ਫ਼ਤਹਿਗੜ੍ਹ ਸਾਹਿਬ – “ਜਦੋਂ ਤੋਂ ਇੰਡੀਆ ਵਿਚ ਫਿਰਕੂ ਮੋਦੀ ਹਕੂਮਤ ਰਾਜਭਾਗ ਤੇ ਬਿਰਾਜਮਾਨ ਹੋਈ ਹੈ, ਉਸ ਸਮੇਂ ਤੋਂ ਇਥੇ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਉਤੇ ਫਿਰਕੂ ਹਮਲੇ ਅਤੇ ਉਨ੍ਹਾਂ ਦੇ ਧਾਰਮਿਕ ਸਥਾਨਾਂ ਉਤੇ ਹਮਲੇ ਵੱਧ ਗਏ ਹਨ । ਇਨ੍ਹਾਂ ਹੁਕਮਰਾਨਾਂ ਨੇ ਕੇਵਲ ਪੰਜਾਬ, ਕਸ਼ਮੀਰ ਦਾ ਹੀ ਨਹੀਂ, ਬਲਕਿ ਸਮੁੱਚੇ ਸੂਬਿਆਂ ਵਿਚ ਆਪਣੀਆ ਮਨੁੱਖਤਾ ਤੇ ਘੱਟ ਗਿਣਤੀ ਕੌਮਾਂ ਵਿਰੋਧੀ ਨੀਤੀਆਂ ਦੀ ਬਦੌਲਤ ਮਾਹੌਲ ਵਿਸਫੋਟਕ ਬਣਾ ਦਿੱਤਾ ਹੈ । ਬੀਤੇ ਦਿਨੀਂ ਬਾਰਾਮੂਲਾ ਕਸ਼ਮੀਰ ਰੋਡ ਵਿਖੇ ਸਥਿਤ ਗੁਰੂਘਰ ਅਤੇ ਇਕ ਮੁਸਲਿਮ ਕੌਮ ਦੀ ਮਸਜਿਦ ਨੂੰ ਇਹ ਬਿਆਨਬਾਜੀ ਕਰਕੇ ਗਿਰਾ ਦਿੱਤੇ ਗਏ ਹਨ ਕਿ ਗੁਰੂਘਰ ਅਤੇ ਮਸਜਿਦ ਨੂੰ ਗਿਰਾਉਣ ਦੀ ਸਿੱਖ ਕੌਮ ਤੇ ਮੁਸਲਿਮ ਕੌਮ ਨੇ ਪ੍ਰਵਾਨਗੀ ਦੇ ਦਿੱਤੀ ਸੀ । ਜਦੋਂ ਕਸ਼ਮੀਰ ਵਿਚ ਬਾਕੀ ਇੰਡੀਆਂ ਦੇ ਸੂਬਿਆਂ ਦੇ ਆਗੂ ਅਤੇ ਹੋਰਾਂ ਦੇ ਜਾਣ ਤੇ ਪਾਬੰਦੀ ਲਗਾਈ ਹੋਈ ਹੈ ਅਤੇ ਉਥੇ ਫ਼ੌਜ ਤੇ ਅਰਧ ਸੈਨਿਕ ਬਲ ਤਾਇਨਾਤ ਕੀਤੇ ਗਏ ਹਨ । 05 ਅਗਸਤ 2019 ਤੋਂ ਉਥੇ ਸਭ ਸਕੂਲ, ਕਾਲਜ, ਬਜਾਰ, ਸਿਹਤ ਸੇਵਾਵਾਂ ਸਭ ਬੰਦ ਹਨ, ਸੰਚਾਰ ਸਾਧਨ ਉਤੇ ਰੋਕ ਲਗਾਈ ਹੋਈ ਹੈ, ਕਸ਼ਮੀਰੀਆਂ ਨਾਲ ਬਾਕੀ ਮੁਲਕ ਦਾ ਸੰਬੰਧ ਟੁੱਟ ਚੁੱਕਾ ਹੈ । ਸਮੁੱਚੀ ਕਸ਼ਮੀਰੀ ਲੀਡਰਸ਼ਿਪ ਜਾਂ ਤਾਂ ਨਜ਼ਰ ਬੰਦ ਕਰ ਦਿੱਤੀ ਗਈ ਹੈ ਜਾਂ ਗ੍ਰਿਫ਼ਤਾਰ ਕਰਕੇ ਜੇਲ੍ਹਾਂ ਵਿਚ ਰੱਖੀ ਗਈ ਹੈ । ਫਿਰ ਕਸ਼ਮੀਰ ਪ੍ਰਸ਼ਾਸ਼ਨ ਇਹ ਕਿਵੇ ਕਹਿ ਸਕਦਾ ਹੈ ਕਿ ਸਿੱਖ ਕੌਮ ਤੇ ਮੁਸਲਿਮ ਕੌਮ ਨੇ ਆਪਣੇ ਗੁਰੂਘਰ ਤੇ ਮਸਜਿਦ ਢਾਹੁਣ ਦੀ ਇਜ਼ਾਜਤ ਦਿੱਤੀ ਹੈ ? ਫਿਰ ਅਜਿਹਾ ਅਮਲ ਦੋਵੇ ਕੌਮਾਂ ਕਿਵੇਂ ਦੇ ਸਕਦੀਆ ਹਨ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਾਰਾਮੂਲਾ ਕਸ਼ਮੀਰ ਰੋਡ ਵਿਖੇ ਗੁਰੂਘਰ ਅਤੇ ਇਕ ਮਸਜਿਦ ਨੂੰ ਜ਼ਬਰੀ ਢਾਹੁਣ ਦੀ ਮੁਸਲਿਮ ਅਤੇ ਸਿੱਖ ਕੌਮ ਦੇ ਮਨਾਂ ਨੂੰ ਦੁੱਖ ਪਹੁੰਚਾਉਣ ਵਾਲੀ ਕਾਰਵਾਈ ਦੀ ਪੁਰਜੋਰ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅਸੀਂ ਹੁਣੇ ਹੀ ਮਨੁੱਖੀ ਅਧਿਕਾਰਾਂ ਦੇ ਕੌਮਾਂਤਰੀ ਦਿਹਾੜੇ ਉਤੇ ਕਸ਼ਮੀਰ ਨਿਵਾਸੀਆਂ ਦੀ ਸਾਰ ਲੈਣ ਲਈ ਲਾਲ ਚੌਕ ਜਾਣਾ ਚਾਹੁੰਦੇ ਸੀ, ਲੇਕਿਨ ਸਾਨੂੰ ਜੰਮੂ ਦੀ ਸਰਹੱਦ ਉਤੇ ਹੀ ਜ਼ਬਰੀ ਰੋਕ ਕੇ ਅੱਗੇ ਵੱਧਣ ਤੋਂ ਮਨ੍ਹਾਂ ਕਰ ਦਿੱਤਾ ਗਿਆ । ਫਿਰ ਅਜਿਹੀਆ ਸਿੱਖ ਕੌਮ ਤੇ ਮੁਸਲਿਮ ਕੌਮ ਦੀਆਂ ਪ੍ਰਵਾਨਗੀ ਦੀਆਂ ਗੱਲਾਂ ਵਿਚ ਹਕੂਮਤਾਂ ਵੱਲੋਂ ਕਿਹੜੀ ਦਲੀਲ ਬਾਕੀ ਹੈ ?
ਉਨ੍ਹਾਂ ਆਪਣੇ ਵਿਚਾਰਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਕਿਹਾ ਕਿ ਰਾਜੀਵ ਗਾਂਧੀ ਦੀ ਹਕੂਮਤ ਸਮੇਂ ਉਤਰਾਖੰਡ ਵਿਚ ਹਰਿਦੁਆਰ ਵਿਚ ਸਥਿਤ ਗੁਰੂ ਨਾਨਕ ਸਾਹਿਬ ਨਾਲ ਸੰਬੰਧਤ ਗੁਰਦੁਆਰਾ ਗਿਆਨ ਗੋਦੜੀ ਨੂੰ ਵੀ ਇਸੇ ਤਰ੍ਹਾਂ ਗਿਰਾਇਆ ਗਿਆ ਸੀ । ਪਰ ਸਿੱਖ ਕੌਮ ਦੇ ਵਿਰੋਧ ਕਰਨ ਦੇ ਬਾਵਜੂਦ ਵੀ ਉਨ੍ਹਾਂ ਨੂੰ ਅੱਜ ਤੱਕ ਉਹ ਸਥਾਂਨ ਵਾਪਿਸ ਨਹੀਂ ਦਿੱਤਾ ਗਿਆ । ਬਲਕਿ ਉਸ ਸਥਾਨ ਉਤੇ ਇਮਾਰਤ ਉਸਾਰਕੇ ਨਗਰ ਨਿਗਮ ਹਰਿਦੁਆਰ ਨੇ ਆਪਣੇ ਕਿਸੇ ਵਿਭਾਗੀ ਮਹਿਕਮੇ ਨੂੰ ਇਹ ਜਗ੍ਹਾਂ ਦੇ ਦਿੱਤੀ ਹੈ । ਜੋ ਸਿੱਖ ਕੌਮ ਨਾਲ ਵੱਡੀ ਬੇਇਨਸਾਫ਼ੀ ਅਤੇ ਉਨ੍ਹਾਂ ਦੇ ਮਨ-ਆਤਮਾਵਾਂ ਨੂੰ ਵਲੂੰਧਰਣ ਵਾਲੀ ਅਸਹਿ ਕਾਰਵਾਈ ਹੈ । ਉਨ੍ਹਾਂ ਕਿਹਾ ਕਿ ਜਗਨਨਾਥ ਪੁਰੀ (ਉੜੀਸਾ) ਵਿਖੇ ਗੁਰੂ ਨਾਨਕ ਸਾਹਿਬ ਨਾਲ ਸੰਬੰਧਤ ਵੱਡੇ ਯਾਦਗਾਰੀ ਮੱਠ ਨੂੰ ਵੀ ਉੜੀਸਾ ਹਕੂਮਤ ਨੇ ਜ਼ਬਰੀ ਗਿਰਾ ਦਿੱਤਾ ਹੈ । ਅਫ਼ਸੋਸ ਹੈ ਕਿ ਐਸ.ਜੀ.ਪੀ.ਸੀ. ਸਿੱਖ ਕੌਮ ਦੀ ਸੰਸਥਾਂ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਜਿਹੀਆ ਕਾਰਵਾਈਆ ਵਿਰੁੱਧ ਕੋਈ ਵੀ ਠੋਸ ਕਦਮ ਨਹੀਂ ਚੁੱਕੇ ਜਾ ਰਹੇ ਜੋ ਕਿ ਉਨ੍ਹਾਂ ਦੀ ਵੱਡੀ ਕੌਮੀ ਜ਼ਿੰਮੇਵਾਰੀ ਬਣਦੀ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਕੌਮਾਂਤਰੀ ਸੰਸਥਾਂ ਯੂ.ਐਨ, ਹਿਊਮਨ ਰੲਾਟਿਸ ਕਮਿਸ਼ਨ, ਏਸੀਆ ਵਾਚ ਹਿਊਮਨ ਰਾਈਟਸ ਅਤੇ ਹੋਰ ਕੌਮਾਂਤਰੀ ਪੱਧਰ ਦੀਆਂ ਅਦਾਲਤਾਂ ਨੂੰ ਇਹ ਸੰਜ਼ੀਦਗੀ ਭਰੀ ਅਪੀਲ ਕਰਦੀ ਹੈ ਕਿ ਇੰਡੀਆਂ ਦੀ ਮੋਦੀ ਫਿਰਕੂ ਹਕੂਮਤ ਵੱਲੋਂ ਜੋ ਘੱਟ ਗਿਣਤੀ ਕੌਮਾਂ ਦੇ ਧਾਰਮਿਕ ਸਥਾਨਾਂ ਨੂੰ ਗਿਰਾਉਣ ਦੇ ਦੁੱਖਦਾਇਕ ਅਮਲ ਸੁਰੂ ਕੀਤੇ ਗਏ ਹਨ, ਉਸ ਵਿਸ਼ੇ ਤੇ ਕੌਮਾਂਤਰੀ ਪੱਧਰ ਦੀ ਜਾਂਚ ਕਰਵਾਉਦੇ ਹੋਏ ਮੋਦੀ ਹਕੂਮਤ ਵਿਰੁੱਧ ਕੌਮਾਂਤਰੀ ਕਾਨੂੰਨਾਂ ਅਧੀਨ ਫ਼ੌਰੀ ਕਾਰਵਾਈ ਕੀਤੀ ਜਾਵੇ । ਸਿੱਖ ਕੌਮ ਤੇ ਮੁਸਲਿਮ ਕੌਮ ਨੂੰ ਇਨਸਾਫ਼ ਦਿਵਾਇਆ ਜਾਵੇ ।