ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ‘ਸੁਹਿਰਦ ਸੰਤ ਖ਼ਾਲਸਾ’ ਸਮੇਂ ਦੀਆਂ ਸਚਾਈਆਂ ਦੇ ਨਾਲ ਨਾਲ ਭਾਰਤੀ ਅਤੇ ਵਿਦੇਸ਼ੀ ਸਰਕਾਰਾਂ ਵੱਲੋਂ ਸਿੱਖਾਂ ਨਾਲ ਦੁਸ਼ਮਣੀ ਦੀ ਭਾਵਨਾ ਵਿਚ ਕੀਤੀਆਂ ਗਈਆਂ ਵਧੀਕੀਆਂ ਦਾ ਪਰਦਾ ਫਾਸ਼ ਕਰੇਗੀ।
ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਜੀਵਨ ਅਤੇ ਸਿੱਖ ਸੰਘਰਸ਼ ਪ੍ਰਤੀ ਆਪਣੀ ਪਲੇਠੀ ਰਚਿਤ ‘ਸੁਹਿਰਦ ਸੰਤ ਖ਼ਾਲਸਾ’ ਨੂੰ ਭਾਈ ਲੌਂਗੋਵਾਲ ਨੂੰ ਭੇਟ ਕਰਨ ਆਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਖ਼ਾਲਸਾ ਨੇ ਭਾਈ ਲੌਂਗੋਵਾਲ ਨਾਲ ਪੰਥਕ ਮੁੱਦਿਆਂ ‘ਤੇ ਵਿਚਾਰਾਂ ਵੀ ਕੀਤੀਆਂ। ਪ੍ਰੋ: ਸਰਚਾਂਦ ਸਿੰਘ ਵੱਲੋਂ ਭਾਈ ਖ਼ਾਲਸਾ ਅਤੇ ਭਾਈ ਲੌਂਗੋਵਾਲ ਦੀ ਮੁਲਾਕਾਤ ਬਾਰੇ ਦਿਤੀ ਜਾਣਕਾਰੀ ‘ਚ ਭਾਈ ਲੌਂਗੋਵਾਲ ਨੇ ਸਿੰਘ ਸਾਹਿਬ ਭਾਈ ਖ਼ਾਲਸਾ ਤੋਂ ਇਹ ਕਿਤਾਬ ਪ੍ਰਾਪਤ ਕਰਦਿਆਂ ਉਨ੍ਹਾਂ ਦਾ ਇਸ ਕਿਤਾਬ ਨੂੰ ਲਿਖਣ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਸਿੱਖ ਸੰਘਰਸ਼, ਸਿੱਖ ਕੌਮ ਦੇ ਹੱਕਾਂ, ਸਿੱਖ ਧਰਮ ਦੇ ਪ੍ਰਚਾਰ ਲਈ ਇਸ ਤਰ੍ਹਾਂ ਦੀਆਂ ਕਿਤਾਬਾਂ ਵੱਧ ਤੋਂ ਵੱਧ ਗਿਣਤੀ ਵਿਚ ਲਿਖਣੀਆਂ ਅਤੇ ਸੰਗਤਾਂ ਵਿਚ ਵੰਡੀਆਂ ਜਾਣੀਆਂ ਚਾਹੀਦੀਆਂ ਹਨ।
ਭਾਈ ਲੌਂਗੋਵਾਲ ਨੇ ਕਿਹਾ ਕਿ ਸਿੱਖ ਸੰਗਤਾਂ ਨੂੰ, ਧਰਮ ਅਤੇ ਇਤਿਹਾਸ ਦੇ ਵਿਦਿਆਰਥੀਆਂ, ਲੇਖਕਾਂ, ਬੁੱਧੀਜੀਵੀਆਂ ਸਮੇਤ ਸਾਰੇ ਵਰਗਾਂ ਨੂੰ ਸਿੱਖ ਸੰਘਰਸ਼ ਦੇ ਸਮੇਂ ਦਾ ਸੱਚ ਜਾਣਨ ਲਈ ਇਹ ਕਿਤਾਬ ਜ਼ਰੂਰ ਪੜ੍ਹਨੀ ਚਾਹੀਦੀ ਹੈ। ਸਿੰਘ ਸਾਹਿਬ ਭਾਈ ਜਸਵੀਰ ਸਿੰਘ ਖ਼ਾਲਸਾ ਨੇ ਵੀ ਇਸ ਮੌਕੇ ਕਿਹਾ ਕਿ ਦੇਸ਼-ਵਿਦੇਸ਼ ਵਿਚ ਇਸ ਕਿਤਾਬ ਪ੍ਰਤੀ ਲੋਕਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਿੱਖ ਸੰਘਰਸ਼ ਦੇ ਸਮੇਂ ਦਾ ਸੱਚ ਜਾਣਨ ਲਈ ਲੋਕਾਂ ਵਿਚ ਭਾਰੀ ਉਤਸੁਕਤਾ ਹੈ। ਨਵੀਂ ਪੀੜ੍ਹੀ ਦੇ ਸਿੱਖ ਨੌਜਵਾਨ ਬੱਚਿਆਂ ਵਿਚ ਇਹ ਜਾਣਨ ਦੀ ਭਾਰੀ ਉਤਸੁਕਤਾ ਹੈ ਕਿ ਸਿੱਖ ਸੰਘਰਸ਼ ਕਿਉਂ ਸ਼ੁਰੂ ਹੋਇਆ? ਉਨ੍ਹਾਂ ਇਹ ਵੀ ਕਿਹਾ ਕਿ ਇਹ ਕਿਤਾਬ ਦੇਸ਼-ਵਿਦੇਸ਼ ਦੇ ਲੋਕਾਂ ਤੱਕ ਪਹੁੰਚਾਉਣ ਲਈ ਵੱਖ-ਵੱਖ ਸਿੱਖ ਜਥੇਬੰਦੀਆਂ ਅਤੇ ਸੰਸਥਾਵਾਂ ਆਪਣੇ ਤੌਰ ‘ਤੇ ਸਰਗਰਮ ਹਨ।
ਇਸੇ ਦੌਰਾਨ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲ ਜੋੜਾ ਘਰ ਦੇ ਬਾਹਰ ਲੱਗੀਆਂ ਸਟਾਲਾਂ ‘ਤੇ ਉਕਤ ਕਿਤਾਬ ਪ੍ਰਤੀ ਸੰਗਤਾਂ ਦਾ ਭਾਰੀ ਉਤਸ਼ਾਹ ਦੇਖਿਆ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਈ ਸੁਖਦੇਵ ਸਿੰਘ ਭੂਰਾ ਕੋਹਨਾ ਸਕੱਤਰ, ਭਾਈ ਅਵਤਾਰ ਸਿੰਘ ਸਕੱਤਰ, ਭਾਈ ਦਰਸ਼ਨ ਸਿੰਘ ਪੀ.ਏ ਸ਼੍ਰੋਮਣੀ ਕਮੇਟੀ ਪ੍ਰਧਾਨ, ਬਾਬਾ ਚਰਨਜੀਤ ਸਿੰਘ ਜੱਸੋਵਾਲ ਮੈਂਬਰ ਸ਼੍ਰੋਮਣੀ ਕਮੇਟੀ ਅਤੇ ਬੁਲਾਰਾ ਦਮਦਮੀ ਟਕਸਾਲ, ਬਾਬਾ ਸਵਰਨਜੀਤ ਸਿੰਘ ਮੁਖੀ ਤਰਨਾ ਦਲ ਦੋਆਬਾ, ਭਾਈ ਬਲਬੀਰ ਸਿੰਘ ਜਰਮਨ, ਭਾਈ ਹਰਪ੍ਰੀਤ ਸਿੰਘ , ਬਾਬਾ ਸਤਨਾਮ ਸਿੰਘ, ਭਾਈ ਧੰਨਾ ਸਿੰਘ ਅਤੇ ਹੋਰ ਸ਼ਖ਼ਸੀਅਤਾਂ ਵੀ ਹਾਜ਼ਰ ਸਨ।