ਫ਼ਤਹਿਗੜ੍ਹ ਸਾਹਿਬ – “ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਦੀ ਉਨ੍ਹਾਂ ਮੋਹਰੀ ਯੂਨੀਵਰਸਿਟੀਆਂ ਵਿਚੋਂ ਹੈ ਜਿਥੋਂ ਦੇ ਵਿਦਿਆਰਥੀ-ਪ੍ਰੋਫੈਸਰ, ਮੁਲਕ, ਸਮਾਜ ਅਤੇ ਆਮ ਜਨਤਾ ਨਾਲ ਸੰਬੰਧਤ ਹਰ ਮੁੱਦੇ ਉਤੇ ਵਿਚਾਰਾਂ ਕਰਦੇ ਹੋਏ ਸਹੀ ਨੂੰ ਸਹੀ ਅਤੇ ਗਲਤ ਨੂੰ ਗਲਤ ਕਹਿਣ ਵਿਚ ਬਾਦਲੀਲ ਢੰਗ ਨਾਲ ਲੰਮੇਂ ਸਮੇਂ ਤੋਂ ਮੋਹਰੀ ਭੂਮਿਕਾ ਨਿਭਾਉਣ ਦੇ ਨਾਲ-ਨਾਲ ਹਕੂਮਤੀ ਦਹਿਸਤਗਰਦੀ ਦਾ ਵੀ ਦ੍ਰਿੜਤਾ ਨਾਲ ਵਿਰੋਧ ਕਰਨ ਦੀਆਂ ਜ਼ਿੰਮੇਵਾਰੀਆ ਨਿਭਾਉਦੇ ਆ ਰਹੇ ਹਨ । ਦੁੱਖ ਅਤੇ ਅਫ਼ਸੋਸ ਹੈ ਕਿ ਮੁਤੱਸਵੀ ਮੋਦੀ ਤੇ ਅਮਿਤ ਸ਼ਾਹ ਨੇ ਅਜਿਹੇ ਆਜ਼ਾਦੀ ਪ੍ਰਗਟਾਉਣ ਵਾਲੇ ਅਤੇ ਸਮਾਜ ਨੂੰ ਸਹੀ ਸੇਧ ਦੇਣ ਵਾਲੇ ਅਮਲ ਬਿਲਕੁਲ ਪਸ਼ੰਦ ਨਹੀਂ । ਇਹੀ ਵਜਹ ਹੈ ਕਿ ਯੂਨੀਵਰਸਿਟੀ ਫ਼ੀਸਾਂ ਵਿਚ ਹੋਏ ਅਸਹਿ ਭਾਰੀ ਵਾਧੇ ਵਿਰੁੱਧ ਜਵਾਹਰ ਲਾਲ ਯੂਨੀਵਰਸਿਟੀ ਦੇ ਵਿਦਿਆਰਥੀ ਸੰਗਠਨ ਵੱਲੋਂ ਜਮਹੂਰੀਅਤ ਢੰਗਾਂ ਰਾਹੀ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ । ਇਸੇ ਵਿਦਿਆਰਥੀ ਸੰਗਠਨ ਵੱਲੋਂ ਐਨ.ਆਰ.ਸੀ, ਸੀ.ਏ.ਏ. ਅਤੇ ਐਨ.ਪੀ.ਆਰ. ਦੇ ਆਏ ਜ਼ਾਬਰ ਕਾਨੂੰਨਾਂ ਵਿਰੁੱਧ ਮੁਲਕ ਵਿਚ ਚੱਲ ਰਹੇ ਸੰਘਰਸ਼ ਨੂੰ ਵੱਡੀ ਤਾਕਤ ਦਿੱਤੀ ਸੀ । ਫਿਰਕੂ ਬੀਜੇਪੀ ਤੇ ਆਰ.ਐਸ.ਐਸ. ਨੇ ਪਹਿਲੇ ਅਲੀਗੜ੍ਹ ਯੂਨੀਵਰਸਿਟੀ, ਫਿਰ ਜਾਮੀਆ ਮਾਲੀਆ ਯੂਨੀਵਰਸਿਟੀ ਅਤੇ ਹੁਣ ਜਵਾਹਰ ਲਾਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਉਤੇ ਅੱਥਰੂ ਗੈਂਸ ਅਤੇ ਲਾਠੀਚਾਰਜ ਕਰਕੇ ਵਿਦਿਆਰਥੀ ਵਰਗ ਵਿਚ ਦਹਿਸਤ ਪਾਉਣ ਦੀ ਅਸਫ਼ਲ ਕੋਸ਼ਿਸ਼ ਕੀਤੀ ਸੀ । ਹੁਣ ਏ.ਬੀ.ਵੀ.ਪੀ. ਦੇ ਰੂਪ ਵਿਚ ਗੁੰਡਿਆ ਨੂੰ ਭੇਜਕੇ ਵਿਦਿਆਰਥੀਆਂ ਅਤੇ ਪ੍ਰੋਫੈਸਰਾਂ ਉਤੇ ਜਾਨਲੇਵਾ ਹਮਲੇ ਕਰਵਾਉਣ, ਇਮਾਰਤਾ ਦੀ ਤੋੜ ਭੰਨ ਕਰਨ ਦੀ ਸਾਜ਼ਿਸ ਰਚੀ । ਜਿਸ ਲਈ ਸੈਂਟਰ ਦੀ ਮੋਦੀ ਹਕੂਮਤ, ਸ੍ਰੀ ਸ਼ਾਹ, ਦਿੱਲੀ ਪੁਲਿਸ, ਜਵਾਹਰ ਲਾਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਤੇ ਇਸ ਯੂਨੀਵਰਸਿਟੀ ਦੀ ਸੁਰੱਖਿਆ ਸੰਸਥਾਂ ਵੱਲੋਂ ਇਸ ਸਾਜ਼ਿਸ ਵਿਚ ਭਾਈਵਾਲ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜਵਾਹਰ ਲਾਲ ਯੂਨੀਵਰਸਿਟੀ ਵਿਖੇ ਹੁਕਮਰਾਨਾਂ ਅਤੇ ਯੂਨੀਵਰਸਿਟੀ ਦੇ ਪ੍ਰਬੰਧਕਾਂ ਵੱਲੋਂ ਨਕਾਬਪੋਸ ਗੁੰਡਿਆਂ ਰਾਹੀ ਵਿਦਿਆਰਥੀਆਂ ਉਤੇ ਹਮਲਾ ਕਰਕੇ ਜਖ਼ਮੀ ਕਰਨ ਅਤੇ ਵਿਦਿਆਰਥੀਆਂ ਵਿਚ ਦਹਿਸਤ ਪੈਦਾ ਕਰਨ ਦੇ ਵੈਹਸੀਆਨਾ ਕਾਰਵਾਈ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅੱਜ ਭਾਵੇ ਵਾਈਸ ਚਾਂਸਲਰ ਯੂਨੀਵਰਸਿਟੀ, ਦਿੱਲੀ ਪੁਲਿਸ, ਯੂਨੀਵਰਸਿਟੀ ਦੀ ਸਕਿਊਰਟੀ ਅਤੇ ਬੀਜੇਪੀ-ਆਰ.ਐਸ.ਐਸ. ਦੇ ਹੁਕਮਰਾਨ ਕਿੰਨੇ ਵੀ ਬਹਾਨੇ ਕਿਉਂ ਨਾ ਬਣਾ ਲੈਣ, ਉਹ ਮੁਲਕ ਨਿਵਾਸੀਆ ਦੀ ਨਜ਼ਰ ਵਿਚ ਜਨਤਾ ਦੇ ਚੌਰਾਹੇ ਵਿਚ ਇਕ ‘ਅਪਰਾਧੀ’ ਬਣਕੇ ਸਪੱਸਟ ਰੂਪ ਵਿਚ ਖੜ੍ਹੇ ਨਜ਼ਰ ਆ ਰਹੇ ਹਨ । ਬੇਸ਼ੱਕ ਹੁਕਮਰਾਨਾਂ ਨੇ ਏ.ਬੀ.ਵੀ.ਪੀ. ਵਿਦਿਆਰਥੀ ਜਥੇਬੰਦੀ ਨੂੰ ਮੋਹਰਾ ਬਣਾਕੇ ਆਪਣੇ ਮੰਦਭਾਵਨਾ ਭਰੇ ਮਨਸੂਬਿਆ ਨੂੰ ਪੂਰਾ ਕਰਨਾ ਚਾਹਿਆ, ਪਰ ਇਸ ਹਮਲੇ ਦੀ ਇਕ-ਇਕ ਕੜੀ ਮੋਦੀ-ਸ਼ਾਹ, ਦਿੱਲੀ ਪੁਲਿਸ, ਵਾਈਸ ਚਾਂਸਲਰ ਅਤੇ ਯੂਨੀਵਰਸਿਟੀ ਦੀ ਸਕਿਊਰਟੀ ਨੂੰ ਦੋਸ਼ੀ ਸਾਬਤ ਕਰ ਦਿੱਤਾ ਹੈ । ਭਾਵੇਕਿ ਜਾਂਚ ਅਜੇ ਬਾਕੀ ਹੈ ।
ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਵਸੰਤ ਬਿਹਾਰ ਦਿੱਲੀ ਥਾਣੇ ਦੇ ਐਸ.ਐਚ.ਓ. ਦੀ ਸਰਪ੍ਰਸਤੀ ਹੇਠ ਇਹ ਦੁਖਾਂਤ ਵਾਪਰਿਆ ਹੈ । ਜਿਸ ਨੂੰ ਉਪਰੋਕਤ ਹੁਕਮਰਾਨਾਂ ਅਤੇ ਯੂਨੀਵਰਸਿਟੀ ਦੇ ਪ੍ਰਬੰਧਕਾਂ ਤੇ ਦਿੱਲੀ ਪੁਲਿਸ ਦਾ ਥਾਪੜਾ ਸੀ । ਇਹੀ ਵਜਹ ਹੈ ਕਿ ਗੁੰਡਾ ਅਨਸਰ 2 ਘੰਟੇ ਤੱਕ ਯੂਨੀਵਰਸਿਟੀ ਵਿਚ ਰਾਡਾ, ਡਾਂਗਾ ਤੇ ਹੋਰ ਮਾਰੂ ਹਥਿਆਰਾਂ ਨਾਲ ਕੋਹਰਾਮ ਮਚਾਉਦਾ ਰਿਹਾ, ਉਨ੍ਹਾਂ ਨੂੰ ਨਕਾਬ ਪਹਿਨਕੇ ਯੂਨੀਵਰਸਿਟੀ ਵਿਚ ਦਾਖਲ ਹੋਣ ਦਿੱਤਾ ਗਿਆ, ਫਿਰ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਫੋਨ ਕਰਨ ਉਪਰੰਤ ਪੁਲਿਸ ਵੱਲੋਂ 2 ਘੰਟੇ ਬਾਅਦ ਉਥੇ ਪਹੁੰਚਣਾ ਅਤੇ ਗੁੰਡਿਆ ਤੇ ਹਮਲਾਵਰਾਂ ਨੂੰ ਸੁਰੱਖਿਅਤ ਭਜਾਉਣ ਵਿਚ ਸਹਿਯੋਗ ਕਰਨਾ, ਫਿਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸ੍ਰੀ ਜਗਦੀਸ ਵੱਲੋਂ ਨਾ ਪਹਿਲੇ ਆਉਣਾ ਨਾ ਘਟਨਾ ਵਾਪਰਨ ਤੋਂ ਬਾਅਦ ਨਾ ਆਉਣ ਦੇ ਅਮਲ ਪ੍ਰਤੱਖ ਰੂਪ ਵਿਚ ਸਪੱਸਟ ਕਰਦੇ ਹਨ ਕਿ ਵਿਦਿਆਰਥੀ ਯੂਨੀਅਨ ਦੀ ਪ੍ਰਧਾਨ ਬੀਬੀ ਆਇਸਾ ਘੋਸ ਅਤੇ ਹੋਰ 34 ਵਿਦਿਆਰਥੀਆਂ ਤੇ ਪ੍ਰੋਫੈਸਰਾਂ ਨੂੰ ਜਖ਼ਮੀ ਕਰਨ ਲਈ ਉਪਰੋਕਤ ਸਭਨਾਂ ਦੀ ਇਕ ਗਹਿਰੀ ਮਿਲੀਭੁਗਤ ਸੀ । ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਕਿਸੇ ਨਿਰਪੱਖ ਏਜੰਸੀ ਤੋਂ ਸੀਮਤ ਸਮੇਂ ਵਿਚ ਜਾਂਚ ਕਰਵਾਉਣ, ਏ.ਬੀ.ਵੀ.ਪੀ. ਦੇ ਗੁੰਡੇ ਅਨਸਰਾਂ ਦੇ ਨਾਲ-ਨਾਲ ਇਸ ਸਾਜ਼ਿਸ ਘੜਨ ਵਾਲੇ ਸਿਆਸਤਦਾਨਾਂ ਦੇ ਖੂੰਖਾਰ ਚਿਹਰਿਆ ਨੂੰ ਮੁਲਕ ਨਿਵਾਸੀਆ ਦੇ ਸਾਹਮਣੇ ਲਿਆਉਣ ਦੀ ਜਿਥੇ ਪੁਰਜੋਰ ਮੰਗ ਕਰਦਾ ਹੈ, ਉਥੇ ਅਲੀਗੜ੍ਹ ਯੂਨੀਵਰਸਿਟੀ, ਜਾਮੀਆ ਮਾਲੀਆ ਯੂਨੀਵਰਸਿਟੀ ਅਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਜਾਗਰੂਕਤਾ, ਬੌਧਿਕ ਗੁਣਾਂ ਅਤੇ ਸਮਾਜ ਪੱਖੀ ਫਰਜਾਂ ਉਤੇ ਪਹਿਰਾ ਦੇਣ ਦੀ ਭਰਪੂਰ ਪ੍ਰਸ਼ੰਸ਼ਾਂ ਕਰਦਾ ਹੈ । ਵਿਦਿਆਰਥੀਆਂ ਵੱਲੋਂ ਮੋਦੀ-ਸ਼ਾਹ ਦੀ ਦਹਿਸਤ ਅੱਗੇ ਨਾ ਝੁਕਣ, ਸੱਚ ਅਤੇ ਹੱਕ ਉਤੇ ਪਹਿਰਾ ਦੇਣ ਦੇ ਅਮਲਾਂ ਦਾ ਵੀ ਭਰਪੂਰ ਸਵਾਗਤ ਕਰਦਾ ਹੈ ।