ਅਜੇ ਤੜਕਾ ਹੀ ਸੀ ਕਿ ਘਰ ਦਾ ਲੋਹੇ ਦੇ ਗੇਟ ਖੜਕਿਆ ਤਾਂ ਹਰਜਿੰਦਰ ਸਿੰਘ ਇਕ ਦਮ ਉੱਠਿਆ, “ਇਸ ਵੇਲੇ ਕੌਣ”?
“ਪਤਾ ਨਹੀ, ਸੁਖ ਹੋਵੇ।” ਨਸੀਬ ਨੇ ਕਿਹਾ, “ਗੁਵਾਂਡੀ ਨਾ ਹੋਣ, ਉਹਨਾ ਦੀ ਨੂੰਹ ਨੂੰ ਬੱਚਾ ਹੋਣ ਵਾਲਾ ਸੀ, ਸ਼ਾਇਦ ਸ਼ਹਿਰ ਨੂੰ ਲੈ ਕੇ ਜਾਣਾ ਹੋਵੇ।”
ਹਰਜਿੰਦਰ ਸਿੰਘ ਨੇ ਗੇਟ ਖੋਲਿ੍ਹਆ ਤਾਂ ਅੱਗੇ ਦਿਲਪ੍ਰੀਤ ਆਪਣੇ ਦੋਸਤ ਜਿਦੂੰ ਨਾਲ ਖੜ੍ਹਾ ਸੀ।
“ਵਾਹਿਗੁਰੂ ਜੀ ਕਾ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਿਹ।”
ਦੋਹਾਂ ਨੇ ਹਰਜਿੰਦਰ ਸਿੰਘ ਨੂੰ ਕਿਹਾ।
ਹਰਜਿੰਦਰ ਸਿੰਘ ਹੈਰਾਨ ਹੋਇਆ ਕਦੀ ਦਿਲਪ੍ਰੀਤ ਅਤੇ ਕਦੀ ਉਸ ਦੇ ਦੋਸਤ ਨੂੰ ਦੇਖੇ।
“ਕੌਣ ਆ”? ਬੇਬੇ ਜੀ ਅਦੰਰੋ ਪੁੱਛ ਰਹੀ ਸੀ।
“ਬੇਬੇ ਜੀ, ਮੈਂ ਹੀ ਹਾਂ ਦਿਲਪ੍ਰੀਤ।”
“ਵੇ ਤੈਨੂੰ ਚੇਤਾ ਆ ਗਿਆ ਬੇਬੇ ਜੀ ਦੇ ਬੱਚਿਆ।” ਬੇਬੇ ਜੀ ਖੰਘਦੀ ਹੋਈ ਕਹਿ ਰਹੀ ਸੀ, “ਮੈ ਤਾਂ ਸੋਚਿਆ ਸੀ ਕਿ ਦਾਦੀ ਦੇ ਮਰਨ ਤੇ ਹੀ ਆਵੇਗਾ।” ਲ
ਹੌਲੀ ਹੌਲੀ ਸਾਰਾ ਟੱਬਰ ਉੱਠ ਕੇ ਬੇਬੇ ਜੀ ਦੇ ਕਮਰੇ ਵਿਚ ਆ ਗਿਆ। ਦਿਲਪੀ੍ਰਤ ਦੀ ਬਦਲੀ ਹੋਈ ਦਿਖ ਦੇਖ ਕੇ ਸਾਰੇ ਹੀ ਹੈਰਾਨ ਸਨ। ਚੁੱਪ-ਚਾਪ ਇਕ ਦੂਜੇ ਦੇ ਮੂੰਹ ਵੱਲ ਦੇਖ ਰਹੇ ਸਨ।
“ਤੈਨੂੰ ਸਿੰਘ ਸਜਿਆ ਦੇਖ ਮੈਨੂੰ ਖੁਸ਼ੀ ਵੀ ਹੋਈ ਆ।” ਬੇਬੇ ਜੀ ਨੇ ਕਿਹਾ, “ਪਰ ਸਿੰਘ ਸੱਜ ਕੇ ਮਾਪੇ ਨਹੀ ਛੱਡ ਦਈ ਦੇ।”
“ਦਿਲਪ੍ਰੀਤ ਤੇਰਾ ਕੰਮ ਵੱਧ ਗਿਆ?” ਹਰਜਿੰਦਰ ਸਿੰਘ ਨੇ ਕਿਹਾ, “ਜਿਸ ਕਰਕੇ ਤੂੰ ਪਿੰਡ ਆਉਣੋ ਘੱਟ ਗਿਆ।”
“ਇਕ ਹੋਰ ਕੰਮ ਲੈ ਲਿਆ।” ਦਿਲਪ੍ਰੀਤ ਦੀ ਥਾਂ ਜਿਦੂੰ ਨੇ ਦੱਸਿਆ, “ਕਮਾਈ ਕਰਨ ਦਾ ਲਾਲਚੀ ਹੋ ਗਿਆ ਇਹ।”
“ਹੋਰ ਕਿਹੜਾ ਕੰਮ?” ਨਸੀਬ ਨੇ ਪੁੱਛਿਆ, “ਸਾਨੂੰ ਕਿਸੇ ਗੱਲ ਦਾ ਘਾਟਾ ਹੈ, ਕੋਈ ਲੋੜ ਨਹੀ ਪਈ ਦੋ ਦੋ ਕੰਮ ਕਰਨ ਦੀ।
“ਏਨੀ ਠੰਡ ਵਿਚ ਆਏ ਹੋ, ਇਹਨਾ ਨੂੰ ਚਾਹ-ਪਾਣੀ ਤਾਂ ਪਿਲ਼ਾਉ” ਤੋਸ਼ੀ ਨੇ ਕਿਹਾ, “ਕਿ ਹੁਣ ਗੱਲਾਂ ਹੀ ਕਰੀ ਜਾਵੋਂਗੇ।”
“ਮੈਨੂੰ ਤਾਂ ਤੂੰ ਬਦਲਿਆ ਬਦਲਿਆ ਲੱਗਦਾ ਹੈ।” ਨਸੀਬ ਕੌਰ ਨੇ ਕਿਹਾ, “ਉਹ ਕਿਹੜਾ ਕੰਮ ਕਰਨ ਲੱਗ ਪਿਆ ਜਿਸ ਨੇ ਤੇਰਾ ਮਾਪਿਆ ਨਾਲ ਮੋਹ ਹੀ ਤੋੜ ਦਿੱਤਾ।”
“ਤਹਾਨੂੰ ਕੌਣ ਕਹਿੰਦਾ ਹੈ ਕਿ ਮੇਰਾ ਮਾਪਿਆ ਨਾਲੋ ਮੋਹ ਟੁਟ ਗਿਆ।” ਦਿਲਪ੍ਰੀਤ ਨੇ ਕਿਹਾ, “ਮੇਰਾ ਤਾਂ ਸਗੋਂ ਸਾਰੀ ਕੌਮ ਨਾਲ ਮੋਹ ਪੈ ਗਿਆ ਹੈ।”
“ਹੁਣ ਤੂੰ ਕਿਸੇ ਕੰਮ ਤੇ ਵੀ ਨਹੀ ਜਾ ਸਕਦਾ, ਘਰ ਰਹਿ।” ਨਸੀਬ ਨੇ ਗੁੱਸੇ ਵਿਚ ਕਿਹਾ, “ਕੋਈ ਲੋੜ ਨਹੀ ਸਾਨੂੰ ਕੰਮਾਂ ਦੀ, ਉਸ ਦਿਨ ਤੂੰ ਸਾਨੂੰ ਅੰਮ੍ਰਿਤਸਰ ਵੀ ਨਾਂ ਮਿਲਿ੍ਹਆ, ਮੂੰਹ ਚੁੱਕ ਕੇ ਸਾਰੀ ਦਿਹਾੜੀ ਉਡੀਕਦੇ ਰਹੇ।”
“ਭਾਬੀ, ਤੁਸੀਂ ਜਾ ਕੇ ਚਾਹ ਬਣਾਉ।” ਤੋਸ਼ੀ ਨੇ ਕਿਹਾ, “ਮੈ ਕਰਦਾਂ ਗੱਲ ਇਹਦੇ ਨਾਲ।।”
“ਕਾਕਾ ਤੂੰ ਤਾਂ ਬਹਿ ਜਾ।” ਬੇਬੇ ਜੀ ਨੇ ਜਿੰਦੂ ਨੂੰ ਕਿਹਾ, “ਤੂੰ ਕਾਹਤੇ ਖੜਾਂ।”
ਜਿਦੂੰ ਪਰੇ ਪਈ ਕੁਰਸੀ ਨੂੰ ਬੇਬੇ ਜੀ ਦੇ ਮੰਜੇ ਕੋਲ ਖਿਚ ਕੇ ਬੈਠ ਗਿਆ।
“ਤੁਸੀ ਤੜਕੇ ਤੜਕੇ ਕਿਧਰੋਂ ਆਏ।” ਤੋਸ਼ੀ ਨੇ ਪੁੱਛਿਆ, “ਇਸ ਟਾਈਮ ਅੱਗੇ ਤਾਂ ਤੂੰ ਕਦੇ ਨਹੀਂ ਆਇਆ।”
“ਅਸੀਂ ਤਾਂ ਰਾਤ ਦੇ ਜਿੰਦੂ ਦੇ ਪਿੰਡ ਆਏ ਹੋਏ ਸੀ ਤੇ ਹੁਣ ਵਾਪਸ ਜਾ ਰਹੇ ਸੀ।”
“ਤੁਸੀ ਆਏ ਕਿਦਾਂ?” ਹਰਜਿੰਦਰ ਸਿੰਘ ਨੇ ਪੁੱਛਿਆ, “ਇਸ ਵੇਲੇ ਤਾਂ ਕੋਈ ਮੋਟਰ ਬਸ ਵੀ ਨਹੀ ਚਲਦੀ।”
“ਮੋਟਰਸਾਈਕਲ ਹਵੇਲੀ ਖੜ੍ਹਾ ਕਰਕੇ ਆਏ ਹਾਂ।” ਦਿਲਪ੍ਰੀਤ ਨੇ ਹੱਸਦੇ ਜਿਹੇ ਕਿਹਾ, “ਤੁਸੀ ਸਾਰੇ ਹੈਰਾਨ ਪਰੇਸ਼ਾਨ ਕਿਉਂ ਹੋਏ ਜਾਂਦੇ ਹੋ?”
“ਹੈਰਾਨ ਪਰੇਸ਼ਾਨ ਹੋਏ ਅਸੀ ਡਰਦੇ ਵੀ ਹਾਂ।” ਹਰਜਿੰਦਰ ਸਿੰਘ ਨੇ ਕਿਹਾ, “ਸਾਨੂੰ ਸੱਚ ਦੱਸ ਕਿ ਤੂੰ ਭਿੰਡਰਾਂਵਾਲਿਆਂ ਦਾ ਚੇਲਾ ਬਣ ਗਿਐਂ।”
“ਜੇ ਬਣ ਵੀ ਗਿਆਂ ਹੋਵਾਂ ਤਾਂ ਇਸ ਵਿਚ ਪਰੇਸ਼ਾਨੀ ਵਾਲੀ ਕੋਈ ਗੱਲ ਨਹੀ।” ਦਿਲਪ੍ਰੀਤ ਨੇ ਜਿੰਦੂ ਵੱਲ ਦੇਖਦੇ ਕਿਹਾ, “ਵੱਡੇ ਵੱਡੇ, ਪੜੇ ਲਿਖੇ ਮੇਜਰ ਜਨਰਲ ਭਿੰਡਰਾਂਵਾਲਿਆਂ ਦੇ ਚੇਲੇ ਬਣ ਗਏ ਨੇਂ।”
“ਮੈਨੂੰ ਪਤਾ ਤੂੰ ਜਨਰਲ ਸੁਬੇਗ ਸਿੰਘ ਦੀ ਗੱਲ ਕਰ ਰਿਹਾ ਆਂ।” ਤੋਸ਼ੀ ਨੇ ਕਿਹਾ, “ਉਸ ਨਾਲ ਤਾਂ ਧੋਖਾ ਕੀਤਾ ਗਿਆ ਜਿਸ ਕਰਕੇ ਉਹ ਸੰਤਾ ਕੋਲ ਗਿਆ।”
“ਜਨਰਲ ਸੁਬੇਗ ਸਿੰਘ ਉਹ ਹੀ ਜੋ 1971 ਦੀ ਬੰਗਲਾ ਦੇਸ਼ ਦੀ ਲੜਾਈ ਦਾ ਹੀਰੋ ਸੀ।” ਹਰਜਿੰਦਰ ਸਿੰਘ ਨੇ ਪੁੱਛਿਆ, “ਕੀ ਗੱਲ ਹੋਈ ਉਸ ਨਾਲ।”
“ੳੇੁਸ ਜੰਗ ਵਿਚ ਜਨਰਲ ਸੁਬੇਗ ਸਿੰਘ ਦਾ ਪ੍ਰਦਰਸ਼ਨ ਬੇਹੱਦ ਉੱਤਮ ਸੀ ਅਤੇ ਇਸ ਰੋਲ ਸਦਕਾ ਸਾਰੇ ਰਾਸ਼ਟਰ ਵਲੋਂ ਉਸ ਦੀ ਉਸਤਤ ਅਤੇ ਵਾਹ ਵਾਹ ਕੀਤੀ ਗਈ।” ਜਿੰਦੂ ਨੇ ਦੱਸਿਆ, “ਬਹੁਤ ਹੰਕਾਰੀ ਅਤੇ ਵਡਿਆਈ ਦੀ ਲਾਲਸਾ ਰੱਖਣ ਵਾਲੀ ਪ੍ਰਧਾਨ ਮੰਤਰੀ ਨੇ ੳਸੁ ਨੂੰ ਇਕ ਫਜੂਲ ਜਿਹੇ ਕੇਸ ਵਿਚ ਫਸਾ ਦਿੱਤਾ।”
“ਕਿਉਂਕਿ ਉਹ 1971 ਦੀ ਲੜਾਈ ਦੀ ਹੀਰੋ ਉਹ ਖੁਦ ਬਨਣਾ ਚਾਹੁੰਦੀ ਸੀ।” ਦਿਲਪ੍ਰੀਤ ਨੇ ਕਿਹਾ, “ਜਨਰਲ ਸੁਬੇਗ ਸਿੰਘ ਨਾਲ ਹੀ ਨਹੀਂ ਹੋਰ ਵੀ ਬਹੁਤ ਉਚਕੋਟੀ ਦੇ ਸਿਖ ਵਿਦਵਾਨਾਂ ਤੇ ਬਹਾਦਰਾਂ ਨਾਲ ਧੱਕਾ ਹੋਇਆ ਜਿਨਾਂ ਵਿਚੋਂ ਸਰਦਾਰ ਕਪੂਰ ਸਿੰਘ ਵੀ ਇਕ ਸਨ।”
“ਪਰ ਤੇਰੇ ਨਾਲ ਤਾਂ ਕੁਝ ਨਹੀਂ ਹੋਇਆ।” ਨਸੀਬ ਚਾਹ ਵਾਲੇ ਕੱਪ ਫੜਾਉਂਦੀ ਕਹਿ ਰਹੀ ਸੀ, “ਤੈਨੂੰ ਇਦਾ ਦੀਆਂ ਗੱਲਾਂ ਨਾਲ ਕੀ।”
“ਮੰਮੀ, ਤੁਸੀਂ ਇਤਹਾਸ ਪੜੋ ਤਾਂ ਪਤਾ ਲੱਗੇ, ਕੀ ਕੀ ਹੋਇਆ ਸਾਡੇ ਨਾਲ।” ਦਿਲਪ੍ਰੀਤ ਨੇ ਪਲੇਟ ਵਿਚੋਂ ਖੋਏ ਦੀ ਪਿੰਨੀ ਚੁਕਦੇ ਹੋਏ ਨੇ ਕਿਹਾ, “ਜੇ ਆਪਾਂ ਸਾਰੇ ਇਹ ਹੀ ਸੋਚੀ ਗਏ ਕਿ ਸਾਨੂੰ ਕੀ, ਤੁਹਾਡਾ ਕੀ ਖਿਆਲ ਕਿ ਅੱਗੋ ਤੋਂ ਸਾਡੇ ਬੱਚਿਆਂ ਨੂੰ ਕਿਸੇ ਖੇਤਰ ਵਿਚ ਅਗਾਂਹ ਵਧਣ ਦਿੱਤਾ ਜਾਵੇਗਾ।”
“ਪਹਿਲਾਂ ਵਿਆਹ ਤਾਂ ਕਰਵਾ ਲਾ। ਬੱਚਿਆਂ ਦਾ ਫਿਕਰ ਹੁਣੇ ਹੀ ਕਰਨ ਲੱਗ ਪਿਐਂ।” ਨਸੀਬ ਨੇ ਕਿਹਾ, “ਸਾਨੂੰ ਦੱਸ ਕਦੋਂ ਤੈਨੂੰ ਛੁੱਟੀਆਂ ਹੋਣੀਆਂ ਨੇ ਅਸੀ ਵਿਆਹ ਦੀ ਤਾਰੀਖ ਤਾਂ ਰੱਖਣ ਵਾਲੇ ਬਣੀਏ।”
“ਵਿਆਹ ਬਾਰੇ ਅਜੇ ਠਹਿਰ ਹੀ ਜਾਵੋ।” ਦਿਲਪ੍ਰੀਤ ਨੇ ਆਪਣੀ ਚਾਚੀ ਮਿੰਦੀ ਕੋਲੋਂ ਕਾਕਾ ਫੜ੍ਹਦੇ ਕਿਹਾ, “ਆਪਾਂ ਇਹਦਾ ਵਿਆਹ ਕਰਾਂਗੇ, ਗਜਾ ਵਜਾ ਕੇ।”
ਦਿਲਪ੍ਰੀਤ ਦੀ ਇਹ ਗੱਲ ਕਹਿਣ ਦੀ ਦੇਰ ਸੀ ਕਿ ਸਾਰੇ ਘਰ ਦੇ ਦੰਗ ਰਹਿ ਗਏ ਤੇ ਉਦਾਸ ਹੋ ਗਏ। ਨਸੀਬ ਕੌਰ ਤਾਂ ਰੋਣ ਹੀ ਲੱਗ ਪਈ।
“ਮੰਮੀ, ਤੁਸੀ ਰੋਣ ਕਿੳਂ ਲੱਗ ਪਏ?”
“ਰੋਵਾਂ ਨਾ ਤਾਂ ਕੀ ਕਰਾਂ।” ਨਸੀਬ ਕੌਰ ਨੇ ਆਪਣੀਆਂ ਅੱਖਾਂ ਸ਼ਾਲ ਨਾਲ ਸਾਫ ਕਰਦੇ ਕਿਹਾ, “ਰਵਾਉਣ ਵਾਲੀਆਂ ਗੱਲਾਂ ਤਾਂ ਤੂੰ ਕਰਨ ਲੱਗ ਪਿਆ, ਤੇਰੇ ਤੇ ਆਸ ਰੱਖੀ ਬੈਠੇ ਸਾਂ।”
“ਆਸਾਂ ਤਾਂ ਵਾਹਿਗੁਰੂ ਉੱਪਰ ਹੀ ਰੱਖਣੀਆ ਚਾਹੀਦੀਆਂ ਨੇ। ਜੋ ਸਾਰਿਆਂ ਦੀਆਂ ਆਸਾਂ ਪੂਰੀਆਂ ਕਰਦਾ ਹੈ।”
“ਦੇਖ ਕਾਕਾ, ਬੁਝਾਰਤਾਂ ਨਾ ਪਾ।” ਬੇਬੇ ਜੀ ਜੋ ਹੁਣ ਤਕ ਚੁੱਪ ਸਨ ਬੋਲੇ, “ਅਸੀਂ ਤੇਰੇ ਵਿਆਹ ਦੀ ਤਾਰੀਖ ਰੱਖ ਦੇਣੀ ਆ, ਤੈਨੂੰ ਉਸ ਦਿਨ ਵਿਆਹ ਕਰਾਉਣਾ ਹੀ ਪੈਣਾ ਆ, ਸਿਆਣਾ ਬਣ, ਕਿਹੋ ਜਿਹੀਆਂ ਗੱਲਾਂ ਕਰਨ ਲਗ ਪਿਆ ਆਂ।”
“ਸਿਆਨਪ ਕਾਹੂ ਕਾਮਿ ਨਾ ਆਤ।। ਜੋ ਅਨਰੂਪਿਓ ਠਾਕੁਰਿ ਮੇਰੈ ਹੋਇ ਰਹੀ ਉਹ ਬਾਤ।।” (ਗੁਜਰੀ ਮਹਲਾ 5, ਪੰਨਾ 469 )
“ਉਹ ਤਾਂ ਠੀਕ ਹੈ।” ਬੇਬੇ ਜੀ ਨੇ ਥੌੜ੍ਹਾ ਸਹਿਜ ਵਿਚ ਆਉਂਦਿਆ ਕਿਹਾ, “ਫਿਰ ਵੀ ਪਤਾ ਤਾਂ ਲੱਗੇ ਤੂੰ ਕੰਮ ਕੀ ਕਰਦਾ ਏ।”
“ਬੇਬੇ ਜੀ, ਤੁਸੀ ਸੁਖਮਨੀ ਸਾਹਿਬ ਦੇ ਪਾਠ ਵਿਚ ਆਪ ਹੀ ਪੜ੍ਹਦੇ ਹੁੰਦੇ ਓ, “‘ਕਰਨ ਕਰਾਵਨ ਕਰਨੈ ਜੋਗੁ, ਜੋ ਤਿਸ ਭਾਵੈ ਸੋਈ ਹੋਗੁ।” ਦਿਲਪ੍ਰੀਤ ਨੇ ਇਕ ਹੋਰ ਤੁਕ ਪੜ੍ਹਦੇ ਕਿਹਾ, “ਜਿਉ ਪ੍ਰਭ ਭਾਵੈ ਤਿਵੈ ਨਚਾਵੈ।”
ਦਿਲਪ੍ਰੀਤ ਨੇ ਜਦੋਂ ਇਹ ਤੁਕਾਂ ਪੜ੍ਹੀਆਂ ਤਾਂ ਸਾਰਿਆਂ ਦੇ ਮਨ ਅੰਦਰੋਂ ਅੰਦਰੀ ਬਾਣੀ ਦੀਆਂ ਇਹਨਾ ਤੁਕਾਂ ਨਾਲ ਸਹਿਮਤ ਹੋ ਗਿਆ। ਬੇਬੇ ਜੀ ਖੁਸ਼ ਵੀ ਸਨ ਤੇ ਹੈਰਾਨ ਵੀ ਕਿ ਉਹਨਾ ਦੇ ਪੋਤੇ ਨੂੰ ਗੁਰਬਾਣੀ ਦਾ ਗਿਆਨ ਇੰਨੀ ਛੇਤੀ ਕਿਵੇ ਹੋ ਗਿਆ। ਇਹ ਸੋਚਦੇ ਹੋਏ ਹੋਏ ਬੋਲੇ, “ਕਾਕਾ ਗੱਲਾਂ ਵਿਚ ਤਾਂ ਤੂੰ ਅੱਗੇ ਹੀ ਕਿਸੇ ਨੂੰ ਵਾਰੇ ਨਹੀ ਸੀ ਆਉਣ ਦਿੰਦਾਂ, ਪਰ ਬਾਣੀ ਕਦੋਂ ਦੀ ਪੜ੍ਹਨ ਲੱਗ ਪਿਆ”?
“ਬੇਬੇ ਜੀ, ਸੰਗਤ ਹੀ ਆਪਣੀ ਰੰਗਤ ਦੇ ਦਿੰਦੀ ਹੈ।” ਦਿਲਪ੍ਰੀਤ ਨੇ ਕਿਹਾ, “ਜਿਹਨਾਂ ਗੁਰਮੁਖਾਂ ਨਾਲ ਮੇਰਾ ਮੇਲ ਹੋਇਆ ਹੈ, ਉਹ ਤਾਂ ਦਿਨ ਰਾਤ ਗੁਰਬਾਣੀ ਪੜ੍ਹਦੇ ਨੇਂ।”
“ਬੇਬੇ ਜੀ, ਤੁਸੀ ਹੋਰ ਗੱਲਾਂ ਛੱਡੋ।” ਹਰਜਿੰਦਰ ਸਿੰਘ ਨੇ ਕਿਹਾ, “ਇਸ ਨੂੰ ਸਿੱਧਾ ਪੁੱਛੋ ਇਸ ਦਾ ਇਰਾਦਾ ਕੀ ਹੈ?
“ਇਰਾਦਾ ਤਹਾਨੂੰ ਦਸ ਤਾਂ ਦਿੱਤਾ ਹੈ ਕਿ ਕੌਮ, ਧਰਮ ਦੀ ਸੇਵਾ ਕਰਨ ਦਾ ਹੈ।” ਦਿਲਪ੍ਰੀਤ ਨੇ ਜਵਾਬ ਦਿੱਤਾ, “ਬਾਕੀ ਸੱਚੇ ਪਾਤਸ਼ਾਹ ਦੇ ਹੱਥ ਹੈ ਕਿਧਰ ਨੂੰ ਲੈ ਕੇ ਜਾਂਦਾ ਹੈ।”
“ਅਸੀ ਮੁਖਤਿਆਰ ਭਾਅ ਹੋਰਾਂ ਨੂੰ ਕੀ ਕਹਾਂਗੇ।” ਮਿੰਦੀ ਨੇ ਵੀ ਆਪਣੀ ਚੁੱਪ ਤੋੜੀ, “ਅਗਲੇ ਤਾਂ ਵਿਆਹ ਮੰਗਦੇ ਆ।” “ਜਦੋਂ ਆਪਾਂ ਵਿਆਹ ਮੰਗਦੇ ਸਾਂ ਤੇ ਉਹਨਾਂ ਸਾਨੂੰ ਉਡੀਕ ਕਰਨ ਲਈ ਕਿਹਾ ਸੀ।” ਦਿਲਪ੍ਰੀਤ ਨੇ ਕਿਹਾ, “ਹੁਣ ਉਹ ਸਾਡੀ ਉਡੀਕ ਕਰ ਲੈਣ।”
ਇਹ ਜ਼ਵਾਬ ਸੁਣ ਕੇ ਫਿਰ ਸਾਰੇ ਚੁੱਪ ਹੋ ਗਏ। ਸਾਰਿਆਂ ਨੂੰ ਚੁੱਪ ਦੇਖ ਕੇ ਜਿਦੂੰ ਨੇ ਦਿਲਪ੍ਰੀਤ ਨੂੰ ਪੁੱਛਿਆ, “ਕਿਦਾਂ ਫਿਰ ਚੱਲੀਏ”?
ਤੋਸ਼ੀ ਜੋ ਦਿਲਪ੍ਰੀਤ ਦੀ ਅਵਸਥਾ ਨੂੰ ਸਮਝਦਾ ਸੀ ਪਰ ਕਹਿ ਕੁਝ ਵੀ ਨਹੀ ਸੀ ਸਕਦਾ। ਉਸ ਦਾ ਦਿਲ ਕਰੇ ਕਿ ਉਹ ਸਾਰਿਆਂ ਨੂੰ ਦੱਸੇ ਕਿ ਜਿਸ ਲਾਈਨ ਤੇ ਤੁਰ ਪਿਆ ਹੈ, ਉਹਦੀ ਸਮਝ ਤਹਾਨੂੰ ਅਜੇ ਠਹਿਰ ਕੇ ਆਉਣੀ ਹੈ, ਪਰ ਉਸ ਨੇ ਇੰਨਾ ਹੀ ਕਿਹਾ, “ਰੋਟੀ ਖਾ ਕੇ ਚਲੇ ਜਾਣਾ, ਤਹਾਨੂੰ ਇੰਨੀ ਵੀ ਕਾਹਦੀ ਕਾਹਲੀ ਆ।”
“ਰੋਟੀ ਦੀ ਅਜੇ ਭੁੱਖ ਤਾਂ ਨਹੀਂ ਹੈ।” ਜਿਦੂੰ ਨੇ ਦਿਲਪ੍ਰੀਤ ਵੱਲ ਦੇਖਦੇ ਕਿਹਾ, “ਕਿਦਾਂ ਫਿਰ ਰੋਟੀ ਖਾ ਕੇ ਹੀ ਚੱਲਣਾ।”
ਦਿਲਪ੍ਰੀਤ ਦਾ ਧਿਆਨ ਸਾਹਮਣੇ ਰਸੋਈ ਵਿਚ ਪਈਆਂ ਮੂਲੀਆਂ ਵੱਲ ਚਲਾ ਗਿਆ, ਉਹਨਾ ਨੂੰ ਦੇਖਦੇ ਹੋਏ ਉਸ ਨੇ ਕਿਹਾ, “ਮੰਮੀ, ਤੁਸੀ ਇਦਾਂ ਕਰੋ, ਮੂਲੀਆਂ ਵਾਲੇ ਪਰੌਂਠੇ ਪਕਾ ਦਿਉ।”
“ਉਹ ਤਾਂ ਮੈਂ ਪਕਾ ਦੇਨੀ ਆਂ।” ਨਸੀਬ ਕੌਰ ਨੇ ਪਿਆਰ ਵਿਚ ਆ ਕੇ ਕਿਹਾ, “ਪਰ ਤੂੰ ਸਾਨੂੰ ਇਹ ਤਾਂ ਦਸ ਦੇ ਕਿ ਵਿਆਹ ਲਈ ਕਿੰਨਾ ਚਿਰ ਠਹਿਰਨਾ ਚਾਹੁੰਦਾਂ ਹੈ।”
“ਸਮਾਂ ਆਉਣ ਤੇ ਮੈਂ ਆਪ ਹੀ ਦੱਸ ਦੇਵਾਂਗਾ।” ਦਿਲਪ੍ਰੀਤ ਨੇ ਕਿਹਾ, “ਤੁਸੀ ਇਸ ਗੱਲ ਦੀ ਚਿੰਤਾ ਨਾ ਕਰੋ।”
“ਭਾਬੀ, ਤੁਸੀ ਵੀ ਇਕ ਗੱਲ ਦੇ ਮਗਰੇ ਹੀ ਪੈ ਜਾਂਦੇ ਹੋ।” ਤੋਸ਼ੀ ਨੇ ਕਿਹਾ, “ਤੁਸੀਂ ਪਰੌਂਠੇ ਤਿਆਰ ਕਰੋ, ਵਿਆਹ ਤਾਂ ਆਪਾਂ ਇਹਦਾ ਇਕ ਦਿਨ ਕਰ ਹੀ ਦੇਣਾ ਹੈ, ਇਹ ਜੋ ਮਰਜ਼ੀ ਕਹੀ ਜਾਵੇ।।”
ਤੋਸ਼ੀ ਦੀ ਗੱਲ ਨੇ ਨਸੀਬ ਕੌਰ ਨੂੰ ਜਿਵੇ ਹੋਂਸਲਾ ਦਿੱਤਾ ਹੋਵੇ। ਉਹ ਇਕ ਚਾਅ ਜਿਹੇ ਨਾਲ ਉੱਠ ਕੇ ਰਸੋਈ ਵਿਚ ਮੂਲੀਆਂ ਵਾਲੇ ਪਰੋਂਠੇ ਪਕਾਉਣ ਲਈ ਚਲੀ ਗਈ।
ਹੱਕ ਲਈ ਲੜਿਆ ਸੱਚ – (ਭਾਗ-44)
This entry was posted in ਹੱਕ ਲਈ ਲੜਿਆ ਸੱਚ.