ਸੰਗਰੂਰ ਦੇ ਲਾਗਲੇ ਪਿੰਡ ਬਡਰੁੱਖਾਂ ਦੀ ਪਿਛਲੇ ਦਿਨੀਂ ਅਖ਼ਬਾਰਾਂ ਵਿੱਚ 16 ਨੌਜਵਾਨਾਂ ਦੇ ਐੱਚ.ਆਈ.ਵੀ. ਰੀਐਕਟਿਵ ਸੰਬੰਧੀ ਛਪੀ ਖ਼ਬਰ ਨੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਜਿਸਦਾ ਮੁੱਖ ਕਾਰਨ ਨਸ਼ੇ ਦੇ ਟੀਕਿਆਂ ਲਈ ਸਾਂਝੀਆਂ ਸੂਈਆਂ ਸਰਿੰਜਾਂ ਦੀ ਵਰਤੋਂ ਕਰਨਾ ਸੀ। ਪੰਜਾਬ ਰਾਜ ਏਡਜ਼ ਕੰਟਰੋਲ ਸੋਸਾਇਟੀ, ਚੰਡੀਗੜ੍ਹ ਦੇ ਅਧਿਕਾਰਿਕ ਅੰਕੜਿਆਂ ਅਨੁਸਾਰ ਪੰਜਾਬ ਵਿੱਚ 1993 ਤੋ ਅਕੂਤਬਰ 2019 ਤੱਕ ਕੁੱਲ 78589 ਮਾਮਲੇ ਐੱਚ.ਆਈ.ਵੀ. ਦੇ ਰਿਕਾਰਡ ਹੋਏ ਹਨ ਅਤੇ ਜਿਸ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸਭ ਤੋਂ ਜ਼ਿਆਦਾ 16848 ਰੀਐਕਟਿਵ ਭਾਵ ਪੌਜ਼ੀਟਿਵ ਕੇਸ ਹਨ। ਮਾਹਿਰਾਂ ਅਨੁਸਾਰ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਐਨੇ ਰੀਐਕਟਿਵ ਕੇਸਾਂ ਪਿੱਛੇ ਨਸ਼ੇ ਲਈ ਸਾਂਝੀਆਂ ਸੂਈਆਂ ਸਰਿੰਜਾਂ ਦੀ ਵਰਤੋਂ ਕਰਨਾ ਹੀ ਹੈ।
ਦੁਨੀਆਂ ਵਿੱਚੋਂ ਐੱਚ.ਆਈ.ਵੀ. ਪੀੜਤਾਂ ਦੀ ਗਿਣਤੀ ਵਿੱਚ ਭਾਰਤ ਦੱਖਣੀ ਅਫਰੀਕਾ ਅਤੇ ਨਾਈਜੀਰੀਆ ਤੋਂ ਬਾਅਦ ਤੀਜੇ ਸਥਾਨ ਤੇ ਹੈ। ਭਾਰਤ ਵਿੱਚ ਤਕਰੀਬਨ 21.40 ਲੱਖ ਤੋਂ ਅਧਿਕ ਲੋਕ ਐੱਚ.ਆਈ.ਵੀ. ਪੀੜਤ ਹਨ। ਏਡਜ਼ ਸੰਬੰਧੀ ਜਨ ਜਾਗਰੂਕਤਾ ਲਈ ਬਹੁਤ ਉਪਰਾਲੇ ਕੀਤੇ ਜਾ ਰਹੇ ਹਨ। ਦੇਸ਼ ਦੇ ਵੱਖੋ ਵੱਖਰੇ ਖੇਤਰਾਂ ਵਿੱਚ ਏਡਜ਼ ਸੰਬੰਧੀ ਜਾਗਰੂਕਤਾ ਲਈ 1 ਦਸੰਬਰ 2007 ਨੂੰ ਰੈੱਡ ਰਿਬਨ ਟ੍ਰੇਨ ਵੀ ਚਲਾਈ ਗਈ ਅਤੇ ਦੂਰਦਰਸ਼ਨ ਤੇ ਲੜੀਵਾਰ ਜਾਸੂਸ ਵਿਜੇ ਵੀ ਏਡਜ਼ ਸੰਬੰਧੀ ਜਾਗਰੂਕਤਾ ਲਈ ਪ੍ਰਸਾਰਿਤ ਹੁੰਦਾ ਰਿਹਾ ਹੈ।
ਸੰਸਾਰ ਭਰ ਵਿੱਚ ਇੱਕ ਦਸੰਬਰ, ਲੋਕਾਂ ਨੂੰ ਏਡਜ਼ ਦੀ ਜਾਣਕਾਰੀ ਅਤੇ ਪੀੜਤਾਂ ਪ੍ਰਤੀ ਸਕਾਰਾਤਮਕ ਰਵੱਈਆ ਅਪਣਾਉਣ ਸੰਬੰਧੀ ਜਾਗਰੂਕ ਕਰਨ ਦੇ ਮੰਤਵ ਨਾਲ ਵਿਸ਼ਵ ਏਡਜ਼ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਵਿਸ਼ਵ ਏਡਜ਼ ਦਿਵਸ ਦੀ ਸ਼ੁਰੂਆਤ 1 ਦਸੰਬਰ 1988 ਤੋਂ ਹੋਈ ਜਿਸਦਾ ਮੰਤਵ ਐੱਚ.ਆਈ.ਵੀ. ਏਡਜ਼ ਤੋਂ ਗ੍ਰਸਤ ਲੋਕਾਂ ਦੀ ਮੱਦਦ ਕਰਨ ਲਈ ਧਨ ਜੁਟਾਉਣ, ਲੋਕਾਂ ਨੂੰ ਏਡਜ਼ ਸੰਬੰਧੀ ਜਾਗਰੂਕ ਕਰਨ ਅਤੇ ਏਡਜ਼ ਨਾਲ ਜੁੜੇ ਮਿੱਥ ਨੂੰ ਦੂਰ ਕਰਕੇ ਲੋਕਾਂ ਨੂੰ ਸਿੱਖਿਅਤ ਕਰਨਾ ਸ਼ਾਮਲ ਸੀ। ਇਸ ਰੋਗ ਨੂੰ ਪਹਿਲੀ ਬਾਰ 1981 ਵਿੱਚ ਮਾਨਤਾ ਮਿਲੀ ਅਤੇ ਇਹ ਏਡਜ਼ ਦੇ ਨਾਮ ਨਾਲ ਪਹਿਲੀ ਵਾਰ 27 ਜੁਲਾਈ 1982 ਨੂੰ ਜਾਣਿਆ ਗਿਆ। ਵਿਸ਼ਵ ਏਡਜ਼ ਦਿਵਸ ਸੰਬੰਧੀ ਪਹਿਲੀ ਵਾਰ ਕਲਪਨਾ 1987 ਵਿੱਚ ਅਗਸਤ ਮਹੀਨੇ ਵਿੱਚ ਥਾਮਸ ਨੇੱਟਰ ਅਤੇ ਜੇਮਜ਼ ਡਬਲਿਯੂ ਬੰਨ ਦੁਆਰਾ ਕੀਤੀ ਗਈ। ਇਹ ਦੋਨੋਂ ਵਿਸ਼ਵ ਸਿਹਤ ਸੰਗਠਨ-ਜਿਨੇਵਾ ਦੇ ਏਡਜ਼ ਗਲੋਬਲ ਪ੍ਰੋਗਰਾਮ ਦੇ ਲਈ ਸਰਵਜਨਿਕ ਸੂਚਨਾ ਅਧਿਕਾਰੀ ਸੀ। ਉਹਨਾਂ ਨੇ ਏਡਜ਼ ਦਿਵਸ ਦਾ ਆਪਣਾ ਵਿਚਾਰ ਡਾ. ਜਾਨ ਨਾਥਨ ਮੰਨ (ਏਡਜ਼ ਗਲੋਬਲ ਪ੍ਰੋਗਰਾਮ ਨਿਦੇਸ਼ਕ) ਨਾਲ ਸਾਂਝਾ ਕੀਤਾ ਜਿਹਨਾਂ ਨੇ ਇਸ ਵਿਚਾਰ ਨੂੰ ਮਨਜੂਰੀ ਦੇ ਦਿੱਤੀ ਅਤੇ ਸਾਲ 1988 ਵਿੱਚ 1 ਦਸੰਬਰ ਨੂੰ ਵਿਸ਼ਵ ਏਡਜ਼ ਦਿਵਸ ਦੇ ਰੂਪ ਵਿੱਚ ਮਨਾਉਣਾ ਸ਼ੂਰੁ ਕਰ ਦਿੱਤਾ। ਐੱਚ.ਆਈ.ਵੀ. ਏਡਜ਼ ਦਾ ਅੰਤਰ ਰਾਸ਼ਟਰੀ ਨਿਸ਼ਾਨ ਲਾਲ ਰਿਬਨ ਹੈ ਜੋ ਕਿ 1991 ਵਿੱਚ ਅਪਣਾਇਆ ਗਿਆ। ਸਾਲ 2019 ਦੇ ਵਿਸ਼ਵ ਏਡਜ਼ ਦਿਵਸ ਦਾ ਵਿਸ਼ਾ ਹੈ “ ਕਮਿਊਨਿਟੀ ਫ਼ਰਕ ਲਿਆਉਂਦੀ ਹੈ (ਛੋਮਮੁਨਟਿਇਸ ਮੳਕੲ ਟਹੲ ਦਡਿਡੲਰੲਨਚੲ)”
ਏਡਜ਼ (ਐਕੂਆਇਰਡ ਇਮਿਊਨੋ ਡੈਫੀਸੀਐਂਸੀ ਸਿੰਡ੍ਰੋਮ) ਐੱਚ.ਆਈ.ਵੀ. (ਹਿਊਮਨ ਇਮਿਊਨੋ ਡੈਫੀਸੀਐਂਸੀ ਵਾਇਰਸ) ਸੰਕ੍ਰਮਣ ਦੇ ਕਾਰਨ ਹੋਣ ਵਾਲੀ ਬਿਮਾਰੀ ਹੈ। ਇਹ ਵਾਇਰਸ ਵਿਅਕਤੀ ਦੀ ਪ੍ਰਤੀਰੋਧੀ ਭਾਵ ਰੋਗਾਂ ਨਾਲ ਲੜਨ ਦੀ ਸਮੱਰਥਾ ਨੂੰ ਕਮਜ਼ੋਰ ਕਰ ਦਿੰਦਾ ਹੈ ਅਤੇ ਅੱਗੇ ਚੱਲ ਕੇ ਏਡਜ਼ ਦਾ ਕਾਰਨ ਬਣਦਾ ਹੈ। ਪਰੰਤੂ ਇਹ ਜ਼ਰੂਰੀ ਨਹੀਂ ਕਿ ਐੱਚ.ਆਈ.ਵੀ. ਨਾਲ ਗ੍ਰਸਤ ਵਿਅਕਤੀ ਨੂੰ ਏਡਜ਼ ਹੋਵੇ। ਆਮ ਤੌਰ ਤੇ ਐੱਚ.ਆਈ.ਵੀ. ਗ੍ਰਸਤ ਵਿਅਕਤੀ ਵਿੱਚ 8 ਤੋਂ 10 ਸਾਲ ਜਾਂ ਇਸ ਤੋਂ ਜ਼ਿਆਦਾ ਸਮੇਂ ਬਾਅਦ ਹੀ ਏਡਜ਼ ਹੋਣ ਦੇ ਲੱਛਣ ਦਿਖਣੇ ਸ਼ੁਰੂ ਹੁੰਦੇ ਹਨ। ਇਸ ਦੌਰਾਨ ਐੱਚ.ਆਈ.ਵੀ. ਪੀੜਤ ਵਿਅਕਤੀ ਸਿਹਤਮੰਦ ਨਜ਼ਰ ਆਉਂਦਾ ਹੈ। ਏਡਜ਼ ਇੱਕ ਅਵਸਥਾ ਹੈ। ਏਡਜ਼ ਪੀੜਤ ਦਾ ਵਜ਼ਨ ਅਚਾਨਕ ਘੱਟ ਹੋਣ ਲੱਗਦਾ ਹੈ, ਲੰਬੇ ਸਮੇਂ ਤੱਕ ਬੁਖਾਰ ਦੀ ਸ਼ਿਕਾਇਤ, ਚਮੜੀ ਦੇ ਗੁਲਾਬੀ ਰੰਗ ਦੇ ਧੱਬੇ, ਸਰੀਰ ਤੇ ਦਾਣੇ ਨਿਕਲ ਆਉਣਾ, ਯਾਦਦਾਸ਼ਤ ਕਮਜ਼ੋਰ ਹੋਣਾ, ਰਾਤ ਨੂੰ ਸੌਂਦੇ ਸਮੇਂ ਪਸੀਨਾ ਆਉਣਾ ਅਤੇ ਨਾੜਾਂ ਵਿੱਚ ਸੋਜ ਆਦਿ ਵੀ ਹੋ ਸਕਦੀ ਹੈ।
ਏਡਜ਼ ਸੰਬੰਧਤ ਜਾਂਚਾ ਵਿੱਚ ਐਲੀਸਾ ਟੈਸਟ, ਵੈਸਟਰਨ ਬਲਾਟ ਟੈਸਟ, ਐੱਚ.ਆਈ.ਵੀ. ਪੀ 24 ਐਂਟੀਜੇਨ (ਪੀ.ਸੀ.ਆਰ.), ਸੀਡੀ 4 ਕਾਊਂਟ ਆਦਿ ਹਨ। ਸਾਰੇ ਜ਼ਿਲ੍ਹਾ ਹਸਪਤਾਲਾਂ, ਸਬ ਡਵੀਜ਼ਨਲ ਹਸਪਤਾਲਾਂ, ਮੈਡੀਕਲ ਕਾਲਜਾਂ ਅਤੇ ਕੁੱਝ ਕਮਿਊਨਿਟੀ ਸਿਹਤ ਕੇਂਦਰਾਂ ਵਿੱਚ ਇਸਦੀ ਮੁੱਢਲੀ ਰੀਐੱਕਟਿਵ ਜਾਂ ਨਾੱਨ ਰੀਐੱਕਟਿਵ (ਪੌਜ਼ੀਟਿਵ ਜਾਂ ਨੈਗੀਟਿਵ) ਜਾਂਚ ਬਿਲਕੁਲ ਮੁਫ਼ਤ ਕੀਤੀ ਜਾਂਦੀ ਹੈ ਅਤੇ ਜਾਂਚ ਦੀ ਰਿਪੋਰਟ ਗੁਪਤ ਰੱਖੀ ਜਾਂਦੀ ਹੈ। ਅਸਲ ਵਿੱਚ ਇਸ ਬਿਮਾਰੀ ਦਾ ਕੋਈ ਸਫ਼ਲ ਇਲਾਜ ਨਹੀਂ ਹੈ ਲੇਕਿਨ ਕੁਝ ਉਪਚਾਰਾ ਨਾਲ ਇਸ ਨੂੰ ਘੱਟ ਕੀਤਾ ਜਾ ਸਕਦਾ ਹੈ, ਨਿਯੰਤ੍ਰਣ ਕਰਨ ਵਿੱਚ ਮੱਦਦ ਮਿਲ ਸਕਦੀ ਹੈ। ਪੰਜਾਬ ਵਿੱਚ ਜਲੰਧਰ, ਪਟਿਆਲਾ, ਲੁਧਿਆਣਾ, ਪਠਾਨਕੋਟ, ਬਠਿੰਡਾ, ਫਿਰੋਜ਼ਪੁਰ, ਹੁਸ਼ਿਆਰਪੁਰ ਅਤੇ ਤਰਨਤਾਰਨ ਆਦਿ 8 ਏ.ਆਰ.ਟੀ. (ਐਂਟੀ ਰਿਟ੍ਰੋਵਾਇਰਲ ਥੇਰੈਪੀ) ਸੈਂਟਰ ਹਨ, ਇੱਕ ਏ,ਆਰ.ਟੀ, ਪਲੱਸ ਟ੍ਰੀਟਮੈਂਟ ਸੈਂਟਰ ਅੰਮ੍ਰਿਤਸਰ, ਚਾਰ ਐੱਫ-ਆਈ. ਏ.ਆਰ.ਟੀ. ਸੈਂਟਰ ਬਟਾਲਾ, ਮੋਗਾ, ਰੂਪਨਗਰ ਅਤੇ ਫਰੀਦਕੋਟ, ਇੱਕ ਲਿੰਕ ਏ.ਆਰ.ਟੀ. ਪਲੱਸ ਸੈਂਟਰ ਸੰਗਰੂਰ, 12 ਲਿੰਕ ਏ.ਆਰ.ਟੀ. ਸੈਂਟਰ ਬਰਨਾਲਾ, ਫਤਿਹਗੜ੍ਹ ਸਾਹਿਬ, ਫਾਜ਼ਿਲਕਾ, ਗੁਰਦਾਸਪੁਰ, ਕਪੂਰਥਲਾ, ਮਾਨਸਾ, ਮੋਹਾਲੀ, ਮੁਕਤਸਰ ਸਾਹਿਬ, ਸੰਗਰੂਰ, ਨਵਾਂ ਸ਼ਹਿਰ (ਆਈ ਸੀ ਟੀ ਸੀ ਅਤੇ ਓ ਐੱਸ ਟੀ) ਅਤੇ ਮੰਡੀ ਗੋਬਿੰਦਗੜ੍ਹ ਆਦਿ ਹਨ ਜਿੱਥੋਂ ਰੀਐਕਟਿਵ ਮਰੀਜ਼ ਉਪਚਾਰ ਸੰਬੰਧੀ ਸੇਵਾਵਾਂ ਲੈ ਸਕਦੇ ਹਨ।
ਏਡਜ਼ ਛੂਆ ਛੂਤ ਦੀ ਬਿਮਾਰੀ ਨਹੀਂ ਹੈ, ਨਾ ਹੀ ਇਹ ਕਿਸੇ ਨਾਲ ਉੱਠਣ ਬੈਠਣ ਨਾਲ ਫੈਲਦੀ ਹੈ ਨਾ ਹੀ ਇਹ ਹੱਥ ਮਿਲਾਉਣ ਨਾਲ। ਇਹ ਮੱਛਰ ਦੇ ਕੱਟਣ ਨਾਲ, ਗਲੇ ਮਿਲਣ ਜਾਂ ਖੰਗਣ ਆਦਿ ਨਾਲ ਵੀ ਨਹੀਂ ਫੈਲਦਾ। ਏਡਜ਼ ਐੱਚ.ਆਈ.ਵੀ. ਸੰਕ੍ਰਮਿਤ ਗਰਭਵਤੀ ਔਰਤ ਤੋਂ ਉਸਦੇ ਬੱਚੇ ਨੂੰ, ਕਿਸੇ ਸੰਕ੍ਰਮਿਤ ਵਿਅਕਤੀ ਨਾਲ ਅਸੁਰੱਖਿਅਤ ਯੌਨ ਸੰਬੰਧਾਂ ਨਾਲ, ਸੰਕ੍ਰਮਿਤ ਲਹੂ ਜਾਂ ਲਹੂ ਪਦਾਰਥ ਸਰੀਰ ਵਿੱਚ ਚੜਨ ਜਾਂ ਸੰਪਰਕ ਵਿੱਚ ਆਉਣ ਤੇ, ਸਰਿੰਜਾਂ ਅਤੇ ਸੂਈਆਂ ਦੀ ਸਾਂਝੀ ਵਰਤੋਂ ਕਰਨ ਆਦਿ ਨਾਲ ਵੀ ਹੋ ਸਕਦਾ ਹੈ। ਸੰਕ੍ਰਮਿਤ ਵਿਅਕਤੀ ਨਾਲ ਅਸੁਰੱਖਿਅਤ ਯੌਨ ਸੰਬੰਧ ਸਥਾਪਤ ਕਰਨਾ ਇਸਦੇ ਫੈਲਣ ਦੇ ਮੁੱਖ ਕਾਰਨਾਂ ਵਿੱਚੋਂ ਇੱਕ ਹੈ ਅਜਿਹੇ ਸੰਬੰਧ ਸਮਲੈਂਗਿਕ ਵੀ ਹੋ ਸਕਦੇ ਹਨ। ਸੁੱਰਖਿਅਤ ਯੌਨ ਸੰਬੰਧ ਸਥਾਪਤ ਕਰਨ ਲਈ ਕੰਡੋਮ ਜਾਂ ਨਿਰੋਧ ਦੀ ਵਰਤੋਂ ਕੀਤੀ ਜਾ ਸਕਦੀ ਹੈ। ਕੰਡੋਮ ਬਾਜ਼ਾਰ ਵਿੱਚ ਸਾਧਾਰਨ ਮੁੱਲ ਉੱਪਰ ਉਪਲੱਬਧ ਹਨ ਅਤੇ ਸਾਰੇ ਜ਼ਿਲ੍ਹਾ ਹਸਪਤਾਲਾਂ ਵਿੱਚ ਆਈ.ਸੀ.ਟੀ.ਸੀ. ਕੇਂਦਰ, ਪੀ.ਪੀ.ਸੀ.ਟੀ. ਕੇਂਦਰ, ਕਮਿਊਨਿਟੀ ਕੇਅਰ ਸੈਂਟਰ, ਐੱਸ.ਟੀ.ਡੀ. ਕਲੀਨਿਕ ਆਦਿ ਤੋਂ ਵੀ ਮੁਫ਼ਤ ਪ੍ਰਾਪਤ ਕੀਤੇ ਜਾ ਸਕਦੇ ਹਨ। ਯੋਗ ਡਾਕਟਰਾਂ ਦੀ ਦੇਖ ਰੇਖ ਹੇਠ ਐੱਚ.ਆਈ.ਵੀ. ਸੰਕ੍ਰਮਿਤ ਗਰਭਵਤੀ ਮਾਂ ਤੋਂ ਹੋਣ ਵਾਲੇ ਬੱਚੇ ਨੂੰ ਬਚਾਇਆ ਜਾ ਸਕਦਾ ਹੈ।
10 ਸਤੰਬਰ 2018 ਤੋਂ ਐੱਚ.ਆਈ.ਵੀ. ਅਤੇ ਏਡਜ਼ ਪੀੜਤਾਂ ਨਾਲ ਉਪਚਾਰ ਸੰਬੰਧੀ, ਰੁਜ਼ਗਾਰ ਅਤੇ ਕਾਰਜ ਸਥਾਨ ਆਦਿ ਤੇ ਕਿਸੇ ਤਰ੍ਹਾਂ ਦਾ ਭੇਦਭਾਵ, ਸ਼ੋਸ਼ਣ ਨਾ ਹੋਵੇ ਇਸ ਲਈ ਐਚ.ਆਈ.ਵੀ. ਅਤੇ ਏਡਜ਼ (ਰੋਕਥਾਮ ਅਤੇ ਨਿਯੰਤਰਣ) ਐਕਟ, 2017 ਲਾਗੂ ਹੋਇਆ ਹੈ ਜਿਸ ਵਿੱਚ ਦੋਸ਼ੀ ਨੂੰ ਸਜ਼ਾ ਅਤੇ ਜ਼ੁਰਮਾਨੇ ਆਦਿ ਦਾ ਪ੍ਰਾਵਧਾਨ ਹੈ।
ਐੱਚ.ਆਈ.ਵੀ. ਅਤੇ ਏਡਜ਼ ਦੇ ਸਫ਼ਲ ਇਲਾਜ ਲਈ ਵਿਗਿਆਨਕਾਂ ਦੁਆਰਾ ਨਿਰੰਤਰ ਖੋਜ ਕਾਰਜਾਂ ਦਾ ਕੰਮ ਚੱਲ ਰਿਹਾ ਹੈ ਜਿਸਦੇ ਭਵਿੱਖ ਵਿੱਚ ਚੰਗੇ ਸਿੱਟੇ ਪ੍ਰਾਪਤ ਹੋ ਸਕਦੇ ਹਨ ਪਰੰਤੂ ਵਰਤਮਾਨ ਸਮੇਂ ਵਿੱਚ ਲਾਜ਼ਮੀ ਤੌਰ ਤੇ ਪੀੜਤਾਂ ਨੂੰ ਕਿਸੇ ਦੇ ਰੂੜੀਵਾਦੀ ਕੀਤੇ ਜਾਂਦੇ ਦਾਅਵਿਆਂ, ਵਾਅਦਿਆਂ ਦੇ ਭੰਬਲਭੂਸੇ ਚ ਪੈ ਕੇ ਜਾਦੂ ਟੂਣਿਆਂ, ਬਾਬਿਆਂ, ਜੜੀ ਬੂਟੀਆਂ ਦੇ ਚੱਕਰਾਂ ‘ਚ ਪੈਣ ਦੀ ਬਜਾਇ ਏ.ਆਰ.ਟੀ. ਸੈਂਟਰਾਂ ਤੋਂ ਉਪਚਾਰ ਲੈਣਾ ਚਾਹੀਦਾ ਹੈ।
ਸਾਡੇ ਸਮਾਜ ਦਾ ਜ਼ਿਆਦਾਤਰ ਹਿੱਸਾ ਸੁਰੱਖਿਅਤ ਯੌਨ ਸੰਬੰਧਾਂ ਜਾਂ ਗੁਪਤ ਰੋਗਾਂ ਆਦਿ ਬਾਰੇ ਖੁੱਲ ਕੇ ਗੱਲ ਕਰਨ ਤੋਂ ਪਾਸਾ ਵੱਟਦਾ ਹੈ ਜੋ ਕਿ ਅਗਾਂਹਵਧੂ ਸਮਾਜ ਦਾ ਗੁਣ ਨਹੀਂ ਹੈ। ਬਹੁਤੇ ਲੋਕ ਕੰਡੋਮ ਖਰੀਦਣ ਜਾਂ ਮੰਗਣ ਤੋਂ ਹੀ ਝਿਝਕਦੇ ਹਨ ਅਤੇ ਅਸੁੱਰਖਿਅਤ ਯੌਨ ਸੰਬੰਧ ਸਥਾਪਤ ਕਰ ਲੈਂਦੇ ਹਨ, ਜੋ ਕਿ ਖੁੱਲ੍ਹਾ ਏਡਜ਼ ਨੂੰ ਸੱਦਾ ਸਾਬਤ ਹੋ ਸਕਦਾ ਹੈ। ਇਹ ਸਾਡੇ ਸਮਾਜ ਦਾ ਦੁਖਾਂਤ ਹੈ ਕਿ ਏਡਜ਼ ਦੇ ਰੋਗੀ ਨੂੰ ਬੜੀ ਸੰਕੀਰਣ ਸੋਚ ਨਾਲ ਵੇਖਿਆ ਜਾਂਦਾ ਹੈ ਅਤੇ ਪੀੜਤ ਵਿਅਕਤੀਆਂ ਤੇ ਬਹੁਤ ਤਰ੍ਹਾਂ ਦੇ ਸਮਾਜਿਕ ਦੂਸ਼ਣ ਜਾਂ ਕਲੰਕ ਲਾਏ ਜਾਂਦੇ ਹਨ ਜੋਕਿ ਉਨ੍ਹਾਂ ਦੀ ਰੂਹ ਨੂੰ ਤਾਰ ਤਾਰ ਕਰ ਛੱਡਦੇ ਹਨ। ਸਮੇਂ ਦੀ ਜ਼ਰੂਰਤ ਹੈ ਕਿ ਸੁਰੱਖਿਅਤ ਯੌਨ ਸੰਬੰਧਾਂ ਨੂੰ ਯਕੀਨੀ ਬਣਾਈਏ ਅਤੇ ਸੰਕ੍ਰਮਿਤ ਵਿਅਕਤੀਆਂ ਪ੍ਰਤੀ ਸਕਾਰਾਤਮਕਤਾ ਨਾਲ ਵਿਚਰੀਏ ਤਾਂ ਜੋ ਪੀੜਤ ਵਿਅਕਤੀ ਆਪਣੇ ਆਪ ਨੂੰ ਹੀਣ, ਸ਼ਰਮਿੰਦਾ, ਬਦਚਲਣ ਜਾਂ ਕਿਸੇ ਤਰ੍ਹਾਂ ਦਾ ਸਮਾਜਿਕ ਅਪਰਾਧੀ ਨਾ ਮਹਿਸੂਸ ਕਰਨ।