ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮੌਕੇ 28 ਦਸੰਬਰ ਨੂੰ ਪੰਜਾਬ ਵਿਚ ਸਰਕਾਰੀ ਛੁੱਟੀ ਕਰਨ ਦੀ ਮੰਗ ਕੀਤੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਜਾਰੀ ਇਕ ਪ੍ਰੈੱਸ ਬਿਆਨ ਵਿਚ ਆਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਾਹਿਬਜ਼ਾਦਿਆਂ ਦੇ ਸ਼ਹੀਦੀ ਪੁਰਬ ਵਾਲੇ ਦਿਨ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਥਾਂ ਪੂਰੇ ਪੰਜਾਬ ਅੰਦਰ ਸਰਕਾਰੀ ਛੁੱਟੀ ਕਰਨ ਦਾ ਤੁਰੰਤ ਐਲਾਨ ਕਰਨਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਨੇ ਹੱਕ, ਸੱਚ ਤੇ ਮਨੁੱਖਤਾ ਦੀ ਅਜ਼ਾਦੀ ਖਾਤਰ ਸ਼ਹਾਦਤਾਂ ਪ੍ਰਾਪਤ ਕਰਕੇ ਦੁਨੀਆਂ ਦੇ ਧਾਰਮਿਕ ਇਤਿਹਾਸ ਅੰਦਰ ਮਿਸਾਲ ਕਾਇਮ ਕੀਤੀ ਹੈ। ਸਿੱਖ ਇਤਿਹਾਸ ਦੇ ਇਹ ਪੰਨੇ ਭਾਵੁਕਤਾ ਨਾਲ ਜੁੜੇ ਹੋਏ ਹਨ ਅਤੇ ਇਸ ਸ਼ਹੀਦੀ ਦਿਹਾੜੇ ਮੌਕੇ ਸਮੁੱਚਾ ਸਿੱਖ ਜਗਤ ਡੂੰਘੇ ਅਹਿਸਾਸ ਨਾਲ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਯਾਦ ਕਰਦਾ ਹੈ। ਭਾਈ ਲੌਂਗੋਵਾਲ ਨੇ ਆਖਿਆ ਕਿ ਜਦੋਂ ਸਮੁੱਚਾ ਸਿੱਖ ਪੰਥ, ਪੰਜਾਬੀ ਭਾਈਚਾਰਾ ਅਤੇ ਵਿਸ਼ਵ ’ਚ ਵੱਸਦੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਸਾਹਿਬਜ਼ਾਦਿਆਂ ਨੂੰ ਸਤਿਕਾਰ ਭੇਟ ਕਰ ਰਹੀਆਂ ਹਨ, ਤਾਂ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਵੀ ਇਸ ਦਿਨ ਪੂਰੇ ਪੰਜਾਬ ਅੰਦਰ ਸਰਕਾਰੀ ਛੁੱਟੀ ਕਰ ਕੇ ਸਾਹਿਬਜ਼ਾਦਿਆਂ ਨੂੰ ਸ਼ਰਧਾ ਤੇ ਸਤਿਕਾਰ ਅਰਪਤ ਕਰੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਹ ਫੈਸਲਾ ਤੁਰੰਤ ਲੈਣ। ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਨੇ ਇਹ ਮੰਗ ਵੀ ਕੀਤੀ ਹੈ ਕਿ ਇਸ ਦਿਹਾੜੇ ਨੂੰ ਹਰ ਸਾਲ ਸਰਕਾਰੀ ਛੁੱਟੀਆਂ ਦੀ ਸੂਚੀ ਵਿਚ ਪੱਕੇ ਤੌਰ ’ਤੇ ਸ਼ਾਮਲ ਕੀਤਾ ਜਾਵੇ।
ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮੌਕੇ ਪੂਰੇ ਪੰਜਾਬ ਅੰਦਰ ਸਰਕਾਰੀ ਛੁੱਟੀ ਕਰੇ ਪੰਜਾਬ ਸਰਕਾਰ-ਭਾਈ ਲੌਂਗੋਵਾਲ
This entry was posted in ਪੰਜਾਬ.