ਨਵੀਂ ਦਿੱਲੀ – ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਦੀ ਸ਼ਤਾਬਦੀ ਨੂੰ ਲੈ ਕੇ ਦਿੱਲੀ ਵਿਖੇ 18 ਜਨਵਰੀ ਨੂੰ ਮਾਵਲੰਕਰ ਹਾਲ ਵਿੱਚ ਹੋਣ ਵਾਲੇ ਵੱਡੇ ਪ੍ਰੋਗਰਾਮ ਨੂੰ ਕਾਮਯਾਬ ਬਣਾਉਣ ਨੂੰ ਲੈ ਕੇ ‘ਜਾਗੋ’ ਪਾਰਟੀ ਸਰਗਰਮ ਹੋ ਗਈ ਹੈ। ਅਕਾਲੀ ਦਲ ਤੋਂ ਕਲ ਸ਼ਾਮ ਨੂੰ ਬਾਹਰ ਕੱਢੇ ਗਏ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੇ ਦਿੱਲੀ ਸਥਿਤ ਸਰਕਾਰੀ ਕੋਠੀ ਵਿਖੇ ਅੱਜ ਜਾਗੋ-ਜਗ ਆਸਰਾ ਗੁਰੂ ਓਟ(ਜਥੇਦਾਰ ਸੰਤੋਖ ਸਿੰਘ) ਪਾਰਟੀ ਦੀ ਤਿਆਗੀਆ ਸਬੰਧੀ ਹੋਈ ਬੈਠਕ ਵਿੱਚ ‘ਜਾਗੋ’ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਬਾਦਲ ਪਰਵਾਰ ਉੱਤੇ ਵੱਡਾ ਸ਼ਬਦੀ ਹਮਲਾ ਬੋਲਿਆ ਹੈ। ਜੀਕੇ ਨੇ ਦੱਸਿਆ ਕਿ ਸਫਰ-ਐ-ਅਕਾਲੀ ਲਹਿਰ ਦੇ ਨਾਮ ‘ਤੇ ਹੋਣ ਵਾਲੇ ਇਸ ਪ੍ਰੋਗਰਾਮ ਵਿੱਚ ਜਾਗੋ ਪਾਰਟੀ ਦੇ ਨਾਲ ਪਰਮਜੀਤ ਸਿੰਘ ਸਰਨਾ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਅਤੇ ਹੋਰ ਪੰਥਕ ਜਥੇਬੰਦੀਆਂ ਵੀ ਸ਼ਾਮਿਲ ਹੋਣਗੀਆਂ। ਨਾਲ ਹੀ ਪੰਜਾਬ ਅਤੇ ਹਰਿਆਣਾ ਤੋਂ ਆਉਣ ਵਾਲੇ ਵੱਡੇ ਪੰਥਕ ਆਗੂ ਮੌਜੂਦਾ ਅਕਾਲੀ ਦਲ ਦੇ ਪੰਥਕ ਮਸਲੀਆਂ ਤੋਂ ਕਿਨਾਰਾ ਕਰਨ ਦੇ ਕਾਰਨ ਸਿੱਖਾਂ ਨੂੰ ਹੋ ਰਹੀਆਂ ਪ੍ਰੇਸ਼ਾਨੀਆਂ ਦੀ ਜਾਣਕਾਰੀ ਦੇਣ ਦੇ ਨਾਲ ਕੁਰਬਾਨੀਆਂ ਤੋਂ ਬਾਅਦ ਹੋਂਦ ਵਿੱਚ ਆਏ ਅਕਾਲੀ ਦਲ ਦੇ ਇਤਿਹਾਸ ਬਾਰੇ ਵੀਂ ਦੱਸਣਗੇ।
ਜੀਕੇ ਨੇ ਸਾਫ਼ ਕੀਤਾ ਕਿ ਸ਼੍ਰੋਮਣੀ ਅਤੇ ਦਿੱਲੀ ਕਮੇਟੀ ਉੱਤੇ ਕਾਬਜ਼ ਬਾਦਲ ਨਿਜ਼ਾਮ ਨੂੰ ਪੰਥਕ ਸੇਵਾ ਤੋਂ ਹਟਾਉਣਾ ਸਾਡਾ ਮਕਸਦ ਹੋਵੇਗਾ।ਕਿਉਂਕਿ ਧਾਰਮਿਕ ਮਾਮਲਿਆਂ ਉੱਤੇ ਇਸ ਅਨਾੜੀ ਅਤੇ ਅਨਪੜ੍ਹ ਟੋਲੇ ਦੇ ਹਟਣ ਨਾਲ ਅਕਾਲੀ ਦਲ ਆਪਣੇ ਸਿਧਾਂਤਾਂ ਉੱਤੇ ਮੁੜ ਖਡ਼ਾ ਹੋ ਪਾਵੇਗਾ। ਕਿਉਂਕਿ ਇਹ ਨਿਜ਼ਾਮ ਪੰਥ ਦੀ ਬਜਾਏ ਇੱਕ ਸਿਆਸੀ ਪਰਵਾਰ ਦੇ ਦਿਸ਼ਾ-ਨਿਰਦੇਸ਼ਾਂ ਉੱਤੇ ਚੱਲ ਦੇ ਹੋਏ ਆਪਣੇ ਸਿਆਸੀ ਆਕਾਵਾਂ ਦੇ ਅੱਗੇ ਗੋਡੇ ਟੇਕ ਚੁੱਕਿਆ ਹੈ। ਡੇਰਾ ਸਿਰਸਾ ਨੂੰ ਅਕਾਲ ਤਖ਼ਤ ਤੋਂ ਮਾਫ਼ੀ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਚਿੱਟਾ ਵੇਚਣ ਦੇ ਦੋਸ਼ੀਆਂ ਨੂੰ ਦਿੱਲੀ ਵਿਧਾਨਸਭਾ ਚੋਣਾਂ ਵਿੱਚ ਮੂੰਹ ਨਾਂ ਲਗਾਉਣ ਦੀ ਅਪੀਲ ਕਰਦੇ ਹੋਏ ਜੀਕੇ ਨੇ ਕਿਹਾ ਕਿ ਦਿੱਲੀ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੂੰ ਸਿੱਖ ਇਤਿਹਾਸ ਦੀ ਜਾਣਕਾਰੀ ਨਹੀਂ ਹੈ। ਕਦੇ ਉਹ ਗੁਰੂ ਅਰਜਨ ਦੇਵ ਜੀ ਵੱਲੋਂ ਕਸ਼ਮੀਰੀ ਪੰਡਤਾਂ ਲਈ ਸ਼ਹਾਦਤ ਦੇਣ ਦੀ ਗੱਲ ਕਰਦੇ ਹਨ,ਕਦੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਦੇ ਸਰੋਵਰ ਵਿੱਚ ਪੈਰ ਡੁੱਬਣ ਦਾ ਹਵਾਲਾ ਦਿੰਦੇ ਹਨ ਅਤੇ ਕਦੇ ਭਾਈ ਲੱਖੀ ਸ਼ਾਹ ਵਣਜਾਰਾ ਵੱਲੋਂ ਗੁਰੂ ਤੇਗ਼ ਬਹਾਦਰ ਸਾਹਿਬ ਦੇ ਧੜ ਦਾ ਸੰਸਕਾਰ ਕਰਨ ਵੇਲੇ ਪਹਿਲਾ ਦਹੀਂ ਦਾ ਲੇਪ ਲਾਕੇ ਖੂਹ ਦੇ ਪਾਣੀ ਨਾਲ ਇਸ਼ਨਾਨ ਕਰਵਾਉਣ ਦਾ ਕਾਲਪਨਿਕ ਇਤਿਹਾਸ ਸੁਣਾਉਂਦੇ ਹਨ।
ਜੀਕੇ ਨੇ ਕਿਹਾ ਕਿ ਪੰਥ ਨੂੰ ਹੁਣ ਬਾਦਲ ਨਹੀਂ ਬਦਲਾਓ ਚਾਹੀਦਾ ਹੈ। ਜੇਕਰ ਅਕਾਲੀ ਦਲ ਨੇ ਕੇਂਦਰ ਵਿੱਚ ਅਚਾਰ-ਚਟਣੀ ਦੇ ਮੰਤਰਾਲੇ ਬਦਲੇ ਸਿੱਖ ਮਸਲਿਆਂ ਉੱਤੇ ਚੁੱਪੀ ਨਹੀਂ ਰੱਖੀ ਹੁੰਦੀ ਤਾਂ ਅੱਜ ਪ੍ਰਧਾਨ ਮੰਤਰੀ ਮੋਦੀ, ਪ੍ਰਕਾਸ਼ ਸਿੰਘ ਬਾਦਲ ਦੇ ਘਰ ਜਾ ਕੇ ਉਨ੍ਹਾਂ ਨੂੰ ਸਿੱਖਾਂ ਦੇ ਮਾਮਲਿਆਂ ਨੂੰ ਹੱਲ ਕਰਨ ਲਈ ਪਹੁੰਚ ਕਰਦੇ। ਇਸ ਮੌਕੇ ਕਈ ਬੁਲਾਰਿਆਂ ਨੇ ਆਪਣੇ ਵਿਚਾਰ ਰੱਖੇ। ਜਿਸ ਵਿੱਚ ਦਲ ਦੇ ਸਰਪ੍ਰਸਤ ਹਰਮੀਤ ਸਿੰਘ, ਜਨਰਲ ਸਕੱਤਰ ਪਰਮਿੰਦਰ ਪਾਲ ਸਿੰਘ,ਯੂਥ ਵਿੰਗ ਦੇ ਪ੍ਰਧਾਨ ਪੁਨਪ੍ਰੀਤ ਸਿੰਘ, ਬੁਲਾਰੇ ਸਤਨਾਮ ਸਿੰਘ,ਕੋਰ ਕਮੇਟੀ ਮੈਂਬਰ ਬੌਬੀ ਧਨੌਵਾ,ਇੰਟਰਨੈਸ਼ਨਲ ਸਿੱਖ ਕੌਂਸਲ ਦੇ ਜਗਜੀਤ ਸਿੰਘ ਮੂਦੜ ਆਦਿਕ ਮੁੱਖ ਸਨ। ਸਟੇਜ ਦੀ ਸੇਵਾ ਦਲ ਦੇ ਬੁਲਾਰੇ ਗੁਰਵਿੰਦਰ ਪਾਲ ਸਿੰਘ ਨੇ ਨਿਭਾਈ। ਮਸ਼ਹੂਰ ਸ਼ਾਇਰ ਫ਼ੈਜ਼ ਅਹਿਮਦ ਫ਼ੈਜ਼ ਦੀ ਨਜ਼ਮ ‘ਹਮ ਦੇਖੇਗੇਂ’ ਦਾ ਹਵਾਲਾ ਦਿੰਦੇ ਹੋਏ ਪਰਮਿੰਦਰ ਨੇ ਕਿਹਾ ਕਿ ਦਿੱਲੀ ਕਮੇਟੀ ਅੱਜ ਸਿੱਖ ਏਜ਼ਂਡੇ ਤੋਂ ਹਟਕੇ ਸਿਰਫ਼ ਵਿਧਾਇਕ ਦੀਆਂ ਟਿਕਟਾਂ ਲੈਣ ਲਈ ਆਪਣੇ ਸਿਆਸੀ ਹਿਤਾਂ ਨੂੰ ਪਾਲਨ ਦਾ ਕਾਰਜ ਕਰ ਰਹੀ ਹੈ।1984 ਦੀ ਲੜਾਈ ਨੂੰ ਕਮਜ਼ੋਰ ਕਰਨ ਦੇ ਬਾਅਦ ਕਈ ਅਹਿਮ ਸਿੱਖ ਮਸਲਿਆਂ ਉੱਤੇ ਕਮੇਟੀ ਦੀ ਚੁੱਪੀ ਚਿੰਤਾ ਦਾ ਵਿਸ਼ਾ ਹੈ। ਇਸ ਲਈ ਇਨ੍ਹਾਂ ਨੂੰ ਕਮੇਟੀ ਤੋਂ ਬਾਹਰ ਕਰਨਾ ਜ਼ਰੂਰੀ ਹੈ ਅਤੇ ਮੱਕਾਰ ਅਤੇ ਤਾਨਾਸ਼ਾਹੀ ਪ੍ਰਬੰਧ ਨੂੰ ਸੇਵਾ ਤੋਂ ਬਾਹਰ ਹੁੰਦਾ ਅਸੀਂ ਲਾਜ਼ਮ ਵੇਖਾਂਗੇ।
ਜੀਕੇ ਨੇ ਇਸ ਮੌਕੇ ਦਲ ਦੀ ਇਸਤਰੀ ਇਕਾਈ ਦੀ ਜਥੇਬੰਦੀ ਨੂੰ ‘ਕੌਰ ਬਰਗੇਡ’ ਨਾਮ ਦਿੰਦੇ ਹੋਏ ਸਾਬਕਾ ਨਿਗਮ ਪਾਰਸਦ ਬੀਬੀ ਮਨਦੀਪ ਕੌਰ ਬਖ਼ਸ਼ੀ ਨੂੰ ਇਸਤਰੀ ਇਕਾਈ ਦਾ ਸਰਪ੍ਰਸਤ ਨਿਯੁਕਤ ਕਰਨ ਦਾ ਐਲਾਨ ਕੀਤਾ। ਜੀਕੇ ਨੇ ਕਿਹਾ ਕਿ ਕਿਉਂਕਿ ਸਾਡੀ ਪਾਰਟੀ ਪੰਥਕ ਪਾਰਟੀ ਹੈ, ਇਸ ਕਰ ਕੇ ਸਿਰਫ਼ ਸਿੱਖ ਔਰਤਾਂ ਹੀ ਇਸ ਦੀ ਮੈਂਬਰ ਬੰਨ ਸਕਦੀਆਂ ਹਨ। ਇਸ ਕਾਰਨ ਅਸੀਂ ਦਲ ਦੀ ਇਸਤਰੀ ਇਕਾਈ ਨੂੰ ਕੌਰ ਬਰਗੇਡ ਦਾ ਨਾਮ ਦਿੱਤਾ ਹੈ। ਜੀਕੇ ਨੇ ਐਲਾਨ ਕੀਤੀ 13 ਮੈਂਬਰੀ ਸੰਚਾਲਨ ਕਮੇਟੀ ਦਾ ਹਰਪ੍ਰੀਤ ਕੌਰ ਨੂੰ ਕਨਵੀਨਰ, ਅਮਰਜੀਤ ਕੌਰ ਪਿੰਕੀ ਨੂੰ ਕੋਆਰਡੀਨੇਟਰ ਅਤੇ ਜਸਵਿੰਦਰ ਕੌਰ ਚੰਦਰ ਵਿਹਾਰ, ਮਨਪ੍ਰੀਤ ਕੌਰ ਗੋਬਿੰਦਪੁਰੀ, ਸਤਵੰਤ ਕੌਰ, ਨਰਿੰਦਰ ਕੌਰ, ਗੁਰਦੀਪ ਕੌਰ, ਨਰਿੰਦਰ ਕੌਰ ਬੇਦੀ, ਗੁਰਜੀਤ ਕੌਰ ਵਾਹੀ,ਪਰਵਿੰਦਰ ਕੌਰ ਨੀਟਾ, ਰਮਨਦੀਪ ਕੌਰ ਭਾਟੀਆ ਅਤੇ ਸਤਵਿੰਦਰ ਕੌਰ ਬਜਾਜ ਨੂੰ ਮੈਂਬਰ ਨਿਯੁਕਤ ਕਰਨ ਦਾ ਐਲਾਨ ਕੀਤਾ।