ।