ਅੰਮ੍ਰਿਤਸਰ – ਸ੍ਰੀ ਅਕਾਲ ਤਖਤ ਸਾਹਿਬ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਵਿਵਾਦਿਤ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ ਦੇ ਨਜ਼ਦੀਕੀ ਹਰਿੰਦਰ ਸਿੰਘ ਜਥਾ ਨਿਰਵੈਰ ਖ਼ਾਲਸਾ ਯੂ. ਕੇ. ਨੂੰ ਉਸ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਖ਼ਿਲਾਫ਼ ਵਰਤੀ ਗਈ ਇਤਰਾਜ਼ ਯੋਗ ਸ਼ਬਦਾਵਲੀ ਜਿਸ ਪ੍ਰਤੀ ਸੰਗਤ ਨੇ ਭਾਰੀ ਰੋਸ ਪ੍ਰਗਟ ਕੀਤਾ ਦੇ ਸੰਬੰਧੀ ਵਿਚ ਹੋਈ ਵੱਡੀ ਭੁੱਲ ਲਈ ੧੫ ਦਿਨਾਂ ਦੇ ਅੰਦਰ ਆਪਣਾ ਸਪਸ਼ਟੀਕਰਨ ਭੇਜਣ ਪ੍ਰਤੀ ਦਿਤੇ ਗਏ ਆਦੇਸ਼ ਦਾ ਯੂ. ਕੇ. ਦੀਆਂ ਗੁਰਦੁਆਰਾ ਕਮੇਟੀਆਂ ਅਤੇ ਸਿੱਖ ਜਥੇਬੰਦੀਆਂ ਨੇ ਭਰਵਾਂ ਸਵਾਗਤ ਕੀਤਾ ਹੈ।
ਪ੍ਰੋ: ਸਰਚਾਂਦ ਸਿੰਘ ਵੱਲੋਂ ਜਾਰੀ ਬਿਆਨ ‘ਚ ਸਿੱਖ ਕੌਂਸਲ ਯੂ. ਕੇ. ਦੇ ਸਕੱਤਰ ਜਨਰਲ ਸ: ਜਤਿੰਦਰ ਸਿੰਘ ਅਤੇ ਬੁਲਾਰੇ ਸ: ਸੁਖਜੀਵਨ ਸਿੰਘ ਨੇ ਕਿਹਾ ਕਿ ਗੁਰਮਤਿ ਦੇ ਉਲਟ ਪ੍ਰਚਾਰ ਨੂੰ ਲੈ ਕੇ ਭਾਈ. ਢੱਡਰੀਆਂ ਵਾਲਾ ਅਤੇ ਉਸ ਦੇ ਸਾਥੀ ਹਰਿੰਦਰ ਸਿੰਘ ਖ਼ਿਲਾਫ਼ ਯੂ. ਕੇ. ਦੇ ਸ਼ਰਧਾਵਾਨ ਸਿੱਖਾਂ ‘ਚ ਭਾਰੀ ਰੋਸ ਹੈ। ਉਨ੍ਹਾਂ ਦਸਿਆ ਕਿ ਕੁੱਝ ਦਿਨ ਪਹਿਲਾਂ ਉਕਤ ਪ੍ਰਚਾਰਕਾਂ ਵਿਰੁੱਧ ਸਿਖ ਕੌਂਸਲ ਦੇ ਸੱਦੇ ਉੱਤੇ ਗੁਰਦੁਆਰਾ ਸ੍ਰੀ ਗੁਰੂ ਹਰਿ ਰਾਏ ਸਾਹਿਬ ਬਰਮਿੰਘਮ ਵਿਖੇ ਪੰਥਕ ਇਕੱਤਰਤਾ ਬੁਲਾਈ ਗਈ। ਜਿੱਥੇ ਦੀਰਘ ਵਿਚਾਰਾਂ ਉਪਰੰਤ ਇਕ ਰਾਏ ਨਾਲ ਮਤੇ ਪਾਸ ਕਰਦਿਆਂ ਹਰਿੰਦਰ ਸਿੰਘ ਜਥਾ ਨਿਰਵੈਰ ਖ਼ਾਲਸਾ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਸੰਬੰਧੀ ਇਤਰਾਜ਼ਯੋਗ ਟਿੱਪਣੀਆਂ ਅਤੇ ਰਣਜੀਤ ਸਿੰਘ ਢੱਡਰੀਆਂ ਵਾਲਾ ਵੱਲੋਂ ਪੰਥ ‘ਚ ਫੁੱਟ ਅਤੇ ਸ਼ੰਕਾ ਪਾਊ ਪ੍ਰਚਾਰ ਖ਼ਿਲਾਫ਼ ਸਮੂਹ ਗੁਰਦੁਆਰਾ ਕਮੇਟੀਆਂ ਅਤੇ ਸਿੱਖ ਜਥੇਬੰਦੀਆਂ ਵੱਲੋਂ ਰੋਸ ਪ੍ਰਗਟ ਕਰਦਿਆਂ ਇਨ੍ਹਾਂ ਦਾ ਸਮਾਜਕ ਬਾਈਕਾਟ ਕਰਨ ਦਾ ਸੱਦਾ ਦਿਤਾ ਗਿਆ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਇਨ੍ਹਾਂ ਵਿਰੁੱਧ ਪੰਥਕ ਰਵਾਇਤਾਂ ਅਨੁਸਾਰ ਕਾਰਵਾਈ ਲਈ ਬੇਨਤੀ ਕੀਤੀ ਗਈ। ਇਸ ਪ੍ਰਤੀ ਇਕ ਵਫ਼ਦ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੁੱਜ ਕੇ ਦਸਤੀ ਮੰਗ ਪੱਤਰ ਸੌਂਪਿਆ ਗਿਆ। ਉਨ੍ਹਾਂ ਦਸਿਆ ਕਿ ਯੂ ਕੇ ਦੀਆਂ ਸਿਖ ਸੰਗਠਨਾਂ ਨੇ ਉਕਤ ਵਿਵਾਦਿਤ ਪ੍ਰਚਾਰਕਾਂ ਪ੍ਰਤੀ ਯੂ. ਕੇ. ਵਿਚ ਕਿਸੇ ਵੀ ਜਗਾ ਪ੍ਰਚਾਰ ਕਰਨ ‘ਤੇ ਮੁਕੰਮਲ ਪਾਬੰਦੀ ਲਾਈ ਜਾ ਚੁਕੀ ਹੈ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਦ ਤਕ ਫ਼ੈਸਲਾ ਨਹੀਂ ਆਉਂਦਾ ਰਣਜੀਤ ਸਿੰਘ ਢੱਡਰੀਆਂ ਵਾਲਾ ਅਤੇ ਹਰਿੰਦਰ ਸਿੰਘ ਨੂੰ ਕੋਈ ਵੀ ਪ੍ਰੋਗਰਾਮ ਇੰਗਲੈਂਡ ‘ਚ ਨਹੀਂ ਕਰਨ ਦਿੱਤਾ ਜਾਵੇਗਾ।