ਫ਼ਤਹਿਗੜ੍ਹ ਸਾਹਿਬ – “ਜੋ ਆਰ.ਐਸ.ਐਸ. ਵਰਗੀ ਕੱਟੜ ਫਿਰਕੂ ਜਮਾਤ ਦੀਆਂ ਸਾਜ਼ਿਸਾਂ ਤੇ ਅਮਲ ਕਰਦੇ ਹੋਏ ਇੰਡੀਆ ਦੇ ਵਜ਼ੀਰ-ਏ-ਆਜ਼ਮ ਸ੍ਰੀ ਮੋਦੀ ਅਤੇ ਗ੍ਰਹਿ ਵਜ਼ੀਰ ਸ੍ਰੀ ਸ਼ਾਹ ਵੱਲੋਂ ਆਪਣੇ ਹੀ ਨਾਗਰਿਕਾਂ ਨੂੰ ‘ਬਾਹਰਲਿਆ’ ਦਾ ਆਧਾਰ ਬਣਾਕੇ ਇਥੋਂ ਕੱਢਣ ਦੇ ਕੀਤੇ ਜਾ ਰਹੇ ਦੁੱਖਦਾਇਕ ਅਮਲ ਪਹਿਲਾ ਤਾਂ ਇਥੋਂ ਦੇ ਵਿਧਾਨ ਦੀ ਧਾਰਾ 14 ਜੋ ਸਭ ਨਾਗਰਿਕਾਂ ਨੂੰ ਬਰਾਬਰਤਾ ਦੇ ਅਧਿਕਾਰ ਪ੍ਰਦਾਨ ਕਰਦੀ ਹੈ ਉਸ ਨੂੰ ਕੁੱਚਲਣ ਵਾਲੇ ਅਮਲ ਹਨ । ਦੂਸਰਾ ਇਸ ਕੀਤੇ ਜਾ ਰਹੇ ਅਮਲਾਂ ਵਿਚ ਤਾਂ ਸ੍ਰੀ ਨੰਦਾਂ ਅਤੇ ਗੁਜਰਾਲ ਪਰਿਵਾਰ ਵਰਗੇ ਹਿੰਦੂ ਪਰਿਵਾਰ ਵੀ ਨਹੀਂ ਬਚ ਸਕਣਗੇ ਜੋ ਲਹਿੰਦੇ ਪੰਜਾਬ ਤੋਂ ਇੱਧਰ ਆਏ ਹਨ । ਜੇਕਰ ਇਨ੍ਹਾਂ ਦੇ ਇਸ ਫਿਰਕੂ ਅਤੇ ਨਫ਼ਰਤ ਫੈਲਾਉਣ ਵਾਲੇ ਅਮਲਾਂ ਦਾ ਪੰਜਾਬੀ ਹਿੰਦੂ ਵੱਡੇ ਪਰਿਵਾਰਾਂ ਨੇ ਗਲਤੀ ਨਾਲ ਹਾਮੀ ਭਰ ਦਿੱਤੀ ਤਾਂ ਇਸ ਕੁਹਾੜੇ ਦੀ ਮਾਰ ਤੋਂ ਬਹੁਤ ਸਾਰੇ ਪਾਕਿਸਤਾਨ ਲਹਿੰਦੇ ਪੰਜਾਬ ਤੋਂ ਆਏ ਪਰਿਵਾਰ ਵੀ ਸ਼ਿਕਾਰ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਮੋਦੀ ਤੇ ਸ੍ਰੀ ਸ਼ਾਹ ਵੱਲੋਂ ਬਾਹਰਲਿਆ ਦੇ ਨਾਮ ਨੂੰ ਆਧਾਰ ਬਣਾਕੇ ਲੰਮੇਂ ਸਮੇਂ ਤੋਂ ਇੰਡੀਅਨ ਨਾਗਰਿਕਤਾ ਉਤੇ ਵਿਚਰਦੇ ਆ ਰਹੇ ਪਰਿਵਾਰਾਂ ਅਤੇ ਨਾਗਰਿਕਾਂ ਨੂੰ 2024 ਤੱਕ ਬਾਹਰ ਕਰਨ ਦੇ ਕੀਤੇ ਗਏ ਅਣਮਨੁੱਖੀ ਅਤੇ ਗੈਰ-ਵਿਧਾਨਿਕ ਐਲਾਨ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਇਸਦੇ ਨਿਕਲਣ ਵਾਲੇ ਭਿਆਨਕ ਨਤੀਜਿਆ ਤੋਂ ਮੋਦੀ ਹਕੂਮਤ ਅਤੇ ਫਿਰਕੂ ਜਮਾਤਾਂ ਨੂੰ ਖ਼ਬਰਦਾਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਿਵੇਂ ਹਿਟਲਰ ਨੇ 60 ਲੱਖ ਯਹੂਦੀਆਂ ਨੂੰ ਗੈਂਸ ਚੈਬਰਾਂ ਵਿਚ ਪਾ ਕੇ ਅਣਮਨੁੱਖੀ ਢੰਗ ਨਾਲ ਸਾੜ ਦਿੱਤਾ ਸੀ, ਬਾਅਦ ਵਿਚ ਉਸਨੇ ਲੂਲ੍ਹੇ-ਲੰਗੜਿਆ ਅਤੇ ਹੋਰਨਾਂ ਨੂੰ ਵੀ ਨਿਸ਼ਾਨਾਂ ਬਣਾਇਆ ਸੀ, ਉਸੇ ਤਰ੍ਹਾਂ ਮੋਦੀ-ਸ਼ਾਹ ਦੀ ਹਿੰਦੂਤਵ ਜੋੜੀ ਨੇ ਪਹਿਲੇ ਆਸਾਮ ਵਿਚੋਂ 19 ਲੱਖ 60 ਹਜ਼ਾਰ ਮੁਸਲਮਾਨਾਂ ਨੂੰ ਨਿਸ਼ਾਨਾਂ ਬਣਾਉਦੇ ਹੋਏ ਉਨ੍ਹਾਂ ਨੂੰ ਹਿਟਲਰ ਦੀ ਤਰ੍ਹਾਂ ਕੈਪਾਂ ਵਿਚ ਦੁਸਵਾਰੀਆ ਭਰੀ ਜਿੰਦਗੀ ਜਿਊਂਣ ਲਈ ਮਜ਼ਬੂਰ ਕਰ ਦਿੱਤਾ ਹੈ ਅਤੇ ਹੁਣ 2024 ਤੱਕ ਸਮੁੱਚੇ ਇੰਡੀਆਂ ਦੇ ਸੂਬਿਆਂ ਵਿਚ ਵੱਖ-ਵੱਖ ਕਬੀਲਿਆ, ਫਿਰਕਿਆ, ਘੱਟ ਗਿਣਤੀ ਕੌਮਾਂ, ਰੰਘਰੇਟਿਆ, ਦਲਿਤਾਂ ਨੂੰ ਨਿਸ਼ਾਨਾਂ ਬਣਾਉਣ ਦੀ ਅਣਮਨੁੱਖੀ ਤੇ ਗੈਰ-ਕਾਨੂੰਨੀ ਅਮਲਾਂ ਦੀ ਤਿਆਰੀ ਕੀਤੀ ਜਾ ਰਹੀ ਹੈ । ਜੋ ਇੰਡੀਅਨ ਵਿਧਾਨ ਦੇ ਮੁੱਢਲੇ ਬੁਨਿਆਦੀ ਹੱਕਾਂ ਨੂੰ ਕੁੱਚਲਣ ਅਤੇ ਇਨਸਾਨੀ ਜ਼ਿੰਦਗਾਨੀਆਂ ਨਾਲ ਖਿਲਵਾੜ ਕਰਨ ਦੇ ਤੁੱਲ ਦੁੱਖਦਾਇਕ ਅਮਲ ਹਨ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਮੋਦੀ ਅਤੇ ਸ਼ਾਹ ਦੀ ਇਸ ਅਣਮਨੁੱਖੀ ਸਾਜ਼ਿਸ ਨੂੰ ਕਤਈ ਵੀ ਨਾ ਤਾਂ ਪ੍ਰਵਾਨ ਕਰੇਗਾ ਅਤੇ ਨਾ ਹੀ ਘੱਟ ਗਿਣਤੀ ਕੌਮਾਂ ਨੂੰ ਇਨ੍ਹਾਂ ਦੀ ਐਨ.ਆਰ.ਸੀ. ਦੀ ਬਣਾਈ ਗਈ ਫਿਰਕੂ ਸਾਜ਼ਿਸ ਨੂੰ ਨੇਪਰੇ ਚੜ੍ਹਨ ਦੇਵੇਗਾ । ਜੇਕਰ ਹੁਕਮਰਾਨਾਂ ਨੇ ਜ਼ਬਰੀ ਤਾਕਤ ਦੇ ਨਸ਼ੇ ਵਿਚ ਅਜਿਹਾ ਕਰਨ ਦੀ ਗੁਸਤਾਖੀ ਕੀਤੀ ਤਾਂ ਸਭ ਘੱਟ ਗਿਣਤੀ ਕੌਮਾਂ, ਰੰਘਰੇਟੇ, ਦਲਿਤ ਵਰਗ ਇਕ ਵੱਡੇ ਫੈਸਲਾਕੁੰਨ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋਵੇਗਾ । ਜਿਸਦੇ ਮਾਰੂ ਨਤੀਜਿਆ ਲਈ ਹੁਕਮਰਾਨ ਜ਼ਿੰਮੇਵਾਰ ਹੋਣਗੇ ।