ਮਹਿਤਾ/ ਅੰਮ੍ਰਿਤਸਰ – ਦਮਦਮੀ ਟਕਸਾਲ ਦੇ ਮੁੱਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਸੁਰੱਖਿਆ ਦੇ ਮੱਦੇਨਜ਼ਰ ਸੀ.ਆਰ.ਪੀ.ਐਫ. ਹਵਾਲੇ ਕੀਤੇ ਗਏ ਪੰਜਾਬ ਦੀ ਜੇਲ੍ਹਾਂ ਵਿਚ ਤਲਾਸ਼ੀ ਦੇ ਨਾਮ ‘ਤੇ ਸੁਰੱਖਿਆ ਮੁਲਾਜ਼ਮਾਂ ਵਲੋਂ ਸਿੱਖ ਕੈਦੀਆਂ ਦੀਆਂ ਦਸਤਾਰਾਂ ਅਤੇ ਕੇਸ ਕਕਾਰਾਂ ਆਦਿ ਦੀ ਸਿਗਰਟ- ਬੀੜੀਆਂ ਅਤੇ ਹੋਰਨਾਂ ਕਾਰਨਾਂ ਕਾਰਨ ਹੋਏ ਗੰਦੇ ਹੱਥਾਂ ਦੀ ਛੋਹ ਨਾਲ ਹੋ ਰਹੀ ਬੇਅਦਬੀ ਦਾ ਸਖ਼ਤ ਨੋਟਿਸ ਲਿਆ ਹੈ, ਉਨ੍ਹਾਂ ਧਾਰਮਿਕ ਭਾਵਨਾਵਾਂ ਨਾਲ ਸੰਬੰਧਿਤ ਇਸ ਮਾਮਲੇ ਦੇ ਸਥਾਈ ਹੱਲ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਜੇਲ੍ਹ ਮੰਤਰੀ ਨੂੰ ਨਿੱਜੀ ਦਿਲਚਸਪੀ ਦਿਖਾਉਣ ਲਈ ਕਿਹਾ ਹੈ। ਪ੍ਰੋ: ਸਰਚਾਂਦ ਸਿੰਘ ਵਲੋਂ ਜਾਰੀ ਬਿਆਨ ‘ਚ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਸੀ.ਆਰ.ਪੀ.ਐਫ. ਹਵਾਲੇ ਕੀਤੀਆਂ ਗਈਆਂ ਪੰਜਾਬ ਦੀਆਂ ਕਪੂਰਥਲਾ, ਅੰਮ੍ਰਿਤਸਰ, ਪਟਿਆਲਾ ਅਤੇ ਖ਼ਾਸਕਰ ਲੁਧਿਆਣਾ ਦੀ ਜੇਲ੍ਹ ‘ਚ ਤਾਇਨਾਤ ਅਰਧ ਸੁਰੱਖਿਆ ਬਲ ਦੇ ਮੁਲਾਜ਼ਮ ਜ਼ਿਆਦਾ ਤਰ ਪ੍ਰਵਾਸੀ ਹੋਣ ਕਾਰਨ ਸਿੱਖ ਰਹੁ ਰੀਤਾਂ ਤੋਂ ਅਣਜਾਣ ਹਨ, ਜਿਨ੍ਹਾਂ ਤੋਂ ਦਸਤਾਰਾਂ ਅਤੇ ਕੇਸ ਕਕਾਰਾਂ ਦੀ ਬੇਅਦਬੀ ਹੋਣ ਨਾਲ ਸਿਖ ਕੈਦੀਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚਣ ਦੀਆਂ ਸੂਚਨਾਵਾਂ ਮਿਲ ਰਹੀਆਂ ਹਨ। ਜਿਸ ਨੂੰ ਨਾ ਰੋਕਿਆ ਗਿਆ ਤਾਂ ਸਿਖ ਕੈਦੀਆਂ ਵਿਚ ਰੋਸ ਵਧਣ ਦੀਆਂ ਸੰਭਾਵਨਾਵਾਂ ਹਨ। ਉਨ੍ਹਾਂ ਕਿਹਾ ਕਿ ਸੀਆਰਪੀਐਫ ਨੂੰ ਯੋਗ ਪਬਲਿਕ ਡੀਲਿੰਗ ਅਤੇ ਜੇਲ੍ਹ ਮੈਨੂਅਲ ਮੁਤਾਬਿਕ ਹੋਣ ਵਾਲੇ ਕੰਮਾਂ ਦੀ ਜੇਲ੍ਹ ਵਿਭਾਗ ਤੋਂ ਸਹੀ ਟਰੇਨਿੰਗ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੁਖ ਮੰਤਰੀ ਅਤੇ ਜੇਲ੍ਹ ਮੰਤਰੀ ਨੂੰ ਇਸ ਮਾਮਲੇ ਪ੍ਰਤੀ ਗੰਭੀਰਤਾ ਦਿਖਾਉਣ, ਜੇਲ੍ਹਾਂ ‘ਚ ਅਮਨ ਕਾਇਮ ਰਖਣ ਲਈ ਜ਼ਰੂਰੀ ਹੈ ਕਿ ਇਸ ਤਲਾਸ਼ੀ ਵਾਲੇ ਮਾਮਲੇ ਦਾ ਕੋਈ ਬਦਲਵਾਂ ਜਾਂ ਠੋਸ ਹੱਲ ਲੱਭਿਆ ਜਾਵੇ।
ਇਸੇ ਦੌਰਾਨ ਉਨ੍ਹਾਂ ਬਠਿੰਡਾ ਜੇਲ੍ਹ ਵਿਚ ਲੰਮੇ ਸਮੇਂ ਤੋਂ ਬੰਦ ਭਾਈ ਰਮਨਦੀਪ ਸਿੰਘ ਸੰਨੀ ‘ਤੇ ਮੁਹਾਲੀ ਪੁਲੀਸ ਵਲੋਂ ਇਕ ਹੋਰ ਝੂਠਾ ਕੇਸ ਮੜ੍ਹਨ ਦੀ ਵੀ ਸਖ਼ਤ ਅਲੋਚਨਾ ਕੀਤੀ। ਉਨ੍ਹਾਂ ਉਕਤ ਅਣਮਨੁੱਖੀ ਕਾਰੇ ਦੇ ਅਮਲ ਨੂੰ ਜਲਦ ਰੱਦ ਕਰਨ ਲਈ ਵੀ ਪੁਲੀਸ ਪ੍ਰਸ਼ਾਸਨ ਨੂੰ ਕਿਹਾ।