ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ਰੱਫ਼ ਨੂੰ ਵਿਸ਼ੇਸ਼ ਅਦਾਲਤ ਵੱਲੋਂ ਫਾਂਸੀ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਸਰਕਾਰ ਅਤੇ ਆਰਮੀ ਉਨ੍ਹਾਂ ਦੀ ਸਪੋਰਟ ਵਿੱਚ ਡੱਟ ਕੇ ਖੜੇ ਹੋ ਗਏ ਹਨ। ਪਾਕਿਸਤਾਨੀ ਸੈਨਾ ਨੇ ਇਸ ਦੀ ਜਮਕੇ ਆਲੋਚਨਾ ਕੀਤੀ ਹੈ। ਇਮਰਾਨ ਖਾਨ ਦੀ ਸਰਕਾਰ ਦੇ ਕਾਨੂੰਨ ਮੰਤਰੀ ਫਰੋਗ ਨਸੀਮ ਨੇ ਕਿਹਾ ਹੈ ਕਿ ਮੁਸ਼ਰੱਫ਼ ਦੇ ਖਿਲਾਫ਼ ਫੈਂਸਲਾ ਸੁਣਾਉਣ ਵਾਲੇ ਜੱਜ ਵਕਾਰ ਅਹਿਮਦ ਸੇਠ ‘ਮਾਨਸਿਕ ਤੌਰ ਤੇ ਬਿਮਾਰ’ ਹਨ ਅਤੇ ਉਨ੍ਹਾਂ ਨੂੰ ਜੱਜ ਦੇ ਅਹੁਦੇ ਤੋਂ ਹਟਾ ਦੇਣਾ ਚਾਹੀਦਾ ਹੈ।
ਪਿਸ਼ਾਵਰ ਦੀ ਹਾਈਕੋਰਟ ਦੇ ਮੁੱਖ ਜੱਜ ਵਕਾਰ ਅਹਿਮਦ ਸੇਠ ਦੀ ਅਗਵਾਈ ਵਾਲੀ ਤਿੰਨ ਮੈਂਬਰਾਂ ਦੀ ਬੈਂਚ ਦੇ 167 ਪੰਨਿਆਂ ਦੇ ਫੈਂਸਲੇ ਅਨੁਸਾਰ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਦੇ ਲਈ ਪੂਰੀ ਤਾਕਤ ਲਗਾ ਕੇ ਕਾਨੂੰਨ ਦੇ ਹਿਸਾਬ ਨਾਲ ਸਜ਼ਾ ਦਿੱਤੀ ਜਾਵੇ। ਉਨ੍ਹਾਂ ਨੇ ਆਪਣੇ ਫੈਂਸਲੇ ਵਿੱਚ ਇਹ ਵੀ ਲਿਿਖਆ ਹੈ ਕਿ ਅਗਰ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ ਤਾਂ ਉਨ੍ਹਾਂ ਦੀ ਲਾਸ਼ ਨੂੰ ਇਸਲਾਮਾਬਾਦ ਦੇ ਡੀ ਚੌਂਕ ਤੱਕ ਘੜੀਸ ਕੇ ਲਿਜਾਇਆ ਜਾਵੇ ਅਤੇ ਤਿੰਨ ਦਿਨ ਤੱਕ ਉਥੇ ਲਟਕਾਇਆ ਜਾਵੇ। ਇਸਲਾਮਾਬਾਦ ਵਿੱਚ ਡੀ-ਚੌਂਕ ਦੇ ਕੋਲ ਹੀ ਰਾਸ਼ਟਰਪਤੀ ਭਵਨ, ਪ੍ਰਧਾਨਮੰਤਰੀ ਆਫਿਸ, ਸੰਸਦ ਅਤੇ ਸੁਪਰੀਮ ਕੋਰਟ ਹੈ।
ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਰਕਾਰ ਦੇ ਕਾਨੂੰਨ ਮੰਤਰੀ ਫਰੋਗ ਨਸੀਮ ਨੇ ਕਿਹਾ ਹੈ ਕਿ ਜੱਜ ਵਕਾਰ ਅਹਿਮਦ ਦੇ ਫੈਂਸਲੇ ਤੋਂ ਇਹ ਸਾਬਿਤ ਹੁੰਦਾ ਹੈ ਕਿ ਉਹ ਮਾਨਸਿਕ ਤੌਰ ਤੇ ਠੀਕ ਨਹੀਂ ਹਨ । ਉਨ੍ਹਾਂ ਵੱਲੋਂ ਸੁਣਾਈ ਗਈ ਇਹ ਸਜ਼ਾ ਪਾਕਿਸਤਾਨ ਦੇ ਕਿਸੇ ਵੀ ਕਾਨੂੰਨ ਦੇ ਵਿਰੁੱਧ ਹੈ। ਕੇਂਦਰ ਸਰਕਾਰ ਨੇ ਸਰਵਉਚ ਨਿਆਇਕ ਪ੍ਰੀਸ਼ਦ ਵਿੱਚ ਜਾਣ ਦਾ ਫੈਂਸਲਾ ਕੀਤਾ ਹੈ। ਸਰਕਾਰ ਅਨੁਸਾਰ ਅਜਿਹੇ ਵਿਅਕਤੀ ਕਿਸੇ ਵੀ ਹਾਈਕੋਰਟ ਜਾਂ ਸੁਪਰੀਮ ਕੋਰਟ ਦੇ ਜੱਜ ਨਹੀਂ ਹੋ ਸਕਦੇ।