ਕੱਥੂਨੰਗਲ, ਅੰਮ੍ਰਿਤਸਰ – ਸਾਬਕਾ ਮੰਤਰੀ ਅਤੇ ਸ੍ਰੋਮਣੀ ਅਕਾਲੀ ਦਲ ਦੇ ਜਨਰਲ ਸਕਤਰ ਸ: ਬਿਕਰਮ ਸਿੰਘ ਮਜੀਠੀਆ ਨੇ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਕੈਰੀ ਸੈਕਟਰ ਵਿੱਚ ਪਾਕਿਸਤਾਨੀ ਫੌਜ ਵੱਲੋਂ ਘਾਤ ਲਾਕੇ ਕੀਤੇ ਗਏ ਹਮਲੇ ਦੌਰਾਨ ਸ਼ਹੀਦ ਹੋਏ ਭਾਰਤੀ ਫੌਜੀ ਜਵਾਨ ਲਾਸ ਨਾਇਕ ਗੁਰਮੇਲ ਸਿੰਘ ਬਾਜਵਾ ਨੂੰ ਉਸ ਦੇ ਜ਼ੱਦੀ ਪਿੰਡ ਅਲਕੜੇ (ਨੇੜੇ ਕੱਥੂਨੰਗਲ) ਵਿਖੇ ਦੂਜੀ ਬਰਸੀ ਮੌਕੇ ਸ਼ਹੀਦ ਦੇ ਬੁੱਤ ‘ਤੇ ਫੁਲ ਮਾਲਾ ਚੜਾਉਦਿਆਂ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਕੋਈ ਵੀ ਮੰਤਰੀ ਅਤੇ ਸਰਕਾਰੀ ਅਧਿਕਾਰੀ ਦੇ ਨਾ ਪਹੁੰਚਣ ‘ਤੇ ਇਲਾਕਾ ਵਾਸੀਆਂ ਨੇ ਰੋਸ ਦਾ ਪ੍ਰਗਟਾਵਾ ਕੀਤਾ।
ਇਸ ਮੌਕੇ ਸ: ਮਜੀਠੀਆ ਨੇ ਕਿਹਾ ਕਿ ਸ਼ਹੀਦ ਬਾਜਵਾ ਨੇ ਦੇਸ਼ ਲਈ ਬਹੁਤ ਵੱਡੀ ਸ਼ਹਾਦਤ ਦਿੱਤੀ ਸੀ। ਉਹਨਾਂ ਕਿਹਾ ਕਿ ਫੌਜੀ ਸਰਹੱਦਾਂ ‘ਤੇ ਪਹਿਰਾ ਦਿੰਦੇ ਹਨ ਤਾਂ ਹੀ ਅਸੀਂ ਸੁਖ ਦੇ ਨੀਂਦੇ ਸੌਦੇ ਹਾਂ। ਮਜੀਠੀਆ ਨੇ ਦੱਸਿਆ ਕਿ ਸ਼ਹੀਦ ਬਾਜਵਾ ਇੱਕ ਦਲੇਰ ਅਤੇ ਹੋਣਹਾਰ ਸਨ ਜੋ ਕਿਸੇ ਵੀ ਸਖ਼ਤ ਤੋਂ ਸਖ਼ਤ ਡਿਊਟੀ ਦੇਣ ‘ਚ ਮਾਹਿਰ ਸਨ। ਜਿਨ੍ਹਾਂ ਦੁਸ਼ਮਣ ਦਾ ਡੱਟ ਕੇ ਮੁਕਾਬਲਾ ਕੀਤਾ ਅਤੇ ਛਾਤੀ ‘ਚ ਗੋਲੀ ਖਾ ਕੇ ਸ਼ਹੀਦੀ ਪ੍ਰਾਪਤ ਕੀਤੀ।
ਉਹਨਾਂ ਰਾਜ ਸਰਕਾਰ ਵਲੋਂ ਸ਼ਹੀਦ ਪਰਿਵਾਰਾਂ ਦੀ ਸਾਰ ਨਾ ਲੈਣ ਲਈ ਸਖਤ ਆਲੋਚਨਾ ਕੀਤੀ। ਉਨਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਸ਼ਹੀਦ ਦੇ ਪਰਿਵਾਰ ਨੂੰ ਐਕਸ ਗ੍ਰੇਸ਼ੀਆ ਗਰਾਂਟ ਦਿਤੀ ਗਈ । ਪਰ ਪੰੰਜਾਬ ਸਰਕਾਰ ਵਲੋਂ ਕਦੀ ਕੋਈ ਸਾਰ ਨਹੀਂ ਲਈ ਅਤੇ ਕੀਤੇ ਵਾਅਦੇ ਪੂਰੇ ਨਹੀਂ ਕੀਤੇ। ਪਰਿਵਾਰ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਨਾ ਕਰਨ ‘ਤੇ ਰਾਜ ਸਰਕਾਰ ਨੂੰ ਆੜੇ ਹਥੀਂ ਲਿਆ। ਉਹਨਾਂ ਕੈਪਟਨ ਸਰਕਾਰ ਨੂੰ ਯਾਦ ਦਿਵਾਉਦਿਆਂ ਕਿਹਾ ਕਿ ਦੋ ਸਾਲ ਪਹਿਲਾਂ ਸ਼ਹੀਦ ਦੀ ਅੰਤਿਮ ਅਰਦਾਸ ਸਮਾਗਮ ਮੌਕੇ ਪੰਜਾਬ ਸਰਕਾਰ ਦੀ ਤਰਫ਼ੋਂ ਮੁੱਖ ਮੰਤਰੀ ਦੇ ਸਲਾਹਕਾਰ ਤੋਂ ਇਲਾਵਾ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਅਤੇ ਰਾਜਕੁਮਾਰ ਵੇਰਕਾ ਨੇ ਸ਼ਹੀਦ ਪਰਿਵਾਰ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿਤਾ ਅਤੇ ਸ਼ਹੀਦ ਦੇ ਪਿੰਡ ਦੇ ਸਕੂਲ ਨੂੰ ਅਪਗਰੇਡ ਕਰਦਿਆਂ ਸ਼ਹੀਦ ਗੁਰਮੇਲ ਸਿੰਘ ਦੇ ਨਾਮ ਰੱਖਣ, ਸ਼ਹੀਦ ਦੇ ਨਾਮ ‘ਤੇ ਪਿੰਡ ਦਾ ਗੇਟ ਉਸਾਰਨ, ਪਿੰਡ ‘ਚ ਸਟੇਡੀਅਮ ਬਣਾਉਣ ਦਾ ਵਾਅਦਾ ਕੀਤਾ ਸੀ। ਜੋ ਕਿ ਵਫਾ ਨਹੀਂ ਹੋਇਆ। ਉਹਨਾਂ ਕਿਹਾ ਕਿ ਸ਼ਹੀਦ ਦਾ ਪਰਿਵਾਰ ਸ: ਬਾਜਵਾ ਦੀ ਨੌਕਰੀ ਦੇ ਸਿਰ ‘ਤੇ ਗੁਜ਼ਰ ਕਰ ਰਿਹਾ ਸੀ। ਉਹਨਾਂ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸ਼ਹੀਦ ਪਰਿਵਾਰਾਂ ਦੀ ਅਣਦੇਖੀ ਫੌਜ ਵਿੱਚ ਸੇਵਾ ਨਿਭਾ ਰਹੇ ਨੌਜਵਾਨਾਂ ਨੂੰ ਉਤਸ਼ਾਹਹੀਣ ਕਰੇਗਾ ਜੋ ਕਿ ਦੇਸ਼ ਦੇ ਹਿਤ ‘ਚ ਨਹੀਂ ਹੋਵੇਗਾ।
ਇਸ ਮੌਕੇ ਸ਼ਹੀਦ ਦੀ ਪਤਨੀ ਕੁਲਜੀਤ ਕੌਰ, ਪਿਤਾ ਤਰਸੇਮ ਸਿੰਘ ਅਲਕੜੇ, ਮਾਤਾ ਸਤਵੰਤ ਕੌਰ, ਬੇਟੀ ਰਿਪਨਜੀਤ ਕੌਰ, ਤੋਂ ਇਲਾਵਾ ਰਣਜੀਤ ਸਿੰਘ ਵਰਿਆਮ ਨੰਗਲ ਸਾਬਕਾ ਵਿਧਾਇਕ , ਮੇਜਰ ਸ਼ਿਵਚਰਨ ਸਿੰਘ ਸ਼ਿਵੀ, ਚੇਅਰਮੈਨ ਗੁਰਵੇਲ ਸਿੰਘ ਅਲਕੜੇ, ਲਖਬੀਰ ਸਿੰਘ ਗਿਲ, ਵਿਸ਼ਾਲਦੀਪ ਸਿੰਘ ਬਾਜਵਾ, ਪ੍ਰਭਪਾਲ ਸਿੰਘ ਝੰਡੇ, ਲਖਬੀਰ ਸਿੰਘ ਸਹਿਣੇਵਾਲੀ, ਜਥੇ ਗੁਰਮੀਤ ਸਿੰਘ ਸਹਿਣੀਵਾਲੀ, ਬਲਜੀਤ ਸਿੰਘ ਬਾਜਵਾ ਅਲਕੜੇ ਅਤੇ ਪ੍ਰੋ: ਸਰਚਾਂਦ ਸਿੰਘ ਸ਼ਾਮਿਲ ਹਨ।