ਫ਼ਤਹਿਗੜ੍ਹ ਸਾਹਿਬ – “ਗੁਰੂ ਨਾਨਕ ਪਾਤਸ਼ਾਹੀ ਨੇ ਆਪਣੀਆ ਸਮੁੱਚੀਆਂ ਓਦਾਸੀਆ ਅਤੇ ਦੁਨੀਆਂ ਦੇ ਵਿਚ ਵਿਚਰਦੇ ਹੋਏ ਕੇਵਲ ਤੇ ਕੇਵਲ ਇਨਸਾਨੀਅਤ ਅਤੇ ਮਨੁੱਖੀ ਕਦਰਾ-ਕੀਮਤਾ ਸੰਬੰਧੀ ਹੀ ਸੰਦੇਸ਼ ਦਿੱਤੇ । ਉਨ੍ਹਾਂ ਨੇ ਕਿਸੇ ਵੀ ਧਰਮ, ਕੌਮ ਦੀ ਕਦੀ ਵਿਰੋਧਤਾ ਨਹੀਂ ਕੀਤੀ । ਬਲਕਿ ਸਮਾਜਿਕ ਅੱਛਾਈਆ ਦੀ ਪੈਰਵੀਂ ਕੀਤੀ ਅਤੇ ਬੁਰਾਈਆ ਦੀ ਦ੍ਰਿੜਤਾ ਨਾਲ ਵਿਰੋਧਤਾ ਕੀਤੀ । ਬੀਤੇ ਸਮੇਂ ਵਿਚ ਹਰਿਦੁਆਰ ਦੇ ਗਿਆਨ ਗੋਦੜੀ ਗੁਰਦੁਆਰਾ ਜੋ ਗੁਰੂ ਨਾਨਕ ਸਾਹਿਬ ਨਾਲ ਸੰਬੰਧਤ ਹੈ, ਉਸ ਨੂੰ ਵੀ ਇਸੇ ਸੋਚ ਅਧੀਨ ਹੁਕਮਰਾਨਾਂ ਨੇ ਢਾਹਿਆ । ਫਿਰ ਸਿੱਕਮ ਵਿਚ ਗੁਰੂ ਨਾਨਕ ਸਾਹਿਬ ਨਾਲ ਸੰਬੰਧਤ ਗੁਰੂਘਰ ਨੂੰ ਵੀ ਨੁਕਸਾਨ ਪਹੁੰਚਾਇਆ । ਹੁਣ ਜਗਨਨਾਥ ਪੁਰੀ ਜੋ ਗੁਰੂ ਨਾਨਕ ਸਾਹਿਬ ਜੀ ਦੇ ਮੱਠ ਨਾਲ ਸਮੁੱਚੀ ਮਨੁੱਖਤਾ ਵੱਲੋਂ ਯਾਦ ਕੀਤਾ ਜਾਂਦਾ ਹੈ ਅਤੇ ਇਹ ਯਾਦਗਰ ਤੇ ਮੱਠ 450 ਸਾਲ ਪੁਰਾਣਾ ਹੈ, ਉਸ ਨੂੰ ਵੀ ਢਾਹ ਦਿੱਤਾ ਗਿਆ ਹੈ । ਜੋ ਕਿ ਕੇਵਲ ਸਿੱਖ ਕੌਮ ਦੇ ਮਨਾਂ ਤੇ ਆਤਮਾਵਾਂ ਨੂੰ ਹੀ ਨਹੀਂ, ਬਲਕਿ ਗੁਰੂ ਨਾਨਕ ਸਾਹਿਬ ਨੂੰ ਆਪਣਾ ਪੀਰ, ਗੁਰੂ, ਪੈਗੰਬਰ ਮੰਨਣ ਵਾਲੇ ਸਭ ਮੁਸਲਿਮ, ਇਸਾਈ ਅਤੇ ਹੋਰ ਧਰਮਾਂ ਦੇ ਨਿਵਾਸੀਆਂ ਦੇ ਮਨ ਨੂੰ ਵੀ ਡੂੰਘੀ ਠੇਸ ਪਹੁੰਚੀ ਹੈ । ਜੋ ਸਿੱਖ ਕੌਮ ਤੇ ਮਨੁੱਖਤਾ ਲਈ ਬਰਦਾਸਤ ਕਰਨ ਯੋਗ ਨਹੀਂ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜਗਨਨਾਥ ਪੁਰੀ (ਉੜੀਸਾ) ਵਿਖੇ 450 ਸਾਲ ਪੁਰਾਤਨ ਉਹ ਯਾਦਗਰ ਜੋ ਸ੍ਰੀ ਗੁਰੂ ਨਾਨਕ ਸਾਹਿਬ ਦੇ ਨਾਮ ਨਾਲ ਮੱਠ ਮਸਹੂਰ ਹੈ ਅਤੇ ਜਿੱਥੇ ਸਿੱਖ ਕੌਮ ਹੀ ਨਹੀਂ, ਬਲਕਿ ਸਭ ਕੌਮਾਂ, ਧਰਮਾਂ ਦੇ ਨਿਵਾਸੀ ਸਿਜਦਾ ਕਰਨ ਜਾਂਦੇ ਹਨ, ਉੜੀਸਾ ਸਰਕਾਰ ਵੱਲੋਂ ਇਸ ਯਾਦਗਰ ਨੂੰ ਸਾਜ਼ਿਸ ਅਧੀਨ ਢਾਹ ਦੇਣ ਦੇ ਵਿਰੁੱਧ ਸਮੁੱਚੀ ਮਨੁੱਖਤਾ ਵੱਲੋਂ ਜੋਰਦਾਰ ਰੋਸ ਜ਼ਾਹਰ ਕਰਦੇ ਹੋਏ ਅਤੇ ਉੜੀਸਾ ਸਰਕਾਰ ਦੀ ਇਸ ਕਾਰਵਾਈ ਦੀ ਪੁਰਜੋਰ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋਂ ਮੁਸਲਿਮ ਕੌਮ ਨਾਲ ਸੰਬੰਧਤ ਬਾਬਰੀ ਮਸਜਿਦ ਢਾਹੀ ਗਈ, ਉਥੇ ਇਹ ਕਹਿਕੇ ਕਿ ਇਹ ਤਾਂ ਮੰਦਰ ਸੀ ਮਸਜਿਦ ਨੂੰ ਢਾਹੁਣ ਦਾ ਬਹਾਨਾ ਬਣਾਇਅ ਗਿਆ । ਜਦੋਂਕਿ ਕਿਸੇ ਵੀ ਆਰਚੀਟੈਕਚਰ ਜਾਂ ਖੋਜ਼ਕਾਰੀਆਂ ਨੇ ਉਥੇ ਮੰਦਰ ਹੋਣ ਬਾਰੇ ਕੋਈ ਚਰਚਾਂ ਨਹੀਂ ਕੀਤੀ । ਹਿੰਦੂਤਵ ਸੋਚ ਦੀ ਅਗਵਾਈ ਕਰਨ ਵਾਲੇ ਹੁਕਮਰਾਨਾਂ ਅਤੇ ਫਿਰਕੂ ਜਮਾਤਾਂ ਇਥੇ ਜ਼ਬਰੀ ਗੈਰ-ਵਿਧਾਨਿਕ ਅਤੇ ਗੈਰ-ਇਨਸਾਨੀਅਤ ਤਰੀਕੇ ਦੂਸਰੇ ਧਰਮਾਂ ਨਾਲ ਸੰਬੰਧਤ ਇਤਿਹਾਸਿਕ ਅਤੇ ਸਤਿਕਾਰਿਤ ਯਾਦਗਰਾਂ ਨੂੰ ਇਕ ਗਿਣੀ-ਮਿੱਥੀ ਸਾਜ਼ਿਸ ਅਧੀਨ ਇਕ-ਇਕ ਕਰਕੇ ਨਿਸ਼ਾਨਾਂ ਬਣਾ ਰਹੇ ਹਨ । ਜਿਸ ਤੋਂ ਇਹ ਪ੍ਰਤੱਖ ਹੋ ਜਾਂਦਾ ਹੈ ਕਿ ਹੁਕਮਰਾਨ ਅਜਿਹਾ ਹਿੰਦੂ ਸੋਚ ਨੂੰ ਲਾਗੂ ਕਰਨ ਅਤੇ ਸਮੁੱਚੀਆਂ ਇਥੇ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਦੇ ਵਿਧਾਨਿਕ ਆਜ਼ਾਦੀ ਦੇ ਹੱਕਾਂ ਨੂੰ ਕੁੱਚਲਕੇ ਤੇ ਉਨ੍ਹਾਂ ਦੀ ਮਨੋਬਿਰਤੀ ਨੂੰ ਡੂੰਘੀ ਠੇਸ ਪਹੁੰਚਾਕੇ ਅਜਿਹੇ ਦੁੱਖਦਾਇਕ ਅਮਲ ਕਰਦੇ ਆ ਰਹੇ ਹਨ, ਜਿਸ ਨੂੰ ਸਿੱਖ ਕੌਮ ਅਤੇ ਘੱਟ ਗਿਣਤੀ ਕੌਮਾਂ ਕਦੀ ਵੀ ਪ੍ਰਵਾਨ ਨਹੀਂ ਕਰਨਗੀਆ ।
ਸ. ਮਾਨ ਨੇ ਕਿਹਾ ਕਿ ਸਾਡੇ ਗੁਰੂ ਸਾਹਿਬਾਨ ਅਤੇ ਵਿਦਵਾਨਾਂ, ਫਿਲਾਸਫਰਾ ਅਤੇ ਪ੍ਰਚਾਰਕਾਂ ਨੇ ਕਦੀ ਵੀ ਅੱਜ ਤੱਕ ਕਿਸੇ ਦੂਸਰੇ ਧਰਮ ਜਾਂ ਦੂਸਰੀ ਕੌਮ ਦੀਆਂ ਮਨੋਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਗੱਲ ਕਦੀ ਨਹੀਂ ਕੀਤੀ । ਕਿਉਂਕਿ ਅਸੀਂ ਗੁਰੂ ਸਾਹਿਬਾਨ ਵੱਲੋਂ ਬਖਸ਼ਿਸ਼ ਕੀਤੀ ਗਈ ਬਰਾਬਰਤਾ ਦੀ ਸੋਚ ਅਤੇ ਇਕ-ਦੂਸਰੇ ਧਰਮ ਦਾ ਸਤਿਕਾਰ ਕਰਨ ਦੀ ਦਲੀਲ ਦੇ ਕਾਇਲ ਹਾਂ । ਲੇਕਿਨ ਅਸੀਂ ਆਪਣੇ ਗੁਰੂ ਸਾਹਿਬਾਨ, ਉਨ੍ਹਾਂ ਨਾਲ ਸੰਬੰਧਤ ਯਾਦਗਰਾਂ, ਗੁਰੂਘਰਾਂ, ਵਿਰਸੇ-ਵਿਰਾਸਤ ਆਦਿ ਨੂੰ ਕਿਸੇ ਸਾਜ਼ਿਸ ਅਧੀਨ ਨੁਕਸਾਨ ਪਹੁੰਚਾਉਣ ਵਾਲੀਆ ਤਾਕਤਾਂ ਦੇ ਮਨਸੂਬਿਆਂ ਨੂੰ ਵੀ ਜਿਥੇ ਸਮਝਦੇ ਹਾਂ, ਉਥੇ ਕਿਸੇ ਨੂੰ ਵੀ ਅਜਿਹਾ ਕਰਨ ਦੀ ਇਜ਼ਾਜ਼ਤ ਕਦੀ ਨਹੀਂ ਦੇ ਸਕਦੇ । ਜੇਕਰ ਸੈਂਟਰ ਦੇ ਹੁਕਮਰਾਨਾਂ ਅਤੇ ਉੜੀਸਾ ਦੇ ਹੁਕਮਰਾਨਾਂ ਨੇ ਆਪਣੇ ਵੱਲੋਂ ਕੀਤੀ ਬਜਰ ਗੁਸਤਾਖੀ ਦਾ ਅਹਿਸਾਸ ਕਰਦੇ ਹੋਏ ਗੁਰੂ ਨਾਨਕ ਸਾਹਿਬ ਨਾਲ ਸੰਬੰਧਤ ਮੱਠ ਨੂੰ ਉਸੇ ਤਰ੍ਹਾਂ ਉਸਾਰਨ ਦੀ ਕਾਰਵਾਈ ਨਾ ਕੀਤੀ, ਤਾਂ ਸਿੱਖ ਕੌਮ ਵੱਲੋਂ ਉਠਣ ਵਾਲੇ ਹੁਕਮਰਾਨਾਂ ਵਿਰੋਧੀ ਰੋਸ ਦੇ ਪ੍ਰਤੀਕਰਮ ਵੱਜੋਂ ਨਿਕਲਣ ਵਾਲੇ ਭਿਆਨਕ ਨਤੀਜਿਆ ਲਈ ਕੱਟੜਵਾਦੀ ਹੁਕਮਰਾਨ ਜ਼ਿੰਮੇਵਾਰ ਹੋਣਗੇ । ਸ. ਮਾਨ ਨੇ ਸਿੱਖ ਕੌਮ ਨਾਲ ਸੰਬੰਧਤ ਦਿਆਨਤਦਾਰਾਂ, ਬੁੱਧੀਜੀਵੀਆਂ, ਫਿਲਾਸਫਰਾ, ਪ੍ਰਚਾਰਕਾਂ ਆਦਿ ਸਭ ਨੂੰ ਇਹ ਜੋਰਦਾਰ ਅਪੀਲ ਕੀਤੀ ਕਿ ਉਹ ਹੁਕਮਰਾਨਾਂ ਦੇ ਸਿੱਖ ਕੌਮ ਅਤੇ ਘੱਟ ਗਿਣਤੀ ਕੌਮਾਂ ਵਿਰੋਧੀ ਕੀਤੀਆ ਜਾ ਰਹੀਆ ਸਾਜ਼ਿਸਾਂ ਅਤੇ ਸਾਡੀਆ ਯਾਦਗਰਾਂ ਨੂੰ ਖ਼ਤਮ ਕਰਨ ਦੇ ਅਮਲਾਂ ਵਿਰੁੱਧ ਵਿਚਾਰਾਂ ਦੇ ਵਖਰੇਵਿਆ ਦੇ ਬਾਵਜੂਦ ਵੀ ਇਕ ਹੋ ਕੇ ਟਾਕਰਾਂ ਕਰਨ ਅਤੇ ਆਪਣੀਆ ਇਤਿਹਾਸਿਕ ਯਾਦਗਰਾਂ, ਵਿਰਸੇ-ਵਿਰਾਸਤ ਦੀ ਦ੍ਰਿੜਤਾ ਨਾਲ ਰੱਖਿਆ ਕਰਨ ਲਈ ਅੱਗੇ ਆਉਣ ।