ਮਜੀਠਾ – ਸਾਬਕਾ ਉਪ ਮੁਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਨੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਗੈਗਸਟਰਾਂ ਦਾ ਸਭ ਤੋਂ ਵਡਾ ਪਿਉ ਗਰਦਾਨਿਆ ਹੈ। ਉਨ੍ਹਾਂ ਗੈਗਸਟਰਵਾਦ ਦੇ ਵਾਧੇ ਲਈ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਇਆ।
ਸ: ਬਾਦਲ ਅਜ ਇੱਥੋਂ ਨੇੜਲੇ ਪਿੰਡ ਵਡਾਲਾ ਦੇ ਦਾਣਾ ਮੰਡੀ ਵਿਖੇ ਕਾਂਗਰਸੀ ਕਾਰਕੁਨਾਂ ਅਤੇ ਗੈਗਸਟਰਾਂ ਵੱਲੋਂ ਕਤਲ ਕੀਤੇ ਗਏ ਸਾਬਕਾ ਅਕਾਲੀ ਸਰਪੰਚ ਅਤੇ ਸ: ਬਿਕਰਮ ਸਿੰਘ ਮਜੀਠੀਆ ਦੇ ਨਜ਼ਦੀਕੀ ਬਾਬਾ ਗੁਰਦੀਪ ਸਿੰਘ ਉਮਰਪੁਰਾ ਨਿਮਿਤ ਅੰਤਿਮ ਅਰਦਾਸ ‘ਚ ਸ਼ਾਮਿਲ ਹੋਣ ਆਏ ਸਨ। ਸ਼ਰਧਾਂਜਲੀ ਭੇਟ ਕਰਨ ਦੌਰਾਨ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਬਾਬਾ ਗੁਰਦੀਪ ਸਿੰਘ ਦਾ ਸਿਆਸੀ ਕਤਲ ਕੀਤਾ ਗਿਆ ਹੈ। ਉਨ੍ਹਾਂ ਤਾੜਨਾ ਕਰਦਿਆਂ ਅਤੇ ਕਾਤਲਾਂ ਦੀ ਗ੍ਰਿਫ਼ਤਾਰੀ ਲਈ ੧੦ ਦਿਨਾਂ ਦਾ ਸਮਾਂ ਦਿੰਦਿਆਂ ਕਿਹਾ ਕਿ ਜੇ ਕਾਤਲ ਫੜੇ ਨਹੀਂ ਜਾਂਦੇ ਤਾਂ ਮਜੀਠਾ ਜ਼ਿਲ੍ਹਾ ਪੁਲੀਸ ਮੁਖੀ ਦੇ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਵੱਲੋਂ ਕਿਸੇ ਨਾ ਕਿਸੇ ਬਹਾਨੇ ਅਕਾਲੀ ਵਰਕਰਾਂ ਨੂੰ ਖ਼ਤਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਗੈਗਸਟਰਾਂ ਨੂੰ ਵਰਤ ਕੇ ਰਾਜ ਕਰਨ ਦਾ ਸੁਪਨਾ ਸਜਾਈ ਬੈਠੀ ਹੈ। ਜੋ ਕਿ ਕਾਮਯਾਬ ਨਹੀਂ ਹੋਵੇਗਾ ਅਤੇ ਲੋਕ ਕਾਂਗਰਸ ਨੂੰ ਕਰਾਰੀ ਹਾਰ ਦੇਣਗੇ। ਰਾਜ ਵਿਚ ਨਸ਼ਿਆਂ ਦੇ ਵਾਧੇ ਅਤੇ ਅਮਨ ਕਾਨੂੰਨ ਦੀ ਪੇਤਲੀ ਹਾਲਤ ਲਈ ਵੀ ਉਨ੍ਹਾਂ ਕਾਂਗਰਸ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਮੁਖ ਮੰਤਰੀ ਸਿਰਫ਼ ਨਾਮ ਦਾ ਹੈ, ਦਿਖਾਈ ਨਹੀਂ ਦਿੰਦਾ। ਅਮਨ ਕਾਨੂੰਨ ਦੀ ਮਾੜੀ ਸਥਿਤੀ ਨੂੰ ਲੈ ਕੇ ਮੁਖ ਮੰਤਰੀ ਨੇ ਕਦੀ ਡੀ ਜੀ ਪੀ ਜਾਂ ਹੋਰ ਸੰਬੰਧਿਤ ਅਧਿਕਾਰੀਆਂ ਦੀ ਕਦੀ ਕੋਈ ਮੀਟਿੰਗ ਨਹੀਂ ਲਈ। ਉਨ੍ਹਾਂ ਕਿਹਾ ਥਾਣਿਆਂ ਵਿਚੋਂ ਇਮਾਨਦਾਰ ਅਫ਼ਸਰਾਂ ਨੂੰ ਹਟਾ ਕੇ ਆਪਣੇ ਚਹੇਤਿਆਂ ਨੂੰ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਆਉਣ ‘ਤੇ ਜੁਲਮ ਕਰਨ ਵਾਲੇ ਅਫ਼ਸਰਾਂ ਨੂੰ ਟੰਗਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਸ਼ਹੀਦਾਂ ਦੀ ਜਥੇਬੰਦੀ ਹੈ ਅਤੇ ਅਕਾਲੀ ਵਰਕਰ ਨਾ ਡਰੇ ਹਨ ਅਤੇ ਨਾ ਹੀ ਕੁਰਬਾਨੀਆਂ ਤੋਂ ਕਦੇ ਪਿੱਛੇ ਹਟੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰਾਂ ਸਮੇਂ ਪੰਜਾਬ ਦੀ ਤਰੱਕੀ ਹੁੰਦੀ ਰਹੀ ਪਰ ਕਾਂਗਰਸ ਦੇ ਰਾਜ ਵਿਚ ਲੁੱਟ ਖਸੁੱਟ ਤੋਂ ਇਲਾਵਾ ਕੁੱਝ ਦੇਖਣ ਨੂੰ ਨਹੀਂ ਮਿਲਿਆ। ਉਨ੍ਹਾਂ ਅਕਾਲੀ ਦਲ ਨੂੰ ਇਕ ਵਡਾ ਪਰਿਵਾਰ ਦੱਸਦਿਆਂ ਬਾਬਾ ਗੁਰਦੀਪ ਸਿੰਘ ਦੇ ਪਰਵਾਰ ਦੀ ਜ਼ਿੰਮੇਵਾਰੀ ਸ: ਮਜੀਠੀਆ ਨੂੰ ਸੌਂਪਿਆ। ਉਨ੍ਹਾਂ ਜੋਰ ਦੇ ਕੇ ਵਿਸ਼ਵਾਸ ਦਿਵਾਇਆ ਤੇ ਕਿਹਾ ਕਿ ਜਿੱਥੇ ਕਿਤੇ ਵੀ ਵਰਕਰ ‘ਤੇ ਜੁਲਮ ਹੋਵੇਗਾ ਉਹ ਉੱਥੇ ਹੀ ਪਹੁੰਚ ਜਾਇਆ ਕਰੇਗਾ।
ਇਸ ਮੌਕੇ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਬਾਬਾ ਗੁਰਦੀਪ ਸਿੰਘ ਸਭ ਦਾ ਭਲਾ ਮੰਗਣ ਵਾਲਾ ਬਹੁ ਪਖੀ ਸ਼ਖ਼ਸੀਅਤ ਦੇ ਮਾਲਕ ਗੁਰੂ ਘਰ ਨੂੰ ਸਮਰਪਿਤ ਇਕ ਅੰਮ੍ਰਿਤਧਾਰੀ ਨਿੱਤਨੇਮੀ ਨਿਡਰ ਗੁਰਸਿਖ ਸਨ, ਜਿਨ੍ਹਾਂ ਨੂੰ ਕਾਂਗਰਸੀ ਕਾਰਕੁਨਾਂ ਅਤੇ ਗੈਗਸਟਰਾਂ ਵੱਲੋਂ ਧਮਕੀਆਂ ਮਿਲ ਰਹੀਆਂ ਸਨ, ਜਿਸ ਬਾਰੇ ਉਨ੍ਹਾਂ ਡੀਜੀਪੀ ਨੂੰ ਲਿਖਤੀ ਸ਼ਿਕਾਇਤ ਵੀ ਦਿਤੀ ਪਰ ਕੋਈ ਅਸਰ ਨਹੀਂ ਹੋਇਆ ਅਤੇ ਗਿਣੀ ਮਿਥੀ ਸਾਜ਼ਿਸ਼ ਅਧੀਨ ਉਸ ਦਾ ਕਤਲ ਕਰ ਦਿਤਾ ਗਿਆ। ਉਨ੍ਹਾਂ ਕਿਹਾ ਕਿ ਭਾਵੇ ਬੇਸ਼ੱਕ ਉਸ ਨੂੰ ਮਾਰ ਦਿਤਾ ਜਾਵੇ ਪਰ ਉਹ ਪੀੜਤ ਪਰਿਵਾਰ ਦੇ ਇਨਸਾਫ਼ ਲਈ ਆਪਣੇ ਖੂਨ ਦੇ ਆਖ਼ਰੀ ਕਤਰੇ ਤਕ ਲੜਦਾ ਰਹੇਗਾ। ਉਨ੍ਹਾਂ ਕਾਂਗਰਸੀ ਆਗੂਆਂ ਨੂੰ ਨਸੀਹਤ ਦਿਤੀ ਕਿ ਖੂਨ ਖ਼ਰਾਬੇ ਨਾਲ ਕੁੱਝ ਵੀ ਹਾਸਲ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਜੇਲ੍ਹ ਮੰਤਰੀ ਸੁਖੀ ਰੰਧਾਵਾ ਦਾ ਚਹੇਤਾ ਗੈਂਗਸਟਰ ਜਗੂ ਜੇਲ੍ਹ ਵਿਚ ਬੈਠਾ ਫਿਰੌਤੀ ਲੈ ਰਿਹਾ ਹੈ ਪਰ ਕੋਈ ਪੁਛਣ ਵਾਲਾ ਨਹੀਂ। ਉਨ੍ਹਾਂ ਕਿਹਾ ਕਿ ਸਮਾਂ ਆਉਣ ‘ਤੇ ਮਾੜੇ ਅਨਸਰਾਂ ਨੂੰ ਕੰਨੋਂ ਫੜ ਕੇ ਜੇਲ੍ਹ ‘ਚ ਸੁੱਟਦਿਆਂ ਬੰਦੇ ਦੇ ਪੁਤ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਉਚ ਅਦਾਲਤਾਂ ਤਕ ਜਾਇਆ ਜਾਵੇਗਾ। ਇਸ ਮੌਕੇ ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ, ਰਾਜਮਹਿੰਦਰ ਸਿੰਘ ਮਜੀਠਾ, ਵੀਰ ਸਿੰਘ ਲੋਪੋਕੇ, ਲਖਬੀਰ ਸਿੰਘ ਲੋਧੀਨੰਗਲ ਅਤੇ ਰਣਜੀਤ ਸਿੰਘ ਵਰਿਆਮ ਨੰਗਲ ਨੇ ਕਿਹਾ ਕਿ ਕਾਂਗਰਸ ਅਤੇ ਕਾਂਗਰਸ ਦੀ ਸਰਕਾਰ ਅਕਾਲੀ ਦਲ ਨੂੰ ਢਾਹ ਲਾਉਣ ਅਤੇ ਅਕਾਲੀ ਵਰਕਰਾਂ ਦੇ ਹੌਸਲੇ ਪਸਤ ਕਰਨ ਲਈ ਨੀਵੇ ਪੱਧਰ ਦੀ ਸਿਆਸਤ ‘ਤੇ ਉਤਰ ਆਏ ਹਨ। ਉਨ੍ਹਾਂ ਵਰਕਰਾਂ ਨੂੰ ਇਕਜੁਟ ਹੋ ਕੇ ਜੁਲਮ ਖਿਲਾਫ ਹੰਭਲਾ ਮਾਰਨ ਅਤੇ ਸ: ਸੁਖਬੀਰ ਸਿੰਘ ਬਾਦਲ ਦੇ ਹੱਥ ਹੋਰ ਮਜਬੂਤ ਕਰਨ ਦਾ ਸਦਾ ਦਿਤਾ ਅਤੇ ਕਿਹਾ ਕਿ ਅਕਾਲੀ ਹਾਈ ਕਮਾਨ ਵਰਕਰਾਂ ਨਾਲ ਚਟਾਨ ਵਾਂਗ ਖੜੀ ਹੈ। ਸਟੇਜ ਦੀ ਸੇਵਾ ਸਾਬਕਾ ਮੰਤਰੀ ਡਾ: ਦਲਜੀਤ ਸਿੰਘ ਚੀਮਾ ਨੇ ਨਿਭਾਈ। ਇਸ ਮੌਕੇ ਭਾਈ ਜਰਨੈਲ ਸਿੰਘ ਕੁਹਾੜਕਾ ਹਜੂਰੀ ਰਾਗੀ, ਭਾਈ ਸ਼ੌਕੀਨ ਸਿੰਘ ਹਜੂਰੀ ਰਾਗੀ ਦਾ ਜਥਾ ਨੇ ਵੈਰਾਗ ਅਤੇ ਅਨੰਦ ਮਈ ਕੀਰਤਨ ਸਰਵਣ ਕਰਾਇਆ।