ਗਲਾਸਗੋ/ ਲੰਡਨ,(ਮਨਦੀਪ ਖੁਰਮੀ ਹਿੰਮਤਪੁਰਾ) – ਤਿਉਹਾਰ ਖੁਸ਼ੀਆਂ ਦੇ ਮੁਜੱਸਮੇ ਬਣ ਕੇ ਆਉਂਦੇ ਹਨ। ਸਾਲ ਭਰ ਹੱਡ-ਭੰਨ੍ਹਵੀਂ ਮਿਹਨਤ ਕਰਕੇ ਸਾਲ ਦੇ ਅਖੀਰੀ ਦਿਨਾਂ ‘ਚ ਆਉਂਦਾ ਕ੍ਰਿਸਮਸ ਦਾ ਤਿਉਹਾਰ ਚਾਂਦੀ ਰੰਗੀਆਂ ਟੱਲੀਆਂ ਦੀ ਟੁਣਕਾਰ ਕਰਕੇ ਜਾਣਿਆ ਜਾਂਦਾ ਹੈ। ਪਰ ਸਾਡੀ ਛੋਟੀ ਜਿਹੀ ਅਣਗਹਿਲੀ ਇਹਨਾਂ ਟੱਲੀਆਂ ਦੀ ਮਿੱਠੀ ਟੁਣਕਾਰ ਨੂੰ ਅੱਗ ਬੁਝਾਊ ਦਸਤਿਆਂ ਦੀਆਂ ਗੱਡੀਆਂ ਦੇ ਕੰਨ-ਪਾੜੂ ਹੂਟਰਾਂ ਦੀ ਆਵਾਜ਼ ਵਿੱਚ ਵੀ ਬਦਲ ਸਕਦੀ ਹੈ। ਅਜਿਹੀ ਨੌਬਤ ਦੇ ਭਵਿੱਖੀ ਖਤਰੇ ਨੂੰ ਭਾਂਪਦਿਆਂ ਅਤੇ ਤਿਉਹਾਰ ਦੀਆਂ ਰੰਗੀਨੀਆਂ ਬਰਕਰਾਰ ਰੱਖਣ ਲਈ ਲੰਡਨ ਫਾਇਰ ਬ੍ਰਿਗੇਡ ਅਤੇ ਸਕਾਟਿਸ਼ ਫਾਇਰ ਐਂਡ ਰੈਸਕਿਊ ਸਰਵਿਸ ਵੱਲੋਂ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਘਰਾਂ ਵਿੱਚ ਖਾਣਾ ਪਕਾਉਣ ਜਾਂ ਅੰਗੀਠੀਆਂ ਵਗੈਰਾ ਜਗਾਉਣ ਵੇਲੇ ਅਹਿਤਿਆਤ ਤੋਂ ਕੰਮ ਲੈਣ। ਦਾਰੂ ਪੀਤੀ ਹੋਣ ਜਾਂ ਕਿਸੇ ਹੋਰ ਨਸ਼ੇ ਦੀ ਲੋਰ ਹੇਠ ਘਰਾਂ ਵਿੱਚ ਅੱਗ ਬਾਲਣ ਵੇਲੇ ਜਿਆਦਾ ਸਾਵਧਾਨੀ ਵਰਤਣ ਤਾਂ ਕਿ ਖੁਸ਼ੀਆਂ ਦੇ ਪਲ ਰੋਣ ਪਿੱਟਣ ਲੇਖੇ ਨਾ ਲੱਗ ਜਾਣ। ਜਿਕਰਯੋਗ ਹੈ ਕਿ ਲੰਡਨ ਦੇ ਇਲਾਕਿਆਂ ਵਿੱਚ 2014 ‘ਚ 529 ਘਰ ਅਣਗਹਿਲੀ ਦੀ ਵਜ੍ਹਾ ਨਾਲ ਨੁਕਸਾਨੇ ਗਏ ਸਨ। ਜਦੋਂਕਿ 2018 ‘ਚ ਗਿਣਤੀ 416 ਦਰਜ਼ ਹੋਈ ਸੀ। ਪਿਛਲੇ ਪੰਜ ਸਾਲਾਂ ਦੇ ਰਿਕਾਰਡ ਅਨੁਸਾਰ ਕ੍ਰਿਸਮਸ ਮੌਕੇ ਲੰਡਨ ਦੇ ਇਲਾਕਿਆਂ ‘ਚ ਅੱਗਜਨੀ ਦੀਆਂ ਘਟਨਾਵਾਂ ਵਾਪਰਨ ਵਿੱਚ 21 ਫੀਸਦੀ ਕਟੌਤੀ ਦੇਖੀ ਗਈ ਹੈ। ਇਸੇ ਤਰ੍ਹਾਂ ਹੀ ਸਕਾਟਲੈਂਡ ਵਿੱਚ 2018 ਵਿੱਚ 500 ਘਰ ਅੱਗ ਦੀ ਭੇਂਟ ਚੜ੍ਹੇ ਸਨ। ਸਕਾਟਿਸ਼ ਅੱਗ ਬੁਝਾਊ ਵਿਭਾਗ ਵੱਲੋਂ ਵਿੱਢੀ ਹੋਈ ਮੁਹਿੰਮ ਤਹਿਤ ਠੰਢ ਦੇ ਮੌਸਮ ਵਿੱਚ ਅਜਿਹੀਆਂ ਘਟਨਾਵਾਂ ਤੋਂ ਬਚਾਅ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤੇ ਟੈਲੀਵਿਜ਼ਨ ਰਾਂਹੀਂ ਵਿਸ਼ੇਸ਼ ਇਸ਼ਤਿਹਾਰਬਾਜ਼ੀ ਵੀ ਕੀਤੀ ਜਾ ਰਹੀ ਹੈ। ਜਿਕਰਯੋਗ ਹੈ ਕਿ ਸਕਾਟਲੈਂਡ ਵਿੱਚ 10 ਦਸੰਬਰ 2018 ਤੋਂ 14 ਜਨਵਰੀ 2019 ਦੇ ਥੋੜ੍ਹੇ ਜਿਹੇ ਵਕਫੇ ਦੌਰਾਨ ਹੀ 509 ਘਰਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਸਨ, ਜਿਹਨਾਂ ਵਿੱਚ 91 ਜਣੇ ਜ਼ਖ਼ਮੀ ਹੋਏ ਸਨ ਜਦੋਂਕਿ 4 ਦੀ ਮੌਤ ਹੋ ਗਈ ਸੀ। ਇਹਨਾਂ ਸਾਰੀਆਂ ਘਟਨਾਵਾਂ ਵਿੱਚ 40 ਫੀਸਦੀ ਗਿਣਤੀ 60 ਸਾਲ ਉਮਰ ਜਾਂ ਵੱਧ ਉਮਰ ਵਾਲਿਆਂ ਦੀ ਸੀ। ਇਕੱਲੇ ਗਲਾਸਗੋ ਵਿੱਚ ਹੀ 93 ਘਰਾਂ ਵਿੱਚ ਅੱਗ ਲੱਗੀ ਸੀ, ਜਦੋਂਕਿ ਸਕਾਟਲੈਂਡ ਦੀ ਰਾਜਧਾਨੀ ਐਡਿਨਬਰਾ ਵਿੱਚ 39 ਜਗ੍ਹਾ ਅੱਗ ਲੱਗੀ ਸੀ।
ਇੰਗਲੈਂਡ ਅਤੇ ਸਕਾਟਲੈਂਡ ਵਿੱਚ ਕ੍ਰਿਸਮਸ ਮੌਕੇ ਅੱਗਜਨੀ ਦੀਆਂ ਘਟਨਾਵਾਂ ਤੋਂ ਬਚਣ ਦੀ ਤਾਕੀਦ
This entry was posted in ਅੰਤਰਰਾਸ਼ਟਰੀ.