ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਮਨੁੱਖੀ ਸਿਹਤ ਸੇਵਾਵਾਂ ਨਾਲ ਜੁੜੇ ਕਾਮਿਆਂ ਨੂੰ ਅਕਸਰ ਹੀ ਰੱਬ ਦਾ ਦਰਜ਼ਾ ਦਿੱਤਾ ਜਾਂਦਾ ਹੈ। ਜਦੋਂ ਅਸੀਂ ਆਪਣੇ ਹੀ ਸਰੀਰਕ ਜ਼ਖ਼ਮਾਂ ਨੂੰ ਦੇਖਕੇ ਕਚਿਆਣ ਮਹਿਸੂਸ ਕਰਦੇ ਹਾਂ ਤਾਂ ਸਿਹਤ ਕਾਮੇ ਹੀ ਹੁੰਦੇ ਹਨ ਜੋ ਬਿਨਾਂ ਕਿਸੇ ਭੇਦਭਾਵ ਜਾਂ ਨੱਕ-ਬੁੱਲ੍ਹ ਕੱਢੇ ਸਾਨੂੰ ਤੰਦਰੁਸਤ ਕਰਨ ਵਿੱਚ ਆਪਣਾ ਯੋਗਦਾਨ ਪਾਉਂਦੇ ਹਨ। ਪਰ ਸਿਤਮ ਦੀ ਗੱਲ ਹੈ ਕਿ ਸਾਡਾ ਸਮਾਜ ਇਹਨਾਂ ਹਰ ਕਿਸੇ ਦੀ ਤੰਦਰੁਸਤੀ ਚਾਹੁਣ ਵਾਲੇ ਕਾਮਿਆਂ ਨੂੰ ਵੀ ਮੰਦਾ ਚੰਗਾ ਬੋਲ ਕੇ ਆਪਣੇ ਗੁੱਸੇ ਦੇ ਉਬਾਲ ਨੂੰ ਸ਼ਾਂਤ ਕਰ ਲੈਂਦਾ ਹੈ। ਇੰਗਲੈਂਡ ਦੀ ਰਾਸ਼ਟਰੀ ਸਿਹਤ ਸੇਵਾ (ਐੱਨ ਐੱਚ ਐੱਸ) ਦੇ ਕਾਮਿਆਂ ਨੂੰ ਪਿਛਲੇ ਪੰਜ ਸਾਲਾਂ ਵਿੱਚ 94000 ਸਰੀਰਕ ਹਮਲੇ ਅਤੇ ਜ਼ੁਬਾਨ ਦੇ ਬੋਲਾਂ ਦੇ ਹਮਲਿਆਂ ਦਾ ਸਾਹਮਣਾ ਕਰਨਾ ਪਿਆ ਹੈ। ਸਾਹਮਣੇ ਆਏ ਅੰਕੜੇ ਦੱਸਦੇ ਹਨ ਕਿ ਐੱਨ ਐੱਚ ਐੱਸ ਅਧੀਨ ਕੰਮ ਕਰਦੇ 65996 ਕਾਮਿਆਂ ਉੱਪਰ ਜਿਸਮਾਨੀ ਤੌਰ ‘ਤੇ ਹਮਲੇ ਹੋਏ ਜਦੋਂਕਿ 27946 ਕਾਮਿਆਂ ਨੂੰ ਭੱਦੀ ਸ਼ਬਦਾਵਲੀ ਦਾ ਸ਼ਿਕਾਰ ਹੋਣਾ ਪਿਆ। ਸਕਾਟਿਸ਼ ਲੇਬਰ ਪਾਰਟੀ ਵੱਲੋਂ ਸੂਚਨਾ ਪ੍ਰਾਪਤ ਕਰਨ ਦੇ ਅਧਿਕਾਰ ਤਹਿਤ ਹਾਸਲ ਕੀਤੀ ਜਾਣਕਾਰੀ ‘ਤੇ ਚਿੰਤਾ ਪ੍ਰਗਟਾਉਂਦਿਆਂ ਪਾਰਟੀ ਦੀ ਐੱਮ ਐੱਸ ਪੀ ਮੋਨਿਕਾ ਲੈਨਨ ਨੇ ਕਿਹਾ ਕਿ “ਸਾਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਦੇ ਕਾਮਿਆਂ ਉੱਪਰ ਅਜਿਹੇ ਹਮਲੇ ਹੋਣਾ ਬੇਹੱਦ ਮੰਦਭਾਗਾ ਹੈ। ਜੇਕਰ ਇਹਨਾਂ ਹਮਲਿਆਂ ਨੂੰ ਰੋਕਣ ਲਈ ਉਚਿਤ ਕਦਮ ਨਾ ਉਠਾਏ ਗਏ ਤਾਂ ਕੌਣ ਕੰਮ ਕਰਨਾ ਪਸੰਦ ਕਰੇਗਾ, ਜਦੋਂ ਇਹ ਪਤਾ ਹੋਵੇ ਕਿ ਉਸ ਉੱਪਰ ਹਮਲਾ ਵੀ ਹੋ ਸਕਦਾ ਹੈ।“
ਸਕਾਟਲੈਂਡ ਵਿੱਚ ਗ੍ਰੇਟਰ ਗਲਾਸਗੋ ਅਤੇ ਕਲਾਈਡ ਐੱਨ ਐੱਚ ਐੱਸ ਦੇ ਕਾਮਿਆਂ ਨੂੰ 20525 ਸਭ ਤੋਂ ਵੱਧ ਜਿਸਮਾਨੀ ਹਮਲਿਆਂ ਦਾ ਸਾਹਮਣਾ ਕਰਨਾ ਪਿਆ ਹੈ ਜਦੋਂਕਿ ਐੱਨ ਐੱਚ ਐੱਸ ਗਰੇਮਪੀਅਨ ਦੇ ਕਾਮਿਆਂ ਨੂੰ ਸਭ ਤੋਂ ਵੱਧ 5549 ਸ਼ਾਬਦਿਕ ਹਮਲਿਆਂ ਦਾ ਸਾਹਮਣਾ ਕਰਨਾ ਪਿਆ ਹੈ। ਸਕਾਟਲੈਂਡ ਵਿੱਚ 2014 ਤੋਂ 2019 ਦੇ ਅਰਸੇ ਵਿੱਚ ਸਿਹਤ ਕਾਮਿਆਂ ‘ਤੇ ਹਮਲਿਆਂ ਦੇ ਸੰਬੰਧ ਵਿੱਚ 3626 ਵਾਰ ਪੁਲਿਸ ਬੁਲਾਉਣੀ ਪਈ ਸੀ। ਲਨਾਰਕਸ਼ਾਇਰ ਐੱਨ ਐੱਚ ਐੱਸ ਦੇ ਕਾਮਿਆਂ ਨੂੰ 2 ਸਾਲ ਵਿੱਚ 1381 ਹਮਲੇ ਝੱਲਣੇ ਪਏ ਸਨ, ਜਿਹਨਾਂ ਵਿੱਚੋਂ 665 ਵਿੱਚ ਤਾਂ ਸੱਟ-ਫੇਟ ਵੀ ਵੱਜੀ ਸੀ। 2017-18 ਵਿੱਚ ਮਰੀਜ਼ਾਂ ਵੱਲੋਂ ਕਾਮਿਆਂ ਉੱਪਰ ਹਮਲਿਆਂ ਦੀ ਗਿਣਤੀ 659 ਸੀ। ਇਸ ਤਰ੍ਹਾਂ ਸਟਾਫ ਨੂੰ ਔਸਤਨ ਇੱਕ ਹਫ਼ਤੇ ਵਿੱਚ 13 ਹਮਲਿਆਂ ਦਾ ਸ਼ਿਕਾਰ ਹੋਣਾ ਪਿਆ।
ਵੇਲਜ਼ ਵਿੱਚ ਸਥਿਤੀ ਹੋਰ ਵੀ ਵਧੇਰੇ ਭਿਆਨਕ ਹੈ। ਜਿੱਥੇ 2017-18 ਦੇ ਅਰਸੇ ਦੌਰਾਨ ਕਾਮਿਆਂ ‘ਤੇ 3805 ਹਮਲੇ ਹੋਏ। ਜਦੋਂਕਿ 2016-17 ਵਿੱਚ 3716 ਹਮਲੇ ਹੋਏ ਸਨ। ਵੇਲਜ਼ ਵਿੱਚ ਸਿਹਤ ਕਾਮਿਆਂ ‘ਤੇ ਹਮਲੇ ਦੀ ਔਸਤ ਪ੍ਰਤੀ ਦਿਨ 10 ਤੱਕ ਪਹੁੰਚ ਚੁੱਕੀ ਹੈ।