ਅਦਾਵਤ ਹੀ ਅਦਾਵਤ ਹੈ ਸ਼ਰਾਫਤ ਹੈ ਨਹੀਂ ਕੋਈ ,
ਕਿ ਨਫ਼ਰਤ ਤਾਂ ਰਹੀ ਨਫ਼ਰਤ ਮੁਹੱਬਤ ਹੈ ਨਹੀਂ ਕੋਈ ।
ਲੱਗਣ ਹੋਏ ਧੁੱਪਾਂ ਅੰਦਰ ਤੇਰੇ ਇਹ ਵਾਲ ਨੇ ਚਿੱਟੇ,
ਉਮਰ ਹੀ ਹੈ ਨਹੀਂ ਕੁਝ ਹੋਰ ਸਿਆਣਪ ਹੈ ਨਹੀਂ ਕੋਈ ।
ਕਿਵੇਂ ਕਰਨਾ ਹੁੰਦਾ ਆਦਰ ਕਿਸੇ ਨੇ ਵੀ ਸਿਖਾਇਆ ਨਾ ,
ਤੇਰੇ ਵਿਚ ਤਾਂ ਜਵਾਨਾ ਵੇ ਲਿਆਕਤ ਹੈ ਨਹੀਂ ਕੋਈ ।
ਗਵਾਂਢੀ ਮੁਲਕ ਦਾ ਕੰਮ ਇਹ ਜਦੋਂ ਆਖੇਂ ਇਹੀ ਆਖੇਂ ,
ਕਿਵੇਂ ਆਖਾਂ ਭਲਾ ਹੁਣ ਮੈਂ ਸਿਆਸਤ ਹੈ ਨਹੀਂ ਕੋਈ ।
ਕਰੀ ਕੁਝ ਤਾਂ ਰਹਿਮ ਹੁਣ ਜੀ ਜ਼ਰਾ ਛੱਡ ਐਸ਼ ਪਰਸਤੀ ਨੂੰ,
ਹੈ ਜਨਤਕ ਸਭ ਤੁਹਾਡੀ ਤਾਂ ਇਹ ਰਿਆਸਤ ਹੈ ਨਹੀਂ ਕੋਈ ।
ਹਲੇ ਵੀ ਉਹ ਰਹੇ ਘਲਦਾ ਸੁਨੇਹੇ ਹੀ ਮੇਰੇ ਨਾ ਤੇ,
ਕਿਵੇਂ ਆਖਾਂ ਰਹੀ ਉਸਨੂੰ ਹੀ ਉਲਫ਼ਤ ਹੈ ਨਹੀਂ ਕੋਈ ।
ਜ਼ਰਾ ਬਚਕੇ ਰਹੀਂ ਸੁਣ ਤੂੰ ਦਿਲਾਂ ਦੇ ਇਸ ਝਮੇਲੇ ਤੋਂ,
ਸਜ਼ਾ ਨੈਣਾਂ ਦੇ ਖੇਲੇ ਦੀ ਜ਼ਮਾਨਤ ਹੈ ਨਹੀਂ ਕੋਈ ।
ਬਦਲਣਾ ਹੈ ਤੇਰੇ ਸਚ ਨੂੰ ਸਿਰੇ ਦੇ ਝੂਠ ਦੇ ਅੰਦਰ,
ਜੋ ਜਿੱਤ ਜਾਵੇ ਮੇਰੇ ਕੋਲੋਂ ਵਕਾਲਤ ਹੈ ਨਹੀਂ ਕੋਈ ।