ਅੰਮ੍ਰਿਤਸਰ – ਗੁਰਮਤਿ ਦੇ ਅਖੌਤੀ ਪ੍ਰਚਾਰਕ ਰਣਜੀਤ ਸਿੰਘ ਢੱਡਰੀ ਵਾਲਾ ਦੇ ਨਜ਼ਦੀਕੀ ਸਾਥੀ ਹਰਿੰਦਰ ਸਿੰਘ ਖ਼ਾਲਸਾ ਜਥਾ ‘‘ਨਿਰਵੈਰ ਖ਼ਾਲਸਾ ਜਥਾ ਯੂ ਕੇ’’ ਵੱਲੋਂ ਗੁਰੂ ਨਾਨਕ ਦੇਵ ਜੀ ਦਾ ਅਗਵਾ ਅਤੇ ਕਤਲ ਹੋਣ ਪ੍ਰਤੀ ਕੂੜ ਪ੍ਰਚਾਰ ਦਾ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਪੁੱਜ ਗਿਆ ਹੈ।
ਸਾਬਕਾ ਫੈਡਰੇਸ਼ਨ ਆਗੂ ਪ੍ਰੋ: ਸਰਚਾਂਦ ਸਿੰਘ ਨੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਇਕ ਈਮੇਲ ਭੇਜਦਿਆਂ ਅਪੀਲ ਕੀਤੀ ਕਿ ਉਕਤ ਦੇ ਕੂੜ ਪ੍ਰਚਾਰ ਦਾ ਨੋਟਿਸ ਲੈਂਦਿਆਂ ਉਸ ਦੇ ਪ੍ਰਚਾਰ ‘ਤੇ ਤੁਰੰਤ ਰੋਕ ਲਾਉਣ ਅਤੇ ਤਲਬ ਕਰਨ ਅਤੇ ਪੰਥਕ ਰਵਾਇਤਾਂ ਮੁਤਾਬਿਕ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।
ਪ੍ਰੋ: ਸਰਚਾਂਦ ਸਿੰਘ ਨੇ ਕਿਹਾ ਕਿ ਢਡਰੀਵਾਲਾ ਦੇ ਸਾਥੀ ਅਤੇ ਇੰਗਲੈਂਡ ਵਾਸੀ ਹਰਿੰਦਰ ਸਿੰਘ ਖ਼ਾਲਸਾ ਜਥਾ ‘‘ਨਿਰਵੈਰ ਖ਼ਾਲਸਾ ਜਥਾ ਯੂ ਕੇ’’ ਵੱਲੋਂ ਬਿਨਾ ਕਿਸੇ ਅਧਾਰ ‘ਤੇ ਗੁਰੂ ਨਾਨਕ ਦੇਵ ਜੀ ਦੇ ਸੱਚਖੰਡ ਗਮਨ ਦੇ ਅਲੌਕਿਕ ਵਰਤਾਰੇ ਪ੍ਰਤੀ ਅਤਿ ਇਤਰਾਜ਼ਯੋਗ ਟਿੱਪਣੀ ਕਰਦਿਆਂ ਕਿ ਨਾਨਕ ਜੀ ਦੇ ਬਹੁਤ ਦੁਸ਼ਮਣ ਸਨ, ਗੁਰੂ ਸਾਹਿਬ ਨੂੰ ਅਗਵਾ ਕਰ ਲਏ ਜਾਣ ਅਤੇ ਫਿਰ ਕਤਲ ਕਰ ਦਿਤੇ ਜਾਣ ਬਾਰੇ ਕੂੜ ਪ੍ਰਚਾਰ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਾਹੀ ਹੈ । ਇਸ ਕੂੜ ਦੇ ਪ੍ਰਚਾਰਕ ਹਰਿੰਦਰ ਸਿੰਘ ਖ਼ਾਲਸਾ ਜਥਾ ‘‘ਨਿਰਵੈਰ ਖ਼ਾਲਸਾ ਜਥਾ ਯੂ ਕੇ’’ ਵੱਲੋਂ ਹਿੰਦੂਆਂ ਲਈ ਗੁਰੂ ਤੇ ਮੁਸਲਮਾਨਾਂ ਲਈ ਪੀਰ ਦਾ ਦਰਜਾ ਰਖਣ ਵਾਲੇ ਗੁਰੂ ਨਾਨਕ ਦੇਵ ਜੀ ਦੇ ਸੱਚਖੰਡ ਗਮਨ ਪ੍ਰਤੀ ਵਿਵਾਦ ਖੜੇ ਕਰਦਿਆਂ ਸਿੱਖ ਅਤੇ ਨਾਨਕ ਨਾਮ ਲੇਵਾ ਹਿਰਦਿਆਂ ਨੂੰ ਗਹਿਰੀ ਠੇਸ ਪਹੁੰਚਾਈ ਗਈ ਹੈ। ਸਿੱਖ ਸੰਗਤਾਂ ਵਿਚ ਉਕਤ ਪ੍ਰਚਾਰਕ ਪ੍ਰਤੀ ਭਾਰੀ ਰੋਸ ਹੈ। ਜੋ ਕਿ ਸੋਸ਼ਲ ਮੀਡੀਆ ‘ਤੇ ਵੀ ਦੇਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਖ਼ਿਲਾਫ਼ ਕੂੜ ਪ੍ਰਚਾਰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਪੱਤਰ ਰਾਹੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਅਪੀਲ ਕੀਤੀ ਕਿ ਉਕਤ ਕੂੜ ਦੇ ਪ੍ਰਚਾਰਕ ਹਰਿੰਦਰ ਸਿੰਘ ਖ਼ਾਲਸਾ ‘ਤੇ ਗੁਰਦੁਆਰਾ ਸਾਹਿਬਾਨ ਅਤੇ ਦੀਵਾਨ ‘ਚ ਪ੍ਰਚਾਰ ਕਰਨ ‘ਤੇ ਤੁਰੰਤ ਰੋਕ ਲਗਾਈ ਜਾਵੇ ਅਤੇ ਉਸ ਨੂੰ ਸ੍ਰੀ ਅਕਾਲ ਤਖਤ ਸਾਹਿਬ ‘ਤੇ ਤਲਬ ਕਰਦਿਆਂ ਪੰਥਕ ਰਵਾਇਤਾਂ ਅਨੁਸਾਰ ਕਾਰਵਾਈ ਕੀਤੀ ਜਾਵੇ। ਪ੍ਰੋ: ਸਰਚਾਂਦ ਸਿੰਘ ਨੇ ਕਿਹਾ ਕਿ ਕੁੱਝ ਅਖੌਤੀ ਸਿੱਖ ਪ੍ਰਚਾਰਕ ਸਿਖ ਮਾਨਸਿਕਤਾ ਵਿਚੋਂ ਸਿੱਖ ਧਰਮ ਦੀਆਂ ਸਥਾਪਿਤ ਮੂਲ ਪਰੰਪਰਾਵਾਂ, ਗੁਰਮਤਿ ਸਿਧਾਂਤ, ਗੁਰ ਇਤਿਹਾਸ ਅਤੇ ਸਿੱਖ ਇਤਿਹਾਸ ਦੀਆਂ ਅਹਿਮ ਘਟਨਾਵਾਂ ਅਤੇ ਗੁਰ ਅਸਥਾਨਾਂ ਪ੍ਰਤੀ ਬੇਲੋੜੇ ਸ਼ੰਕੇ ਖੜੇ ਕਰਨ ’ਤੇ ਪੂਰੀ ਸੰਜੀਦਗੀ ਨਾਲ ਤੁਲੇ ਹੋਏ ਹਨ। ਜਿਨ੍ਹਾਂ ਪ੍ਰਤੀ ਕੌਮ ਨੂੰ ਸੁਚੇਤ ਰਹਿਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਨਿਰੰਕਾਰ ਸਰੂਪ ਸ੍ਰੀ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਸਮਾਜ ਦੇ ਅਤਿ ਵਿਗੜੇ ਮਨੁੱਖਾਂ ਨੂੰ ਸੁਧਾਰਿਆ ਹੋਵੇ। ਸਮਾਜ ਵਿਚ ਲੋਕਾਂ ਨੂੰ ਸਹੀ ਰਾਹੇ ਪਾਇਆ ਹੋਵੇ। ਜਿਸ ਨੂੰ ਆਮ ਮਨੁਖ ਹੀ ਰਾਜੇ ਰਾਣੇ ਬਾਦਸ਼ਾਹਾਂ ਤੋਂ ਇਲਾਵਾ ਪਸ਼ੂ ਤੇ ਨਾਗ ਤਕ ਵੀ ਪ੍ਰੇਮ ਕਰਦੇ ਹੋਣ। ਉਸ ਸਮਾਜ ਵਿਚ ਬਾਬੇ ਨਾਨਕ ਦੇ ਦੁਸ਼ਮਣ ਹੋਣ? ਸਵਾਲ ਹੀ ਪੈਦਾ ਨਹੀਂ ਹੁੰਦਾ। ਸੋਚਣ ਵਾਲੀ ਗਲ ਇਹ ਹੈ ਕਿ ਇਤਿਹਾਸ ‘ਚ ਅਜਿਹਾ ਕੋਈ ਵਾਕਿਆ ਸਾਹਮਣੇ ਨਹੀਂ ਆਇਆ ਕਿ ਗੁਰੂ ਨਾਨਕ ਜੀ ਦਾ ਕੋਈ ਇਕ ਵੀ ਵੈਰੀ ਹੋਇਆ ਹੋਵੇ। ਇਹ ਕਿਵੇਂ ਹੋ ਸਕਦਾ ਹੈ ਕਿ ਗੁਰੂ ਸਾਹਿਬ ਦਾ ਸਾਥ ਮਾਣ ਦੇ ਰਹੇ ਗੁਰ ਸਿਖ ਬਾਬਾ ਬੁੱਢਾ ਜੀ, ਗੁਰੂ ਪੁੱਤਰ ਬਾਬਾ ਸ੍ਰੀ ਚੰਦ ਜੀ ਅਤੇ ਹੋਰ ਉਸ ਸਮੇਂ ਦੇ ਅਨੇਕਾਂ ਗੁਰਸਿੱਖਾਂ ਨੇ ਅਜਿਹਾ ਹੋਣ ‘ਤੇ ਕੋਈ ਸਵਾਲ ਨਾ ਉਠਾਇਆ ਹੋਵੇਗਾ? ਇਹ ਸਭ ਸੰਭਵ ਇਸ ਲਈ ਨਹੀਂ ਕਿਉ ਕਿ ਇਤਿਹਾਸ ਗਵਾਹ ਹੈ ਕਿ ਅਜਿਹੀ ਕੋਈ ਗਲ ਹੀ ਨਹੀਂ ਹੋਈ ਸੀ।