ਨਵੀਂ ਦਿੱਲੀ- 1984 ਵਿੱਚ ਸਿੱਖ ਕੌਮ ਦੇ ਵਿਰੁੱਧ ਹੋਏ ਦੰਗਿਆਂ ਵਿੱਚ ਬਹੁਤ ਸਾਰੇ ਨਿਰਦੋਸ਼ ਲੋਕਾਂ ਨੂੰ ਹਿੰਦੂ ਦਹਿਸ਼ਤਗਰਦਾਂ ਵੱਲੋਂ ਕੀਤੇ ਗਏ ਹਮਲਿਆਂ ਦੌਰਾਨ ਆਪਣੀਆਂ ਜਾਨਾਂ ਗਵਾਉਣੀਆਂ ਪਈਆਂ ਸਨ। ਉਸ ਸਮੇਂ ਜੇ ਪ੍ਰਸ਼ਾਸਨ ਵੱਲੋਂ ਸਹੀ ਕਦਮ ਉਠਾਏ ਜਾਂਦੇ ਤਾਂ ਉਸ ਭਿਆਨਕ ਖੂਨੀ ਖੇਡ ਨੂੰ ਰੋਕਿਆ ਜਾ ਸਕਦਾ ਸੀ। ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਉਸ ਸਮੇਂ ਦੇ ਗ੍ਰਹਿਮੰਤਰੀ ਜੇ ਇੰਦਰ ਕੁਮਾਰ ਗੁਜਰਾਲ ਦੀ ਗੱਲ ਮੰਨ ਲੈਂਦੇ ਤਾਂ ਦੇਸ਼ ਵਿੱਚ ਹਾਲਾਤ ਏਨੇ ਖਰਾਬ ਨਾ ਹੁੰਦੇ।
ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਹੋਏ ਦੰਗਿਆਂ ਨੂੰ ਟਾਲਿਆ ਜਾ ਸਕਦਾ ਸੀ ਜੇ ਗੁਜਰਾਲ ਦੀ ਸਲਾਹ ਮੰਨ ਕੇ ਦੇਸ਼ ਵਿੱਚ ਹੋ ਰਹੀ ਹਿੰਸਾ ਤੇ ਕਾਬੂ ਪਾਉਣ ਲਈ ਤਤਕਾਲ ਸੈਨਾ ਨੂੰ ਬੁਲਾ ਲਿਆ ਜਾਂਦਾ। ਉਨ੍ਹਾਂ ਨੇ ਕਿਹਾ ਕਿ ਗੁਜਰਾਲ ਉਸ ਸਮੇਂ ਦੇ ਗ੍ਰਹਿਮੰਤਰੀ ਪੀਵੀ ਨਰਸਿੰਮਾ ਰਾਵ ਦੇ ਕੋਲ ਗਏ ਸੀ ਅਤੇ ਬੇਕਾਬੂ ਹੋ ਰਹੇ ਹਾਲਾਤ ਨੂੰ ਕੰਟਰੋਲ ਕਰਨ ਲਈ ਜਲਦੀ ਤੋਂ ਜਲਦੀ ਸੈਨਾ ਬੁਲਾਉਣ ਦੀ ਸਲਾਹ ਦਿੱਤੀ ਸੀ। ਉਸ ਸਮੇਂ ਜੇ ਇਹ ਸਲਾਹ ਮੰਨ ਲਈ ਜਾਂਦੀ ਤਾਂ 1984 ਵਿੱਚ ਹੋਏ ਸਿੱਖਾਂ ਦੇ ਕਤਲੇਆਮ ਨੂੰ ਰੋਕਿਆ ਜਾ ਸਕਦਾ ਸੀ। ਉਨ੍ਹਾਂ ਨੇ ਇਹ ਸ਼ਬਦ ਗੁਜਰਾਲ ਦੇ 100ਵੇਂ ਜਨਮਦਿਨ ਦੇ ਮੌਕੇ ਤੇ ਆਯੋਜਿਤ ਇੱਕ ਪ੍ਰੋਗਰਾਮ ਦੌਰਾਨ ਕਹੇ।