ਅੰਮ੍ਰਿਤਸਰ – ਵਿਵਾਦਿਤ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲਾ ਦਾ ਵਿਦੇਸ਼ਾਂ ਚ ਚਲ ਰਿਹਾ ਬਾਈਕਾਟ ਦਾ ਸਿਲਸਿਲਾ ਰੁਕ ਨਹੀਂ ਰਹਾ। ਬੀਤੇ ਦਿਨੀਂ ਯੂ ਕੇ ਦੀਆਂ ਗੁਰਦੁਆਰਾ ਕਮੇਟੀਆਂ ਅਤੇ ਜਥੇਬੰਦੀਆਂ ਵੱਲੋਂ ਢੱਡਰੀਆਂ ਵਾਲੇ ਦਾ ਮੁਕੰਮਲ ਬਾਈਕਾਟ ਦਾ ਫ਼ੈਸਲਾ ਲਿਆ ਗਿਆ ਤਾਂ ਹੁਣ ਇਟਲੀ, ਅਮਰੀਕਾ ਫਰੰਸ ਅਤੇ ਜਰਮਨੀ ਤੋਂ ਵੀ ਢੱਡਰੀਆਂ ਵਾਲਾ ਦੇ ਖ਼ਿਲਾਫ਼ ਸੁਰਾਂ ਤੇਜ ਗਈਆਂ ਹਨ।
ਇਸ ਸੰਬੰਧੀ ਪ੍ਰੋ: ਸਰਚਾਂਦ ਸਿੰਘ ਨੇ ਦਸਿਆ ਕਿ ਇਟਲੀ ‘ਚ ਸਰਗਰਮ ਸਿਖ ਜਥੇਬੰਦੀਆਂ ਜਿਨ੍ਹਾਂ ‘ਚ ਸਿੱਖ ਧਰਮ ਪ੍ਰਚਾਰ ਨੈਸ਼ਨਲ ਕਮੇਟੀ, ਇਟਲੀ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ, ਇਟਲੀ ਅਤੇ ਇੰਟਰਨੈਸ਼ਨਲ ਪੰਥਕ ਦਲ ਇਟਲੀ ਸਮੇਤ ਦਰਜਨ ਗੁਰਦੁਆਰਾ ਕਮੇਟੀਆਂ ਦੇ ਇਕੱਠ ਨੇ ਗੁਰਮਤਾ ਕਰਦਿਆਂ ਪੰਥ ‘ਚ ਫੁੱਟ ਅਤੇ ਦੁਬਿਧਾ ਪੈਦਾ ਕਰਨ ‘ਚ ਲਗੇ ਰਣਜੀਤ ਸਿੰਘ ਢੱਡਰੀਆਂ ਵਾਲਾ ਅਤੇ ਸਾਥੀ ਦਾ ਬਾਈਕਾਟ ਕਰਨ ਦਾ ਫ਼ੈਸਲਾ ਕੀਤਾ ਹੈ। ਇਟਲੀ ਦੇ ਆਗੂ ਭਾਈ ਪ੍ਰਗਟ ਸਿੰਘ ਵੱਲੋਂ ਪੜੇ ਗਏ ਉਕਤ ਸੰਬੰਧੀ ਮਤੇ ‘ਚ ਯੂ ਕੇ ਦੀਆਂ ਸੰਗਤਾਂ ਦੇ ਫ਼ੈਸਲੇ ਦੀ ਪ੍ਰੋਰਤਾ ਕੀਤੀ ਗਈ ਅਤੇ ਕਿਹਾ ਗਿਆ ਕਿ ਅਜਿਹਾ ਇਕੱਠ ਵੱਲੋਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਆਦੇਸ਼ ਦੀ ਰੌਸ਼ਨੀ ਵਿਚ ਕੀਤਾ ਗਿਆ। ਦੂਜੇ ਪਾਸੇ ਅਮਰੀਕਾ ਦੇ ਸੈਕਰਾਮੈਂਟੋ ਵਿਖੇ ਢੱਡਰੀਆਂ ਵਾਲਾ ਦੇ ਤਿੰਨ ਰੋਜਾ ਦੀਵਾਨ ਦੌਰਾਨ ਸਿਖ ਸੰਗਤਾਂ ਵੱਲੋਂ ਗੁਰਦਆਰ ਦੇ ਬਾਹਰ ਰੋਜ਼ਾਨਾ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸੇ ਦੌਰਾਨ ਅਮਰੀਕਾ ਦੀ ਸਿਆਟਲ ਵਾਸ਼ਿੰਗਟਨ ਸਟੇਟ ਦੀਆਂ ਤਕਰੀਬਨ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਜਥੇਬੰਦੀਆਂ ਵੱਲੋਂ ਰਣਜੀਤ ਸਿੰਘ ਢੱਡਰੀਆਂ ਵਾਲਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਭਗੌੜਾ ਗਰਦਾਨਿਆ ਅਤੇ ਉਸ ਦਾ ਬਾਈਕਾਟ ਕਰਦਿਆਂ ਸੰਗਤਾਂ ਮੂੰਹ ਨਾ ਲਾਉਣ ਦੀ ਅਪੀਲ ਕੀਤੀ ਗਈ। ਇਸੇ ਤਰਾਂ ਫਰੰਸ ਦੇ ਸਿਖ ਕੌਂਸਲ ਦੇ ਪ੍ਰਧਾਨ ਸ: ਬਸੰਤ ਸਿੰਘ ਪੰਜਹਥਾ, ਇੰਟਰਨੈਸ਼ਨਲ ਸਿਖ ਕੌਂਸਲ ਦੇ ਪ੍ਰਧਾਨ ਲਖਬੀਰ ਸਿੰਘ ਕੋਹਾੜ, ਸਿਖ ਫੈਡਰੇਸ਼ਨ ਦੇ ਪ੍ਰਧਾਨ ਕਸ਼ਮੀਰ ਸਿੰਘ, ਤੇ ਭਾਈ ਚੈਨ ਸਿੰਘ ਖ਼ਾਲਸਾ ਨੇ ਵੀ ਢੱਡਰੀਆਂ ਨੂੰ ਬਹਿਰੂਪੀਆ ਗਰਦਾਨ ਦਿਆਂ ਉਸ ਦਾ ਬਾਈਕਾਟ ਕਰਨ ਦਾ ਸਦਾ ਦਿਤਾ। ਉਨ੍ਹਾਂ ਕਿਹਾ ਕਿ ਢੱਡਰੀਆਂ ਵਾਲਾ ਪੰਥ ਦੋਖੀਆਂ ਦੇ ਮਗਰ ਲਗ ਕੇ ਪੰਥ ਵਿਰੋਧੀ ਕੰਮਾਂ ‘ਚ ਲਗਾ ਹੋਇਆ ਹੈ। ਉਨ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਢੱਡਰੀਆਂ ਵਾਲ ਦੇ ਸੰਬੰਧ ‘ਚ ਠੋਸ ਕਾਰਵਾਈ ਕਰਨ ਦੀ ਅਪੀਲ ਕੀਤੀ।
ਪ੍ਰੋ: ਸਰਚਾਂਦ ਸਿੰਘ ਨੇ ਢੱਡਰੀਆਂ ਵਾਲਾ ਦੇ ਬਾਈਕਾਟ ‘ਤੇ ਤਸਲੀ ਪ੍ਰਗਟ ਕਰਦਿਆਂ ਕਿਹਾ ਕਿ ਉਸ ਵੱਲੋਂ ਸ਼ੰਕਾ ਪਾਊ ਪ੍ਰਚਾਰ ਰਾਹੀਂ ਨਾਨਕ ਨਾਮ ਲੇਵਾ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾ ਰਹੀ ਹੈ। ਉਹ ਕਿਸੇ ਗਿਣੀ-ਮਿਥੀ ਸਾਜ਼ਿਸ਼ ਅਤੇ ਪੰਥ ਵਿਰੋਧੀ ਸ਼ਕਤੀਆਂ ਦਾ ਹੱਥ-ਠੋਕਾ ਬਣ ਕੇ ਨਿਤ ਨਵੇਂ ਤੋਂ ਨਵੇਂ ਵਿਵਾਦ ਪੈਦਾ ਕਰ ਰਿਹਾ ਹੈ ਅਤੇ ਸਿਖ ਮਾਨਸਿਕਤਾ ਵਿਚੋਂ ਪੁਰਾਤਨ ਰਵਾਇਤਾਂ, ਮਾਨਤਾਵਾਂ ਅਤੇ ਅਸੂਲਾਂ ਨੂੰ ਮਨਫ਼ੀ ਕਰਨ ‘ਤੇ ਪੂਰੀ ਸੰਜੀਦਗੀ ਨਾਲ ਤੁਲਿਆ ਹੋਇਆ ਹੈ। ਉਸ ਵੱਲੋਂ ਪਿਛਲੇ ਸਮੇਂ ਤੋਂ ਸਿੱਖ ਧਰਮ ਦੀਆਂ ਸਥਾਪਿਤ ਮੂਲ ਪਰੰਪਰਾਵਾਂ, ਗੁਰਮਤਿ ਸਿਧਾਂਤ, ਗੁਰ ਇਤਿਹਾਸ ਅਤੇ ਸਿੱਖ ਇਤਿਹਾਸ ਦੀਆਂ ਅਹਿਮ ਘਟਨਾਵਾਂ ਅਤੇ ਗੁਰ ਅਸਥਾਨਾਂ ਪ੍ਰਤੀ ਬੇਲੋੜੇ ਸ਼ੰਕੇ ਖੜੇ ਕਰਕੇ ਸੰਗਤਾਂ ਨੂੰ ਗੁਮਰਾਹ ਕੀਤਾ ਗਿਆ। ਸਿੱਖ ਪੰਥ ਅਤੇ ਸਮਾਜ ਵਿਚ ਫੁੱਟ ਪਾਉਂਦਿਆਂ ਅਮਨ ਸ਼ਾਂਤੀ ਨੂੰ ਲਾਂਬੂ ਲਾਉਣ ਦੀ ਤਾਕ ਵਿਚ ਬੈਠੇ ਢੱਡਰੀਆਂ ਵਾਲਾ ਦੀ ਨੀਅਤ ਨੂੰ ਦੇਖਦਿਆਂ ਸਿੱਖ ਸੰਗਤਾਂ ਇਸ ਦੇ ਗੁਰਮਤਿ ਵਿਰੋਧੀ ਪ੍ਰਚਾਰ ਦਾ ਸਖ਼ਤ ਨੋਟਿਸ ਲੈ ਵੀ ਰਹੀਆਂ ਹਨ। ਉਨ੍ਹਾਂ ਸਰਕਾਰ ਨੂੰ ਵੀ ਢੱਡਰੀਆਂ ਵਾਲਾ ਵੱਲੋਂ ਭਾਈਚਾਰਕ ਸਾਂਝ ਨੂੰ ਖੇਰੂੰ ਖੇਰੂੰ ਕਰਨ ਪ੍ਰਤੀ ਖੇਡੀ ਜਾ ਰਹੀ ਖੇਡ ਪ੍ਰਤੀ ਸੁਚੇਤ ਕਰਦਿਆਂ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।