ਅੰਮ੍ਰਿਤਸਰ,( ਸਰਚਾਂਦ ਸਿੰਘ ) – ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ ਏ ਮਸਕੀਨ ਤਖਤ ਸਾਹਿਬ ਦੇ ਮਾਣ ਮਰਿਆਦਾ ਅਤੇ ਵਕਾਰੀ ਰੁਤਬੇ ਮੁਤਾਬਿਕ ਖਰਾ ਨਹੀਂ ਉਤਰ ਸਕਿਆ। ਉਸ ਨੇ ਤਖਤ ਸਾਹਿਬ ਦੇ ਸਥਾਨਿਕ ਮਾਣ ਮਰਿਆਦਾ ਨਾਲ ਜਾਣਬੁੱਝ ਕੇ ਖਿਲਵਾੜ ਕਰਦਿਆਂ ਤਖਤ ਦੀ ਜਥੇਦਾਰੀ ਦੇ ਅਹਿਮ ਸਤਿਕਾਰਤ ਰੁਤਬਾ ਅਤੇ ਵੱਕਾਰ ਨੂੰ ਠੇਸ ਪਹੁੰਚਾਈ ਹੈ।ਤਖ਼ਤ ਦੀ ਮਰਿਆਦਾ ਅਨੁਸਾਰ ਜਨਮ ਅਸਥਾਨ ਵਾਲੀ ਥਾਂ ‘ਤੇ ਕੋਈ ਵੀ ਸਿੰਘ ਪਜਾਮਾ ਪਹਿਨ ਕੇ ਨਹੀਂ ਜਾ ਸਕਦਾ। ਸਿਰਫ਼ ਲੰਮਾ ਚੋਲਾ ਪਾ ਕੇ ਹੀ ਜਾਇਆ ਜਾ ਸਕਦਾ ਹੈ। ਕੁਦਰਤੀ ਹੈ ਕਿ ਜਥੇਦਾਰ ਗੌਹਰ ਤਖ਼ਤ ਸਾਹਿਬ ਦੇ ਪ੍ਰਕਾਸ਼ ਅਸਥਾਨ ਦੇ ਅੰਦਰ ਪਜਾਮਾ ਪਾ ਕੇ ਜਾਣ ਨਾਲ ਸੰਗਤ ਅਤੇ ਉੱਥੇ ਹਾਜ਼ਰ ਸੇਵਾਦਾਰਾਂ ਦੇ ਸਖ਼ਤ ਵਿਰੋਧ ਕਾਰਨ ਬੁਰੀ ਤਰਾਂ ਵਿਵਾਦਾਂ ‘ਚ ਘਿਰ ਗਏ। ਭਾਵੇ ਕਿ ਉਸ ਨੇ ਉਸੇ ਵਕਤ ਆਪਣਾ ਪਜਾਮਾ ਲਾਹ ਦਿੱਤਾ ਅਤੇ ਗੁਰੂ ਮਹਾਰਾਜ ਦੀ ਹਜ਼ੂਰੀ ਵਿਚ ਬੈਠ ਗਏ।
ਸਥਾਨਕ ਮਰਿਆਦਾ ਦਾ ਖਿਆਲ ਰਖਿਆ ਜਾਣਾ ਸਿੰਘ ਸਾਹਿਬਾਨ ਅਤੇ ਹਰੇਕ ਗੁਰਸਿਖ ਦਾ ਫ਼ਰਜ਼ ਹੈ।ਸਥਾਨਕ ਸੰਗਤ ਲਈ ਆਪਣੀ ਪ੍ਰਚਲਿਤ ਪਰੰਪਰਾ ਨਾਲ ਸਮਝੌਤਾ ਕਰ ਸਕਣਾ ਸਹਿਜ ਨਹੀਂ ਹੁੰਦਾ ਇਸ ਲਈ ਕਿਸੇ ਵੀ ਨਵ ਨਿਯੁਕਤ ਜਥੇਦਾਰ ਲਈ ਜਥੇਦਾਰੀ ਦੀ ਅਹਿਮ ਜ਼ਿੰਮੇਵਾਰੀ ਸੰਭਾਲਣ ਦੌਰਾਨ ਸਥਾਨਕ ਮਰਿਆਦਾ ਬਾਰੇ ਪੂਰੀ ਤਰਾਂ ਬੋਧ ਹੋਣਾ ਇਕ ਨਾ ਵਿਸਾਰਨ ਯੋਗ ਜ਼ਰੂਰੀ ਸ਼ਰਤ ਹੈ।ਪਰ ਜਥੇਦਾਰ ਗੌਹਰ ਨੇ ਇਸ ਤਰਫ ਕੋਈ ਖ਼ਾਸ ਧਿਆਨ ਨਹੀਂ ਦਿਤਾ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸੇਵਾ ਦੌਰਾਨ ਸਿੰਘ ਸਾਹਿਬਾਨ ਨੂੰ ਪਜਾਮਾ ਪਾਉਣਾ ਲਾਜ਼ਮੀ ਹੈ ਤਾਂ ਤਖਤ ਸ੍ਰੀ ਪਟਨਾ ਸਾਹਿਬ ਅਤੇ ਤਖਤ ਸ੍ਰੀ ਹਜ਼ੂਰ ਸਾਹਿਬ ਵਿਖੇ ਵਿਸ਼ੇਸ਼ ਅਸਥਾਨਾਂ ‘ਤੇ ਪਜਾਮਾ ਆਦਿ ਨਾ ਪਾਉਣ ਦੀ ਮਰਿਆਦਾ ਹੈ। ਤਖਤ ਸ੍ਰੀ ਪਟਨਾ ਸਾਹਿਬ ਵਿਖੇ ਗੁਰੂ ਸਾਹਿਬ ਦੇ ਪ੍ਰਕਾਸ਼ ਅਸਥਾਨ ਵਾਲੀ ਥਾਂ ‘ਤੇ ਪਜਾਮਾ ਪਹਿਨ ਕੇ ਜਾਣ ਅਤੇ ਫਿਰ ਮੌਕੇ ‘ਤੇ ਹੀ ਸੰਗਤ ਦੀ ਮੌਜੂਦਗੀ ਵਿਚ ਉਨ੍ਹਾਂ ਦੇ ਸਾਹਮਣੇ ਪਜਾਮਾ ਉਤਾਰਨਾ ( ਭਾਵ ਸਰੀਰਕ ਅੰਗਾਂ ਦਾ ਪ੍ਰਦਰਸ਼ਨ) ਸਹਿਣ ਨਹੀਂ ਕੀਤਾ ਜਾ ਸਕਦਾ। ਪਹਿਲੀ ਗਲ ਤਾਂ ਜਥੇਦਾਰ ਗੌਹਰ ਨੂੰ ਉੱਥੇ ਪ੍ਰਚਲਿਤ ਮਰਿਆਦਾ ਦਾ ਖਿਆਲ ਕਰਦਿਆਂ ਪਜਾਮਾ ਪਾ ਕੇ ਨਹੀਂ ਜਾਣਾ ਚਾਹੀਦਾ ਜੇ ਗ਼ਲਤੀ ਨਾਲ ਇਹ ਹੋ ਹੀ ਗਿਆ ਤਾਂ ਸਭ ਦੇ ਸਾਹਮਣੇ ਅਜਿਹਾ ਨੰਗੇਜ ਦਾ ਪ੍ਰਦਰਸ਼ਨ ਨਹੀਂ ਕੀਤਾ ਜਾਣਾ ਚਾਹੀਦਾ ਸੀ। ਸਭ ਤੋਂ ਵਡੀ ਗ਼ਲਤੀ ਤਾਂ ਇਹ ਕਿ ਕੋਈ ਵੀ ਆਮ ਗੁਰਸਿਖ ਵੀ ਕਿਸੇ ਧਾਰਮਿਕ ਸਮਗਰੀ ਜਾਂ ਗੁਟਕਾ ਸਾਹਿਬ ਨੂੰ ਛੂਹਣ ਤੋਂ ਪਹਿਲਾਂ ਹੱਥ ਧੋਣਾ, ਪੰਜ ਇਸ਼ਨਾਨਾਂ ਕਰਨਾ ਜ਼ਰੂਰੀ ਸਮਝ ਦੇ ਹਨ। ਫਿਰ ਜਥੇਦਾਰ ਵਰਗੇ ਅਹਿਮ ਤੇ ਵਕਾਰੀ ਅਹੁਦੇ ‘ਤੇ ਬਿਰਾਜਮਾਨ ਵਿਅਕਤੀ ਤੋਂ ਇਹ ਕਿਵੇਂ ਅਵਗਿਆ ਹੋ ਗਈ ਕਿ ਉਹ ਪਜਾਮੇ ਨੂੰ ਛੂਹਣ ਵਾਲੇ ਹੱਥਾਂ ਨੂੰ ਸਾਫ਼ ਜਾਂ ਕੀਤੇ ਬਿਨਾ ਗੁਰੂ ਸਾਹਿਬ ਦੇ ਪਵਿੱਤਰ ਤੇ ਪੁਰਾਤਨ ਸ਼ਸਤਰਾਂ ਦੇ ਸੰਗਤ ਨੂੰ ਦਰਸ਼ਨ ਕਰਵਾਏ ਗਏ। ਰਹਿਰਾਸ ਸਾਹਿਬ ਦੇ ਪਾਠ ਤੋਂ ਬਾਅਦ ਹੋਈ ਅਰਦਾਸ ਉਪਰੰਤ ਆਰਤੀ ਵੇਲੇ ਵਾਪਰਿਆ ਇਹ ਸਾਰਾ ਵਰਤਾਰਾ ਸੀਸੀਟੀਵੀ ਦੀ ਫੁਟੇਜ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਜਾਣ ਤੋਂ ਸਪਸ਼ਟ ਹੈ ਕਿ ਸਿੰਘ ਸਾਹਿਬ ਪਹਿਲਾਂ ਹੀ ਸਥਾਨਕ ਲੋਕਾਂ ਦੇ ਨਿਸ਼ਾਨੇ ‘ਤੇ ਸੀ।ਸਥਾਨਕ ਸੰਗਤ ਦੀ ਪੰਜਾਬ ਤੋਂ ਆਉਣ ਵਾਲਿਆਂ ਪ੍ਰਤੀ ਇਹ ਧਾਰਨਾ ਬਣੀ ਹੋਈ ਹੈ ਕਿ ਇਹ ਲੋਕ ਸਥਾਨਕ ਮਰਿਆਦਾ ਨੂੰ ਭੰਗ ਕਰਨਾ ਚਾਹੁੰਦੇ ਹਨ। ਸੀ ਸੀ ਟੀਵੀ ਫੁਟੇਜ ਦੇ ਲੀਕ ਹੋਣ ਦੇ ਮਾਮਲੇ ਨੂੰ ਦੇਖਿਆ ਜਾਵੇ ਤਾਂ ਲਗਦਾ ਹੈ ਕਿ ਜਥੇਦਾਰ ਨੂੰ ਨਿਸ਼ਾਨਾ ਬਣਾਉਣ ਲਈ ਪਹਿਲਾਂ ਉਸ ਨੂੰ ਜਾਣੇ ਅਣਜਾਣੇ ਕੁਤਾਹੀਆਂ ਕਰਨ ਦਿਤੀਆਂ ਗਈਆਂ।ਫਿਰ ਮੌਕੇ ‘ਤੇ ਦਬੋਚ ਲਿਆ ਗਿਆ। ਜਥੇਦਾਰ ਗੌਹਰ ਲਈ ਇਕ ਪ੍ਰਚਾਰਕ ਹੋਣ ਨਾਤੇ ਸਥਾਨਕ ਮਰਿਆਦਾ ਪ੍ਰਤੀ ਸੰਜੀਦਾ ਹੋਣਾ ਬਣਦਾ ਸੀ, ਜੇ ਸੇਵਾ ਨਿਭਾਉਣੀ ਹੈ ਤਾਂ ਮਰਿਆਦਾ ਪ੍ਰਤੀ ਸੁਚੇਤ ਰਹਿਣਾ ਜ਼ਰੂਰੀ ਸੀ। ਪਰ ਲਗਦਾ ਹੈ ਕਿ ਜਥੇਦਾਰ ਗੌਹਰ ਨੂੰ ਆਪਣੀ ਨਿਯੁਕਤੀ ‘ਤੇ ਪੂਰਾ ਮਾਣ ਸੀ। ਉਸ ਨੂੰ ਲਗਦਾ ਕਿ ਉਸ ਨੇ ਜਿਸ ਆਗੂ ਦੀ ਹਰੇ ਪੱਤਿਆਂ ਨਾਲ ਸੇਵਾ ਕੀਤੀ ਹੈ ਉਹ ਉਸ ਦਾ ਵਾਲ ਵਿੰਗਾ ਨਹੀਂ ਹੋਣ ਦੇਵੇਗਾ।ਜਥੇਦਾਰ ਗੌਹਰ ਦੀ ਨਿਯੁਕਤੀ ਸਮੇਂ ਹੀ ਦਾਲ ‘ਚ ਕਾਲਾ ਹੋਣ ਦੀ ਚਰਚਾ ਦਾ ਇਹ ਬਾਜ਼ਾਰ ਗਰਮ ਹੋ ਚੁਕਾ ਸੀ। ਅਕਾਲੀ ਹਾਈ ਕਮਾਨ ਨੇ ਤਖਤ ਸਾਹਿਬ ਦੇ ਪ੍ਰਬੰਧਕੀ ‘ਚ ਸ਼ਾਮਿਲ ਆਪਣੇ ਇਕ ਨਜ਼ਦੀਕੀ ਆਗੂ ਅਵਤਾਰ ਸਿੰਘ ਹਿੱਤ ਦੀ ਸਿਫ਼ਾਰਸ਼ ‘ਤੇ ਜਥੇਦਾਰ ਗੌਹਰ ਦੀ ਨਿਯੁਕਤੀ ਨੂੰ ਪ੍ਰਵਾਨਗੀ ਦਿਤੀ। ਨਾ ਕਿ ਕਿਸੇ ਯੋਗਤਾ ਨੂੰ ਮੁਖ ਰੱਖਦਿਆਂ। ਇਹ ਕਾਰਨ ਹੈ ਕਿ ਜਥੇਦਾਰ ਗੌਹਰ ਆਪਣੀ ਤਾਕਤ ਦੇ ਨਸ਼ੇ ‘ਚ ਜਾਣਬੁੱਝ ਕੇ ਤਖਤ ਸਾਹਿਬ ਦੀ ਮਾਣ ਮਰਿਆਦਾ ਨਾਲ ਛੇੜਛਾੜ ਕਰਨ ਚਲੇ ਗਏ। ਇਸ ਸਬੰਧੀ ਅਗਲੇ ਫ਼ੈਸਲੇ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਪਰ ਹੁਣ ਜਦ ਕਿ ਸੰਗਤ ਵਿਚ ਭਾਰੀ ਰੋਸ ਪੈਦਾ ਹੋ ਚੁੱਕਿਆ ਹੈ ਤਾਂ ਮਾਮਲਾ ਨੂੰ ਸੁਲਝਾਉਣ ਲਈ ਜਥੇਦਾਰ ਗੌਹਰ ਅਤੇ ਉਸ ਦੀ ਸਿਫਾਰਸ਼ ਕਰਨ ਵਾਲੇ ਪ੍ਰਬੰਧਕੀ ਆਗੂ ਅਵਤਾਰ ਸਿੰਘ ਹਿੱਤ ਨੂੰ ਆਪਣੇ ਅਹੁਦਿਆਂ ਤੋਂ ਫ਼ਾਰਗ ਹੋ ਜਾਣਾ ਜਾਂ ਕਰ ਦੇਣਾ ਚਾਹੀਦਾ ਹੈ। ਤਖਤ ਸਾਹਿਬ ਦੀ ਮਰਿਆਦਾ ਦੇ ਗੰਭੀਰ ਮਾਮਲੇ ਨੂੰ ਸੰਜੀਦਗੀ ਨਾਲ ਲੈਂਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਮੇਤ ਸਿਖ ਜਥੇਬੰਦੀਆਂ, ਨਿਹੰਗ ਸਿੰਘ ਜਥੇਬੰਦੀਆਂ, ਦਮਦਮੀ ਟਕਸਾਲ ਅਤੇ ਸੰਤ ਸਮਾਜ ਨੂੰ ਵੀ ਆਪਣਾ ਬਣਦਾ ਰੋਲ ਅਦਾ ਕਰਨਾ ਚਾਹੀਦਾ ਹੈ। ਤਾਂ ਕਿ ਭਵਿਖ ਦੌਰਾਨ ਕੋਈ ਵੀ ਵਿਅਕਤੀ ਤਖਤ ਸਾਹਿਬਾਨ ਦੀ ਮਰਿਆਦਾ ਨਾਲ ਖਿਲਵਾੜ ਕਰਨ ਦੀ ਜੁੱਰਤ ਨਾ ਕਰ ਸਕੇ।