ਅੰਮ੍ਰਿਤਸਰ – ਵਿਵਾਦਿਤ ਸਿਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਪ੍ਰਤੀ ਵਰਤੀ ਗਈ ਭੱਦੀ ਸ਼ਬਦਾਵਲੀ ਦਾ ਮਾਮਲਾ ਕਾਨੂੰਨੀ ਰੁਖ ਅਖ਼ਤਿਆਰ ਕਰਨ ਜਾ ਰਿਹਾ ਹੈ। ਅਜ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਰਾਹੀਂ ਢੱਡਰੀਆਂ ਵਾਲਾ ਅਤੇ ਉਸ ਦੇ ਯੂ ਟਿਊਬ ਚੈਨਲ ਐਮ ਪੀ ਤੇ ਪ੍ਰਮੇਸ਼ਰ ਟੀਵੀ ਖ਼ਿਲਾਫ਼ ਕਾਨੂੰਨੀ ਚਾਰਾਜੋਈ ਕਰਦਿਆਂ ਨੋਟਿਸ ਭੇਜਿਆ ਹੈ। ਉਨ੍ਹਾਂ ਢੱਡਰੀਆਂ ਵਾਲਾ ਵੱਲੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਪ੍ਰਤੀ ਵਰਤੀ ਗਈ ਭੱਦੀ ਸ਼ਬਦਾਵਲੀ ਲਈ ਸ੍ਰੀ ਅਕਾਲ ਤਖਤ ਸਾਹਿਬ ਅੱਗੇ ੧੫ ਦਿਨਾਂ ‘ਚ ਬਿਨਾਂ ਸ਼ਰਤ ਮੁਆਫ਼ੀ ਮੰਗਣ ਲਈ ਕਿਹਾ ਹੈ। ਅਜਿਹਾ ਨਾ ਹੋਣ ਦੀ ਸੂਰਤ ‘ਚ ਉਨ੍ਹਾਂ ਨੂੰ ਅਦਾਲਤ ਵਿਚ ਦਾਇਰ ਕੀਤੇ ਜਾਣ ਵਾਲੇ ਅਪਰਾਧਿਕ ਕੇਸ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਲਈ ਕਿਹਾ।
ਉਨ੍ਹਾਂ ਦਸਿਆ ਕਿ ਢੱਡਰੀਆਂ ਵਾਲਾ ਅਤੇ ਉਸ ਦੇ ਚੈਨਲ ਦੇ ਕੂੜ ਪ੍ਰਚਾਰ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਅਤੇ ਵਿਸ਼ਵਾਸ ਨੂੰ ਭਾਰੀ ਠੇਸ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਢੱਡਰੀਆਂ ਵਾਲਾ ਕੂੜ ਅਤੇ ਗੁਮਰਾਹਕੁਨ ਪ੍ਰਚਾਰ ਰਾਹੀਂ ਸਿਖ ਗੁਰੂ ਸਾਹਿਬਾਨ, ਗੁਰਬਾਣੀ, ਧਰਮ,ਸਿਧਾਂਤ, ਮਰਿਆਦਾ, ਪਰੰਪਰਾਵਾਂ ਅਤੇ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਤੋਂ ਇਲਾਵਾ ੭ ਦਸੰਬਰ ੨੦੧੯ ਨੂੰ ਸਿਖ ਪੰਥ ‘ਚ ਅਹਿਮ ਰੁਤਬਿਆਂ ‘ਤੇ ਬਿਰਾਜਮਾਨ ਸਿੰਘ ਸਾਹਿਬਾਨ ਅਤੇ ਜਥੇਦਾਰ ਪ੍ਰਣਾਲੀ ਪ੍ਰਤੀ ਵਰਤੀ ਗਈ ਭੱਦੀ ਸ਼ਬਦਾਵਲੀ ਕਾਰਨ ਸਿਖ ਹਿਰਦਿਆਂ ‘ਚ ਭਾਰੀ ਰੋਸ ਹੈ। ਢੱਡਰੀਆਂ ਵਾਲਾ ਦਾ ਜੁਰਮ ਧਾਰਾ 153-ਏ / 294-ਏ / 499/500/501 (ਬੀ) ਦੇ ਤਹਿਤ ਸਜ਼ਾਯੋਗ ਹੈ। ਜ਼ਿਕਰਯੋਗ ਹੈ ਕਿ ਢੱਡਰੀਆਂ ਵਾਲਾ ਨੇ ਜਥੇਦਾਰੀ ਪ੍ਰਣਾਲੀ ‘ਤੇ ਕਿੰਤੂ ਕਰਦਿਆਂ ਕਿਹਾ ਕਿ ਸਾਨੂੰ ਪਤਾ ਨਹੀਂ ਜਥੇਦਾਰੀ ਕਿਥੋਂ ਨਿਕਲਦੀ ਹੈ, ਸਾਰਾ ਢਾਂਚਾ ਹੀ ਫੇਕ, ਪੁਠੀ ਸਿਧੀ ਮਰਿਆਦਾ, ਜੁੱਤੀਆਂ ਚੱਟਣ ਅਤੇ ਕੁੱਤੀ ਚੋਰਾਂ ਨਾਲ ਰਲੀ ਆਦਿ ਨਾਕਾਰਾਤਮਕ ਤੇ ਇਤਰਾਜਯੋਗ ਟਿਪਣੀਆਂ ਕੀਤੀਆਂ ਸਨ।
ਆਗੂਆਂ ਨੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਰਾਜ ਸਰਕਾਰ ਆਪਣੀ ਜਿਮੇਵਾਰੀ ਨਹੀਂ ਨਿਭਾ ਰਹੀ। ਸਰਕਾਰ ਨੇ ਢੱਡਰੀਆਂਵਾਲਾ ਦੇ ਕੂੜ ਪ੍ਰਚਾਰ ਨੂੰ ਠੱਲ ਪਾਉਣ ਪ੍ਰਤੀ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਥਾਂ ਉਸ ਨੂੰ ਸਿਖ ਹਿਰਦਿਆਂ ਨੂੰ ਠੇਸ ਪਹੁੰਚਾਉਣ ਅਤੇ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਦੀ ਖੁਲ ਦੇ ਰਖੀ ਹੈ। ਉਨ੍ਹਾਂ ਕਿਹਾ ਕਿ ਢੱਡਰੀਆਂ ਵਾਲਾ ਪੰਥ ਦੋਖੀਆਂ ਦੇ ਹੱਥਾਂ ‘ਚ ਖੇਡਦਿਆਂ ਸਿਖਾਂ ‘ਚ ਖਾਨਾਜੰਗੀ ਵਰਗੇ ਹਾਲਾਤ ਪੈਦਾ ਕਰਨ ‘ਚ ਲਗਾ ਹੋਇਆ ਹੈ ਅਤੇ ਦੂਜੇ ਵਰਗਾਂ ਭਾਈਚਾਰਿਆਂ ਪ੍ਰਤੀ ਵੀ ਨਫਰਤ ਦੇ ਫੈਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿਖ ਕੌਮ ਢੱਡਰੀਆਂ ਵਾਲਾ ਵਰਗਿਆਂ ਨੂੰ ਕੌਮੀ ਭਾਵਨਾਵਾਂ ਨਾਲ ਖਿਲਵਾੜ ਦੀ ਇਜਾਜਤ ਨਹੀਂ ਦੇਵੇਗੀ। ਉਨ੍ਹਾਂ ਕਿਹਾ ਕਿ ਸਿਖ ਭਾਈਚਾਰੇ ‘ਚ ਢੱਡਰੀਆਂ ਵਾਲਾ ਦੇ ਕੂੜ ਪ੍ਰਚਾਰ ਦਾ ਭਾਰੀ ਰੋਸ ਹੈ ਤੇ ਆਉਦੇ ਦਿਨਾਂ ‘ਚ ਉਸ ਵਿਰੁਧ ਵਖ ਵਖ ਥਾਂਵਾਂ ਤੋਂ ਕਾਨੂੰਨੀ ਪ੍ਰਕਿਆ ਤੇਜ ਹੋ ਜਾਵੇਗੀ।