ਨਵੀਂ ਦਿੱਲੀ – ਚੋਣ ਕਮਿਸ਼ਨ ਨੇ ਦੇਸ਼ ਦੀ ਰਾਜਧਾਨੀ ਦਿੱਲੀ ਵਿਧਾਨਸਭਾ ਦੀਆਂ 70 ਸੀਟਾਂ ਤੇ ਚੋਣਾਂ ਕਰਵਾਉਣ ਦੀਆਂ ਤਾਰੀਖਾਂ ਦਾ ਐਲਾਨ ਕਰ ਦਿੱਤਾ ਹੈ। ਦਿੱਲੀ ਵਿਧਾਨਸਭਾ ਦਾ ਕਾਰਜਕਾਲ 22 ਫਰਵਰੀ ਨੂੰ ਸਮਾਪਤ ਹੋ ਰਿਹਾ ਹੈ। ਇਸ ਲਈ 8 ਫਰਵਰੀ ਨੂੰ ਚੋਣਾਂ ਹੋਣਗੀਆਂ ਅਤੇ 11 ਨੂੰ ਨਤੀਜੇ ਆ ਜਾਣਗੇ। ਮੁੱਖ ਚੋਣ ਕਮਿਸ਼ਨਰ ਸੁਨੀਲ ਆਰੋੜਾ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਇਸ ਸਬੰਧੀ ਜਾਣਕਾਰੀ ਦਿੱਤੀ। ਇਨ੍ਹਾਂ ਚੋਣਾਂ ਵਿੱਚ ਕੁਲ ਇੱਕ ਕਰੋੜ 46 ਲੱਖ 92 ਹਜ਼ਾਰ 136 ਵੋਟਰ ਹਿੱਸਾ ਲੈਣਗੇ। ਆਚਾਰ ਸਹਿੰਤਾ ਅੱਜ ਤੋਂ ਹੀ ਲਾਗੂ ਹੋ ਗਈ ਹੈ।
ਦਿੱਲੀ ਦੀਆਂ ਸਾਰੀਆਂ 70 ਸੀਟਾਂ ਤੇ ਵੋਟਿੰਗ ਹੋਵੇਗੀ। ਚੋਣ ਕਮਿਸ਼ਨ ਨੇ ਸੀਨੀਅਰ ਸਿਟੀਜ਼ਨਸ ਅਤੇ ਅਪਾਹਿਜਾਂ ਦੀ ਸਹੂਲਤ ਦੇ ਲਈ ਖਾਸ ਪ੍ਰਬੰਧ ਕੀਤੇ ਹਨ। 80 ਸਾਲ ਤੋਂ ਵੱਧ ਦੀ ਉਮਰ ਦੇ ਬਜ਼ੁਰਗ ਪੋਸਟਲ ਬੈਲਟ ਨਾਲ ਮੱਤਦਾਨ ਕਰ ਸਕਣਗੇ। ਪੰਜ ਦਿਨ ਪਹਿਲਾਂ ਫਾਰਮ ਜਮ੍ਹਾਂ ਕਰਵਾਉਣੇ ਹੋਣਗੇ। ਵੋਟਾਂ ਦੇ ਲਈ 13750 ਪੋਲਿੰਗ ਬੂਥ ਬਣਾਏ ਜਾਣਗੇ ਅਤੇ 2689 ਸਥਾਨਾਂ ਤੇ ਮੱਤਦਾਨ ਹੋਵੇਗਾ। ਉਮੀਦਵਾਰ 21 ਜਨਵਰੀ ਤੱਕ ਆਪਣੇ ਨਾਮਜ਼ਦਗੀ ਪੇਪਰ ਭਰ ਸਕਣਗੇ। ਇਨ੍ਹਾਂ ਚੋਣਾਂ ਦੌਰਾਨ 90 ਹਜ਼ਾਰ ਕਰਮਚਾਰੀ ਆਪਣੀਆਂ ਸੇਵਾਵਾਂ ਦੇਣਗੇ। ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਜਾਣਗੇ। ਦਿੱਲੀ ਦੇ ਲੋਕਾਂ ਨੂੰ ਵੋਟਾਂ ਲਈ ਉਸ਼ਾਹਿਤ ਕਰਨ ਲਈ ਕਈ ਤਰ੍ਹਾਂ ਦੇ ਕਦਮ ਉਠਾਏ ਜਾ ਰਹੇ ਹਨ।