ਫ਼ਤਹਿਗੜ੍ਹ ਸਾਹਿਬ – “ਸੈਂਟਰ ਵਿਚ ਭਾਵੇ ਕਾਂਗਰਸ, ਭਾਵੇ ਬੀਜੇਪੀ ਦੀਆਂ ਹਿੰਦੂਤਵ ਜਮਾਤਾਂ ਕਿਉਂ ਨਾ ਹੋਣ, ਇਹ ਸਭ ਸਿੱਖ ਕੌਮ ਨਾਲ ਪੇਸ਼ ਆਉਦੇ ਹੋਏ ਦੁਸ਼ਮਣਾਂ ਦੀ ਤਰ੍ਹਾਂ ਵਿਵਹਾਰ ਕਰਦੀਆ ਹਨ ਅਤੇ ਜ਼ਬਰ-ਜੁਲਮ ਕਰਨ ਵਿਚ ਦੋਵੇ ਮੋਹਰੀ ਹਨ । ਇਸ ਲਈ ਸਿੱਖ ਕੌਮ ਜ਼ਾਬਰ ਕਾਂਗਰਸ ਅਤੇ ਮੁਤੱਸਵੀ ਬੀਜੇਪੀ ਨੂੰ ਬਿਲਕੁਲ ਵੀ ਵੱਖਰੇ ਤੌਰ ਤੇ ਨਾ ਦੇਖਣ ਕਿਉਂਕਿ ਇਹ ਸਭ ਸਿੱਖ ਕੌਮ ਦੀਆਂ ਅੱਛਾਈਆ ਨੂੰ ਬਰਦਾਸਤ ਨਾ ਕਰਨ ਵਾਲੀਆ, ਸਿੱਖਾਂ ਅਤੇ ਘੱਟ ਗਿਣਤੀਆਂ ਦਾ ਸਾਜ਼ਸੀ ਢੰਗ ਨਾਲ ਕਤਲੇਆਮ ਕਰਵਾਉਣ ਵਾਲੀਆ ਹਨ । ਜਦੋਂ ਸੈਂਟਰ ਦਾ ਗ੍ਰਹਿ ਵਿਭਾਗ ਬੀਤੇ ਸਮੇਂ ਵਿਚ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫ਼ਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਤਬਦੀਲ ਕਰਨ ਦਾ ਐਲਾਨ ਕਰ ਚੁੱਕੀ ਹੈ ਅਤੇ ਹੁਣ ਪਾਰਲੀਮੈਂਟ ਵਿਚ ਸ੍ਰੀ ਸ਼ਾਹ ਗ੍ਰਹਿ ਵਜ਼ੀਰ ਇਸ ਤੋਂ ਮੁੰਨਕਰ ਹੋ ਗਏ ਹਨ, ਤਾਂ ਇਸ ਅਮਲ ਤੋਂ ਪ੍ਰਤੱਖ ਹੋ ਜਾਂਦਾ ਹੈ ਕਿ ਘੱਟ ਗਿਣਤੀ ਸਿੱਖ ਕੌਮ ਦੇ ਮਾਮਲਿਆ ਵਿਚ ਇਹ ਦੋਵੇ ਜਾਲਮ ਤੇ ਫਿਰਕੂ ਜਮਾਤਾਂ ਝੱਟ ਇਕ ਰਾਏ ਨਾਲ ਸਹਿਮਤ ਹੋ ਜਾਂਦੀਆ ਹਨ ਅਤੇ ਆਪੋ-ਆਪਣੇ ਸਵਾਰਥੀ ਹਿੱਤਾ ਦੀ ਪੂਰਤੀ ਲਈ ਲੈ-ਦੇ ਕਰਨ ਵਿਚ ਵਿਸ਼ਵਾਸ ਰੱਖਦੀਆ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਲਵੰਤ ਸਿੰਘ ਰਾਜੋਆਣਾ ਦੀ ਫ਼ਾਂਸੀ ਨੂੰ ਬਹੁਤ ਪਹਿਲੇ ਉਮਰ ਕੈਦ ਵਿਚ ਤਬਦੀਲ ਕਰਨ ਦੇ ਹੋਏ ਹਕੂਮਤੀ ਫੈਸਲੇ ਤੋਂ ਮੌਜੂਦਾ ਬੀਜੇਪੀ-ਆਰ.ਐਸ.ਐਸ. ਨਾਲ ਸੰਬੰਧਤ ਹੁਕਮਰਾਨਾਂ ਵੱਲੋਂ ਮੁੰਨਕਰ ਹੋਣ ਦੇ ਨਫ਼ਰਤ ਤੇ ਵਿਤਕਰੇ ਭਰੇ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਸਿੱਖ ਕੌਮ ਨੂੰ ਇਨ੍ਹਾਂ ਦੋਵਾਂ ਪੰਜਾਬ ਸੂਬੇ ਤੇ ਸਿੱਖ ਕੌਮ ਵਿਰੋਧੀ ਜਮਾਤਾਂ ਉਤੇ ਵਿਸ਼ਵਾਸ ਨਾ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਯਾਦ ਦਿਵਾਉਦੇ ਹੋਏ ਕਿਹਾ ਕਿ ਜਦੋਂ ਬੀਤੇ ਸਮੇਂ ਵਿਚ ਸ੍ਰੀ ਵਿਜੇਇੰਦਰ ਸਿੰਗਲਾ ਅਤੇ ਸ੍ਰੀ ਮੁਨੀਸ ਤਿਵਾੜੀ ਐਮ.ਪੀ. ਸਨ ਤਾਂ ਇਨ੍ਹਾਂ ਦੋਵਾਂ ਨੇ ਜਨਤਕ ਤੌਰ ਤੇ ਇਹ ਕਿਹਾ ਸੀ ਕਿ ਸ. ਰਾਜੋਆਣਾ ਨੂੰ ਹਰ ਕੀਮਤ ਤੇ ਫ਼ਾਂਸੀ ਦੇਣੀ ਚਾਹੀਦੀ ਹੈ । ਹੁਣ ਕਾਂਗਰਸ ਜਮਾਤ ਮਹਾਰਾਸਟਰਾਂ ਵਿਚ ਜੋ ਸਿਵ ਸੈਨਾ ਦੇ ਮੁੱਖੀ ਊਧਵ ਠਾਕਰੇ ਦੀ ਮੁੱਖ ਮੰਤਰੀਸ਼ਿਪ ਹੇਠ ਭਾਈਵਾਲ ਹੈ ਅਤੇ ਉਥੇ 2014 ਵਿਚ ਪੁਲਿਸ ਮੁਕਾਬਲੇ ਦੌਰਾਨ ਮਾਰੇ ਗਏ ਸੌਰਭਦੀਨ ਦੀ ਸੁਣਵਾਈ ਕਰ ਰਹੇ ਸੀ.ਬੀ.ਆਈ. ਦੇ ਜੱਜ ਸੀ੍ਰ ਬ੍ਰਿਜ ਕੁਮਾਰ ਹਰਕ੍ਰਿਸ਼ਨ ਲੋਆ ਦੀ ਮੌਤ ਦੀ ਛਾਣਬੀਨ ਦੀ ਜੋਰਦਾਰ ਮੰਗ ਉੱਠ ਰਹੀ ਹੈ, ਤਾਂ ਬੀਜੇਪੀ ਅਤੇ ਕਾਂਗਰਸ ਨੇ ਆਪਸ ਵਿਚ ਇਸ ਗੱਲ ਦੀ ਲੈ-ਦੇ ਕਰ ਲਈ ਹੈ ਕਿ ਸ. ਰਾਜੋਆਣਾ ਨੂੰ ਫ਼ਾਸੀ ਲਗਾਈ ਜਾਵੇ ਅਤੇ ਸ੍ਰੀ ਲੋਆ ਦੀ ਮੌਤ ਦੀ ਛਾਣਬੀਨ ਨੂੰ ਠੰਡੇ ਬਸਤੇ ਵਿਚ ਪਾਇਆ ਜਾਵੇ । ਇਸ ਲੈ-ਦੇ ਦੀ ਸੋਚ ਅਧੀਨ ਸ. ਰਾਜੋਆਣਾ ਦੀ ਫ਼ਾਂਸੀ ਨੂੰ ਉਮਰ ਕੈਦ ਵਿਚ ਬਦਲਣ ਤੋਂ ਮੌਜੂਦਾ ਮੋਦੀ ਬੀਜੇਪੀ ਹਕੂਮਤ ਮੁੰਨਕਰ ਹੋ ਰਹੀ ਹੈ । ਇਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਹੁਕਮਰਾਨਾਂ ਨੇ ਗੁਰੂ ਨਾਨਕ ਸਾਹਿਬ ਦੇ 550ਵੇਂ ਅਵਤਾਰ ਪੁਰਬ ਉਤੇ ਫ਼ਾਂਸੀ ਨੂੰ ਉਮਰ ਕੈਦ ਵਿਚ ਬਦਲਣ, ਸ. ਜਗਤਾਰ ਸਿੰਘ ਹਵਾਰਾ, ਭਾਈ ਦਿਆ ਸਿੰਘ ਲਾਹੌਰੀਆ ਅਤੇ ਹੋਰ ਜੇਲ੍ਹਾਂ ਵਿਚ ਬੰਦੀ ਉਨ੍ਹਾਂ ਸਿੰਘਾਂ ਨੂੰ ਜੋ 20-20, 25-25 ਸਾਲ ਦੀਆਂ ਸਜ਼ਾਵਾਂ ਕੱਟ ਚੁੱਕੇ ਹਨ, ਰਿਹਾਅ ਕਰਨ ਦਾ ਐਲਾਨ ਕੀਤਾ ਸੀ ।
ਸ. ਮਾਨ ਨੇ ਆਪਣੇ ਖਿਆਲਾਤਾ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਕਿਹਾ ਕਿ 09 ਦਸੰਬਰ 2018 ਨੂੰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਵੱਲੋਂ ਸ. ਸੁਖਜਿੰਦਰ ਸਿੰਘ ਰੰਧਾਵਾ ਅਤੇ ਸ. ਤ੍ਰਿਪਤਰਜਿੰਦਰ ਸਿੰਘ ਬਾਜਵਾ ਦੋਵੇ ਵਜ਼ੀਰਾਂ ਅਤੇ 3 ਵਿਧਾਇਕਾਂ ਨੂੰ ਬਰਗਾੜੀ ਮੋਰਚੇ ਦੇ ਸਥਾਂਨ ਤੇ ਮੋਰਚਾ ਖ਼ਤਮ ਕਰਨ ਲਈ ਭੇਜਿਆ ਸੀ । ਜਿਸ ਵਿਚ ਉਪਰੋਕਤ ਦੋਵਾਂ ਪੰਜਾਬ ਦੇ ਵਜ਼ੀਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅਤੇ ਸੰਗਤ ਦੇ ਲੱਖਾਂ ਇਕੱਠ ਵਿਚ ਇਹ ਬਚਨ ਕੀਤੇ ਸਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਸਜ਼ਾਵਾਂ ਵੀ ਜਲਦੀ ਹੀ ਦਿੱਤੀਆ ਜਾਣਗੀਆ ਅਤੇ ਜੋ ਜੇਲ੍ਹਾਂ ਵਿਚ 20-20, 25-25 ਸਾਲ ਦੀਆਂ ਸਜ਼ਾਵਾਂ ਸਿੱਖ ਪੂਰੀਆਂ ਕਰ ਚੁੱਕੇ ਹਨ ਉਨ੍ਹਾਂ ਨੂੰ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਅਵਤਾਰ ਪੁਰਬ ਤੇ ਰਿਹਾਅ ਕਰ ਦਿੱਤਾ ਜਾਵੇਗਾ । ਇਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਗੁਟਕਾ ਸਾਹਿਬ ਹੱਥ ਵਿਚ ਫੜਕੇ ਜਨਤਕ ਤੌਰ ਤੇ ਉਪਰੋਕਤ ਵਾਅਦੇ ਕੀਤੇ ਸਨ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਸੈਂਟਰ ਦੀ ਮੌਜੂਦਾ ਮੋਦੀ-ਬੀਜੇਪੀ ਹਕੂਮਤ ਅਤੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਹਕੂਮਤ ਸਿੱਖ ਕੌਮ ਨਾਲ ਕੀਤੇ ਵਾਅਦਿਆ ਤੋਂ ਭੱਜ ਚੁੱਕੇ ਹਨ । ਅਜਿਹਾ ਕਰਕੇ ਦੋਵਾਂ ਹਕੂਮਤਾਂ ਨੇ ਸਿੱਖ ਕੌਮ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ । ਇਸ ਲਈ ਸਿੱਖ ਕੌਮ ਨੂੰ ਅਜਿਹੇ ਹੁਕਮਰਾਨਾਂ ਉਤੇ ਕਦੀ ਵੀ ਵਿਸਵਾਸ ਨਹੀਂ ਕਰਨਾ ਚਾਹੀਦਾ । ਦੂਸਰੇ ਪਾਸੇ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਦਲ ਜਿਸਦੀ ਮੁਤੱਸਵੀ ਸਿੱਖ ਕੌਮ ਵਿਰੋਧੀ ਜਮਾਤ ਬੀਜੇਪੀ ਨਾਲ ਭਾਈਵਾਲੀ ਹੈ । ਜਿਨ੍ਹਾਂ ਦੀ ਬੀਬੀ ਹਰਸਿਮਰਤ ਕੌਰ ਸੈਂਟਰ ਵਿਚ ਵਜ਼ੀਰ ਹਨ, ਇਹ ਆਪਣੇ ਸਵਾਰਥੀ ਹਿਤਾ ਦੀ ਪੂਰਤੀ ਲਈ ਸਿੱਖ ਕੌਮ ਅਤੇ ਪੰਜਾਬ ਸੂਬੇ ਨੂੰ ਦਰਪੇਸ਼ ਆ ਰਹੇ ਸੰਜ਼ੀਦਾ ਮਸਲਿਆ ਨੂੰ ਹੱਲ ਨਹੀਂ ਕਰ ਸਕਦੇ । ਇਨ੍ਹਾਂ ਨੇ ਹੀ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਵਾਇਆ । ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕਿਆ, ਹੈੱਡਵਰਕਸਾਂ, ਦਰਿਆਵਾਂ-ਨਹਿਰਾਂ ਦੇ ਕੀਮਤੀ ਪਾਣੀਆ ਨੂੰ ਖੁਦ ਲੁਟਾਇਆ । ਜਿਸ ਬੀਜੇਪੀ ਨੇ ਫਿਰੋਜ਼ਪੁਰ ਤੋਂ ਸੁਖਬੀਰ ਸਿੰਘ ਬਾਦਲ ਅਤੇ ਬਠਿੰਡੇ ਤੋਂ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਜਿਤਾਇਆ, ਉਹ ਇਨ੍ਹਾਂ ਆਪਣੇ ਭਾਈਵਾਲਾ ਦੇ ਕਹਿਣ ਉਤੇ ਉਪਰੋਕਤ ਸਿੱਖ ਕੌਮ ਦੇ ਮਸਲਿਆ ਨੂੰ ਹੱਲ ਕਿਉਂ ਨਹੀਂ ਕਰਵਾ ਸਕਦੇ ?