ਦਫਤਰ ਸੀ ਚੱਲਿਆ…
ਮੈਂ ਇਕ ਘਾਹੀ ਤੱਕਿਆ।
ਮੁੜ੍ਹ ਕੇ ਨਾਲ ਭਿੱਜਿਆ…
ਜ਼ਰਾ ਨਾ ਸੀ ਥੱਕਿਆ।
ਸਵੇਰ ਦਾ ਸੀ ਸ਼ਾਇਦ…
ਕੰਮ ਕਰ ਕਰ ਅੱਕਿਆ।
ਰੰਬੇ ਨਾਲ ਘਾਹ ਓਨੇ…
ਕਈ ਵਾਰ ਕੱਢਿਆ।
ਓਹਦਾ ਚੇਹਰਾ ਕਹੇ…
ਗ਼ੁਰਬਤ ਲਈ ਘਰ ਓਨੇ ਛੱਡਿਆ।
ਹੱਥ ਮਜ਼ਬੂਤ ਧਾਰ ਰੰਬੇ ਵਾਲੀ ਤਿੱਖੀ ਸੀ…
ਲਗੇ ਮਜਬੂਰੀਆਂ ਸੀ ਵੱਡਾ ਮੂੰਹ ਅੱਡਿਆ।
ਮੈਂ ਕੋਲ ਜਾ ਕੇ ਕਿਹਾ- -
ਬਾਬਾ ਸਾਹ ਲੈ ਲਾ…
ਵੇਖ….ਦਿਨ ਬੜਾ ਲੱਗਿਆ।
ਕਹਿੰਦਾ…ਕਾਕਾ ਸਾਹ ਬੜੇ ਲਏ…
ਬੱਸ ਕਰਮਾਂ ਹੈ ਠੱਗਿਆ।
ਮੈਂ ਕਿਹਾ- -
ਤੇਰੇ ਪੁੱਤ ਨੀ ਆਏ…
ਤੂੰ ਜੱਬ ਐਨਾ ਝਾਗਿਆ।
ਮੈਂ ਵੇਖਾਂ ਸਾਹ ਨੀ ਸੀ ਕੱਲੇ…
ਕੰਮੇਂ ਪਾਪੀ ਪੇਟ ਵੀ ਹੈ ਲੱਗਿਆ।
ਬਾਬਾ ਬੋਲਿਆ- -
ਪੁੱਤ ਮੇਰਾ ਐਸਾ…
ਜਿਹਾ ਕਿਸੇ ਦਾ ਨਾ ਹੋਵੇ।
ਰੱਬ ਵੀ ਏ ਡਾਹਢਾ…
ਨਾ ਦਾਗ ਗਰੀਬੀ ਵਾਲੇ ਧੋਵੇ।
ਚਿੱਟੇ ਨੇ ਹੈ ਖਾਦਾ ਪੁੱਤ…
ਜੀਣਾ ਹੋਇਆ ਏ ਮੁਹਾਲ।
ਘਰ ਨਹੀਂ ਹੈ ਆਟਾ…
ਮੈਂ ਤਾਂ ਮੁੱਢੋਂ ਹਾਂ ਕੰਗਾਲ।
ਸਾਗਰਾਂ ਦੇ ਵਾਂਗ ਨੀਰ…
ਅੱਖੀਂ ਬਾਬੇ ਦੇ ਸੀ ਵਗਿਆ।
ਫੇਰ ਬਾਬਾ ਅੱਖਾਂ ਭਰ ਚੁੱਪ ਹੋ ਗਿਆ।
ਉਹਦੀਆਂ ਹਿੰਮਤਾਂ ਦੇ ਅੱਗੇ ਸਿਰ ਝੁੱਕ ਹੋ ਗਿਆ।
ਜਾਰੋ-ਜਾਰ ਦਿਲ ਮੇਰਾ ਅੰਦਰ ਤੋਂ ਰੋ ਪਿਆ।
ਧਿਆਨ ਮੇਰਾ ਪਤਾ ਨੀ ਕਿਧਰ ਖੋ ਗਿਆ।
ਫੇਰ ਮੈਂ ਕਿਹਾ- -
ਗ਼ੁੱਸਾ ਨਾ ਕਰੀਂ ਬਾਬਾ ਪੈਸੇ ਰੱਖਲਾ…
ਘਾਹ ਖੋਤਦਾ ਤੂੰ ਛੇਤੀ ਥੱਕ ਜਾਵੇਂਗਾ…
ਵੇਖ ਤੇਰਾ ਚੇਹਰਾ ਮੈਨੂੰ ਫਿਕਰ ਲੱਗਿਆ…
ਮਜਬੂਰੀਆਂ ਦੇ ਹੇਠ ਤੂੰ ਹੈਂ ਕਿੰਨਾ ਦੱਬਿਆ।
ਬਿਮਾਰ ਨਾ ਤੂੰ ਹੋਜੀਂ…
ਅੱਜ ਸੂਰਜ ਕਿੰਨਾ ਮਘਿਆ।
ਬਾਬਾ ਫੇਰ ਬੋਲਿਆ- -
ਪੁੱਤ,,,ਸਮਝੀ ਮਜਬੂਰੀ…
ਤੂੰ ਮੈਨੂੰ ਪੁੱਤ ਜਿਹਾ ਲੱਗਿਆ।
ਮਜਬੂਰੀਆਂ ਤੇ ਘਾਹ ਦੋਵੇਂ ਇਕੋ ਜਿਹੇ ਹੀ ਨੇ…
ਜੇ ਅੱਜ ਵੱਡ ਲਿਆ ਕੱਲ ਫੇਰ ਹੈ ਏ ਉੱਗਿਆ।
ਜੇ ਅੱਜ ਵੱਢ ਲਿਆ ਕੱਲ ਫੇਰ ਹੈ ਏ ਉੱਗਿਆ।
ਬਾਬੇ ਦੇ ਬੋਲ ਸੀਨੇ ਹੋ ਗਏ ਪਾਰ ਸੀ…
ਮੈਂਥੋ ਤੁਰਿਆ ਨਾ ਜਾਵੇ ਪੈਰਾਂ ਹੇਠ ਅੰਗਿਆਰ ਸੀ।
ਮੈਂਥੋਂ ਹੁਣ…ਤੁਰਿਆ ਨਾ ਜਾਵੇ ਪੈਰਾਂ ਹੇਠ ਅੰਗਿਆਰ ਸੀ।