ਵਿਸ਼ਵ ਪੱਧਰ ‘ਤੇ ਮਸ਼ਹੂਰ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਬਾਰੇ ਕਿਸੇ ਨੂੰ ਦੱਸਣ ਦੀ ਉਕਾ ਹੀ ਲੋੜ ਨਹੀਂ। ਮਾਂ-ਬੋਲੀ ਪੰਜਾਬੀ ਨਾਲ਼ ਮਾੜਾ-ਮੋਟਾ ਨਾਤਾ ਰੱਖਣ ਵਾਲ਼ਾ ਹਰ ਬੰਦਾ ਸ਼ਿਵਚਰਨ ਜੱਗੀ ਕੁੱਸਾ ਦੇ ਨਾਂ ਬਾਰੇ ਜ਼ਰੂਰ ਜਾਣੂੰ ਹੋਵੇਗਾ। ਪੰਜਾਬੀ ਫਿਲਮਾਂ ਅੱਜ-ਕੱਲ੍ਹ ਵੱਡੇ ਪੱਧਰ ‘ਤੇ ਬਣ ਰਹੀਆਂ ਹਨ ਅਤੇ ਬਣਨੀਆਂ ਵੀ ਚਾਹੀਦੀਆਂ ਹਨ, ਪਰ ਕੁਝ ਫਿਲਮਾਂ ਅਜਿਹੀਆਂ ਹੁੰਦੀਆਂ ਹਨ, ਜੋ ਫ਼ਿਲਮੀ ਦੁਨੀਆਂ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਉਂਦੀਆਂ ਅਤੇ ਆਪਣੇ ਲੋਕਾਂ ਦੇ ਦਿਲਾਂ ਉਪਰ ਵੱਖਰੀ ਛਾਪ ਛੱਡ ਜਾਂਦੀਆਂ ਹਨ। ਲੋਕ ਅਜਿਹੀਆਂ ਫ਼ਿਲਮਾਂ ਦੀ ਹਮੇਸ਼ਾ ਉਡੀਕ ਕਰਦੇ ਹਨ। ਜੱਗੀ ਕੁੱਸਾ ਨੇ ਪੇਂਡੂ ਅਤੇ ਖ਼ਾਸ ਕਰ ਕੇ ਮਲਵਈ ਠੇਠ ਬੋਲੀ ਨੂੰ ਆਪਣੇ ਨਾਵਲਾਂ ਵਿੱਚ ਚਿਤਰਿਆ, ਜਿਸ ਕਾਰਨ ਲੋਕਾਂ ਨੇ ਉਸ ਨੂੰ ਆਪਣੀਆਂ ਪਲਕਾਂ ‘ਤੇ ਬਿਠਾ ਲਿਆ। ਖ਼ੁਦ ਜੱਗੀ ਕੁੱਸਾ ਦੇ ਕਥਨ ਅਨੁਸਾਰ, “ਓਹੀ ਲੇਖਕ ਲੋਕਾਂ ਨੇ ਪ੍ਰਵਾਨ ਕੀਤੇ, ਜਿੰਨ੍ਹਾਂ ਨੇ ਆਪਣੇ ਲੋਕਾਂ ਦੀ ਸਰਲ ਭਾਸ਼ਾ ਲਿਖੀ!” ਜਾਂਦਾ-ਜਾਂਦਾ ਇਹ ਵੀ ਦੱਸਦਾ ਜਾਵਾਂ ਕਿ ਜੱਗੀ ਕੁੱਸਾ ਦੇ ਬਹੁ-ਚਰਚਿਤ ਨਾਵਲਾਂ ਨੂੰ ਅੰਗਰੇਜ਼ੀ ਵਿੱਚ ਅਨੁਵਾਦ ਕਰ ਕੇ ਛਾਪਣ ਦਾ ਬੀੜਾ ਹੁਣ ਇੱਕ ਅੰਗਰੇਜ਼ੀ ਪਬਲ਼ਸ਼ਿੰਗ ਕੰਪਨੀ ਨੇ ਚੁੱਕਿਆ ਹੈ, ਜਿਸ ਵਿੱਚ ਉਸ ਦੇ ਚਾਰ ਨਾਵਲ; ਪੁਰਜਾ ਪੁਰਜਾ ਕਟਿ ਮਰੈ, ਬਾਰ੍ਹੀਂ ਕੋਹੀਂ ਬਲ਼ਦਾ ਦੀਵਾ, ਸੱਜਰੀ ਪੈੜ ਦਾ ਰੇਤਾ ਅਤੇ ਤਰਕਸ਼ ਟੰਗਿਆ ਜੰਡ ਅਨੁਵਾਦ ਹੋ ਕੇ ਦੁਨੀਆਂ ਭਰ ਦੇ ਐਮਾਜ਼ੋਨ ਕੋਲ ਪਹੁੰਚ ਗਏ ਹਨ ਅਤੇ ਜਨਵਰੀ 2020 ਦੇ ਪਹਿਲੇ ਜਾਂ ਦੂਜੇ ਹਫ਼ਤੇ ਐਮਾਜ਼ੋਨ ਦੀ ਵੈਬ-ਸਾਈਟ ‘ਤੇ ਦੁਨੀਆਂ ਭਰ ਦੇ ਦੇਸ਼ਾਂ ਵਿੱਚ ਆਰਡਰ ਕੀਤੇ ਜਾ ਸਕਣਗੇ।
ਨਾਵਲ ਲਿਖਣ ਦੇ ਨਾਲ਼-ਨਾਲ਼ ਹੁਣ ਜੱਗੀ ਕੁੱਸਾ ਫ਼ਿਲਮਾਂ ਵੱਲ ਮੁੜਿਆ ਹੈ। ਉਸ ਦਾ ਫ਼ਿਲਮੀ ਸਫ਼ਰ ਬਹੁ-ਚਰਚਿਤ ਫ਼ਿਲਮ “ਸਾਡਾ ਹੱਕ” ਤੋਂ ਸ਼ੁਰੂ ਹੋਇਆ, ਜਿਸ ਦੇ ਕੁੱਸਾ ਜੀ ਨੇ ਡਾਇਲਾਗ ਲਿਖੇ ਅਤੇ ਪੀ. ਟੀ. ਸੀ. ਪੰਜਾਬੀ ਨੇ ਉਸ ਨੂੰ ਐਵਾਰਡ ਲਈ ਚੁਣਿਆਂ। ਉਸ ਤੋਂ ਬਾਅਦ ਕੁੱਸਾ ਜੀ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ “ਤੂਫ਼ਾਨ ਸਿੰਘ” ਵਰਗੀਆਂ ਫ਼ਿਲਮਾਂ ਵਿੱਚ ਆਪਣਾ ਯੋਗਦਾਨ ਪਾਉਣ ਤੋਂ ਲੈ ਕੇ ਉਸ ਦੀਆਂ ਆਪਣੀਆਂ ਕਹਾਣੀਆਂ ਉਪਰ ਵੀ ਕਈ ਫ਼ਿਲਮਾਂ ਬਣੀਆਂ। ਹੁਣ ਉਸ ਦੇ ਅਗਲੇ ਚਾਰ ਪ੍ਰਾਜੈਕਟ ਬਿਲਕੁਲ ਤਿਆਰ ਹਨ। ਚਾਰ ਸਾਲ ਦੀ ਚੁੱਪ ਦਾ ਕਾਰਨ ਪੁੱਛਣ ‘ਤੇ ਕੁੱਸਾ ਜੀ ਨੇ ਆਦਤ ਮੂਜਬ ਹੱਸਦਿਆਂ ਕਿਹਾ, “ਨੋਟਬੰਦੀ ਦਮੂੰਹੀਂ ਬਣ ਕੇ ਲੜ ਗਈ ਸੀ ਮੇਰੇ ਪ੍ਰਾਜੈਕਟਾਂ ਨੂੰ, ਹੁਣ ਕੁਛ ਸਿੱਧੇ ਜੇ ਹੋਏ ਆਂ, ਤੇ ਹੁਣ ਅਗਲੇ ਪ੍ਰਾਜੈਕਟ ਜਲਦੀ ਸ਼ੁਰੂ ਕਰਨ ਜਾ ਰਹੇ ਹਾਂ, ਜਿਸ ਵਿੱਚ ਆਪਣੇ ਨਾਵਲਾਂ ਉਪਰ ਬਣਨ ਵਾਲ਼ੇ ਦੋ ਸੀਰੀਅਲ ਅਤੇ ਦੋ ਫ਼ੀਚਰ ਫ਼ਿਲਮਾਂ ਨੇ!” ਇਸ ਫ਼ਿਲਮ ਦੀ ਸਕਰੀਨਿੰਗ ਨਵੰਬਰ ਦੇ ਅਖੀਰਲੇ ਹਫ਼ਤੇ ਚੰਡੀਗੜ੍ਹ ਦੇ ਹੋਟਲ ਸਿਟੀ ਪਲਾਜ਼ਾ ਵਿਖੇ ਕੀਤੀ ਗਈ, ਜਿਸ ਵਿੱਚ ਫ਼ਿਲਮ ਪ੍ਰਮੋਟਰ ਸੰਜੀਵ ਕਪੂਰ, ਫ਼ਿਲਮ ਬਦਲਾ ਜੱਟੀ ਦਾ ਅਤੇ ਜੱਟ ਜਿਉਣਾ ਮੌੜ ਵਰਗੀਆਂ ਸੁਪਰ ਹਿੱਟ ਫ਼ਿਲਮਾਂ ਦੇ ਡਾਇਰੈਕਟਰ ਰਵਿੰਦਰ ਰਵੀ, ਸ਼ਿਵਚਰਨ ਜੱਗੀ ਕੁੱਸਾ, ਲੇਖਕ ਗੋਲੂ ਕਾਲ਼ੇ ਕੇ, ਈਵੈਂਟ ਮੈਨੇਜਮੈਂਟ ਦੀਆਂ ਜਾਣੀਆਂ ਪਹਿਚਾਣੀਆਂ ਸਖ਼ਸ਼ੀਅਤਾਂ ਸੁਰਿੰਦਰ, ਰੋਹਿਤ ਦੇ ਨਾਲ਼-ਨਾਲ਼ ਫ਼ਿਲਮ ਦੇ ਡਾਇਰੈਕਟਰ ਲਵਲੀ ਸ਼ਰਮਾਂ ਅਤੇ ਮੈਡਮ ਕੁਲਵੰਤ ਖੁਰਮੀ ਵੀ ਸ਼ਸ਼ੋਭਿਤ ਸਨ।
ਇੱਕ ਘੰਟਾ ਬੱਤੀ ਮਿੰਟ ਦੀ ਸ਼ੌਰਟ ਫ਼ਿਲਮ “ਪੁੱਠੇ ਪੈਰਾਂ ਵਾਲ਼ਾ” ਬਣ ਕੇ ਮੁਕੰਮਲ ਹੋ ਚੁੱਕੀ ਹੈ, ਜਿਸ ਨੂੰ ਪੰਜਾਬੀ ਅਤੇ ਹਿੰਦੀ ਵਿੱਚ ‘ਡੱਬ’ ਕੀਤਾ ਗਿਆ ਹੈ ਅਤੇ ਅੰਗਰੇਜ਼ੀ ਦੇ ਸਬ-ਟਾਈਟਲ ਵੀ ਪਾਏ ਗਏ ਹਨ। ਇਹ ਫ਼ਿਲਮ ਤਿੰਨ ਜਗਾਹ ਫ਼ਿਲਮ ਫ਼ੈਸਟੀਵਲਾਂ ਵਿੱਚ ਪੇਸ਼ ਕਰਨ ਤੋਂ ਬਾਅਦ ਹਿੰਦੀ ਅਤੇ ਪੰਜਾਬੀ ਚੈਨਲਾਂ ਰਾਹੀਂ ਸਾਡੇ ਲੋਕਾਂ ਦੇ ਸਨਮੁੱਖ ਕੀਤੀ ਜਾਵੇਗੀ। ਇਸ ਫ਼ਿਲਮ ਵਿੱਚ ਘਰੇਲੂ ਰਿਸ਼ਤਿਆਂ ਦੀ ਤੋੜ-ਜੋੜ ਦਾ ਜ਼ਿਕਰ ਹੈ, ਆਪਸੀ ਭਾਈਵਾਲ਼ੀ ਦੀ ਬਾਤ ਹੈ ਅਤੇ ਮਲਵਈ ਠੇਠ ਪੰਜਾਬੀ ਨਾਲ਼ ਲਿਬਰੇਜ਼ ਹਾਸਾ-ਠੱਠਾ ਵੀ ਹੈ। “ਪੁੱਠੇ ਪੈਰਾਂ ਵਾਲ਼ਾ” ਫ਼ਿਲਮ ਦੀ ਕਹਾਣੀ, ਪੱਟਕਥਾ ਅਤੇ ਸਕਰੀਨ ਪਲੇਅ ਸ਼ਿਵਚਰਨ ਜੱਗੀ ਕੁੱਸਾ ਦੇ ਲਿਖੇ ਹੋਏ ਹਨ, ਫ਼ਿਲਮ ਦੇ ਡਾਇਰੈਕਟਰ ਲਵਲੀ ਸ਼ਰਮਾ ਅਤੇ ਮੈਡਮ ਕੁਲਵੰਤ ਖੁਰਮੀ ਹਨ, ਕੈਮਰਾਮੈਨ ਸੀਰਾ ਮਾਣੂੰਕੇ ਅਤੇ ਸੰਗੀਤ ‘ਮਿਉਜ਼ਿਕ ਹੰਟਰਜ਼’ ਵਾਲ਼ੇ ਵਿਕਾਸ ਸ਼ਰਮਾਂ ਦਾ ਹੈ ਅਤੇ ਇਸ ਫ਼ਿਲਮ ਦੇ ਪ੍ਰੋਡਿਊਸਰ ਜੱਗੀ ਕੁੱਸਾ ਦੇ ਦੋ ਜਿਗਰੀ ਯਾਰ ਸਤਿੰਦਰਪਾਲ ਸਿੰਘ ਬਰਾੜ (ਚੰਦ ਨਵਾਂ) ਵੈਨਕੂਵਰ ਅਤੇ ਬੇਅੰਤ ਗਿੱਲ ਮਾਣੂੰਕੇ, ਵੈਨਕੂਵਰ ਹਨ। ਇਸ ਫ਼ਿਲਮ ਵਿੱਚ ਬਹੁਤ ਸਾਰੇ ਨਾਮਵਰ ਫ਼ਿਲਮੀ ਅਤੇ ਥੀਏਟਰ ਕਲਾਕਾਰਾਂ ਨੇ ਕੰਮ ਕੀਤਾ ਹੈ, ਜਿੰਨ੍ਹਾਂ ਵਿੱਚੋਂ ਹਰਪ੍ਰੀਤ ਸਿੰਘ, ਹਰਮੀਤ ਜੱਸੀ, ਮੈਡਮ ਕੁਲਵੰਤ ਖੁਰਮੀ, ਡਾਕਟਰ ਮਨਪ੍ਰੀਤ ਸਿੱਧੂ, ਹਰਪਾਲ ਧੂੜਕੋਟ, ਸੁਖਚੈਨ ਸਿੰਘ, ਰਵੀ ਵੜਿੰਗ, ਆਦਿ ਪ੍ਰਮੁੱਖ ਹਨ।