ਭਾਗ

(44)
ਅਜੇ ਤੜਕਾ ਹੀ ਸੀ ਕਿ ਘਰ ਦਾ ਲੋਹੇ ਦੇ ਗੇਟ ਖੜਕਿਆ ਤਾਂ ਹਰਜਿੰਦਰ ਸਿੰਘ ਇਕ ਦਮ ਉੱਠਿਆ, “ਇਸ ਵੇਲੇ ਕੌਣ”?
“ਪਤਾ ਨਹੀ, ਸੁਖ ਹੋਵੇ।” ਨਸੀਬ ਨੇ ਕਿਹਾ, “ਗੁਵਾਂਡੀ ਨਾ ਹੋਣ, ਉਹਨਾ ਦੀ ਨੂੰਹ ਨੂੰ ਬੱਚਾ ਹੋਣ ਵਾਲਾ ਸੀ, ਸ਼ਾਇਦ ਸ਼ਹਿਰ ਨੂੰ ਲੈ ਕੇ ਜਾਣਾ ਹੋਵੇ।”
ਹਰਜਿੰਦਰ ਸਿੰਘ ਨੇ ਗੇਟ ਖੋਲਿ੍ਹਆ ਤਾਂ ਅੱਗੇ ਦਿਲਪ੍ਰੀਤ ਆਪਣੇ ਦੋਸਤ ਜਿਦੂੰ ਨਾਲ ਖੜ੍ਹਾ ਸੀ।
“ਵਾਹਿਗੁਰੂ ਜੀ ਕਾ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਿਹ।”
ਦੋਹਾਂ ਨੇ ਹਰਜਿੰਦਰ ਸਿੰਘ ਨੂੰ ਕਿਹਾ।
ਹਰਜਿੰਦਰ ਸਿੰਘ ਹੈਰਾਨ ਹੋਇਆ ਕਦੀ ਦਿਲਪ੍ਰੀਤ ਅਤੇ ਕਦੀ ਉਸ ਦੇ ਦੋਸਤ ਨੂੰ ਦੇਖੇ।
“ਕੌਣ ਆ”? ਬੇਬੇ ਜੀ ਅਦੰਰੋ ਪੁੱਛ ਰਹੀ ਸੀ।
“ਬੇਬੇ ਜੀ, ਮੈਂ ਹੀ ਹਾਂ ਦਿਲਪ੍ਰੀਤ।”
“ਵੇ ਤੈਨੂੰ ਚੇਤਾ ਆ ਗਿਆ ਬੇਬੇ ਜੀ ਦੇ ਬੱਚਿਆ।” ਬੇਬੇ ਜੀ ਖੰਘਦੀ ਹੋਈ ਕਹਿ ਰਹੀ ਸੀ, “ਮੈ ਤਾਂ ਸੋਚਿਆ ਸੀ ਕਿ ਦਾਦੀ ਦੇ ਮਰਨ ਤੇ ਹੀ ਆਵੇਗਾ।”
ਹੌਲੀ ਹੌਲੀ ਸਾਰਾ ਟੱਬਰ ਉੱਠ ਕੇ ਬੇਬੇ ਜੀ ਦੇ ਕਮਰੇ ਵਿਚ ਆ ਗਿਆ। ਦਿਲਪੀ੍ਰਤ ਦੀ ਬਦਲੀ ਹੋਈ ਦਿਖ ਦੇਖ ਕੇ ਸਾਰੇ ਹੀ ਹੈਰਾਨ ਸਨ। ਚੁੱਪ-ਚਾਪ ਇਕ ਦੂਜੇ ਦੇ ਮੂੰਹ ਵੱਲ ਦੇਖ ਰਹੇ ਸਨ।
“ਤੈਨੂੰ ਸਿੰਘ ਸਜਿਆ ਦੇਖ ਮੈਨੂੰ ਖੁਸ਼ੀ ਵੀ ਹੋਈ ਆ।” ਬੇਬੇ ਜੀ ਨੇ ਕਿਹਾ, “ਪਰ ਸਿੰਘ ਸੱਜ ਕੇ ਮਾਪੇ ਨਹੀ ਛੱਡ ਦਈ ਦੇ।”
“ਦਿਲਪ੍ਰੀਤ ਤੇਰਾ ਕੰਮ ਵੱਧ ਗਿਆ?” ਹਰਜਿੰਦਰ ਸਿੰਘ ਨੇ ਕਿਹਾ, “ਜਿਸ ਕਰਕੇ ਤੂੰ ਪਿੰਡ ਆਉਣੋ ਘੱਟ ਗਿਆ।”
“ਇਕ ਹੋਰ ਕੰਮ ਲੈ ਲਿਆ।” ਦਿਲਪ੍ਰੀਤ ਦੀ ਥਾਂ ਜਿਦੂੰ ਨੇ ਦੱਸਿਆ, “ਕਮਾਈ ਕਰਨ ਦਾ ਲਾਲਚੀ ਹੋ ਗਿਆ ਇਹ।”
“ਹੋਰ ਕਿਹੜਾ ਕੰਮ?” ਨਸੀਬ ਨੇ ਪੁੱਛਿਆ, “ਸਾਨੂੰ ਕਿਸੇ ਗੱਲ ਦਾ ਘਾਟਾ ਹੈ, ਕੋਈ ਲੋੜ ਨਹੀ ਪਈ ਦੋ ਦੋ ਕੰਮ ਕਰਨ ਦੀ।
“ਏਨੀ ਠੰਡ ਵਿਚ ਆਏ ਹੋ, ਇਹਨਾ ਨੂੰ ਚਾਹ-ਪਾਣੀ ਤਾਂ ਪਿਲ਼ਾਉ” ਤੋਸ਼ੀ ਨੇ ਕਿਹਾ, “ਕਿ ਹੁਣ ਗੱਲਾਂ ਹੀ ਕਰੀ ਜਾਵੋਂਗੇ।”
“ਮੈਨੂੰ ਤਾਂ ਤੂੰ ਬਦਲਿਆ ਬਦਲਿਆ ਲੱਗਦਾ ਹੈ।” ਨਸੀਬ ਕੌਰ ਨੇ ਕਿਹਾ, “ਉਹ ਕਿਹੜਾ ਕੰਮ ਕਰਨ ਲੱਗ ਪਿਆ ਜਿਸ ਨੇ ਤੇਰਾ ਮਾਪਿਆ ਨਾਲ ਮੋਹ ਹੀ ਤੋੜ ਦਿੱਤਾ।”
“ਤਹਾਨੂੰ ਕੌਣ ਕਹਿੰਦਾ ਹੈ ਕਿ ਮੇਰਾ ਮਾਪਿਆ ਨਾਲੋ ਮੋਹ ਟੁਟ ਗਿਆ।” ਦਿਲਪ੍ਰੀਤ ਨੇ ਕਿਹਾ, “ਮੇਰਾ ਤਾਂ ਸਗੋਂ ਸਾਰੀ ਕੌਮ ਨਾਲ ਮੋਹ ਪੈ ਗਿਆ ਹੈ।”
“ਹੁਣ ਤੂੰ ਕਿਸੇ ਕੰਮ ਤੇ ਵੀ ਨਹੀ ਜਾ ਸਕਦਾ, ਘਰ ਰਹਿ।” ਨਸੀਬ ਨੇ ਗੁੱਸੇ ਵਿਚ ਕਿਹਾ, “ਕੋਈ ਲੋੜ ਨਹੀ ਸਾਨੂੰ ਕੰਮਾਂ ਦੀ, ਉਸ ਦਿਨ ਤੂੰ ਸਾਨੂੰ ਅੰਮ੍ਰਿਤਸਰ ਵੀ ਨਾਂ ਮਿਲਿ੍ਹਆ, ਮੂੰਹ ਚੁੱਕ ਕੇ ਸਾਰੀ ਦਿਹਾੜੀ ਉਡੀਕਦੇ ਰਹੇ।”
“ਭਾਬੀ, ਤੁਸੀਂ ਜਾ ਕੇ ਚਾਹ ਬਣਾਉ।” ਤੋਸ਼ੀ ਨੇ ਕਿਹਾ, “ਮੈ ਕਰਦਾਂ ਗੱਲ ਇਹਦੇ ਨਾਲ।।”
“ਕਾਕਾ ਤੂੰ ਤਾਂ ਬਹਿ ਜਾ।” ਬੇਬੇ ਜੀ ਨੇ ਜਿੰਦੂ ਨੂੰ ਕਿਹਾ, “ਤੂੰ ਕਾਹਤੇ ਖੜਾਂ।”
ਜਿਦੂੰ ਪਰੇ ਪਈ ਕੁਰਸੀ ਨੂੰ ਬੇਬੇ ਜੀ ਦੇ ਮੰਜੇ ਕੋਲ ਖਿਚ ਕੇ ਬੈਠ ਗਿਆ।
“ਤੁਸੀ ਤੜਕੇ ਤੜਕੇ ਕਿਧਰੋਂ ਆਏ।” ਤੋਸ਼ੀ ਨੇ ਪੁੱਛਿਆ, “ਇਸ ਟਾਈਮ ਅੱਗੇ ਤਾਂ ਤੂੰ ਕਦੇ ਨਹੀਂ ਆਇਆ।”
“ਅਸੀਂ ਤਾਂ ਰਾਤ ਦੇ ਜਿੰਦੂ ਦੇ ਪਿੰਡ ਆਏ ਹੋਏ ਸੀ ਤੇ ਹੁਣ ਵਾਪਸ ਜਾ ਰਹੇ ਸੀ।”
“ਤੁਸੀ ਆਏ ਕਿਦਾਂ?” ਹਰਜਿੰਦਰ ਸਿੰਘ ਨੇ ਪੁੱਛਿਆ, “ਇਸ ਵੇਲੇ ਤਾਂ ਕੋਈ ਮੋਟਰ ਬਸ ਵੀ ਨਹੀ ਚਲਦੀ।”
“ਮੋਟਰਸਾਈਕਲ ਹਵੇਲੀ ਖੜ੍ਹਾ ਕਰਕੇ ਆਏ ਹਾਂ।” ਦਿਲਪ੍ਰੀਤ ਨੇ ਹੱਸਦੇ ਜਿਹੇ ਕਿਹਾ, “ਤੁਸੀ ਸਾਰੇ ਹੈਰਾਨ ਪਰੇਸ਼ਾਨ ਕਿਉਂ ਹੋਏ ਜਾਂਦੇ ਹੋ?”
“ਹੈਰਾਨ ਪਰੇਸ਼ਾਨ ਹੋਏ ਅਸੀ ਡਰਦੇ ਵੀ ਹਾਂ।” ਹਰਜਿੰਦਰ ਸਿੰਘ ਨੇ ਕਿਹਾ, “ਸਾਨੂੰ ਸੱਚ ਦੱਸ ਕਿ ਤੂੰ ਭਿੰਡਰਾਂਵਾਲਿਆਂ ਦਾ ਚੇਲਾ ਬਣ ਗਿਐਂ।”
“ਜੇ ਬਣ ਵੀ ਗਿਆਂ ਹੋਵਾਂ ਤਾਂ ਇਸ ਵਿਚ ਪਰੇਸ਼ਾਨੀ ਵਾਲੀ ਕੋਈ ਗੱਲ ਨਹੀ।” ਦਿਲਪ੍ਰੀਤ ਨੇ ਜਿੰਦੂ ਵੱਲ ਦੇਖਦੇ ਕਿਹਾ, “ਵੱਡੇ ਵੱਡੇ, ਪੜੇ ਲਿਖੇ ਮੇਜਰ ਜਨਰਲ ਭਿੰਡਰਾਂਵਾਲਿਆਂ ਦੇ ਚੇਲੇ ਬਣ ਗਏ ਨੇਂ।”
“ਮੈਨੂੰ ਪਤਾ ਤੂੰ ਜਨਰਲ ਸੁਬੇਗ ਸਿੰਘ ਦੀ ਗੱਲ ਕਰ ਰਿਹਾ ਆਂ।” ਤੋਸ਼ੀ ਨੇ ਕਿਹਾ, “ਉਸ ਨਾਲ ਤਾਂ ਧੋਖਾ ਕੀਤਾ ਗਿਆ ਜਿਸ ਕਰਕੇ ਉਹ ਸੰਤਾ ਕੋਲ ਗਿਆ।”
“ਜਨਰਲ ਸੁਬੇਗ ਸਿੰਘ ਉਹ ਹੀ ਜੋ 1971 ਦੀ ਬੰਗਲਾ ਦੇਸ਼ ਦੀ ਲੜਾਈ ਦਾ ਹੀਰੋ ਸੀ।” ਹਰਜਿੰਦਰ ਸਿੰਘ ਨੇ ਪੁੱਛਿਆ, “ਕੀ ਗੱਲ ਹੋਈ ਉਸ ਨਾਲ।”
“ੳੇੁਸ ਜੰਗ ਵਿਚ ਜਨਰਲ ਸੁਬੇਗ ਸਿੰਘ ਦਾ ਪ੍ਰਦਰਸ਼ਨ ਬੇਹੱਦ ਉੱਤਮ ਸੀ ਅਤੇ ਇਸ ਰੋਲ ਸਦਕਾ ਸਾਰੇ ਰਾਸ਼ਟਰ ਵਲੋਂ ਉਸ ਦੀ ਉਸਤਤ ਅਤੇ ਵਾਹ ਵਾਹ ਕੀਤੀ ਗਈ।” ਜਿੰਦੂ ਨੇ ਦੱਸਿਆ, “ਬਹੁਤ ਹੰਕਾਰੀ ਅਤੇ ਵਡਿਆਈ ਦੀ ਲਾਲਸਾ ਰੱਖਣ ਵਾਲੀ ਪ੍ਰਧਾਨ ਮੰਤਰੀ ਨੇ ੳਸੁ ਨੂੰ ਇਕ ਫਜੂਲ ਜਿਹੇ ਕੇਸ ਵਿਚ ਫਸਾ ਦਿੱਤਾ।”
“ਕਿਉਂਕਿ ਉਹ 1971 ਦੀ ਲੜਾਈ ਦੀ ਹੀਰੋ ਉਹ ਖੁਦ ਬਨਣਾ ਚਾਹੁੰਦੀ ਸੀ।” ਦਿਲਪ੍ਰੀਤ ਨੇ ਕਿਹਾ, “ਜਨਰਲ ਸੁਬੇਗ ਸਿੰਘ ਨਾਲ ਹੀ ਨਹੀਂ ਹੋਰ ਵੀ ਬਹੁਤ ਉਚਕੋਟੀ ਦੇ ਸਿਖ ਵਿਦਵਾਨਾਂ ਤੇ ਬਹਾਦਰਾਂ ਨਾਲ ਧੱਕਾ ਹੋਇਆ ਜਿਨਾਂ ਵਿਚੋਂ ਸਰਦਾਰ ਕਪੂਰ ਸਿੰਘ ਵੀ ਇਕ ਸਨ।”
“ਪਰ ਤੇਰੇ ਨਾਲ ਤਾਂ ਕੁਝ ਨਹੀਂ ਹੋਇਆ।” ਨਸੀਬ ਚਾਹ ਵਾਲੇ ਕੱਪ ਫੜਾਉਂਦੀ ਕਹਿ ਰਹੀ ਸੀ, “ਤੈਨੂੰ ਇਦਾ ਦੀਆਂ ਗੱਲਾਂ ਨਾਲ ਕੀ।”
“ਮੰਮੀ, ਤੁਸੀਂ ਇਤਹਾਸ ਪੜੋ ਤਾਂ ਪਤਾ ਲੱਗੇ, ਕੀ ਕੀ ਹੋਇਆ ਸਾਡੇ ਨਾਲ।” ਦਿਲਪ੍ਰੀਤ ਨੇ ਪਲੇਟ ਵਿਚੋਂ ਖੋਏ ਦੀ ਪਿੰਨੀ ਚੁਕਦੇ ਹੋਏ ਨੇ ਕਿਹਾ, “ਜੇ ਆਪਾਂ ਸਾਰੇ ਇਹ ਹੀ ਸੋਚੀ ਗਏ ਕਿ ਸਾਨੂੰ ਕੀ, ਤੁਹਾਡਾ ਕੀ ਖਿਆਲ ਕਿ ਅੱਗੋ ਤੋਂ ਸਾਡੇ ਬੱਚਿਆਂ ਨੂੰ ਕਿਸੇ ਖੇਤਰ ਵਿਚ ਅਗਾਂਹ ਵਧਣ ਦਿੱਤਾ ਜਾਵੇਗਾ।”
“ਪਹਿਲਾਂ ਵਿਆਹ ਤਾਂ ਕਰਵਾ ਲਾ। ਬੱਚਿਆਂ ਦਾ ਫਿਕਰ ਹੁਣੇ ਹੀ ਕਰਨ ਲੱਗ ਪਿਐਂ।” ਨਸੀਬ ਨੇ ਕਿਹਾ, “ਸਾਨੂੰ ਦੱਸ ਕਦੋਂ ਤੈਨੂੰ ਛੁੱਟੀਆਂ ਹੋਣੀਆਂ ਨੇ ਅਸੀ ਵਿਆਹ ਦੀ ਤਾਰੀਖ ਤਾਂ ਰੱਖਣ ਵਾਲੇ ਬਣੀਏ।”
“ਵਿਆਹ ਬਾਰੇ ਅਜੇ ਠਹਿਰ ਹੀ ਜਾਵੋ।” ਦਿਲਪ੍ਰੀਤ ਨੇ ਆਪਣੀ ਚਾਚੀ ਮਿੰਦੀ ਕੋਲੋਂ ਕਾਕਾ ਫੜ੍ਹਦੇ ਕਿਹਾ, “ਆਪਾਂ ਇਹਦਾ ਵਿਆਹ ਕਰਾਂਗੇ, ਗਜਾ ਵਜਾ ਕੇ।”
ਦਿਲਪ੍ਰੀਤ ਦੀ ਇਹ ਗੱਲ ਕਹਿਣ ਦੀ ਦੇਰ ਸੀ ਕਿ ਸਾਰੇ ਘਰ ਦੇ ਦੰਗ ਰਹਿ ਗਏ ਤੇ ਉਦਾਸ ਹੋ ਗਏ। ਨਸੀਬ ਕੌਰ ਤਾਂ ਰੋਣ ਹੀ ਲੱਗ ਪਈ।

“ਮੰਮੀ, ਤੁਸੀ ਰੋਣ ਕਿੳਂ ਲੱਗ ਪਏ?”
“ਰੋਵਾਂ ਨਾ ਤਾਂ ਕੀ ਕਰਾਂ।” ਨਸੀਬ ਕੌਰ ਨੇ ਆਪਣੀਆਂ ਅੱਖਾਂ ਸ਼ਾਲ ਨਾਲ ਸਾਫ ਕਰਦੇ ਕਿਹਾ, “ਰਵਾਉਣ ਵਾਲੀਆਂ ਗੱਲਾਂ ਤਾਂ ਤੂੰ ਕਰਨ ਲੱਗ ਪਿਆ, ਤੇਰੇ ਤੇ ਆਸ ਰੱਖੀ ਬੈਠੇ ਸਾਂ।”
“ਆਸਾਂ ਤਾਂ ਵਾਹਿਗੁਰੂ ਉੱਪਰ ਹੀ ਰੱਖਣੀਆ ਚਾਹੀਦੀਆਂ ਨੇ। ਜੋ ਸਾਰਿਆਂ ਦੀਆਂ ਆਸਾਂ ਪੂਰੀਆਂ ਕਰਦਾ ਹੈ।”
“ਦੇਖ ਕਾਕਾ, ਬੁਝਾਰਤਾਂ ਨਾ ਪਾ।” ਬੇਬੇ ਜੀ ਜੋ ਹੁਣ ਤਕ ਚੁੱਪ ਸਨ ਬੋਲੇ, “ਅਸੀਂ ਤੇਰੇ ਵਿਆਹ ਦੀ ਤਾਰੀਖ ਰੱਖ ਦੇਣੀ ਆ, ਤੈਨੂੰ ਉਸ ਦਿਨ ਵਿਆਹ ਕਰਾਉਣਾ ਹੀ ਪੈਣਾ ਆ, ਸਿਆਣਾ ਬਣ, ਕਿਹੋ ਜਿਹੀਆਂ ਗੱਲਾਂ ਕਰਨ ਲਗ ਪਿਆ ਆਂ।”
“ਸਿਆਨਪ ਕਾਹੂ ਕਾਮਿ ਨਾ ਆਤ।। ਜੋ ਅਨਰੂਪਿਓ ਠਾਕੁਰਿ ਮੇਰੈ ਹੋਇ ਰਹੀ ਉਹ ਬਾਤ।।” (ਗੁਜਰੀ ਮਹਲਾ 5, ਪੰਨਾ 469 )
“ਉਹ ਤਾਂ ਠੀਕ ਹੈ।” ਬੇਬੇ ਜੀ ਨੇ ਥੌੜ੍ਹਾ ਸਹਿਜ ਵਿਚ ਆਉਂਦਿਆ ਕਿਹਾ, “ਫਿਰ ਵੀ ਪਤਾ ਤਾਂ ਲੱਗੇ ਤੂੰ ਕੰਮ ਕੀ ਕਰਦਾ ਏ।”
“ਬੇਬੇ ਜੀ, ਤੁਸੀ ਸੁਖਮਨੀ ਸਾਹਿਬ ਦੇ ਪਾਠ ਵਿਚ ਆਪ ਹੀ ਪੜ੍ਹਦੇ ਹੁੰਦੇ ਓ, “‘ਕਰਨ ਕਰਾਵਨ ਕਰਨੈ ਜੋਗੁ, ਜੋ ਤਿਸ ਭਾਵੈ ਸੋਈ ਹੋਗੁ।” ਦਿਲਪ੍ਰੀਤ ਨੇ ਇਕ ਹੋਰ ਤੁਕ ਪੜ੍ਹਦੇ ਕਿਹਾ, “ਜਿਉ ਪ੍ਰਭ ਭਾਵੈ ਤਿਵੈ ਨਚਾਵੈ।”
ਦਿਲਪ੍ਰੀਤ ਨੇ ਜਦੋਂ ਇਹ ਤੁਕਾਂ ਪੜ੍ਹੀਆਂ ਤਾਂ ਸਾਰਿਆਂ ਦੇ ਮਨ ਅੰਦਰੋਂ ਅੰਦਰੀ ਬਾਣੀ ਦੀਆਂ ਇਹਨਾ ਤੁਕਾਂ ਨਾਲ ਸਹਿਮਤ ਹੋ ਗਿਆ। ਬੇਬੇ ਜੀ ਖੁਸ਼ ਵੀ ਸਨ ਤੇ ਹੈਰਾਨ ਵੀ ਕਿ ਉਹਨਾ ਦੇ ਪੋਤੇ ਨੂੰ ਗੁਰਬਾਣੀ ਦਾ ਗਿਆਨ ਇੰਨੀ ਛੇਤੀ ਕਿਵੇ ਹੋ ਗਿਆ। ਇਹ ਸੋਚਦੇ ਹੋਏ ਹੋਏ ਬੋਲੇ, “ਕਾਕਾ ਗੱਲਾਂ ਵਿਚ ਤਾਂ ਤੂੰ ਅੱਗੇ ਹੀ ਕਿਸੇ ਨੂੰ ਵਾਰੇ ਨਹੀ ਸੀ ਆਉਣ ਦਿੰਦਾਂ, ਪਰ ਬਾਣੀ ਕਦੋਂ ਦੀ ਪੜ੍ਹਨ ਲੱਗ ਪਿਆ”?
“ਬੇਬੇ ਜੀ, ਸੰਗਤ ਹੀ ਆਪਣੀ ਰੰਗਤ ਦੇ ਦਿੰਦੀ ਹੈ।” ਦਿਲਪ੍ਰੀਤ ਨੇ ਕਿਹਾ, “ਜਿਹਨਾਂ ਗੁਰਮੁਖਾਂ ਨਾਲ ਮੇਰਾ ਮੇਲ ਹੋਇਆ ਹੈ, ਉਹ ਤਾਂ ਦਿਨ ਰਾਤ ਗੁਰਬਾਣੀ ਪੜ੍ਹਦੇ ਨੇਂ।”
“ਬੇਬੇ ਜੀ, ਤੁਸੀ ਹੋਰ ਗੱਲਾਂ ਛੱਡੋ।” ਹਰਜਿੰਦਰ ਸਿੰਘ ਨੇ ਕਿਹਾ, “ਇਸ ਨੂੰ ਸਿੱਧਾ ਪੁੱਛੋ ਇਸ ਦਾ ਇਰਾਦਾ ਕੀ ਹੈ?
“ਇਰਾਦਾ ਤਹਾਨੂੰ ਦਸ ਤਾਂ ਦਿੱਤਾ ਹੈ ਕਿ ਕੌਮ, ਧਰਮ ਦੀ ਸੇਵਾ ਕਰਨ ਦਾ ਹੈ।” ਦਿਲਪ੍ਰੀਤ ਨੇ ਜਵਾਬ ਦਿੱਤਾ, “ਬਾਕੀ ਸੱਚੇ ਪਾਤਸ਼ਾਹ ਦੇ ਹੱਥ ਹੈ ਕਿਧਰ ਨੂੰ ਲੈ ਕੇ ਜਾਂਦਾ ਹੈ।”
“ਅਸੀ ਮੁਖਤਿਆਰ ਭਾਅ ਹੋਰਾਂ ਨੂੰ ਕੀ ਕਹਾਂਗੇ।” ਮਿੰਦੀ ਨੇ ਵੀ ਆਪਣੀ ਚੁੱਪ ਤੋੜੀ, “ਅਗਲੇ ਤਾਂ ਵਿਆਹ ਮੰਗਦੇ ਆ।” “ਜਦੋਂ ਆਪਾਂ ਵਿਆਹ ਮੰਗਦੇ ਸਾਂ ਤੇ ਉਹਨਾਂ ਸਾਨੂੰ ਉਡੀਕ ਕਰਨ ਲਈ ਕਿਹਾ ਸੀ।” ਦਿਲਪ੍ਰੀਤ ਨੇ ਕਿਹਾ, “ਹੁਣ ਉਹ ਸਾਡੀ ਉਡੀਕ ਕਰ ਲੈਣ।”
ਇਹ ਜ਼ਵਾਬ ਸੁਣ ਕੇ ਫਿਰ ਸਾਰੇ ਚੁੱਪ ਹੋ ਗਏ। ਸਾਰਿਆਂ ਨੂੰ ਚੁੱਪ ਦੇਖ ਕੇ ਜਿਦੂੰ ਨੇ ਦਿਲਪ੍ਰੀਤ ਨੂੰ ਪੁੱਛਿਆ, “ਕਿਦਾਂ ਫਿਰ ਚੱਲੀਏ”?
ਤੋਸ਼ੀ ਜੋ ਦਿਲਪ੍ਰੀਤ ਦੀ ਅਵਸਥਾ ਨੂੰ ਸਮਝਦਾ ਸੀ ਪਰ ਕਹਿ ਕੁਝ ਵੀ ਨਹੀ ਸੀ ਸਕਦਾ। ਉਸ ਦਾ ਦਿਲ ਕਰੇ ਕਿ ਉਹ ਸਾਰਿਆਂ ਨੂੰ ਦੱਸੇ ਕਿ ਜਿਸ ਲਾਈਨ ਤੇ ਤੁਰ ਪਿਆ ਹੈ, ਉਹਦੀ ਸਮਝ ਤਹਾਨੂੰ ਅਜੇ ਠਹਿਰ ਕੇ ਆਉਣੀ ਹੈ, ਪਰ ਉਸ ਨੇ ਇੰਨਾ ਹੀ ਕਿਹਾ, “ਰੋਟੀ ਖਾ ਕੇ ਚਲੇ ਜਾਣਾ, ਤਹਾਨੂੰ ਇੰਨੀ ਵੀ ਕਾਹਦੀ ਕਾਹਲੀ ਆ।”
“ਰੋਟੀ ਦੀ ਅਜੇ ਭੁੱਖ ਤਾਂ ਨਹੀਂ ਹੈ।” ਜਿਦੂੰ ਨੇ ਦਿਲਪ੍ਰੀਤ ਵੱਲ ਦੇਖਦੇ ਕਿਹਾ, “ਕਿਦਾਂ ਫਿਰ ਰੋਟੀ ਖਾ ਕੇ ਹੀ ਚੱਲਣਾ।”
ਦਿਲਪ੍ਰੀਤ ਦਾ ਧਿਆਨ ਸਾਹਮਣੇ ਰਸੋਈ ਵਿਚ ਪਈਆਂ ਮੂਲੀਆਂ ਵੱਲ ਚਲਾ ਗਿਆ, ਉਹਨਾ ਨੂੰ ਦੇਖਦੇ ਹੋਏ ਉਸ ਨੇ ਕਿਹਾ, “ਮੰਮੀ, ਤੁਸੀ ਇਦਾਂ ਕਰੋ, ਮੂਲੀਆਂ ਵਾਲੇ ਪਰੌਂਠੇ ਪਕਾ ਦਿਉ।”
“ਉਹ ਤਾਂ ਮੈਂ ਪਕਾ ਦੇਨੀ ਆਂ।” ਨਸੀਬ ਕੌਰ ਨੇ ਪਿਆਰ ਵਿਚ ਆ ਕੇ ਕਿਹਾ, “ਪਰ ਤੂੰ ਸਾਨੂੰ ਇਹ ਤਾਂ ਦਸ ਦੇ ਕਿ ਵਿਆਹ ਲਈ ਕਿੰਨਾ ਚਿਰ ਠਹਿਰਨਾ ਚਾਹੁੰਦਾਂ ਹੈ।”
“ਸਮਾਂ ਆਉਣ ਤੇ ਮੈਂ ਆਪ ਹੀ ਦੱਸ ਦੇਵਾਂਗਾ।” ਦਿਲਪ੍ਰੀਤ ਨੇ ਕਿਹਾ, “ਤੁਸੀ ਇਸ ਗੱਲ ਦੀ ਚਿੰਤਾ ਨਾ ਕਰੋ।”
“ਭਾਬੀ, ਤੁਸੀ ਵੀ ਇਕ ਗੱਲ ਦੇ ਮਗਰੇ ਹੀ ਪੈ ਜਾਂਦੇ ਹੋ।” ਤੋਸ਼ੀ ਨੇ ਕਿਹਾ, “ਤੁਸੀਂ ਪਰੌਂਠੇ ਤਿਆਰ ਕਰੋ, ਵਿਆਹ ਤਾਂ ਆਪਾਂ ਇਹਦਾ ਇਕ ਦਿਨ ਕਰ ਹੀ ਦੇਣਾ ਹੈ, ਇਹ ਜੋ ਮਰਜ਼ੀ ਕਹੀ ਜਾਵੇ।।”
ਤੋਸ਼ੀ ਦੀ ਗੱਲ ਨੇ ਨਸੀਬ ਕੌਰ ਨੂੰ ਜਿਵੇ ਹੋਂਸਲਾ ਦਿੱਤਾ ਹੋਵੇ। ਉਹ ਇਕ ਚਾਅ ਜਿਹੇ ਨਾਲ ਉੱਠ ਕੇ ਰਸੋਈ ਵਿਚ ਮੂਲੀਆਂ ਵਾਲੇ ਪਰੋਂਠੇ ਪਕਾਉਣ ਲਈ ਚਲੀ ਗਈ।
(45)
ਰਾਤ ਦੇ ਸਾਢੇ ਦਸ ਦਾ ਟਾਈਮ ਹੋਵੇਗਾ। ਕਾਫੀ ਦਿਨ ਹੋ ਗਏ ਸਨ ਦੀਪੀ ਨੂੰ ਦਿਲਪ੍ਰੀਤ ਦੀ ਚਿੱਠੀ ਮਿਲਿਆਂ, ਪਰ ਉਸ ਨੇ ਅਜੇ ਤਕ ਜਵਾਬ ਨਹੀ ਸੀ ਦਿੱਤਾ। ਇਸੇ ਉਧੜ ਬੁਣ ਵਿਚ ਸੀ ਕਿ ਜਵਾਬ ਦੇਵਾਂ ਜਾਂ ਗੁੱਸਾ ਦਿਖਾਵਾਂ। ਫਿਰ ਇਹ ਵੀ ਸੋਚਦੀ ਕਿ ਕੋਈ ਜ਼ਰੂਰੀ ਗੱਲ ਹੋਵੇਗੀ, ਨਹੀ ਤਾਂ ਦਿਲਪ੍ਰੀਤ ਨੇ ਉਸ ਨੂੰ ਮਿਲਣ ਤਾਂ ਆਉਣਾ ਹੀ ਸੀ, ਪਰ ਉਸ ਦਿਨ ਜੋ ਮਿੰਦੀ ਭੂਆ ਗੱਲਾਂ ਕਰ ਰਹੀ ਸੀ, ਉਸ ਦੀ ਸਮਝ ਵੀ ਦੀਪੀ ਨੂੰ ਨਹੀ ਸੀ ਆ ਰਹੀ। ਜਦੋਂ ਹਰਨਾਮ ਕੌਰ ਨੇ ਮਿੰਦੀ ਭੂਆ ਨੂੰ ਪੁੱਛਿਆ ਸੀ, “ਦਿਲਪ੍ਰੀਤ ਵਿਆਹ ਠਹਿਰ ਕੇ ਕਿਉਂ ਕਰਨਾ ਚਾਹੁੰਦਾ ਆ?” ਤਾਂ Çੰਮੰਦੀ ਦਾ ਅੱਗੋਂ ਜਵਾਬ ਸੀ ਕਿ ਉਹ ਕੋਈ ਕੋਰਸ ਕਰਨ ਲਗ ਪਿਆ। ਕਿਹੜਾ ਕੋਰਸ ਕਰਨ ਲੱਗ ਪਿਆ, ਇਹ ਕਿਸੇ ਨੂੰ ਨਹੀਂ ਸੀ ਪਤਾ। ਫਿਰ ਪਤਾ ਨਹੀ ਦੀਪੀ ਦੇ ਦਿਲ ਵਿਚ ਕੀ ਆਇਆ ਉਹ ਦਿਲਪ੍ਰੀਤ ਨੂੰ ਚਿੱਠੀ ਲਿਖਣ ਲੱਗ ਪਈ।
ਮੇਰੇ ਪਿਆਰੇ ਅਤੇ ਆਦਰ ਯੋਗ ਦਿਲਪ੍ਰੀਤ ਜੀ,
ਹੱਥ ਜੋੜ ਕੇ ਸਤਿ ਸ੍ਰੀ ਅਕਾਲ।
ਆਪ ਜੀ ਦੀ ਲਿਖੀ ਚਿੱਠੀ ਮਿਲ ਗਈ ਸੀ, ਪਰ ਉਸ ਦਾ ਜਵਾਬ ਲੇਟ ਦੇ ਰਹੀ ਹਾਂ। ਕਿਉਕਿ ਜੋ ਗੱਲਾਂ ਆਪ ਜੀ ਨੇ ਚਿੱਠੀ ਵਿਚ ਲਿਖੀਆਂ ਹਨ, ਉਹਨਾਂ ਵਿਚੋਂ ਬਹੁਤੀਆਂ ਦੀ ਮੈਨੂੰ ਸਮਝ ਨਹੀਂ ਆਈ। ਇਹ ਤਾਂ ਚੰਗਾ ਹੋਇਆ ਕਿ ਤੁਸੀ ਸਿੰਘ ਸਜ ਗਏ ਹੋ, ਇਸ ਲਈ ਤਹਾਨੂੰ ਬਹੁਤ ਬਹੁਤ ਵਧਾਈਆਂ ਹੋਣ, ਕੌਮ ਦੀ ਸੇਵਾ ਕਰਨ ਦਾ ਵੱਖਰਾ ਤਾਰੀਕਾ ਕਿਹੜਾ ਹੈ ਅਤੇ ਤੁਸੀ ਮੈਨੂੰ ਮਿਲਣ ਕਿਉਂ ਨਹੀ ਆ ਸਕਦੇ? ਇਸ ਦੀ ਸਮਝ ਮੈਨੂੰ ਨਹੀ ਲੱਗੀ। ਫਿਰ ਕਦੋਂ ਮਿਲਣ ਆਵੋਗੇ ਇਸ ਬਾਰੇ ਵੀ ਕੋਈ ਜਿਕਰ ਨਹੀ ਕੀਤਾ। ਮਿੰਦੀ ਭੂਆ ਜੀ ਤੋਂ ਪਤਾ ਲੱਗਾ ਕਿ ਤੁਸੀ ਕੋਈ ਕੋਰਸ ਕਰਨ ਲੱਗ ਪਏ ਹੋ ਅਤੇ ਵਿਆਹ ਦਾ ਅਜੇ ਕੋਈ ਵਿਚਾਰ ਨਹੀ। ਇਹ ਤਾਂ ਖੈਰ ਤੁਸੀ ਹੀ ਜਾਣਦੇ ਹੋ ਕਿ ਉਹ ਕਿਹੜਾ ਇਨਾ ਜ਼ਰੂਰੀ ਕੋਰਸ ਹੈ ਜੋ ਆਪਣੇ ਮਿਲਾਪ ਦੇ ਰਾਹ ਵਿਚ ਰੁਕਾਵਟ ਬਣਦਾ ਹੈ। ਬਾਕੀ ਜੋ ਤੁਸੀ ਸਵੇਰੇ ਉੱਠ ਕੇ ਪਾਠ ਕਰਨ ਲਈ ਕਿਹਾ ਹੈ, ਉਹ ਮੈਂ ਕੋਸ਼ਿਸ਼ ਕਰ ਰਹੀ ਹਾਂ।
ਤੁਹਾਡੀ ਕਹੀ ਇਕ ਹੋਰ ਗੱਲ ਵੀ ਠੀਕ ਨਿਕਲੀ ਸਿਮਰੀ ਦਾ ਵਿਆਹ ਆਪਣੇ ਵਿਆਹ ਤੋਂ ਪਹਿਲਾਂ ਹੋ ਰਿਹਾ ਹੈ, ਮੁੰਡਾ ਡੁੱਬਈ ਵਿਚੋਂ ਆਇਆ ਹੈ। ਉਹ ਤੁਹਾਡੇ ਬਾਰੇ ਪੁੱਛ ਰਹੀ ਸੀ, ਕਹਿੰਦੀ ਸੀ ਤਹਾਨੂੰ ਵਿਆਹ ਦਾ ਕਾਰਡ ਦੇਣਾ ਹੈ। ਤੁਸੀ ਕਦੋਂ ਮਿਲ ਸਕਦੇ ਹੋ, ਤਾਂ ਜੋ ਸਿਮਰੀ ਤਹਾਨੂੰ ਵਿਆਹ ਦਾ ਕਾਰਡ ਦੇ ਸਕੇ?ਕਾਲਜ ਜਾਂਦੀ ਨੂੰ ਤਾਂ ਨਿਤ ਮਿਲਦੇ ਸੀ। ਜਦੋਂ ਟੂਰ ਤੇ ਗਏ ਸੀ ਤਾਂ ਇਕ ਹਫਤੇ ਦਾ ਵਿਛੋੜਾ ਵੀ ਤੁਹਾਡੇ ਲਈ ਝੱਲਣਾ ਔਖਾ ਸੀ, ਪਰ ਹੁਣ ਤਾਂ ਇਹ ਵਿਛੋੜਾ ਮਹੀਨਿਆਂ ਵਿਚ ਬਦਲ ਗਿਆ। ਮੇਰੇ ਦਿਲ ਦੀ ਕੀ ਦਸ਼ਾ ਹੈ, ਉਹ ਮੈਂ ਬਿਆਨ ਨਹੀ ਕਰਨਾ ਚਾਹੁੰਦੀ, ਕਿੳਂੁਕਿ ਆਪ ਭਲੀਭਾਂਤ ਜਾਣਦੇ ਹੋਵੋਗੇ। ਵਿਹਲੀ ਹੋਣ ਕਾਰਨ ਸਮਾਂ ਗੁਜਾਰਨਾ ਔਖਾ ਲੱਗਦਾ ਹੈ, ਜਿਸ ਕਰਕੇ ਨਾਵਲ ਪੜ੍ਹਨੇ ਸ਼ੁਰੂ ਕਰ ਦਿੱਤੇ ਨੇ। ਅੱਜਕਲ ਜਸਵੰਤ ਸਿੰਘ ਦਾ ਲਿਖਿਆ ਨਾਵਲ “ਪਾਲੀ” ਪੜ੍ਹ ਰਹੀ ਹਾਂ। ਫਿਰ ਵੀ ਮੇਰਾ ਧਿਆਨ ਵਾਰ ਵਾਰ ਆਪ ਜੀ ਦੇ ਵੱਲ ਜ਼ਰੂਰ ਚਲਾ ਜਾਂਦਾ ਹੈ। ਤੁਹਾਡੀ ਚਿੱਠੀ ਪੜ੍ਹ ਕੇ ਹਿਰਖ ਵੀ ਆਇਆ ਸੀ ਕਿ ਕਿਵੇਂ ਨਾਂ ਮਿਲਣ ਦਾ ਬਹਾਨਾ ਲਾਇਆ ਹੈ। ਆਪ ਕੀ ਬੇਰੁੱਖੀ ਕਾ ਦਿਲ ਨੇ ਤੋ ਸ਼ਿਕਵਾ ਦੀਆ, ਪਰ ਹਾਥੋਂ ਨੇ ਲਿਖਨੇ ਕਾ ਸਾਹਸ ਨਾ ਕੀਆ। ਆਪ ਕੀ ਤਮੰਨਾ ਪੂਰੀ ਹੋ, ਹੋਠੌ ਨੇ ਅਸੀਸ ਦੀਆ, ਮਾਥਾ ਸਲਾਮਤੀ ਕੇ ਲੀਏ, ਖੁਦਾ ਅੱਗੇ ਝੁੱਕ ਗਿਆ। ਉਮੀਦ ਹੈ ਚਿੱਠੀ ਪੜ੍ਹ ਕੇ ਤੁਹਾਡਾ ਦਿਲ ਮਿਲਣ ਲਈ ੳਕਸਾਏ। ਸਾਡੇ ਪਰਿਵਾਰ ਵਲੌਂ ਆਪ ਜੀ ਨੂੰ ਸਤਿ ਸ੍ਰੀ ਅਕਾਲ।
ਆਪ ਦੇ ਸੁਨੇਹੇ ਦਾ ਬੇਸਬਰੀ ਨਾਲ ਇੰਤਜਾਰ ਕਰਦੀ ਹੋਈ,
ਤੁਹਾਡੀ ਦੀਪੀ।
(46)
ਕਣਕਾਂ ਦਾ ਰੰਗ ਥੋੜਾ ਥੋੜਾ ਸੁਨੈਹਰੀ ਹੋਣ ਲੱਗ ਪਿਆ ਸੀ। ਮੁਖਤਿਆਰ ਨਿਆਂਈ ਵਾਲੇ ਖੇਤ ਦੀ ਕਣਕ ਵੇਖ ਕੇ ਖੁਸ਼ ਹੋ ਰਿਹਾ ਸੀ ਕਿਵੇ ਭਾਰੀ ਫਸਲ ਲਹਿਰਾ ਰਹੀ ਸੀ। ਉਸ ਦਾ ਧਿਆਨ ਸਕੂਟਰ ਦੀ ਅਵਾਜ਼ ਨੇ ਆਪਣੇ ਵੱਲ ਖਿਚ ਲਿਆ, ਉਸ ਨੇ ਦੇਖਿਆਂ ਤਾਂ ਤੋਸ਼ੀ ਆ ਰਿਹਾ ਸੀ।
“ਸਤਿ ਸ੍ਰੀ ਅਕਾਲ, ਭਾਜੀ।” ਤੋਸ਼ੀ ਨੇ ਆਪਣਾ ਸਕੂਟਰ ਇਕ ਪਾਸੇ ਖੜਾ ਕਰਦੇ ਹੋਏ ਕਿਹਾ, ” ਘਰੋਂ ਪਤਾ ਲੱਗਾ ਕਿ ਆਪ ਖੇਤਾਂ ਵਿਚ ਹੋ ਤਾਂ ਮੈਂ ਇੱਥੇ ਆ ਗਿਆ।”
“ਮਿੰਦੀ ਨਹੀਂ ਆਈ।” ਮੁਖਤਿਆਰ ਨੇ ਹੱਥ ਮਿਲਾਉਂਦੇ ਪੁੱਛਿਆ, “ਸਭ ਠੀਕ- ਠਾਕ ਨੇਂ।”
“ਸਭ ਰਾਜ਼ੀ- ਖੁਸ਼ੀ ਨੇਂ।” ਤੋਸ਼ੀ ਨੇ ਕਿਹਾ, “ਮਿੰਦੀ ਅਤੇ ਕਾਕਾ ਵੀ ਆਏ ਆ, ਉਹਨਾ ਨੂੰ ਘਰ ਲਾਹ ਕੇ ਆਇਆ ਹਾਂ।”
“ਸਨੇਹਾ ਭੇਜ ਦੇਣਾ ਸੀ, ਮੈਂ ਘਰੇ ਹੀ ਆ ਜਾਣਾ ਸੀ।”
“ਮਂੈ ਜਾਣ ਕੇ ਹੀ ਤੁਹਾਡੇ ਕੋਲ ਆਇਆ ਹਾਂ।” ਤੋਸ਼ੀ ਨੇ ਕਿਹਾ, “ਕਈ ਗੱਲਾਂ ਆਪਾਂ ਅੋਰਤਾਂ ਦੇ ਸਾਹਮਣੇ ਨਹੀ ਕਰ ਸਕਦੇ।”
“ਕੋਈ ਖਾਸ ਗੱਲ ਹੈ?” ਮੁਖਤਿਆਰ ਨੇ ਹੈਰਾਨੀ ਨਾਲ ਕਿਹਾ, “ਘਰੇ ਸਭ ਸੁੱਖ-ਸਾਂਦ ਹੈ।।”
“ਦਿਲਪ੍ਰੀਤ ਬਾਰੇ ਹੀ ਗੱਲ ਕਰਨੀ ਸੀ।”
“ਗੱਲ ਤਾਂ ਮੈਂ ਵੀ ਦਿਲਪ੍ਰੀਤ ਬਾਰੇ ਕਰਨੀ ਹੈ।” ਮੁਖਤਿਆਰ ਨੇ ਦੱਸਿਆ, “ਚਲੋ ਪਹਿਲਾਂ ਤੁਸੀ ਕਰੋ ਗੱਲ।”
“ਤਹਾਨੂੰ ਪਤਾ ਤਾਂ ਲੱਗ ਹੀ ਗਿਆ ਹੈ ਕਿ ਦਿਲਪ੍ਰੀਤ ਨੇ ਵਿਆਹ ਅਟਕਾ ਦਿੱਤਾ ਹੈ।” ਤੋਸ਼ੀ ਨੇ ਕਿਹਾ, “ਇਸ ਬਾਰੇ ਤੁਹਾਡੇ ਨਾਲ ਸਲਾਹ ਹੀ ਕਰਨੀ ਆ।”
“ਦਿਲਪ੍ਰੀਤ ਨੇ ਵਿਆਹ ਕਿੳਂ ਲੰਮਲੇਟ ਕੀਤਾ ਇਹਦੇ ਬਾਰੇ ਤਾਂ ਸਾਨੂੰ ਕੁਝ ਪਤਾ ਨਹੀਂ, ਪਰ, ਮੈਨੂੰ ਦਾਲ ਵਿਚ ਕੁਝ ਕਾਲ੍ਹਾ ਕਾਲ੍ਹਾ ਜ਼ਰੂਰ ਲੱਗਦਾ ਹੈ।” ਮੁਖਤਿਆਰ ਨੇ ਆਪਣੇ ਦਿਲ ਦੀ ਗੱਲ ਕਰਦੇ ਕਿਹਾ।
“ਖੈਰ, ਇਦਾਂ ਦੀ ਵੀ ਕੋਈ ਗੱਲ ਨਹੀ।” ਤੋਸ਼ੀ ਨੇ ਆਪਣੇ ਵਲੋਂ ਸਮਝਾਦਿਆਂ ਕਿਹਾ, “ਦਰਅਸਲ ਦਿਲਪ੍ਰੀਤ ਭਿੰਡਰਾਂਵਾਲਿਆਂ ਦਾ ਚੇਲਾ ਬਣ ਗਿਆ।”
“ਇਸ ਸਮੇਂ ਤਾਂ ਉੁਹਨਾ ਦੇ ਚੇਲੇ ਦੂਰ ਦੂਰ ਤੋਂ ਬਣ ਰਹੇ ਨੇ।” ਮੁਖਤਿਆਰ ਨੇ ਕਿਹਾ, “ਪਰ ਉਹ ਕਿਸੇ ਨੂੰ ਵਿਆਹ ਕਰਾਉਣ ਤੋਂ ਤਾਂ ਨਹੀ ਰੋਕਦੇ।”
“ਜਿਥੋਂ ਤਕ ਮੈਨੂੰ ਲੱਗਦਾ ਹੈ ਕਿ ਦਿਲਪ੍ਰੀਤ।” ਤੋਸ਼ੀ ਨੇ ਕੁਝ ਅਟਕ ਕੇ ਕਿਹਾ, “ਉਹ ਮੁੰਡਿਆਂ ਨਾਲ ਰਲ ਗਿਆ।”
“ਅੱਛਾ।” ਮੁਖਤਿਆਰ ਨੇ ਹੱਕੇ-ਬੱਕੇ ਹੋ ਕੇ ਕਿਹਾ, “ਮੈਂ ਇਹਨੂੰ ਚੰਗੀ ਗਲ ਕਹਾਂ ਜਾਂ ਮਾੜੀ ਮੈਨੂੰ ਤਾਂ ਸਮਝ ਨਹੀ ਲੱਗਦੀ, ਤੁਸੀ ਦੱਸੋ ਤੁਹਾਡਾ ਕੀ ਇਰਾਦਾ ਆ।”
“ਸਾਡਾ ਤਾਂ ਇਰਾਦਾ ਇਹ ਹੀ ਹੈ ਕਿ ਕਿਸੇ ਤਰ੍ਹਾਂ ਦਿਲਪ੍ਰੀਤ ਅਤੇ ਦੀਪੀ ਦਾ ਵਿਆਹ ਹੋ ਜਾਵੇ। ਬਾਕੀ ਤੁਸੀਂ ਦੱਸੋ।”
“ਵੀਰ, ਸਾਨੂੰ ਤਾਂ ਹੁਣ ਕੁਝ ਸੋਚਣਾ ਪੈਣਾ ਆ।” ਮੁਖਤਿਆਰ ਨੇ ਉਦਾਸ ਹੋ ਕੇ ਕਿਹਾ, “ਤੁਹਾਡੇ ਕਹਿਣ ਅਨੁਸਾਰ ਜਿਸ ਰਾਹ ਤੇ ਦਿਲਪ੍ਰੀਤ ਤੁਰ ਪਿਆ, ਉੱਥੇ ਜ਼ਿੰਦਗੀ ਦੀ ਤਾਂ ਕੋਈ ਗਰੰਟੀ ਹੀ ਨਹੀ।”
“ਭਾਅ ਜੀ, ਜ਼ਿੰਦਗੀ ਦੀ ਗਰੰਟੀ ਤਾਂ ਕਿਸੇ ਰਾਹ ਉੱਪਰ ਵੀ ਨਹੀਂ ਹੁੰਦੀ।” ਤੋਸ਼ੀ ਨੇ ਗੰਭੀਰ ਹੁੰਦੇ ਕਿਹਾ, “ਫਿਰ ਵੀ ਜਿਵੇਂ ਤੁਸੀ ਠੀਕ ਸਮਝਦੇ ਹੋ, ਅਸੀ ਉਹ ਹੀ ਮੰਨਣ ਨੂੰ ਤਿਆਰ ਹਾਂ।”
“ਅਸੀਂ ਤਾਂ ਹੁਣ ਕੀ ਠੀਕ ਸਮਝਣਾ।” ਮੁਖਤਿਆਰ ਨੇ ਇਕ ਲੰਮਾ ਹਾਉਕਾ ਲੈਂਦੇ ਕਿਹਾ, “ਸੋਚਿਆ ਨਹੀਂ ਸੀ ਕਦੇ ਇਸ ਤਰ੍ਹਾਂ ਵੀ ਹੋਵੇਗੀ।”
“ਏਡੀ ਵੀ ਕੋਈ ਅਣਹੋਣੀ ਨਹੀਂ ਹੋ ਗਈ।” ਤੋਸ਼ੀ ਨੇ ਮੁਖਤਿਆਰ ਦਾ ਉਦਾਸ ਚਿਹਰਾ ਦੇਖ ਕੇ ਕਿਹਾ, “ਹੋ ਸਕਦਾ ਹੈ ਮੈਨੂੰ ਭੁਲੇਖਾ ਵੀ ਲੱਗਾ ਹੋਵੇ, ਆਪਾਂ ਰਲ ਕੇ ਦਿਲਪ੍ਰੀਤ ਨੂੰ ਮੋੜ ਵੀ ਸਕਦੇ ਹਾਂ।”
“ਭੁਲੇਖਾਂ ਤਾਂ ਤਹਾਨੂੰ ਕੀ ਲੱਗਣਾ, ਭੁਲੇਖਿਆਂ ਵਿਚ ਤਾਂ ਅਸੀਂ ਪੈ ਗਏ।” ਮੁਖਤਿਆਰ ਨੇ ਫਿਰ ਹਾਉਕਾ ਲਿਆ, “ਖੈਰ ਇਹਦੇ ਬਾਰੇ ਮੈਂ ਅਜੇ ਤਾਂ ਕੁਝ ਵੀ ਨਹੀਂ ਕਹਿ ਸਕਦਾ, ਘਰੇ ਸਲਾਹ ਕਰਕੇ ਕੋਈ ਫੈਂਸਲਾ ਦੱਸਾਂਗੇ।”
“ਤੁੁਹਾਡਾ ਕੀ ਮਤਲਵ, ਤੁਸੀਂ ਆਪਣਾ ਪਹਿਲਾ ਫ਼ੈਸਲਾ ਬਦਲ ਲਵੋਂਗੇ”
“ਮੈ ਇਹਦੇ ਬਾਰੇ ਉਹਨਾ ਚਿਰ ਕੁਝ ਨਹੀਂ ਕਹਿ ਸਕਦਾ ਜਿੰਨਾ ਚਿਰ ਆਪਣੇ ਪਰਿਵਾਰ ਨਾਲ ਸਲਾਹ ਨਹੀਂ ਕਰ ਲੈਂਦਾ।” ਮੁਖਤਿਆਰ ਨੇ ਇਕਦਮ ਆਪਣਾ ਮੂਡ ਬਦਲਦੇ ਕਿਹਾ, “ਚਲੋ ਘਰ ਨੂੰ ਚਲਦੇ ਹਾਂ, ਫਿਰ ਕੁਝ ਸੋਚਾਂਗੇ।”
ਮੁਖਤਿਆਰ ਤੋਸ਼ੀ ਦੇ ਸਕੂਟਰ ਤੇ ਬੈਠਾ ਘਰ ਨੂੰ ਜਾ ਰਿਹਾ ਸੀ। ਕਈ ਤਰ੍ਹਾਂ ਦੇ ਖਿਆਲ ਉਸ ਦੇ ਮਨ ਵਿਚ ਘੁੰਮ ਰਹੇ ਸਨ। ਦੂਹਰੀ ਰਿਸ਼ਤੇਦਾਰੀ ਨਾ ਹੁੰਦੀ ਤਾਂ ਸ਼ਾਇਦ ਮੁਖਤਿਆਰ ਅੱਜ ਹੀ ਰਿਸ਼ਤਾ ਤੌੜ ਦਿੰਦਾ, ਪਰ ਹੁਣ ਰਿਸ਼ਤਾ ਤੋੜਨ ਤੋਂ ਪਹਿਲਾਂ ਕਈ ਕੁਝ ਸੋਚਣਾ ਪੈਣਾ ਸੀ। ਖੇਤਾਂ ਤੋਂ ਘਰ ਤਕ ਜਾਂਦਿਆਂ ਉਹਨਾ ਆਪਸ ਵਿਚ ਕੋਈ ਵੀ ਗੱਲ ਨਾ ਕੀਤੀ। ਤੋਸ਼ੀ ਦੀ ਵੀ ਇਹ ਹੀ ਹਾਲਤ ਸੀ, ਸੋਚ ਰਿਹਾ ਸੀ ਕਿ ਕਿਥੇ ਅਸੀਂ ਵਿਚੋਲਗੀਰੀ ਵਿਚ ਫਸ ਗਏ। ਘਰ ਪਹੁੰਚਦਿਆ ਮੁਖਤਿਆਰ ਨੇ ਆਪਣੀਆਂ ਭਾਵਨਾਵਾਂ ਨੂੰ ਕਾਫੀ ਹੱਦ ਤਕ ਕਾਬੂ ਕਰ ਲਿਆ ਤੇ ਜਾਂਦਾ ਹੀ ਪਹਿਲਾਂ ਵਾਂਗ ਹੀ ਮਿੰਦੀ ਨਾਲ ਬੋਲਿਆ, “ਮਹਿੰਦਰ ਕੌਰ ਭੈਣ ਤਾਂ ਘਰੇ ਬੈਠੀ ਆ, ਮੈਂ ਪਰਾਹੁਣੇ ਨਾਲ ਲੜਨ ਨੂੰ ਫਿਰਦਾ ਸੀ ਕਿ ਸਾਡੀ ਭੈਣ ਨੂੰ ਲੈ ਕੇ ਹੀ ਨਹੀ ਆਇਆ।”
“ਲੈ, ਭਾਅ, ਇਦਾਂ ਮੈਂ ਪਰਾਹੁਣੇ ਨੂੰ ਇਕਲਿਆਂ ਆਉਣ ਦੇਂਦੀ ਆਂ।” ਮਿੰਦੀ ਨੇ ਮੁਖਤਿਆਰ ਨੂੰ ਮਿਲਦਿਆ ਹੱਸਦੇ ਕਿਹਾ, “ਕੁੜੀਆਂ ਬਗੈਰ ਪਰਾਹੁਣਿਆ ਦੀ ਕੀ ਇੱਜ਼ਤ।।”
“ਮਿੰਦੀ ਹਾਅ ਗੱਲ ਰਹਿਣ ਦੇ।” ਮੰਜੇ ਤੇ ਬੈਠੀ ਗਿਆਨ ਕੌਰ ਫਲ੍ਹੀਆਂ ਕੱਢਦੀ ਹੋਈ ਬੋਲੀ, “ਸਾਨੂੰ ਪਰਾਹੁਣਾ ਪਹਿਲਾਂ ਆ।”
ਬੇਸ਼ੱਕ ਸਾਰੇ ਆਪਸ ਵਿਚ ਹੱਸਦੇ ਮਜ਼ਾਕ ਕਰ ਰਹੇ ਸਨ, ਪਰ ਤੋਸ਼ੀ ਤੇ ਮੁਖਤਿਆਰ ਅੰਦਰੋ ਅੰਦਰੀ ਉਲਝਨ ਵਿਚ ਫਸੇ ਮਹਿਸੂਸ ਕਰ ਰਹੇ ਸਨ। ਚਾਹ ਪਾਣੀ ਪੀਣ ਤੋਂ ਬਾਅਦ ਤੋਸ਼ੀ ਨੇ ਮਿੰਦੀ ਨੂੰ ਕਿਹਾ, “ਚੱਲੀਏ।” ਮਿੰਦੀ ਹੈਰਾਨ ਜਿਹੀ ਹੋਈ ਤੋਸ਼ੀ ਦੇ ਮੂੰਹ ਵੱਲ ਦੇਖਣ ਲੱਗੀ ਕਿਉਂਕਿ ਉਹ ਘਰੋਂ ਤੇ ਸਲਾਹ ਕਰਕੇ ਆਏ ਸਨ ਰਾਤ ਰਹਿਣ ਲਈ, ਪਰ ਉਹ ਬੋਲੀ ਕੁਝ ਨਾ। ਸਗੋਂ ਗਿਆਨ ਕੌਰ ਨੇ ਕਿਹਾ, “ਨਾ ਚੱਲੀਏ ਕਿਉਂ, ਕੱਲ ਨੂੰ ਜਾਇਉ, ਬਹਿ ਜਾਉ ਆਰਾਮ ਨਾਲ।”
“ਨਹੀਂ, ਭੂਆ ਜੀ ਅੱਗੇ ਰਾਤ ਰਹਿ ਕੇ ਹੀ ਜਾਈਦਾ ਹੈ।” ਤੋਸ਼ੀ ਨੇ ਕਿਹਾ, “ਅੱਜ ਸਾਨੂੰ ਜਾਣਾ ਹੀ ਪੈਣਾ ਆ।”
“ਲੈ ਹਜੇ ਤਾਂ ਆਪਾਂ ਵਿਆਹ ਬਾਰੇ ਸਲਾਹਾਂ ਕਰਨੀਆ।” ਕੋਲ ਪੀੜੀ ਤੇ ਬੈਠੀ ਹਰਨਾਮ ਕੌਰ ਬੋਲੀ, “ਮੈਂ ਤਾ ਸੁਰਜੀਤ ਨੂੰ ਕਹਿੰਦੀ ਸਾਂ ਕਿ ਜਿਨਾਂ ਜਿਨਾਂ ਦੀਆਂ ਮਿਲਣੀਆਂ- ਮਨਾਉਤੀਆਂ ਕਰਨੀਆਂ ਆ, ਹੁਣ ਹੀ ਪੁੱਛ ਲੈ ਮਿੰਦੀ ਹੋਣਾ ਤੋਂ, ਤੁਸੀਂ ਤੁਰਨ ਦੀਆਂ ਵੀ ਤਿਆਰੀਆਂ ਕਰਨ ਲਗ ਪਏ।”
ਹਰਨਾਮ ਕੌਰ ਦੀਆਂ ਗੱਲਾਂ ਸੁਣ ਕੇ ਤੋਸ਼ੀ ਅਤੇ ਮੁਖਤਿਆਰ ਨੇ ਇਕ ਦੂਜੇ ਦੇ ਮੂੰਹ ਵਲ ਨੂੰ ਦੇਖਿਆ ਜਿਵੇ ਕਹਿ ਰਹੇ ਹੋਣ ਖੋਰੇ ਅਗਾਂਹ ਇਕ ਦੂਜੇ ਨਾਲ ਬੋਲਣ ਦਾ ਵੀ ਭਾਅ ਨਹੀ ਰਹਿਣਾ, ਬੀਬੀ ਮਨਾਉਤੀਆਂ ਦੀਆਂ ਗੱਲਾਂ ਕਰ ਰਹੀ ਹੈ। ਫਿਰ ਵੀ ਮੁਖਤਿਆਰ ਨੇ ਵਿਖਾਵੇ ਲਈ ਕਹਿ ਦਿੱਤਾ, “ਰੋਟੀ ਖਾ ਕੇ ਚਲੇ ਜਾਣਾ।”
“ਰੋਟੀ ਦੀ ਤਾਂ ਕੋਈ ਭੁੱਖ ਨਹੀ।” ਤੋਸ਼ੀ ਨੇ ਕਿਹਾ, “ਇਸ ਤਰ੍ਹਾਂ ਕਰਦੇ ਹਾਂ, ਫਿਰ ਕਿਸੇ ਦਿਨ ਆਵਾਂਗੇ, ਨਾਲੇ ਰੋਟੀ ਖਾਵਾਗੇ ਅਤੇ ਨਾਲੇ ਰਾਤ ਰਵਾਂਗੇ।”
ਉਹਨਾ ਦੇ ਜਾਣ ਤੋਂ ਬਾਅਦ ਜਦੋਂ ਸਾਰਾ ਟੱਬਰ ਰੋਟੀ ਖਾ ਕੇ ਸੋਣ ਲਈ ਆਪਣੇ ਥਾਉਂ ਥਾਈ ਚਲੇ ਗਏ। ਰਸੋਈ ਵਿਚ ਸੁਰਜੀਤ ਇੱਕਲੀ ਹੀ ਦੁੱਧ ਨੂੰ ਜਾਗ ਲਾ ਰਹੀ ਸੀ ਤਾਂ ਮੁਖਤਿਆਰ ਪੀੜ੍ਹੀ ਲੈ ਕੇ ਉਸ ਦੇ ਕੋਲ ਬੈਠ ਗਿਆ। ਉਸ ਨੂੰ ਦੇਖ ਕੇ ਸੁਰਜੀਤ ਨੇ ਕਿਹਾ, “ਅਜੇ ਸੌਣਾ ਨਹੀਂ।”
“ਨੀਂਦ ਹੀ ਨਹੀ ਆਈ।”
“ਬੈਠਿਆਂ ਨੂੰ ਥੋੜੀ ਨੀਂਦ ਆਉਣੀ ਆ, ਲੰਮੇ ਪਵੋਂਗੇ ਤਾਂ ਨੀਂਦ ਆਵੇਗੀ।”
“ਲੰਮਾ ਪਿਆ ਹੀ ਉੱਠ ਕੇ ਆਇਆਂ ਹਾਂ।”
“ਕਿਸੇ ਫਿਕਰ ਵਿਚ ਲਗਦੇ ਹੋ।” ਸੁਰਜੀਤ ਨੇ ਦਧੌਣੇਂ ਤੋਂ ਛਕਲ੍ਹਾ ਚੁਕੱਦੇ ਕਿਹਾ, “ਤੋਸ਼ੀ ਨੇ ਵਿਆਹ ਲਈ ਕੋਈ ਸ਼ਰਤ ਤਾਂ ਨਹੀਂ ਰੱਖ ਦਿੱਤੀ, ਕਿਉਂਕਿ ਜਦੋਂ ਤੁਸੀ ਬਾਹਰੋ ਤੋਸ਼ੀ ਨਾਲ ਆਏ ਸੀ ੳਦੋਂ ਤੋਂ ਹੀ ਤੁਹਾਡਾ ਮੂੰਹ ਉਤਰਿਆ ਹੋਇਆ ਸੀ।”
“ਸ਼ਰਤ ਤਾਂ ਇਕ ਪਾਸੇ, ਅਜੇ ਤਾਂ ਵਿਆਹ ਹੋਣ ਦਾ ਕੋਈ ਲੱਛਣ ਹੀ ਨਹੀਂ ਦਿਸ ਰਿਹਾ।”
ਸੁਰਜੀਤ ਨੇ ਆਪਣਾ ਕੰੰਮ ਕਰਨਾ ਬੰਦ ਕਰ ਦਿੱਤਾ ਅਤੇ ਲੱਕੜ ਦੀ ਫੱਟੀ ਲੈ ਕੇ ਮੁਖਤਿਆਰ ਕੋਲ ਬੈਠਦੀ ਪੁੱਛਣ ਲੱਗੀ, “ਗੱਲ ਕੀ ਹੋਈ?”
“ਮੈਨੂੰ ਲੱਗਦਾ ਦਿਲਪ੍ਰੀਤ ਖਾੜਕੂਆਂ ਨਾਲ ਰਲ੍ਹ ਗਿਆ।” ਮੁਖਤਿਆਰ ਨੇ ਹੌਲੀ ਜਿਹੀ ਕਿਹਾ, “ਤੋਸ਼ੀ ਨੇ ਇਹ ਗੱਲ ਖੁੱਲ ਕੇ ਤਾਂ ਨਹੀ ਕੀਤੀ, ਪਰ ਉਹਦੀਆਂ ਗੱਲਾਂ ਤੋਂ ਲੱਗਦਾ ਸੀ ਕਿ ਕੋਈ ਚੱਕਰ ਹੈ ਜ਼ਰੂਰ।”
“ਖਾੜਕੂਆਂ ਨਾਲ ਰਲ੍ਹ ਗਿਆ।” ਸੁਰਜੀਤ ਨੇ ਹੈਰਾਨ ਹੋ ਕੇ ਕਿਹਾ, “ਇਹ ਕਿਵੇਂ ਹੋ ਸਕਦਾ ਆ।”
“ਤਾਂਈਉਂ ਤਾਂ ਉਹ ਵਿਆਹ ਲਈ ਟਾਲ-ਮਟੋਲ ਕਰ ਰਹੇ ਆ।”
“ਜੇ ਇਹ ਹੀ ਗੱਲ ਤਾਂ ਆਪਾਂ ਹੁਣੇ ਹੀ ਤਾਈ ਜੀ ਨਾਲ ਗੱਲ ਕਰ ਲੈਂਦੇ ਹਾਂ।”
“ਤਾਈ ਵਿਚਾਰੀ ਨੇ ਕੀ ਕਹਿਣਾ। ਉਹਨੂੰ ਤਾਂ ਸਗੋਂ ਹੋਰ ਫਿਕਰ ਪੈ ਜਾਣਾ ਆ।”
ਉਹ ਅਜੇ ਗੱਲਾਂ ਕਰ ਹੀ ਰਹੇ ਸਨ ਕਿ ਗਿਆਨ ਕੌਰ ਨੇ ਅਵਾਜ਼ ਮਾਰੀ, “ਸੁਰਜੀਤ, ਪਾਣੀ ਦਾ ਘੁੱਟ ਤਾਂ, ਪੁੱਤ ਫੜਾਂਈ।”
ਰਸੋਈ ਦੇ ਨਾਲ ਵਾਲੇ ਬਰਾਂਡੇ ਵਿਚ ਰੱਖੀ ਫਰਿਜ਼ ਖੋਲ੍ਹੀ ਤਾਂ ਗਿਆਨ ਕੌਰ ਨੇ ਕਿਹਾ, “ਇਹਦੇ ਵਿਚੋਂ ਨਾ ਦੇਹ, ਨਲਕੇ ਦਾ ਦੇ ਦੇ।”
ਸੁੁਰਜੀਤ ਨੇ ਫਰਿਜ਼ ਵਿਚੋਂ ਕੱਢੀ ਪਾਣੀ ਦੀ ਬੋਤਲ ਉਸੇ ਤਰ੍ਹਾਂ ਹੀ ਵਾਪਸ ਰੱਖ ਦਿੱਤੀ ਅਤੇ ਨਲਕੇ ਤੋਂ ਪਾਣੀ ਦਾ ਗਿਲਾਸ ਭਰ ਕੇ ਦੇ ਦਿੱਤਾ। ਪਾਣੀ ਫੜਨ ਲੱਗੀ ਗਿਆਨ ਕੌਰ ਬੋਲੀ, “ਕੀ ਗੱਲ ਆ ਸੁਰਜੀਤ, ਮੁਖਤਿਆਰ ਓਦਰਿਆ ਜਿਹਾ ਲੱਗਦਾ।”
“ਗੱਲ ਤਾਂ ਕੱਝ ਨਹੀ ਤਾਈ ਜੀ।” ਸੁਰਜੀਤ ਨੇ ਬਹਾਨਾ ਲਾਇਆ, “ਥੱਕੇ ਜਿਹੇ ਆ।”
“ਗੱਲ ਤਾਂ ਕੁਝ ਜ਼ਰੂਰ ਹੈ।” ਗਿਆਨ ਕੌਰ ਨੇ ਕੋਲ ਮੰਜੇ ਤੇ ਪਈ ਹਰਨਾਮ ਕੌਰ ਵੱਲ ਦੇਖਦਿਆ ਹੌਲੀ ਜਿਹੀ ਕਿਹਾ, “ਉਹਨੂੰ ਭੇਜ ਤਾਂ ਮੇਰੇ ਕੋਲ।”
ਸੁਰਜੀਤ ਦੇ ਜਾਣ ਤੋਂ ਬਾਅਦ ਹਰਨਾਮ ਕੌਰ ਨੇ ਪਾਸਾ ਬਦਲਿਆ ਤੇ ਬੋਲੀ, “ਮੁਖਤਿਆਰ ਨੂੰ ਦੀਪੀ ਦੇ ਵਿਆਹ ਦੀ ਚਿੰਤਾ ਆ, ਹੋਰ ਕੁੱਛ ਨਹੀਂ।”
“ਚਿੰਤਾ ਕਿਸ ਗੱਲ ਦੀ।” ਗਿਆਨ ਕੌਰ ਨੇ ਕਿਹਾ, “ਰਿਸ਼ਤੇਦਾਰਾਂ ਵਿਚ ਤਾਂ ਰਿਸ਼ਤਾ ਆ, ਆਪਣੇ ਬੰਦੇ ਆ, ਕਿਹੜੇ ਕਿਤੇ ਦੀਪੀ ਨੇ ਉਪਰੇ ਘਰੇ ਜਾਣਾ ਆ।”
“ਤਾਈ, ਮੈਨੂੰ ਬੁਲਾਇਆ।” ਮੁਖਤਿਆਰ ਨੇ ਆਉਂਦੇ ਹੀ ਕਿਹਾ, “ਮੈ ਤਾਂ ਸੋਚਿਆ ਤੁਸੀ ਸੌਂ ਗਏ ਹੋਵੋਗੇ।”
“ਨਿਆਣੇ ਜਾਗਦੇ ਹੋਣ ਤਾਂ, ਮਾਵਾਂ ਨੂੰ ਕਿੱਥੇ ਨੀਂਦ ਆਉਂਦੀ ਆ।” ਗਿਆਨ ਕੌਰ ਨੇ ਆਪਣੀਆਂ ਲੱਤਾਂ ਇਕੱਠੀਆਂ ਕਰਦੇ ਕਿਹਾ, “ਲੈ ਇੱਥੇ ਬਹਿ ਜਾ।”
ਮੁਖਤਿਆਰ ਮੰਜੇ ਦੇ ਇਕ ਪਾਸੇ ਹੋ ਕੇ ਬੈਠ ਗਿਆ ਤੇ ਨਾਲ ਹੀ ਸੁਰਜੀਤ ਬੈਠ ਗਈ।
“ਕਾਕਾ, ਗੱਲ ਕੀ ਆ।” ਗਿਆਨ ਕੌਰ ਨੇ ਕਿਹਾ, “ਵਿਆਹ ਦਾ ਫਿਕਰ ਨਾਂ ਕਰ, ਉਹ ਤਾਂ ਆਪਾਂ ਇਸੇ ਗਰਮੀਆਂ ਵਿਚ ਕਰ ਦੇਣਾ ਆ।”
“ਅਗਲੇ ਅਜੇ ਮੰਨਦੇ ਨਹੀਂ।” ਹਰਨਾਮ ਕੌਰ ਲੰੰਮੀ ਪਈ ਨੇ ਕਿਹਾ, “ਤੁਸੀਂ ਵਿਆਹ ਇਕੱਲਿਆਂ ਕਰ ਦੇਣਾ।”
“ਬੀਬੀ, ਉਹਨਾ ਦੀ ਵੀ ਕੋਈ ਮਜ਼ਬੂਰੀ ਆ।” ਮੁਖਤਿਆਰ ਨੇ ਕਿਹਾ।
“ਕੀ ਮਜ਼ਬੂਰੀ ਆ?” ਐਤਕੀ ਗਿਆਨ ਕੌਰ ਹਰਨਾਮ ਕੌਰ ਨਾਲੋ ਪਹਿਲਾਂ ਬੋਲ ਪਈ, “ਮੁਖਤਿਆਰ ਸਿੰਹਾਂ ਜਿਹੜੀ ਅਸਲ ਗੱਲ ਆ, ਉਹ ਦੱਸ।”
“ਦਿਲਪ੍ਰੀਤ, ਮੁੰਡਿਆਂ ਨਾਲ ਰਲ੍ਹ ਗਿਆ।” ਮੁਖਤਿਆਰ ਨੇ ਸਿਧਾ ਹੀ ਕਹਿ ਦਿੱਤਾ, “ਲਗਦਾ ਹੈ ਉਸ ਦਾ ਵਿਆਹ ਕਰਾਉਣ ਦਾ ਇਰਾਦਾ ਨਹੀਂ।”
ਮੁਖਤਿਆਰ ਦੀ ਇਹ ਗੱਲ ਸੁਣ ਕੇ ਹਰਨਾਮ ਕੌਰ ਇਕਦਮ ਉੱਠ ਕੇ ਬੈਠ ਗਈ ਅਤੇ ਬੋਲੀ, “ਮਂੈ ਤਾਂ ਬਥੇਰਾ ਕਹਿੰਦੀ ਰਹੀ ਕਿ ਕੁੜੀ ਮੰਗ ਕੇ ਵਿਆਹ ਵਿਚ ਲੰਮੇਰਾ ਸਮਾਂ ਨਹੀਂ ਪਾਈਦਾ।”
“ਜੇ ਮੁੰਡਿਆਂ ਨਾਲ ਰਲ੍ਹ ਗਿਆ, ਤਾ ਇਹਦੇ ਵਿਚ ਕੀ ਹੋ ਗਿਆ।” ਗਿਆਨ ਕੌਰ ਨੇ ਕਿਹਾ, “ਮੁੰਡੇ ਕਿਤੇ ਵਿਆਹ ਕਰਾਉਣ ਤੋਂ ਰੋਕਦੇ ਆ। ਮੈਂ ਸਵੇਰੇ ਹੀ ਜਾ ਕੇ ਮਿੰਦੀ ਨਾਲ ਗੱਲ ਕਰਕੇ ਆਵਾਂਗੀ ”
ਮੁਖਤਿਆਰ ਅਤੇ ਸੁਰਜੀਤ ਨੂੰ ਲੱਗਾ ਕਿ ਜਿਵੇ ਗਿਆਨ ਕੌਰ ਨੂੰ ਦਿਲਪ੍ਰੀਤ ਦਾ ਖਾੜਕੂਆਂ ਵਿਚ ਰਲਣ ਦਾ ਕੋਈ ਫ਼ਰਕ ਹੀ ਨਾ ਹੋਵੇ। ਸਗੋਂ ਖੁਸ਼ ਹੁੰਦੀ ਬੋਲੀ, “ਫਿਰ ਤਾਂ ਦਿਲਪ੍ਰੀਤ ਸਿੰਘ ਸਜ ਗਿਆ ਹੋਵੇਗਾ।” ਉਸ ਦੀ ਗੱਲ ਦਾ ਕਿਸੇ ਨੇ ਜ਼ਵਾਬ ਨਾ ਦਿੱਤਾ ਤਾਂ ਕਹਿਣ ਲੱਗੀ, “ਤੁਸੀ ਤਾਂ ਇਦਾਂ ਕਰਦੇ ਹੋ ਜਿਵੇ ਦਿਲਪ੍ਰੀਤ ਕੋਈ ਡਾਕੂ ਜਾਂ ਬਦਮਾਸ਼ ਬਣ ਗਿਆ ਹੋਵੇ। ਮੁੰਡੇ ਤਾਂ ਸਿਰਫ ਸਿੱਖੀ ਦਾ ਪ੍ਰਚਾਰ ਅਤੇ ਹੱਕ ਸੱਚ ਦੀ ਗੱਲ ਕਰਦੇ ਨੇ।”
“ਸਰਕਾਰ ਨਾਲ ਪੰਗਾਂ ਪਾਉਣ ਦੀਆ ਗੱਲਾਂ ਕਰਦੇ ਨੇਂ।” ਮੁਖਤਿਆਰ ਨੇ ਕਿਹਾ, “ਪੁਲੀਸ ਉਹਨਾ ਦੇ ਮਗਰ ਦੌੜੀ ਫਿਰਦੀ ਆ।”
“ਪੁੱਤ, ਇਹ ਤਾਂ ਰੱਬ ਹੀ ਜਾਣਦਾ ਹੈ ਕਿ ਉਹ ਸਰਕਾਰ ਨਾਲ ਪੰਗਾਂ ਪਾਉਂਦੇ ਆ ਜਾਂ ਸਰਕਾਰ ਉਹਨਾ ਨਾਲ ਢਿੱਡ ਅੜੀਆ ਲੈਂਦੀ ਆ।” ਗਿਆਨ ਕੌਰ ਨੇ ਕਿਹਾ, “ਮੈਨੂੰ ਤਾਂ ਇਹ ਵੀ ਨਹੀਂ ਲੱਗਦਾ ਕਿ ਦਿਲਪ੍ਰੀਤ ਇਸੇ ਕਰਕੇ ਵਿਆਹ ਨਹੀਂ ਕਰਾਉਂਦਾ, ਚਲੋ ਕੁਛ ਵੀ ਹੋਵੇ ਆਪਾਂ ਮਿੰਦੀ ਹੋਰਾਂ ਨਾਲ ਬੈਠ ਕੇ ਸਾਰੀ ਗੱਲ ਕਰ ਲੈਣੀ ਆ ਪਈ ਤੁਹਾਡਾ ਇਰਾਦਾ ਕੀ ਆ।।”
(47)
ਅਜੇ ਛਾਹ ਕੁ ਵੇਲਾ ਸੀ ਕਿ ਸਿਮਰੀ ਦੀਪੀ ਦੇ ਘਰ ਆਈ। ਉਸ ਦੇ ਹੱਥ ਵਿਚ ਵਿਆਹ ਦੇ ਕਾਰਡ ਸਨ। ਸੁਰਜੀਤ ਨੇ ਉਸ ਨੂੰ ਆਉਂਦੀ ਦੇਖਿਆ ਤਾਂ ਦੀਪੀ ਨੂੰ ਅਵਾਜ਼ ਮਾਰੀ, “ਦੀਪੀ, ਦੇਖ ਅੱਜ ਤਾਂ ਸਿਮਰੀ ਆਈ ਆ।”
“ਚਾਚੀ ਜੀ, ਮੈਂ ਤਾਂ ਕਈ ਦਿਨਾਂ ਨੂੰ ਆਉਣ ਦਾ ਕਰਦੀ ਸੀ, ਪਰ ਮੇਰੇ ਤੋਂ ਆਇਆ ਹੀ ਨਹੀਂ ਗਿਆ।”
“ਧੀਏ, ਸਾਨੂੰ ਪਤਾ ਲੱਗਾ ਤੇਰਾ ਵਿਆਹ ਆ।” ਹਰਨਾਮ ਕੌਰ ਨੇ ਕਿਹਾ, “ਸੁਣਿਆ, ਮੁੰਡਾ ਬਾਹਰੋਂ ਆਇਆ ਆ।”

This entry was posted in Uncategorized.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>