ਪਟਿਆਲਾ – ਅੱਜ ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਦੀ ਕਾਰਜਕਾਰੀ ਦੀ ਹੋਈ ਇਕੱਤਰਤਾ ਦੌਰਾਨ ਸਭਾ ਵੱਲੋਂ 14ਵਾਂ ‘ਰਾਜਿੰਦਰ ਕੌਰ ਵੰਤਾ ਸਾਹਿਤਕ ਪੁਰਸਕਾਰ 2019* ਉਘੇ ਲੋਕ—ਕਵੀ ਪ੍ਰੋ. ਕੁਲਵੰਤ ਸਿੰਘ ਗਰੇਵਾਲ ਨੂੰ ਦੇਣ ਦਾ ਨਿਰਣਾ ਲਿਆ ਗਿਆ ਹੈ। ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ* ਨੇ ਦੱਸਿਆ ਕਿ ਸਭਾ ਵੱਲੋਂ ਨੇੜ ਭਵਿੱਖ ਵਿਚ ਕਰਵਾਏ ਜਾ ਰਹੇ ਸਮਾਗਮ ਵਿਚ ਪ੍ਰੋ. ਗਰੇਵਾਲ ਨੂੰ ਵਿਚ ਨਗਦ ਰਾਸ਼ੀ, ਸ਼ਾਲ ਅਤੇ ਸਨਮਾਨ ਪੱਤਰ ਭੇਂਟ ਕੀਤੇ ਜਾਣਗੇ। ਪ੍ਰੋ. ਗਰੇਵਾਲ ਨੂੰ ਉਹਨਾਂ ਦੀ ਲੰਮੀ ਸਾਹਿਤਕ ਘਾਲਣਾ ਅਤੇ ਵਿਸ਼ੇਸ਼ ਕਰਕੇ ਪੰਜਾਬੀ ਸਾਹਿਤ ਸਭਾ ਪਟਿਆਲਾ ਦੇ ਵਿਕਾਸ ਹਿਤ ਦਹਾਕਿਆਂ ਬੱਧੀ ਪਾਏ ਯੋਗਦਾਨ ਲਈ ਇਹ ਪੁਰਸਕਾਰ ਪ੍ਰਦਾਨ ਕੀਤਾ ਜਾ ਰਿਹਾ ਹੈ। ਡਾ. ‘ਆਸ਼ਟ* ਨੇ ਹੋਰ ਵੇਰਵੇ ਦਿੰਦੇ ਹੋਏ ਦੱਸਿਆ ਕਿ 1941 ਵਿਚ ਪੈਦਾ ਹੋਏ ਪ੍ਰੋ. ਗਰੇਵਾਲ ਨੇ ਲੰਮਾ ਅਰਸਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਦੇ ਪ੍ਰੋਫੈਸਰ ਅਤੇ ਮੁਖੀ ਵਜੋਂ ਸ਼ਾਨਦਾਰ ਸੇਵਾਵਾਂ ਨਿਭਾਉਣ ਤੋਂ ਇਲਾਵਾ ਭਾਸ਼ਾ ਵਿਭਾਗ ਵਿਚ ਵੀ ਕਾਰਜ ਕੀਤਾ। ਪੰਜਾਬੀ ਤੋਂ ਇਲਾਵਾ ਉਹਨਾਂ ਨੂੰ ਬੰਗਾਲੀ ਭਾਸ਼ਾ ਦਾ ਸਕਾਲਰ ਹੋਣ ਦਾ ਮਾਣ ਵੀ ਪ੍ਰਾਪਤ ਹੈ।ਇਸ ਤੋਂ ਇਲਾਵਾ ਉਹਨਾਂ ਨੂੰ ਸ਼੍ਰੋਮਣੀ ਪੰਜਾਬੀ ਕਵੀ, ਧਾਲੀਵਾਲ ਪੁਰਸਕਾਰ ਆਦਿ ਮਹੱਤਵਪੂਰਨ ਪੁਰਸਕਾਰ ਵੀ ਪ੍ਰਾਪਤ ਹੋ ਚੁੱਕੇ ਹਨ।ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਫੈਲੋਸ਼ਿੱਪ ਨਾਲ ਨਿਵਾਜ਼ੇ ਗਏ ਪ੍ਰੋ. ਗਰੇਵਾਲ ਨੇ ਪੰਜਾਬੀ ਕਾਵਿ ਜਗਤ ਦੀ ਝੋਲੀ ਵਿਚ ‘ਤੇਰਾ ਅੰਬਰਾਂ ਚ ਨਾਂ ਲਿਖਿਆ* ਅਤੇ ‘ਅਸੀਂ ਪੁੱਤ ਦਰਿਆਵਾਂ ਦੇ* ਵਰਗੀਆਂ ਚਰਚਿਤ ਪੁਸਤਕਾਂ ਪਾਈਆਂ।ਪੰਜਾਬੀ ਤੋਂ ਇਲਾਵਾ ਅੰਗਰੇਜ਼ੀ ਅਤੇ ਬੰਗਾਲੀ ਵਿਚ ਵੀ ਉਹਨਾਂ ਦੀਆਂ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ।ਜ਼ਿਕਰਯੋਗ ਹੈ ਕਿ ਪੰਜਾਬੀ ਸਾਹਿਤ ਸਭਾ ਪਟਿਆਲਾ ਦੀ ਮਾਰਫ਼ਤ ‘ਰਾਜਿੰਦਰ ਕੌਰ ਵੰਤਾ ਸਾਹਿਤਕ ਪੁਰਸਕਾਰ* ਸਟੇਜੀ ਕਵੀ ਜਸਵੰਤ ਸਿੰਘ ਵੰਤਾ ਦੇ ਸਪੁੱਤਰ ਸ. ਇਕਬਾਲ ਸਿੰਘ ਵੰਤਾ (ਸਾਬਕਾ ਡਿਪਟੀ ਰਜਿਸਟਰਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ) ਵੱਲੋਂ ਆਪਣੀ ਸਵਰਗੀ ਸੁਪਤਨੀ ਅਤੇ ਉਘੀ ਮਿੰਨੀ ਕਹਾਣੀ ਅਤੇ ਕਵਿੱਤਰੀ ਰਾਜਿੰਦਰ ਕੌਰ ਵੰਤਾ ਦੀ ਯਾਦ ਵਿਚ ਸਭਾ ਨਾਲ ਸੰਬੰਧਤ ਲਿਖਾਰੀਆਂ ਨੂੰ ਹੀ ਪ੍ਰਦਾਨ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਪੰਜਾਬੀ ਮਾਂ ਬੋਲੀ ਅਤੇ ਸਾਹਿਤ ਦੇ ਵਿਕਾਸ ਵਿਚ ਵਡਮੁੱਲਾ ਯੋਗਦਾਨ ਪਾਇਆ ਹੋਵੇ।
ਇਸ ਵਿਸ਼ੇਸ਼ ਇਕੱਤਰਤਾ ਵਿਚ ਕੁਲਵੰਤ ਸਿੰਘ, ਡਾ. ਗੁਰਬਚਨ ਸਿੰਘ ਰਾਹੀ, ਕਹਾਣੀਕਾਰ ਬਾਬੂ ਸਿੰਘ ਰੈਹਲ,ਦਵਿੰਦਰ ਪਟਿਆਲਵੀ ਅਤੇ ਨਵਦੀਪ ਸਿੰਘ ਮੁੰਡੀ ਆਦਿ ਵੀ ਸ਼ਾਮਿਲ ਸਨ।
ਸਾਲ 2019 ਦਾ ‘ਰਾਜਿੰਦਰ ਕੌਰ ਵੰਤਾ ਸਾਹਿਤਕ ਪੁਰਸਕਾਰ* ਪ੍ਰੋ. ਕੁਲਵੰਤ ਸਿੰਘ ਗਰੇਵਾਲ ਨੂੰ ਦੇਣ ਦਾ ਐਲਾਨ
This entry was posted in ਪੰਜਾਬ.